ਸੱਸ
ਇਹ ਸ਼ਬਦ ਸੁਣ ਕੇ ਬਹੁਤੀਆਂ ਔਰਤਾਂ ਦੇ ਦਿਲ ਦਹਿਲਦੇ ਨੇ । ਕਈਆਂ ਨੇ ਇਸ ਦੀ ਕਰੋਪੀ ਨੂੰ ਬਰਦਾਸ਼ਤ ਕੀਤਾ ਹੈ । ਇਸਦੇ ਤਾਨਾਸ਼ਾਹੀ ਰਵਈਏ ਨੇ ਬਹੁਤੀਆਂ ਔਰਤਾਂ ਨੂੰ ਖੂਨ ਦੇ ਹੰਝੂ ਰੁਆਏ ਨੇ । ਪਰ ਮੇਰੇ ਆਲੀ ਇਹੋ ਜਿਹੀ ਨਹੀਂ ਸੀ । ਚੰਗੀ ਸੀ । ਸ਼ਾਇਦ ਕਿਸਮਤ ਵਾਲੀ ਸੀ ਮੈਂ । ਅਸੀਂ ਦੋਹਾਂ ਨੇ ਬੇਹੱਦ ਖੂਬਸੂਰਤ ਰਿਸ਼ਤਾ ਹੰਢਾਇਆ ਸੀ । ਜਦੋਂ ਤੁਰੀ ਸੀ ਇੰਝ ਲੱਗਿਆ ਸੀ ਜਿਵੇਂ ਆਪਣੀ ਦੂਜੀ ਮਾਂ ਤੋਰੀ ਹੈ । ਬਹੁਤ ਖੂਬੀਆਂ ਦੇਖੀਆਂ ਸੀ ਮੈਂ ਓਸ ਵਿੱਚ।positive ਸੋਚ ਵਾਲੀ ਸੀ। ਵੱਡੀ ਤੋਂ ਵੱਡੀ ਮੁਸੀਬਤ ਦਾ ਵੀ ਬੋਝ ਨਹੀਂ ਲੈਂਦੀ ਸੀ । ਸਹੀ ਮਾਇਨੇ ਵਿੱਚ ਅੱਜ ਵਿੱਚ ਜੀਊਂਦੀ ਸੀ । ਕੱਲ ਦੀ ਫ਼ਿਕਰ ਨਹੀਂ ਕਰਦੀ ਸੀ । ਮੈਂ 2001ਵਿੱਚ ਵਿਆਹ ਕੇ ਆਈ ਸੀ ਤੇ 2005ਵਿੱਚ ਦੂਜੇ ਘਰ ਸ਼ਿਫਟ ਕਰ ਗਈ ਸੀ । ਉਹ ਵੀ ਸਹੁਰਿਆਂ ਦਾ ਹੀ ਸੀ । ਇਹ ਫੈਸਲਾ ਪਰਿਵਾਰਿਕ ਸਹਿਮਤੀ ਨਾਲ ਹੋਇਆ ਸੀ । ਭਾਵੇਂ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ ਸੀ , ਪਰ ਮਨਾਂ ਤੋਂ ਕਰੀਬ ਹੀ ਸੀ । ਸਾਲ ਮੇਰੇ ਕੋਲ ਲਾ ਕੇ ਗਈ ਜਦੋਂ ਮੈਂ ਅੱਡ ਹੋਈ । ਆਉਣਾ ਜਾਣਾ ਪੂਰਾ ਰਿਹਾ ਸੀ । ਇਸ ਘਰ ਤੇ ਵੀ ਪੂਰਾ ਹੱਕ ਰੱਖਦੀ ਸੀ । ਮੈਨੂੰ ਚੰਗਾ ਲੱਗਦਾ ਸੀ । ਬਾਅਦ ਵਿੱਚ ਮੈਂ ਨੌਕਰੀ ਕਰਨ ਲੱਗ ਪਈ । ਮੇਰੀਆਂ ਮੁਸ਼ਕਲਾਂ ਨੂੰ ਸਮਝਦੀ ਸੀ । ਪਤਾ ਨਹੀਂ ਕਿਵੇਂ? ਆਪ ਤਾਂ ਘਰੇਲੂ ਸੀ । ਫੁਕਰੀਆਂ ਬਹੁਤ ਮਾਰਦੀ ਸੀ । ਮੇਰੀ ਸਰਕਾਰੀ ਨੌਕਰੀ ਦਾ ਬਾਹਲਾ ਮਾਣ ਕਰਦੀ ਸੀ । ਇੱਕ ਵਾਰੀ ਮੇਰੀ ਸਹੇਲੀ ਨੂੰ ਉਸਦੀ ਸੱਸ ਤੋਂ ਪਤਾ ਲੱਗਿਆ ਤੇ ਮੈਨੂੰ ਆ ਕੇ ਕਹਿੰਦੀ,” ਏ ਤੇਰੀ ਸੱਸ ਤਾਂ ਬਹੁਤ ਝੂਠ ਬੋਲਦੀ ਹੈ, ਕਹਿੰਦੀ ਹੈ ਕਿ ਤੂੰ ਲੈਕਚਰਾਰ ਲੱਗੀ ਹੋਈ ਹੈ । ” ਮੈਂ ਹੱਸ ਕੇ ਕਿਹਾ ਸ਼ੁਕਰ ਮਨਾਓ ਕਿ ਓਸਨੇ ਪ੍ਰਿੰਸੀਪਲ ਨਹੀਂ ਕਿਹਾ । ਮੈਨੂੰ ਪਤਾ ਸੀ ਉਸਦੇ ਸੁਭਾਅ ਦਾ। ਮੇਰੇ ਪਾਈ ਹਰ ਚੀਜ਼ ਨੂੰ ਗੌਰ ਨਾਲ ਦੇਖਦੀ ਸੀ।ਸਾੜੀ, ਗਹਿਣੇ, ਚੱਪਲਾਂ ਸੱਭ ਕੁੱਛ। ਜਦੋਂ ਮੈਂ ਦੱਸਦੀ ਕਿ ਮੰਮੀ ਮੈਂ ਆਹ ਨਵਾਂ ਲਿਆ, ਬਹੁਤਾ ਚਾਅ ਚੜ੍ਹਦਾ ਸੀ। ਵੈਸੇ ਇਹ ਦੱਸਣ ਦੀ ਲੋੜ ਤਾਂ ਕਦੇ ਘੱਟ ਹੀ ਪਈ ਸੀ, ਆਪ ਹੀ ਵਾਧੂ ਨਜ਼ਰ ਰੱਖਦੀ ਸੀ । ਅੰਗਰੇਜੀ ਬੋਲਣ ਦਾ ਬਾਹਲਾ ਚਾਅ ਸੀ ਉਸਨੂੰ । ਮੇਰਾ ਭਰਾ ਮੇਰੇ ਪੇਕੇ ਜਾਣ ਤੇ ਹਮੇਸ਼ਾਂ ਹੀ ਮੇਰੀ ਸੱਸ ਦੀ ਅੰਗਰੇਜੀ ਨੂੰ ਲੈ ਕੇ ਬੈਠ ਜਾਂਦਾ । ਖੂਬ ਹੱਸਦੇ ਸੀ ਅਸੀਂ । ਬਾਹਲੀ ਬੀਮਾਰ ਹੋ ਗਈ ਸੀ ਇੱਕ ਵਾਰੀ।DMC...
ਦਾਖਲ ਕਰਵਾਈ ਹੋਈ ਸੀ ।ਮਾੜੀ ਜਿਹੀ ਹੀ ਠੀਕ ਹੋਈ ਸੀ ਹਜੇ। ਡਾਕਟਰਾਂ ਤੇ ਨਰਸਾਂ ਨਾਲ ਅੰਗਰੇਜੀ ਝਾੜਣ ਲੱਗ ਪਈ । ਮੈਂ ਆਪਣੇ ਹਸਬੈਂਡ ਨੂੰ ਕਿਹਾ, ਹੁਣ ਆਪਣੀ ਮਾਤਾ ਖਤਰੇ ਤੋਂ ਬਾਹਰ ਹੈ । ਸਾਡੀਆਂ ਸੱਸ ਨੂੰਹਾਂ ਦੀਆਂ ਗੱਲਾਂ ਨੂੰ ਬਹੁਤੇ ਮਰੀਜ਼ ਸੁਣਦੇ ਸੀ ਤੇ ਆਪਣਾ ਮੰਨੋਰੰਜਨ ਵੀ ਕਰ ਲੈਂਦੇ ਸੀ। ਮੈਂ ਉਸਨੂੰ ਕਦੇ ਮਾਤਾ, ਬੇਬੇ, ਜਾਂ ਬੁੜੀਏ ਤੱਕ ਵੀ ਕਹਿ ਦਿੰਦੀ ਸੀ । ਮੈਨੂੰ ਕਹਿੰਦੀ ਤੂੰ ਮੈਨੂੰ ਬੁੜੀਏ ਨਾ ਕਿਹਾ ਕਰ । ਮੈਂ ਕਹਿ ਦਿੰਦੀ ਬੁੜੀ ਨੂੰ ਤਾਂ ਬੁੜੀ ਹੀ ਕਿਹਾ ਜਾਉ । ਫੇਰ ਪਲਟ ਕੇ ਜਵਾਬ ਦਿੰਦੀ ਲੈ ਕਾਣੇ ਨੂੰ ਕੋਈ ਕਾਣਾ ਕਹਿੰਦਾ ਹੈ । ਨਾਲੇ ਆਪ ਵੀ ਹੱਸ ਪੈਂਦੀ। ਇਹੋ ਜਿਹੀ ਨੋਕ ਝੋਂਕ ਸਾਡੀ ਸਾਰਾ ਦਿਨ ਹੀ ਚੱਲਦੀ ਰਹਿੰਦੀ । ਬਜ਼ੁਰਗਾਂ ਨੂੰ ਇਹੋ ਜਿਹਾ ਪਿਆਰ ਚਾਹੀਦਾ ਹੁੰਦਾ । ਦਵਾਈਆਂ ਦੇ ਸਿਰ ਤੇ ਨਹੀਂ ਛਡਿਆ ਜਾ ਸਕਦਾ ਹੁੰਦਾ । ਡਿਪਰੈੱਸ਼ਨ ਦੀ ਮਰੀਜ਼ ਸੀ ਕਈ ਸਾਲਾਂ ਤੋਂ, ਮੇਰੇ ਵਿਆਹ ਤੋਂ ਵੀ ਪਹਿਲਾਂ । ਕਈ ਵਾਰੀ ਇੱਕੋ ਹੀ ਗੱਲ ਨੂੰ ਕਿੰਨੇ ਕਿੰਨੇ ਵਾਰੀ ਦੁਹਰਾਉਂਦੀ ਰਹਿੰਦੀ । ਮੰਜੇ ਥੱਲੇ ਪਈਆਂ ਆਪਣੀਆਂ ਚੱਪਲਾਂ ਦਾ ਭੋਰਾ ਵਸਾਹ ਨਹੀਂ ਸੀ ਕਰਦੀ । ਪਤਾ ਨਹੀਂ ਕਿਉਂ ? ਨਾ ਦਿੱਸਦੀਆਂ ਰੌਲਾ ਪਾ ਦਿੰਦੀ ਸੀ। ਉੱਥੇ ਹੀ ਪਈਆਂ ਹੁੰਦੀਆਂ ਸੀ ਬਸ ਥੋੜ੍ਹੀਆਂ ਅਗਾਂਹ ਨੂੰ ਹੋਈਆਂ ਹੁੰਦੀਆਂ ਸੀ । ਮੈਂ ਰਸੋਈ ਵਿੱਚੋ ਕੰਮ ਛੱਡ ਕੇ ਉਸਨੂੰ ਚੱਪਲਾਂ ਲੱਭ ਕੇ ਦਿੰਦੀ। ਜੇ ਸ਼ਰਾਰਤ ਕਰਨ ਦਾ ਮਨ ਹੁੰਦਾ ਤਾਂ ਸਿਰਹਾਣੇ ਰੱਖ ਦਿੰਦੀ। ਛੇੜਣ ਵਿੱਚ ਸਵਾਦ ਆਉਂਦਾ ਸੀ । ਨਵੇਂ ਕੱਪੜੇ ਸਿਲਾਉਣ ਦਾ ਵੀ ਬਾਹਲਾ ਸ਼ੌਂਕ ਸੀ । ਟਰੰਕ ਭਰ ਰੱਖੇ ਸੀ ਕਈ । ਪਟਿਆਲੇ ਦੀ ਸੀ ਅਗਲੀ । ਮਾਡਰਨ ਖਿਆਲਾਤਾਂ ਦੀ ਸੀ ਪੂਰੀ। ਫ਼ੋਟੋਆਂ ਖਿਚਵਾਉਣ ਵੇਲੇ ਗੋਗਲਜ਼ ਤੇ ਪਰਸ ਟੰਗ ਲੈਂਦੀ ਸੀ। ਸ਼ੁਕੀਨਣ ਸੀ ਬਾਹਲੀ । ਡੈਡੀ (ਸਹੁਰਾ ਸਾਹਿਬ) ਰੌਲਾ ਪਾਉਂਦੇ ਰਹਿੰਦੇ ਕਿ ਇਸਨੂੰ ਸਾਰਾ ਦਿਨ ਜੁਆਨੀ ਚੜੀ ਰਹਿੰਦੀ ਹੈ। ਦੋਹਾਂ ਦੀ ਘੱਟ ਹੀ ਬਣਦੀ ਸੀ। ਓਹ ਬੋਲਣੋ ਨਾ ਹੱਟਦੀ ਤੇ ਡੈਡੀ ਚੁੱਪ ਕਰਾਉਣੋ ਨਾ ਹੱਟਦੇ । ਬੱਸ ਰੌਲਾ ਪਾਈ ਰੱਖਦੇ ਘਰ ਵਿੱਚ । ਹੁਣ ਸੁਨਸਾਨ ਰਹਿੰਦੀ ਹੈ ਘਰ ਵਿੱਚ । ਦੋਨੋਂ ਹੀ ਤੁਰ ਗਏ ਨੇ । ਭਾਗਾਂ ਵਾਲੇ ਸੀ ਅਸੀਂ ਜੋ ਉਹਨਾਂ ਦੇ ਪਿਆਰ ਦੇ ਨਜ਼ਾਰੇ ਲੁੱਟੇ ਸੀ ।🙏🙏🙏
Meenu Bala
4-6-21