ਉਹਦੀਆਂ ਦੋ ਧੀਆਂ ਸਨ , ਵੱਡੀ ਪੰਦਰਾਂ ਸਾਲ ਦੀ ਤੇ ਛੋਟੀ ਬਾਰਾਂ ਸਾਲ ਦੀ ਸੀ । ਦੋਨੇ ਕੁੜੀਆਂ ਬਹੁਤ ਸਿਆਣੀਆਂ ਤੇ ਆਗਿਆਕਾਰ ਸਨ । ਹਮੇਸ਼ਾ ਆਪਣੀਆਂ ਜਮਾਤਾਂ ਵਿੱਚੋਂ ਅੱਵਲ ਆਉਂਦੀਆਂ । ਪਰ ਉਹ ਆਪ ਬਹੁਤ ਸ਼ਰਾਬ ਪੀਂਦਾ ਸੀ , ਬੜਬੋਲਾ ਵੀ ਸੀ ਤੇ ਸ਼ਰਾਬ ਦੇ ਨਸ਼ੇ ਵਿੱਚ ਕੀ ਕਰਦਾ ਕੀ ਬੋਲਦਾ ਉਹਨੂੰ ਕੋਈ ਸੁਰਤ ਨਾ ਰਹਿੰਦੀ । ਉਹਦੀ ਘਰਵਾਲ਼ੀ ਤੇ ਮਾਂ ਪਿਓ ਦੇ ਵਾਰ ਵਾਰ ਸਮਝਾਉਣ ਤੇ ਵੀ ਭੋਰਾ ਵੀ ਫਰਕ ਨੀ ਸੀ । ਆਪਣੀ ਘਰਵਾਲ਼ੀ ਨਾਲ ਵੀ ਵਫ਼ਾਦਾਰ ਨੀ ਸੀ । ਪਰ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦਾ ਸੀ । ਇੱਕ ਵਾਰ ਘਰਦੇ ਕਿਸੇ ਵਿਆਹ ਤੇ ਫੇਰ ਉਹ ਸ਼ਰਾਬ ਪੀ ਕੇ ਵੱਸੋਂ ਬਾਹਰ ਹੋ ਗਿਆ ਤੇ ਸਟੇਜ ਤੇ ਚੜਕੇ ਨੱਚਣ ਵਾਲ਼ੀਆਂ ਡਾਂਸਰ ਕੁੜੀਆਂ ਨਾਲ ਉਹਨਾਂ ਦਾ ਹੱਥ ਫੜਕੇ ਨੱਚਣ ਲੱਗ ਪਿਆ ਤੇ ਸ਼ਰਾਬ ਦੇ ਨਸ਼ੇ ਵਿੱਚ ਭੱਦੇ ਭੱਦੇ ਇਸ਼ਾਰੇ ਕਰ ਨੱਚ ਰਿਹਾ ਸੀ ਤੇ ਉਸਦਾ ਇਹ ਕੰਜਰਖਾਨਾ ਉਹਦੀ ਘਰਵਾਲ਼ੀ ਤੇ ਧੀਆਂ ਸਾਹਮਣੇ ਬੈਠੀਆਂ ਵੇਖ ਰਹੀਆਂ ਸਨ । ਉਹਨਾਂ ਦੇ ਠੀਕ ਪਿੱਛੇ ਕੁਰਸੀਆਂ ਤੇ ਬੈਠੇ ਬਜ਼ੁਰਗ ਆਖ ਰਹੇ ਸੀ , ਵੇਖ ਖਾਂ ਚੌਰੇ ਨੇ ਕਿਵੇਂ ਸ਼ਰਮ ਲਾਹੀ ਆ , ਕੁੜੀਆਂ ਬਰਾਬਰ ਦੀਆਂ ਹੋਈਆਂ ਪਈਆਂ ਨੇ ਪਰ ਏਸ ਕੰਜਰ ਨੂੰ ਕੋਈ ਚੜ੍ਹੀ ਲੱਥੀ ਦੀ ਹੈਨੀ । ਇਹ ਸਭ ਉਹਦੀ ਘਰਵਾਲ਼ੀ ਨੂੰ ਡੀਜੇ ਦੇ ਸ਼ੋਰ ਸ਼ਰਾਬੇ ਵਿੱਚ ਵੀ ਸਾਫ਼...
ਸੁਣ ਰਿਹਾ ਸੀ । ਉਹ ਸ਼ਰਮ ਨਾਲ ਅੰਦਰੋਂ ਅੰਦਰ ਮਰ ਰਹੀ ਸੀ ਤੇ ਆਪਣੀਆਂ ਧੀਆਂ ਨੂੰ ਲੈ ਕੇ ਹਾਲ ਤੋਂ ਬਾਹਰ ਆ ਗਈ । ਉਹਨੂੰ ਆਪਣੇ ਘਰਵਾਲ਼ੇ ਤੇ ਬਹੁਤ ਗ਼ੁੱਸਾ ਆ ਰਿਹਾ ਸੀ ਪਰ ਉਹ ਡਰਦੀ ਮਾਰੀ ਕੁਛ ਆਖ ਨਾ ਸਕੀ । ਅਗਲੇ ਦਿਨ ਜਦੋਂ ਸਾਰਾ ਪਰਿਵਾਰ ਬੈਠਾ ਰੋਟੀ ਖਾ ਰਿਹਾ ਸੀ ਤਾਂ ਉਸਦੀ ਛੋਟੀ ਧੀ ਨੇ ਪੁੱਛਿਆ , “ ਪਾਪਾ ਉਹ ਕੁੜੀਆਂ ਸਟੇਜ ਤੇ ਕਿਉਂ ਨੱਚ ਰਹੀਆਂ ਸੀ । ਉਹ ਜਵਾਬ ਦਿੰਦਾ , “ ਬੇਟਾ ਇਹ ਉਹਨਾਂ ਦਾ ਕੰਮ ਹੈ ਇਸਦੇ ਉਹਨਾਂ ਨੂੰ ਪੈਸੇ ਮਿਲਦੇ ਆ ਉਹ ਤਾਂ ਨੱਚ ਰਹੀਆਂ ਸੀ । ਜਵਾਬ ਸੁਣਕੇ ਉਹ ਆਖਦੀ ਹੈ “ ਅੱਛਾ ਫਿਰ ਤੁਹਾਨੂੰ ਵੀ ਪੈਸੇ ਮਿਲੇ ਸੀ ?? ਤੁਸੀਂ ਵੀ ਉਹਨਾਂ ਨਾਲ ਨੱਚ ਰਹੇ ਸੀ ਨਾ । ਉਹਦੀ ਬਾਰਾਂ ਸਾਲਾਂ ਦੀ ਧੀ ਦੀ ਸਹਿ-ਸੁਭਾਅ ਆਖੀ ਇਹ ਗੱਲ ਨੇ ਉਹਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ , ਉਹਦੇ ਮੂੰਹ ਤੇ ਇੱਕ ਲਹਿੰਦੀ ਇੱਕ ਉੱਤਰਦੀ ਸੀ । ਉਹ ਸ਼ਰਮਿੰਦਾ ਜਿਹਾ ਹੋਇਆ ਰੋਟੀ ਵਿਚਾਲੇ ਛੱਡ ਕੇ ਚਲਾ ਗਿਆ ਤੇ ਛੋਟੀ ਕੁੜੀ ਓਥੇ ਹੀ ਖੇਡਣ ਲੱਗ ਗਈ ।
~ ਨਿਮਰਬੀਰ ਸਿੰਘ