More Punjabi Kahaniya  Posts
ਜੂਠ


ਵਿਆਹ ਦੀ ਪਹਿਲੀ ਰਾਤ ਸੀ।ਦੀਪਾ ਬਹੁਤ ਘਬਰਾ ਰਿਹਾ ਸੀ।ਉਹਦਾ ਤੇ ਉਹਦੀ ਪਤਨੀ ਦਾ ਕੋਈ ਮੇਲ ਨਹੀਂ ਸੀ ਉਹ ਪੜ੍ਹੀ ਲਿਖੀ ਸੀ ਤੇ ਉਹ ਕੋਰਾ ਅਨਪੜ੍ਹ।ਪਰ ਸੀ ਬਹੁਤ ਸੁਨੱਖਾ ।ਅਤਿ ਦੀ ਗਰੀਬੀ ਕਾਰਨ ਉਹ ਕਿਸੇ ਨਾਲ ਸੀਰੀ ਰਲਿਆ ਹੋਇਆ ਸੀ। ਇਹੋ ਉਹਨਾ ਦਾ ਜੱਦੀ ਪੁਸ਼ਤੀ ਕਿੱਤਾ ਸੀ ਜਿਸ ਨੂੰ ਉਹ ਚਾਹ ਕੇ ਵੀ ਛੱਡ ਨਹੀਂ ਸੀ ਸਕਿਆ।
“ਕਿਵੇਂ ਆ ਦੀਪਿਆ…..ਵੱਜ ਗਏ ਨਾ ਢੋਲ? ਹੁਣ ਐਂ ਕਰ ਜਨਾਨੀ ਆਲਾ ਹੋ ਗਿਆ ਹੁਣ….ਪਰ ਮਿੱਤਰਾ ਜਨਾਨੀਆ ਕਾਬੂ ਰੱਖਣੀਆਂ ਬਹੁਤ ਔਖੀਆਂ ..ਪਰ ਤੂੰ ਘਬਰਾ ਨਾ ……ਆਹ ਲੈ ਮੁੰਦਰੀ….ਘਬਰਾ ਨਾ ਤੇਰੀ ਭਰਜਾਈ ਕੋਲ ਵਥੇਰੀਆਂ…..ਆਪਣੀ ਘਰੋਂ …..ਕੀ ਨਾਮ ਉਹਦਾ…..ਹਾਂ ਮਨਜੀਤ ….ਉਹਨੂੰ ਦੇ ਦੇਵੀਂ …..ਖੁਸ਼ ਹੋਜੂਗੀ…..ਨਾਲੇ ਤੇਰੇ ਕਾਬੂ ‘ਚ ਰਹੂਗੀ…..” ਸਰਦਾਰ ਜਸਵੀਰ ਸਿੰਘ ਨੇ ਸੱਜੇ ਹੱਥ ਨਾਲ ਖੱਬੀ ਮੁੱਛ ਨੂੰ ਤਾਅ ਦਿੰਦਿਆਂ ਉਸ ਨੂੰ ਕਿਹਾ ਸੀ।ਉਹਨੇ ਆਪਣੀ ਜੇਬ ਟਟੋਲ ਕੇ ਦੇਖੀ…..ਉਹਦਾ ਜੀਅ ਨਹੀਂ ਸੀ ਕਰਦਾ ਕਿ ਉਹ ਮਨਜੀਤ ਨੂੰ ਪੁਰਾਣੀ ਮੁੰਦਰੀ ਦੇਵੇ ਪਰ ਉਹਦੀ ਐਨੀ ਔਕਾਤ ਕਿੱਥੇ ਸੀ ਇਹ ਤਾਂ ਸਰਦਾਰ ਦੇ ਮਨ ਮਿਹਰ ਪੈ ਗਈ…ਫਿਰ ਉਹਨੇ ਸੋਚਿਆ ਮਨਜੀਤ ਪੜ੍ਹੀ ਲਿਖੀ ਏ…ਉਸਨੂੰ ਵੀ ਗਹਿਣਿਆਂ ਦਾ ਸ਼ੌਕ ਹੋਵੇਗਾ…..ਵਿਆਹ ਵਿੱਚ ਉਹਨਾਂ ਕੋਈ ਟੂਮ ਨਹੀਂ ਸੀ ਪਾਈ । ਮਨਜੀਤ ਦੇ ਮਾਪੇ ਵੀ ਗਰੀਬ ਸਨ ਤਾਹੀਉ ਉਹਨਾਂ ਆਪਣੀ ਪੜ੍ਹੀ ਲਿਖੀ ਧੀ ਉਹਦੇ ਲੜ ਲਾ ਦਿੱਤੀ ਤਾਂ ਜੋ ਕੋਈ ਦਾਜ ਦਹੇਜ ਨਾ ਦੇਣਾ ਪਵੇ।
ਉਹਨੇ ਡਰਦਿਆਂ ਕਮਰੇ ‘ਚ ਕਦਮ ਰੱਖਿਆ ।ਪਰ ਮਨਜੀਤ ਬਿਲਕੁੱਲ ਸਹਿਜ ਸੀ ਜਿਵੇਂ ਉਹ ਸੋਚੀ ਬੈਠੀ ਸੀ ਕਿ ਉਹਦੇ ਨਾਲ ਕੀ ਗੱਲਾਂ ਕਰਨੀਆਂ ।
………”ਕੁਲਦੀਪ ਮੈਂ ਤੇਰੇ ਨਾਲ ਕੁੱਝ ਗੱਲਾਂ ਕਰਨੀਆਂ ਨੇ”…ਕਿੰਨੇ ਅਰਸੇ ਬਾਅਦ ਕਿਸੇ ਨੇ ਉਹਦਾ ਪਿਆਰ ਨਾਲ ਪੂਰਾ ਨਾਮ ਲਿਆ ਸੀ ।ਮਾਂ ਪਿਓ ਦੀ ਮੌਤ ਤੋਂ ਬਾਅਦ ਤਾਂ ਸਾਰੇ ਉਸ ਨੂੰ ‘ਓਏ ਦੀਪਿਆ’ ਹੀ ਆਖਦੇ ਸਨ।ਚਾਚੀਆਂ ਨੇ ਉਸਨੂੰ ਇੰਝ ਪਾਲਿਆ ਸੀ ਜਿਵੇਂ ਕੋਈ ਕੁੱਤਾ ਪਾਲਦਾ ਏ ਕਦੇ ਪੁਚਕਾਰ ਲਿਆ ਕਦੇ ਹਲਾ ਹਲਾ ਕਰ ਛੱਡਿਆ।
“ਕੁਲਦੀਪ ਮੈਂ ਜਾਣਦੀ ਹਾਂ ਆਪਣੇ ਵਿੱਚ ਬਹੁਤ ਅੰਤਰ ਹੈ ਤੂੰ ਅਨਪੜ੍ਹ ਏ…ਤੇ ਮੈਂ ਤੇਰੇ ਜਿੰਨੀ ਸੋਹਣੀ ਨਹੀਂ ਪਰ ਜੇ ਆਪਾਂ ਇੱਕ ਦੂਜੇ ਦੀਆਂ ਕਮੀਆਂ ਨੂੰ ਨਜ਼ਰ-ਅੰਦਾਜ਼ ਕਰ ਦੇਈਏ ਤਾਂ ਜ਼ਿੰਦਗੀ ਸੌਖੀ ਲੰਘੇਗੀ…ਮੈਂ ਤੇਰੀ ਭੂਆ ਪਾਸੋਂ ਤੇਰੀ ਜਿੰਦਗੀ ਬਾਰੇ ਸੁਣਿਆ ਏ…..ਕੁਲਦੀਪ ਮੈਂ ਵੀ ਗਰੀਬੀ ਵਿੱਚ ਦਿਨ ਕੱਟੇ ਨੇ ਪਰ ਆਪਾ ਖੂਬ ਮਿਹਨਤ ਕਰਾਂਗੇ ਤਾਂ ਕਿ ਆਪਣੇ ਬੱਚਿਆ ਨੂੰ ਦਿਹਾੜੀਆਂ ਨਾ ਕਰਨੀਆ ਪੈਣ”
ਹੁਣ ਦੀਪੇ ਦੀ ਵੀ ਜਕ ਖੁੱਲ੍ਹ ਗਈ ਕਿਉਂਕਿ ਮਨਜੀਤ ਓਦਾ ਦੀ ਬਿਲਕੁੱਲ ਨਹੀਂ ਸੀ ਜਿੱਦਾਂ ਉਸਨੇ ਸੋਚਿਆ ਸੀ।ਉਸਨੇ ਉਸਨੂੰ ਮੁੰਦਰੀ ਵੀ ਨਹੀਂ ਦਿੱਤੀ ਕਿਉਂਕਿ ਉਹ ਸਮਝ ਗਿਆ ਸੀ ਕਿ ਉਸਨੂੰ ਕਿਸੇ ਦੀ ਉਤਾਰੀ ਚੀਜ ਪਸੰਦ ਨਹੀ ਆਏਗੀ।ਉਹਨਾ ਆਪਣੀ ਜਿੰਦਗੀ ਦੀਆ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ ਤੇ ਆਪਣੇ ਰਿਸ਼ਤੇ ਦੀ ਨੀਂਹ ਰੱਖਦਿਆਂ ਪਹਿਲੀ ਇੱਟ ਵਿਸ਼ਵਾਸ਼ ਦੀ ਲਗਾਈ…ਇਹੋ ਇਸ ਰਿਸ਼ਤੇ ਦੀ ਲੰਬੀ ਉਮਰ ਵਿੱਚ ਸਹਾਈ ਹੋਵੇਗੀ।
ਦੂਸਰੀ ਸਵੇਰ ਉਹ ਜਲਦੀ ਹੀ ਉੱਠ ਖੜੋਤਾ …ਇੱਕ ਅਜੀਬ ਜਿਹੀ...

ਖੁਮਾਰੀ ਉਹਦੇ ਤੇ ਛਾਈ ਹੋਈ ਸੀ ਉਹਨੇ ਮਨਜੀਤ ਵੱਲ ਦੇਖਿਆ….ਫਿਰ ਅਚਾਨਕ ਉਹਦੇ ਪੈਰਾਂ ਤੇ ਨਜ਼ਰ ਗਈ।ਉਹਦੀ ਮਾਂ ਕਹਿੰਦੀ ਹੁੰਦੀ ਸੀ”ਉੱਚੇ ਸੁੱਚੇ ਚਰਿੱਤਰ ਵਾਲੀ ਔਰਤ ਦੇ ਪੈਰਾਂ ਵਿੱਚ ਸਵਰਗ ਹੁੰਦਾ ਹੈ…ਜੇ ਔਰਤ ਦੀ ਇੱਜਤ ਕਰੋ ਤਾ ਕਿਸਮਤ ਮਿਹਰਬਾਨ ਰਹਿੰਦੀ ਹੈ ਲਕਸ਼ਮੀ ਕਦੇ ਮੂੰਹ ਨਹੀਂ ਮੋੜਦੀ। ਉਹ ਉੱਠ ਕੇ ਉਹਦੇ ਪੈਰਾਂ ਕੋਲ ਚਲਾ ਗਿਆ।ਉਹਦੇ ਪੈਰਾਂ ਨੂੰ ਹੌਲੇ ਜਿਹੇ ਚੁੰਮ ਲਿਆ । ਅੱਜ ਪਹਿਲੀ ਵਾਰੀ ਵਾਹਿਗੁਰੂ ਦਾ ਧੰਨਵਾਦ ਕੀਤਾ। ਫਿਰ ਤਿਆਰ ਹੋ ਕੇ ਸਰਦਾਰਾ ਦੇ ਘਰ ਵੱਲ ਚਲਾ ਗਿਆ।”ਵੇ ਆ ਗਿਆ ਦੀਪਿਆ ਮੈਂ ਸੋਚਿਆ ਅੱਜ ਲੇਟ ਆਏਂਗਾ” ਸਰਦਾਰਨੀ ਨੇ ਮਸ਼ਕਰੀ ਕੀਤੀ। “ਨਹੀਂ ਭਰਜਾਈ ਕੰਮ ਤੇ ਕਰਨਾ ਹੀ ਏ”ਫਿਰ ਉਹ ਚਾਹ ਪੀ ਕੇ ਖੇਤ ਚਲਾ ਗਿਆ।ਪਰ ਅੱਜ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਸੀ ਕਰ ਰਿਹਾ ਇੰਝ ਲਗਦਾ ਸੀ ਕੋਈ ਉਹਦੇ ਨਾਲ ਨਾਲ ਜਾ ਰਿਹਾ ਸੀ।
ਵਾਪਸ ਪਸ਼ੂਆਂ ਵਾਲੀ ਹਵੇਲੀ ਆ ਕੇ ਉਹਨੇ ਇੰਜਣ ਨੂੰ ਗੇੜਾ ਪਾਇਆ ਤੇ ਪੱਠੇ ਕੁਤਰਨ ਲੱਗ ਪਿਆ।ਇੰਜਣ ਦਾ ਖੜਾਕ ਸੁਣ ਕੇ ਮੀਤੋ ਭੱਜ ਕੇ ਹਵੇਲੀ ਦੀ ਬੈਠਕ ‘ਚੋ ਬਾਹਰ ਆ ਕੇ ਗੋਹਾ ਇਕੱਠਾ ਕਰਨ ਲੱਗ ਪਈ। ਮੀਤੋ ਉਹਨਾ ਦੇ ਘਰ ਗੋਹਾ ਕੂੜਾ ਕਰਦੀ ਸੀ।ਪਿੱਛੇ ਹੀ ਜਸਵੀਰ ਿਸੰਘ ਆ ਕੇ ਉਹਦੇ ਲਾਗੇ ਖੜ੍ਹ ਗਿਆ।ਇਹ ਕੋਈ ਪਹਿਲੀ ਵਾਰੀ ਨਹੀਂ ਸੀ ਕਿ ਉਹਨੇ ਸਰਦਾਰ ਨੂੰ ਕਿਸੇ ਗ਼ੈਰ ਔਰਤ ਨਾਲ ਦੇਖਿਆ ਸੀ।ਪਰ ਅੱਜ ਉਸ ਨੂੰ ਬੜੀ ਤਕਲੀਫ਼ ਹੋਈ।ਉਸ ਨੂੰ ਮੀਤੋ ਤੇ ਗ਼ੁੱਸਾ ਆ ਰਿਹਾ ਸੀ ਕਿ ਉਸਨੂੰ ਆਪਣੇ ਘਰਵਾਲੇ ਦਾ ਰਤਾ ਖਿਆਲ ਨਹੀਂ ।
“ਕਿਵੇਂ ਆ ਫਿਰ ….?” ਜਸਵੀਰ ਸਿੰਘ ਨੇ ਉਹਦੇ ਤੋਂ ਪੁੱਛਿਆ।”ਆਹ ਲੈ ਸਰਦਾਰਾ ਆਪਣੀ ਅਮਾਨਤ “ਉਹਦੀ ਗੱਲ ਦਾ ਜਵਾਬ ਦਿੱਤੇ ਬਗੈਰ ਉਹਨੇ ਮੁੰਦਰੀ ਉਹਦੇ ਹੱਥ ਤੇ ਧਰ ਦਿੱਤੀ।” ਕੀ ਗੱਲ ਪਸੰਦ ਨਹੀਂ ਆਈ?””ਨਹੀਂ ਮੈਂ ਦਿੱਤੀ ਹੀ ਨਹੀਂ ਜੇ ਦੇਣੀ ਹੋਈ ਤਾਂ ਆਪ ਖ੍ਰੀਦ ਲਵਾਂਗਾ “।ਇਹ ਸੁਣ ਕੇ ਉਹ ਉੱਚੀ ਉੱਚੀ ਹੱਸਣ ਲੱਗਿਆ।ਪਰ ਦੀਪਾ ਚੁੱਪ ਰਿਹਾ।”ਚੱਲ ਠੀਕ ਆ….ਉਹਨੂੰ ਵੀ ਨਾਲ ਲਿਆਇਆ ਕਰ ਕੋਈ ਕੰਮ ਧੰਦਾ ਕਰਾ ਦਿਆ ਕਰੇਗੀ”
“ਨਹੀਂ ਸਰਦਾਰਾ ਉਹਨੇ ਨਹੀਂ ਇਹ ਕੰਮ ਕਰਨੇ”
“ਅੱਛਾ!ਸਾਲਿਆ ਸਾਡੀ ਜੂਠ ਖਾਂਦਾ ਇੱਡਾ ਹੋਇਆਂ ਹੁਣ ਤੈਨੂੰ ਗੱਲਾਂ ਆਉਂਦੀਆਂ ….ਇੱਕ ਦਿਨ ‘ਚ ਜਨਾਨੀ ਮਗਰ ਲੱਗ ਗਿਆ…..”
“ਦੇਖ ਸਰਦਾਰਾ ਤੇਰੇ ਘਰੇ ਕੰਮ ਕਰਦਾ ਪੈਸੇ ਲੈਂਦਾ ਕਦੇ ਕੋਈ ਚੀਜ਼ ਮੰਗ ਕੇ ਨਹੀਂ ਲਈ।ਰਹੀ ਗੱਲ ਜੂਠ ਦੀ…ਇਹ ਤਾਂ ਰੱਬ ਹੀ ਜਾਣਦਾ ਕੌਣ ਕੀਹਦੀ ਜੂਠ ਖਾਂਦਾ….”ਉਹਨੇ ਮੀਤੋ ਵੱਲ ਦੇਖ ਕੇ ਕਿਹਾ।
“ਦਾਹੜੀ ਰੱਖਣ ਤੇ ਪੱਗ ਬੰਨ੍ਹਣ ਨਾਲ ਕੋਈ ਸੱਚਾ ਸੁੱਚਾ ਸਰਦਾਰ ਨਹੀਂ ਬਣ ਜਾਂਦਾ …….”ਦੀਪਾ ਆਪਣੀ ਗੱਲ ਅਧੂਰੀ ਛੱਡ ਕੇ ਹਵੇਲੀ ‘ਚੋ ਬਾਹਰ ਹੋ ਗਿਆ ਤੇ ਜਸਵੀਰ ਸਿੰਘ ਮੂਕ ਦਰਸ਼ਕ ਬਣ ਕੇ ਦੇਖਦਾ ਹੀ ਰਹਿ ਗਿਆ…………
ਦੀਪ ਕਮਲ

...
...



Related Posts

Leave a Reply

Your email address will not be published. Required fields are marked *

6 Comments on “ਜੂਠ”

  • nice story. ਅੋਰਤਾਂ ਤਾ ਮਰਦਾ ਦੇ ਨਾਲ ਕਦਮ ਮਿਲਾਕੇ ਚਲਣ ਨੂੰ ਤਿਆਰ ਰਹਿੰਦੀਆਂ ਹਨ। ਜਿਨੀ ਵੀ ਖਾਉ ਹਕ ਦੀ ਮੇਹਨਤ ਦੀ। ਰੱਬ ਰਾਖਾ

  • End samj ch ni aya veere Adora rakh ta

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)