ਬਾਪੂ ਯਾਦ ਆ ਤੈਨੂੰ ਮੈਂ ਬਚਪਨ ਚ ਤੇਰੇ ਕੋਲੋਂ ਪੁੱਛਿਆ ਕਰਦਾ ਸੀ ਕਿ ਇਹ ਤਾਰੇ ਕਿਵੇਂ ਬਣਦੇ ਨੇ ਤੁਸੀਂ ਆਖਿਆ ਕਰਦੇ ਸੀ ਪੁੱਤ ਜਿਹੜੇ ਲੋਕ ਦੁਨੀਆ ਛੱਡ ਕੇ ਵਾਹਿਗੁਰੂ ਕੋਲ ਚਲੇ ਜਾਂਦੇ ਆ ਓਹ ਤਾਰੇ ਬਣ ਜਾਂਦੇ ਆ। />
ਤਾਏ ਦੀ ਤੋਰ ਤੋਂ ਬੇਸ਼ੱਕ ਤੇਰਾ ਮੜੰਗਾ ਪੈਂਦਾ ਪਰ ਬਾਪੂ ਓਹ ਤੇਰੇ ਮੁੜਕੇ ਵਾਲੀ ਜਿਹੜੀ ਖ਼ੁਸ਼ਬੂ ਸੀ ਨਾ ਓਹ ਮੈਨੂੰ ਤਾਏ ਚੋਂ ਨੀ ਲੱਭਦੀ।
ਬਾਪੂ ਮੈਨੂੰ ਤਾਰੇ ਵੇਖਣੇ ਵਧੀਆ ਤਾਂ ਲਗਦੇ ਸੀ ਪਰ ਮੈਂ ਤੈਨੂੰ ਤਾਰਿਆਂ ਚ ਨੀ ਵੇਖਣਾ ਚਾਹੁੰਦਾ ਸੀ।ਮੈਂ ਤਾਂ ਬਾਪੂ ਤੈਨੂੰ ਆਪਣਾ ਚੰਨ ਮੰਨਿਆ ਕਰਦਾ ਸੀ। ਪਰ ਸੱਚੀਂ ਦੱਸਾਂ ਜਦੋਂ ਦਾ ਤੂੰ ਛੱਡਕੇ ਚਲਾ ਗਿਆ ਮੈਨੂੰ ਚੰਨ ਕੋਲੋਂ ਵੀ ਨਫਰਤ ਹੋ ਗਈ ਆ।ਹੁਣ ਮੈਂ ਰਾਤ ਨੂੰ ਵਿਹੜੇ ਚ ਨਹੀਂ ਨਿਕਲਦਾ।ਓਹ ਤਾਰਿਆਂ ਵਾਲੀ ਰਜਾਈ ਵੇਖ ਕੇ ਮੈਨੂੰ ਤੇਰਾ ਬਹੁਤ ਚੇਤਾ ਆਉਂਦਾ ਆ।ਤੈਨੂੰ ਪਤਾ ਫੇਰ ਜਦ ਮੈਨੂੰ ਤੇਰੀ ਯਾਦ ਆਉਂਦੀ ਤਾਂ ਸਾਰੀ ਸਾਰੀ ਰਾਤ ਮੈਂ ਰੋਂਦਾ ਹੀ ਰਹਿੰਦਾ ਆ।
ਬੇਬੇ ਵੀ ਤੈਨੂੰ ਬਹੁਤ ਯਾਦ ਕਰਦੀ ਆ।ਪੇਟੀਆਂ ਆਲੇ ਅੰਦਰ ਵੜ ਕੇ ਕਿੰਨੀ ਕਿੰਨੀ ਦੇਰ ਰੋਂਦੀ ਰਹਿੰਦੀ ਆ।ਪਰ ਮੈਨੂੰ ਕਹਿੰਦੀ ਰਹਿੰਦੀ ਆ ਪੁੱਤ ਤੂੰ ਫ਼ਿਕਰ ਨਾ ਕਰਿਆ ਕਰ ਮੈਂ ਤੇਰੀ ਮਾਂ ਵੀ ਆ ਤੇ ਮੈਂ ਹੀ ਤੇਰਾ ਪਿਓ ਵੀ ਆ।ਫੇਰ ਮੈਂ ਤੇ ਬੇਬੇ ਦੋਵੇਂ ਗਲ਼ ਲੱਗ ਕੇ ਰੋ ਲੈਂਦੇ ਆ।ਬਾਪੂ ਇੱਕ ਗੱਲ ਦੱਸਾਂ ਬੇਬੇ ਦੀ ਗਲਵਕੜੀ ਚੋਂ ਮੈਨੂੰ ਠੰਡਕ ਤਾਂ ਮਿਲ ਜਾਂਦੀ ਪਰ ਤੇਰੀ ਗਲਵੱਕੜੀ ਵਾਲਾ ਨਿੱਘ ਨੀ ਮਿਲ਼ਦਾ।
ਚੱਲ ਮੈਂ ਮੰਨਦਾ ਤਾਇਆ ਵੀ ਬਾਪੂ ਤੇਰੀ ਜਗ੍ਹਾ ਆ ਪਰ ਓਹ ਮੈਨੂੰ ਤੇਰੇ ਵਾਂਗ ਨੀ ਕਹਿੰਦਾ ਕਿ ਜੱਸਿਆ ਫ਼ਿਕਰ ਨਾ ਕਰ ਮੈਂ ਹੈਗਾ ਆ।ਓਹ ਤਾਂ ਮੈਨੂੰ ਕਹਿੰਦਾ ਖਿਆਲ ਨਾਲ ਰਿਹਾ ਕਰ ਤੇਰਾ ਪਿਓ ਸਿਰ ਤੇ ਨੀ ਹੈਗਾ।
ਕੱਲ ਬੇਬੇ ਤਾਈ ਨੂੰ ਕਹਿੰਦੀ ਸੀ ਕਿ ਮੇਰੇ ਪੁੱਤ ਦੇ ਵਿਆਹ ਦੇ ਸਾਰੇ ਸ਼ਗਨ ਤੂੰ ਹੀ ਕਰਨੇ ਆ।ਬਾਪੂ ਮੇਰਾ ਤਾਂ ਯਾਰ ਵਿਆਹ ਨੂੰ ਹੀ ਨੀ ਦਿਲ ਮੰਨਦਾ।ਇੱਕ ਤਾਂ ਤੁਸੀਂ ਮੇਰੇ ਵਿਆਹ ਚ ਨੀ ਹੋਣਾ ਦੂਜਾ ਮੇਰੇ ਸ਼ਗਨ ਵੀ ਬੇਬੇ ਨੇ ਨੀ ਕਰਨੇ ਬਾਪੂ ਐਸੇ ਵਿਆਹ ਦਾ ਮੈਂ ਕੀ ਕਰਨਾ ਆ।
ਬਾਪੂ ਇੱਕ ਵਾਰੀ ਆਜਾ ਯਾਰ ਮੈਂ ਵਾਅਦਾ ਕਰਦਾ ਤੈਨੂੰ ਵੇਖ ਕੇ ਹੰਜੂ ਨਹੀਂ ਕੱਢਾਂਗਾ। ਨਾ ਤੈਨੂੰ ਰੁਕਣ ਲਈ ਵਾਸਤੇ ਪਾਵਾਂਗਾ।ਬਸ ਲਾਵਾਂ ਵੇਲੇ ਆਕੇ ਆਪਣੀ ਨੂੰਹ ਤੇ ਮੇਰੇ ਸਿਰ ਤੇ ਹੱਥ ਰੱਖ ਦਵੀਂ ਫੇਰ ਚਾਹੇ ਉਸੇ ਵਕਤ ਮੁੜ ਜਾਵੀਂ।
ਧੰਨਵਾਦ,
ਜਸਕਰਨ ਬੰਗਾ।।
ਬਾਪੂ