ਜਦੋਂ ਮੈਂ ਵਿਆਹ ਕੇ ਆਈ ਸਾਂ ਤਾਂ ਇਹਨਾਂ ਦਾ ਮਾਂ ਦੇ ਗੋਡੇ ਲੱਗ-ਲੱਗ ਬਹਿਣਾ ਤੇ ਨਿੱਕੀ-ਨਿੱਕੀ ਗੱਲ ‘ਤੇ ਭਾਪਾ ਜੀ ਤੋਂ ਆਗਿਆ ਲੈਣਾ ਮੈਨੂੰ ਬੜਾ ਅਜੀਬ ਲੱਗਦਾ ਸੀ।
“ਬੀਜੀ, ਅਸੀਂ ਸ਼ਹਿਰ ਜਾ ਆਈਏ?”
“ਭਾਪਾ ਜੀ, ਨੀਰੂ ਕਹਿੰਦੀ ਏ ਵੱਡਾ ਟੈਲੀਵਿਜ਼ਨ ਲੈ ਲਈਏ, ਤੁਸੀਂ ਕੀ ਕਹਿੰਦੇ ਓਂ?”
ਮੈਂ ਸੋਚਣਾ,”ਇਹ ਵੀ ਕੋਈ ਮਰਦਾਂ ਵਾਲ਼ੀ ਗੱਲ ਹੋਈ!”
ਮੈਨੂੰ ਇਹਨਾਂ ‘ਚੋਂ ਸਰਵਨ ਪੁੱਤ ਘੱਟ ‘ਤੇ ਜਵਾਕੜਾਪਣ ਵੱਧ ਨਜ਼ਰ ਆਉਂਦਾ ਸੀ ਪਰ ਇਹ ਮੇਰੀ ਈ ਅੱਖ ਦਾ ਟੀਰ ਸੀ।
ਬੀਜੀ-ਭਾਪੇ ਨੇ ਵਿਚਾਰਿਆਂ ਨੇ ਟੋਕਣਾ ਤਾਂ ਕੀ ਸੀ ਉਹ ਤਾਂ ਸਾਨੂੰ ਦੇਖ ਕੇ ਆਪ ਬੜਾ ਖੁਸ਼ ਹੋਇਆ ਕਰਦੇ ਸਨ। ਪਹਿਲੀ ਕੁੜੀ ਹੋਈ ਤਾਂ ਬੀਜੀ ਕਹਿੰਦੇ,”ਹੈ ਉਹ ਨਾਰ ਸੁਲੱਖਣੀ, ਜੀਹਨੇ ਪਹਿਲੀ ਜਾਈ ਲੱਛਮੀ।” ਮੈਨੂੰ ਬੀਜੀ-ਭਾਪਾ ਜੀ ਦੀ ਛਾਂ ‘ਚ ਪੰਜ-ਛੇ ਸਾਲ਼ ਈ ਬਹਿਣਾ ਨਸੀਬ ਹੋਇਆ। ਬੜੀ ਬਰਕਤ ਸੀ ਉਹਨਾਂ ਦੇ ਹੁੰਦਿਆਂ। ਜਦੋਂ ਉਹ ਤੁਰ ਗਏ ਉਹਨਾਂ ਦੀ ਕਮੀ ਖਲਣ ਲੱਗੀ, ਬੜੀ ਮੁਸ਼ਕਲ-ਮੁਸ਼ੱਕਤ ਨਾਲ਼ ਤਿੰਨੇ ਜਵਾਕ ਪਾਲ਼ੇ।
ਸਮਾਂ ਬੜੀ ਤੇਜ਼ੀ ਨਾਲ਼ ਬੀਤਿਆ। ਸੁੱਖ ਨਾਲ਼ ਵੱਡਾ ਮੁੰਡਾ ਵਿਆਹ ਲਿਆ ਏ, ਬੜਾ ਖ਼ਿਆਲ ਰੱਖਦਾ ਏ ਸਾਡਾ, ਸਾਥੋਂ ਪੁੱਛੇ ਬਗੈਰ ਇੱਕ ਪੈਰ ਨੀਂ ਪੁੱਟਦਾ। ਪਰਸੋਂ ਛੱਤ ‘ਤੇ ਕੱਪੜੇ ਸੁੱਕਣੇ ਪਾਉਣ ਗਈ ਤਾਂ ਚੁਬਾਰੇ...
‘ਚ ਮੁੰਡਾ ਤੇ ਵਹੁਟੀ ਆਪਸ ‘ਚ ਖਹਿਬੜੀ ਜਾਣ।
ਮੈਨੂੰ ਆਪਣਾ ਵੇਲ਼ਾ ਯਾਦ ਆ ਗਿਆ ਜਦੋਂ ਨੂੰਹ ਰਾਣੀ ਨੇ ਕਿਹਾ,”ਜੇ ਇਉਂ ਈ ਮਾਂ ਦਾ ਬਣ-ਬਣ ਕੇ ਬਹਿਣਾ ਸੀ, ਵਿਆਹ ਕਰਾਉਣ ਦੀ ਕੀ ਲੋੜ ਸੀ?”
ਹੁਣ ਕਿਹੜਾ ਸਮਝਾਵੇ, ਸੱਸ ਘਰਵਾਲ਼ੇ ਦੀ ਮਾਂ ਹੁੰਦੀ ਏ ਸੌਂਕਣ ਨਹੀਂ!
ਰਿਸ਼ਤੇ ਦਾਅਵਿਆਂ ਤੇ ਕਬਜਿਆਂ ਨਾਲ਼ ਨਹੀਂ ਸਗੋਂ ਸਮਰਪਣ, ਕੁਰਬਾਨੀ ਅਤੇ ਹਰੇਕ ਰਿਸ਼ਤੇ ਨੂੰ ਉਹਦੀ ਬਣਦੀ ਜਗ੍ਹਾ ਦੇਣ ਨਾਲ਼ ਪ੍ਰਵਾਨ ਚੜ੍ਹਦੇ ਨੇ। ਮਾਂ ਦੀ ਆਪਣੀ ਜਗ੍ਹਾ ਏ, ਭੈਣ-ਭਰਾਵਾਂ ਦੀ ਆਪਣੀ, ਦੋਸਤਾਂ ਦੀ ਆਪਣੀ ਅਤੇ ਜੀਵਨ-ਸਾਥੀ ਦੀ ਆਪਣੀ। ਕੋਈ ਕਿਸੇ ਨੂੰ ਰਿਪਲੇਸ ਨਹੀਂ ਕਰ ਸਕਦਾ। ਫਿਰ ਵੱਧ ਤਵੱਜੋ ਹਾਸਲ ਕਰਨ ਦੀ ਮਨਸ਼ਾ ਕਰਕੇ ਮੱਚਣ-ਸੜਣ ਅਤੇ ਸੀਤ ਜੰਗ ਕਿਉਂ? ਹਰੇਕ ਰਿਸ਼ਤੇ ਨੂੰ ਆਪਣੀ ਥਾਂ ਖਿੜਣ-ਪਣਪਣ ਲਈ ਗੁੰਜਾਇਸ਼ ਦਿਉ। ਦੂਜੇ ਨੂੰ ਮਲੀਆ-ਮੇਟ ਕਰਕੇ ਆਪਣੀ ਮਜ਼ਬੂਤੀ ਦੀ ਆਸ ਰੱਖਣੀ ਕੋਝੀ ਮੂਰਖਤਾ ਏ। ਸੱਜੀਆਂ-ਖੱਬੀਆਂ ਬਾਂਹਾਂ ਤੇ ਧਿਰਾਂ ਬਣੀਦਾ ਹੁੰਦੈ, ਸਰੀਕ ਨਹੀਂ।
ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ। ਪੱਚੀ ਮਈ, ਵੀਹ ਸੌ ਇੱਕੀ।