ਸ਼ੌਕ-ਸ਼ੌਕ ਨਾਲ ਜਿਸ ਕਿੱਟੀ ਕਲੱਬ ਦੇ ਮੈਂਬਰ ਬਣੀ ਸਾਂ ਉਹ ਸਰਦੇ ਪੁੱਜਦਿਆਂ ਦਾ ਇੱਕ ਵੱਕਾਰੀ ਕਲੱਬ ਗਿਣਿਆਂ ਜਾਂਦਾ ਸੀ..!
ਮੈਂਬਰ ਕਿੱਦਾਂ ਬਣੀ ਇੱਕ ਵੱਖਰੀ ਕਹਾਣੀ ਏ..ਕਿੰਨੀਆਂ ਸਿਫ਼ਾਰਿਸ਼ਾਂ,ਕਿੰਨੇ ਹਵਾਲੇ ਕਿੰਨੀਆਂ ਮੀਟਿੰਗਾਂ..!
ਮੈਨੂੰ ਓਥੇ ਕਿੰਨਾ ਕੁਝ ਬਾਕੀਆਂ ਤੋਂ ਲੁਕਾਉਣਾ ਪੈਂਦਾ..ਕਿੰਨਾ ਕੁਝ ਐਸਾ ਵਿਖਾਉਣਾ ਵੀ ਪੈਂਦਾ ਜੋ ਮੇਰੇ ਕੋਲ ਅਸਲ ਵਿਚ ਹੈ ਹੀ ਨਹੀਂ ਸੀ..ਕਿੰਨੇ ਮਨਘੜਤ ਕਿੱਸੇ ਕਹਾਣੀਆਂ ਬਣਾ ਬਣਾ ਕੇ ਪੇਸ਼ ਕਰਨੇ ਪੈਂਦੇ..ਗੱਲ ਗੱਲ ਤੇ ਸੈਲਫੀਆਂ ਲੈਂਦੀ ਅਤੇ ਬਨਾਉਟੀ ਹਾਸੇ ਹੱਸਦੀ ਭੀੜ..!
ਮੇਂਹਗਾ ਮੇਕਅੱਪ,ਮੇਂਹਗੀ ਕਾਰ,ਵਧੀਆ ਪਰਸ,ਵਧੀਆ ਸੂਟ,ਵਧੀਆਂ ਜੁੱਤੀ ਅਤੇ ਹੋਰ ਵੀ ਕਿੰਨਾ ਕੁਝ..ਓਹਨਾ ਵਿਚ ਜਿਆਦਾਤਰ ਐਸੀਆਂ ਸਨ ਜਿੰਨਾ ਦੀਆਂ ਕਿੰਨੀਆਂ ਕਿੰਨੀਆਂ ਫੈਕਟਰੀਆਂ ਚੱਲਦੀਆਂ ਹੁੰਦੀਆਂ..ਕਿੰਨੇ ਕਿੰਨੇ ਨੌਕਰ,ਰਾਜਸੀ ਠਾਠ-ਬਾਠ..ਅਤੇ ਹੋਰ ਵੀ ਬੜਾ ਕੁਝ..!
ਓਹਨਾ ਉੱਚਿਆਂ ਮੋਢਿਆਂ ਨਾਲ ਰਲਣ ਲਈ ਅੱਡੀਆਂ ਚੁੱਕਣੀਆਂ ਪੈਂਦੀਆਂ..!
ਕਈ ਵੇਰ ਪੈਰ ਦੇ ਨਾਲ ਨਾਲ ਜ਼ਿਹਨ ਵੀ ਥੱਕ ਜਾਂਦਾ ਪਰ ਜਦੋ ਲੋਕਾਂ ਨੂੰ ਪਤਾ ਲੱਗਦਾ ਕੇ ਮੈਂ ਉਸ ਕਿੱਟੀ ਕਲੱਬ ਦੀ ਮੈਂਬਰ ਹਾਂ ਤਾਂ ਓਹਨਾ ਦੀਆਂ ਅੱਖੀਆਂ ਅੱਡੀਆਂ ਹੀ ਰਹਿ ਜਾਂਦੀਆਂ ਅਤੇ ਮੇਰੀ ਰੂਹ ਨੂੰ ਠੰਡ ਪੈ ਜਾਂਦੀ..!
ਹੋਟਲ ਦੀ ਲੌਬੀ ਵਿਚ ਆਈ ਕਿਸੇ ਸਰਕਾਰੀ ਗੱਡੀ ਦਾ ਦਰਵਾਜਾ ਜਦੋਂ ਕਿਸੇ ਗੰਨਮੈਨ ਵੱਲੋਂ ਖੋਲਿਆ ਜਾਂਦਾ ਤਾਂ ਸਾਰੀਆਂ ਦਾ ਧਿਆਨ ਓਧਰ ਹੋ ਜਾਂਦਾ..ਅਕਸਰ ਮੇਰੇ ਮਨ ਵਿਚ ਖਿਆਲ ਆਉਂਦਾ ਕੇ ਕਾਸ਼ ਮੇਰੇ ਨਾਲਦਾ ਵੀ ਕੋਈ ਵੱਡਾ ਅਫਸਰ ਹੀ ਹੁੰਦਾ..!
ਮੇਰਾ ਪੈਦਲ ਸਬਜੀ ਲੈਣ ਜਾਣਾ ਛੁੱਟ ਗਿਆ..ਹੁਣ ਹਮੇਸ਼ਾਂ ਕਾਰ ਤੇ ਹੀ ਜਾਣਾ ਪੈਂਦਾ..ਉਹ ਵੀ ਕਾਲੇ ਸ਼ੀਸ਼ਿਆਂ ਵਾਲੀ ਤੇ..ਕੋਈ ਵੇਖ ਹੀ ਨਾ ਲਵੇ..!
ਮਿਸਿਜ ਵਾਲੀਆਂ ਨੂੰ ਕਲੱਬ ਤੋਂ ਬਾਹਰ ਹੋਣਾ ਪਿਆ ਸੀ ਕਿਓੰਕੇ ਕਿਸੇ ਨੇ ਬਾਹਰ ਉੱਗੀ ਸਬਜੀ ਨੂੰ ਪਾਣੀ ਲਾਉਂਦੀ ਦੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਸਨ..!
ਆਖਦੇ ਜਿਹੜੀ ਦੋ ਹਜਾਰ ਦਾ ਮਾਲੀ ਤੱਕ ਅਫ਼ੋਰ੍ਡ ਨਹੀਂ ਕਰ ਸਕਦੀ ਉਸਨੂੰ ਏਡੇ ਵਧੀਆਂ ਕਲੱਬ ਦੀ ਮੈਂਬਰਸ਼ਿਪ ਦਾ ਕੋਈ ਹੱਕ ਨਹੀਂ..!
ਜਦੋਂ ਕਦੀ ਵੀ ਪੇਕਿਆਂ ਦੀ ਗੱਲ ਤੁਰਦੀ ਤਾਂ ਚੁੱਪ ਕਰ ਜਾਣਾ ਪੈਂਦਾ..ਹਰੇਕ ਚੰਡੀਗੜ ਪਟਿਆਲੇ ਅਤੇ ਦਿੱਲੀ ਵਰਗੇ ਸ਼ਹਿਰਾਂ ਦੀ...
ਗੱਲ ਕਰਿਆ ਕਰਦੀ ਪਰ ਮੈਂ ਐਨ ਬਾਡਰ ਤੇ ਵੱਸੇ ਆਪਣੇ ਨਿੱਕੇ ਜਿਹੇ ਪਿੰਡ ਦੀ ਗੱਲ ਕੀਵੇਂ ਕਰ ਸਕਦੀ ਸਾਂ..!
ਸਿੰਗਾਪੁਰ,ਮਲੇਸ਼ੀਆਂ ਦਾ ਟੂਰ ਵੀ ਕਾਫੀ ਜਿਆਦਾ ਘਰੇਲੂ ਕਲੇਸ਼ ਤੋਂ ਬਾਅਦ ਹੀ ਸਿਰੇ ਚੜਿਆ ਸੀ..!
ਫੇਰ ਦਿਲ ਓਦੋਂ ਦੁਖਿਆ ਜਦੋਂ ਸ਼ੋਸ਼ਲ ਨੈੱਟਵਰਕ ਤੇ ਪਾਈਆਂ ਟੂਰ ਦੀਆਂ ਦੀਆਂ ਫੋਟੋਆਂ ਤੇ ਕੋਈ ਜਿਆਦਾ ਲਾਈਕ ਨਾ ਮਿਲੇ..ਏਦੂੰ ਜਿਆਦਾ ਲਾਈਕ ਤਾਂ ਨਾਲ ਪੜਾਉਂਦੀ ਮਿਸਿਜ ਰੰਧਾਵਾਂ ਦੀਆਂ ਡਲਹੌਜੀ ਟੂਰ ਵਾਲੀਆਂ ਫੋਟੋਆਂ ਨੂੰ ਮਿਲ ਗਏ ਸਨ..!
ਡਿਪ੍ਰੈਸ਼ਨ ਰਹਿਣਾ ਸ਼ੁਰੂ ਹੋ ਗਿਆ..ਉਹ ਵੀ ਚੋਵੀ ਘੰਟਿਆਂ ਦਾ..ਅਖੀਰ ਘਰਦਿਆਂ ਕਲੱਬ ਛੱਡ ਦੇਣ ਦਾ ਜ਼ੋਰ ਪਾਇਆ..!
ਮੈਨੂੰ ਵੀ ਇੱਕ ਦਿਨ ਅੰਦਰੋਂ ਅਵਾਜ ਆਈ ਕੇ ਮਨਾਂ ਛੱਡ ਪਰਾਂ ਇਹ ਬਨਾਉਟੀ ਸਿਆਪੇ ਅਤੇ ਬਨਾਉਟੀ ਬੰਦ ਹਨੇਰੀ ਗਲੀ ਦਾ ਉਹ ਸਫ਼ਰ..ਜਿਥੋਂ ਵਾਪਸੀ ਬੜੀ ਮੁਸ਼ਕਿਲ ਏ!
ਅਖੀਰ ਇੱਕ ਦਿਨ ਅਸਤੀਫਾ ਭੇਜ ਦਿੱਤਾ ਅਤੇ ਪੰਜਾਹ ਹਜਾਰ ਦਾ ਸਿਕੋਰਟੀ ਡਿਪੋਸਿਟ ਵਾਪਿਸ ਲੈ ਲਿਆ..!
ਹੁਣ ਅਕਸਰ ਬਾਹਰ ਖੁੱਲੀ ਹਵਾ ਵਿਚ ਪੈਦਲ ਤੁਰੀ ਫਿਰਦੀ ਨੂੰ ਇੰਝ ਲੱਗਦਾ ਜਿੱਦਾਂ ਕਿਸੇ ਕੈਦ ਵਿਚੋਂ ਛੁੱਟ ਕੇ ਆਈ ਹੋਵਾਂ..ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਿਆ ਜਦੋਂ “ਲੋਕ ਕੀ ਆਖਣਗੇ” ਨਾਮ ਦੇ ਇੱਕ ਜਨੌਰ ਦੀ ਧੋਣ ਮਰੋੜ ਦਿੱਤੀ..!
ਹੁਣ ਭਾਵੇਂ ਕੱਲੀ ਵੀ ਤੁਰੀ ਜਾਵਾਂ ਕਦੇ ਘਬਰਾਹਟ ਨਹੀਂ ਹੁੰਦੀ..!
ਕਿਓੰਕੇ ਮੇਰੇ ਨਾਲ ਪ੍ਰਮਾਤਮਾਂ ਦੇ ਰੂਪ ਵਰਗਾ ਮੇਰਾ ਖੁਦ ਦਾ ਪਰਛਾਵਾਂ ਹੁੰਦਾ ਏ ਅਤੇ ਨਾਲ ਹੁੰਦੀਆਂ ਪਿੱਛੇ ਛੱਡੀਆਂ ਕੁਝ ਐਸੀਆਂ ਪੈੜਾਂ ਜਿਹੜੀਆਂ ਅਕਸਰ ਹੀ ਇਹ ਆਖਦੀਆਂ ਮਹਿਸੂਸ ਹੁੰਦੀਆਂ ਰਹਿੰਦੀਆਂ ਨੇ ਕੇ ਦੋਸਤੋ ਜਿਸ ਦਿਨ ਤੁਹਾਡੇ ਜ਼ਿਹਨ ਵਿਚੋਂ ਬਾਕੀ ਦੁਨੀਆਂ ਨੂੰ ਪ੍ਰਭਾਵਿਤ ਕਰਨ ਲਈ ਕਿੰਨਾ ਕੁਝ ਬਨਾਉਟੀ ਅਤੇ ਝੂਠਾ ਕਰਨ ਦੀ ਤਲਬ ਜਾਂਦੀ ਰਹੇ..ਉਹ ਦਿਨ ਤੁਹਾਡੀ ਮਾਨਸਿਕ ਅਜਾਦੀ ਦਾ ਪਹਿਲਾ ਦਿਨ ਹੋਵੇਗਾ!
True Story
ਹਰਪ੍ਰੀਤ ਜਵੰਦਾ