ਕਹਾਣੀ
“ਵਿਗੜੇ ਰਿਸ਼ਤੇ ”
**********
ਬਿਸ਼ੰਬਰ ਪੁੱਤਨੂੰ ਵਿਆਹ ਕੇ ਆਇਆ ਸੀ ਤੇ ਉਸਦੇ ਘਰ ਅੱਗੇ ਵਾਜ਼ੇ ਵੱਜ ਰਹੇ ਸੀ,ਭੰਗੜੇ ਪੈ ਰਹੇ ਸੀ।ਦੂਜੇ ਪਾਸੇ ਬਿੰਬੋ ਆਂਟੀ ਦੀ ਅਰਥੀ ਉੱਠ ਰਹੀ ਸੀ।ਇਹ ਦੇਖ ਕੇ ਮੈ ਕਈ ਸਾਲ ਪੁਰਾਣੀਆਂ ਯਾਦਾਂ ਵਿੱਚ ਪਹੁੰਚ ਗਈ।
ਬਹੁਟੀਏ ਤੈਨੂੰ ਕੀ ਦੱਸਾਂ “ਏਸ ਔਲਾਦ ਪਿੱਛੇ, ਪਤਾ ਨਹੀਂ ਮੈਂ ਕਿਹੜੀਆਂ ਕਿਹੜੀਆਂ ਨਾਲੀਆਂ ਦਾ ਗਾਰਾ ਫਰੋਲਿਆ”।ਜਦ ਵੀ ਕਿਧਰੇ ਬਿੰਬੋ ਆਂਟੀ ਨੇ ਮੇਰੇ ਕੋਲ ਬੈਠਣਾ ਤਾਂ ਗੱਲਾ ਗੱਲਾ ਵਿੱਚ ਇਹ ਗੱਲ ਜਰੂਰ ਕਹਿਣੀ।ਨਾਲੇ ਉਹ ਕਿਹੜਾ ਅੱਜ ਆਉਣ ਲੱਗਿਆ, ਪੱਗ ਵਟ ਭਰਾ ਤੇਰੇ ਮਾਮੇ ਦਾ।ਮੈਂ ਝਾਈ ਜੀ ( ਸੱਸ ਮਾਂ )ਨੂੰ ਪੁੱਛਣਾ, ਇਹਦਾ ਘਰਵਾਲਾ ਸਾਡਾ ਮਾਮਾ ਕਿੱਦਾਂ?ਹੌਲੀ ਹੌਲੀ ਪਤਾ ਲਗਿਆ ਕਿ ਝਾਈ ਜੀ ਦੇ ਭਰਾ ਵੀ ਇਸੇ ਮੁਹੱਲੇ ਵਿੱਚ ਰਹਿੰਦੇ ਸੀ ਤੇ ਸਾਰੇ ਝਾਈ ਜੀ ਨੂੰ ਭੂਆ ਕਹਿੰਦੇ ਸੀ।
ਬਿੰਬੋ ਆਂਟੀ ਦੀਆਂ ਸੱਤ ਕੁੜੀਆਂ , ਦੋ ਪਹਿਲੀਆਂ ਯਾਨੀ ਨੌੰ ਕੁੜੀਆਂ ,ਦੋ ਛੋਟੇ ਮੁੰਡੇ ।ਆਂਟੀ ਬਹੁਤ ਸੋਹਣੀ ਤੇ ਸਰੀਰੋਂ ਚੰਗੀ ਸੀ।ਆਪੇ ਦੱਸਦੀ, ਸਾਰਿਆਂ ਨੂੰ ਗੁੜ ਦੀ ਤੇ ਆਪ ਖੰਡ ਦੀ ਚਾਹ ਪੀਂਦੀ। ਮੈਂ ਨਵੀਂ ਵਿਆਹੀ ਆਈ ਸੀ ਤੇ ਉਹ ਅਕਸਰ ਸਵੈਟਰ ਦੇ ਨਮੂਨੇ ਸਿੱਖਣ ਆ ਜਾਂਦੀ ਸੀ।ਇਹ ਬਿਸ਼ਬੰਰ ਸੀ ਜਿਸਦਾ ਜਿਕਰ ਓਹ ਬਿਨਾਂ ਪੁੱਛੇ ਕਰਦੀ।ਝਾਈ ਜੀ ਨੇ ਦੱਸਿਆ ,ਪਹਿਲੀਆਂ ਵਿੱਚ ਬਹੁਤ ਕੁੱਝ ਹੁੰਦਾ ਰਿਹਾ, ਪਰ ਇਹ ਮੁੜੀ ਨਹੀਂ। ਕਹਿੰਦੀ ਮੈਂ ਇਸ ਨੂੰ ਨਹੀਂ ਛੱਡ ਸਕਦੀ ਸਾਡਾ ਰੂਹ ਦਾ ਰਿਸ਼ਤਾ ਹੈ। ਖੈਰ ਜਦੋਂ ਪਹਿਲਾਂ ਮੁੰਡਾ ਹੋਇਆ ਘਰ ਵਿੱਚ ਮਾਹੋਲ ਬਦਲ ਗਿਆ। ਫਿਰ ਦੂਜਾ ਵੀ ਹੋ ਗਿਆ।ਪੱਗ ਵਟ ਭਰਾ ਬੱਚਿਆਂ ਦਾ ਚਾਚਾ ਘਰ ਦਾ ਮੈਂਬਰ ਹੀ ਸੀ।ਬੜੀਆਂ ਕੁੜੀਆਂ ਇੱਕ ਇੱਕ ਕਰਕੇ ਵਿਆਹੀਆਂ ਗਈਆਂ,...
ਚਾਚਾ ਤੇ ਚਾਚੇ ਦਾ ਟੱਬਰ ਘਰ ਵਿੱਚ ਮੋਹਰੀ ਰਿਹਾ।
ਮੈਂ ਝਾਈ ਜੀ ਨੂੰ ਪੁੱਛਿਆ,ਇਹ ਆਂਟੀ ਗਾਰਾ ਫਰੋਲਣ ਵਾਲੀ ਗੱਲ ਕਿਉਂ ਦੁਹਰਾਉਂਦੇ ਰਹਿੰਦੇ?
ਝਾਈ ਜੀ ਕਹਿੰਦੇ ,ਬੜਾ ਮੁੰਡਾ ਬਿਸ਼ੰਬਰ ਦੀ ਪੂਰੀ ਕਾਪੀ ਨਿਕਲਿਆ,ਲੋਕੀ ਮੂੰਹਾਂ ਨਾਲ ਮੂੰਹ ਜੋੜ ਜੋੜ ਗੱਲਾ ਕਰਨ ਲੱਗ ਪਏ। ਹੁਣ ਇਹ ਆਪੇ ਹੀ ਬੋਲ ਬੋਲ ਕੇ ਸਫ਼ਾਈਆਂ ਦਿੰਦੀ ਰਹਿੰਦੀ ਹੈ।
ਖੈਰ ਹੁਣ ਬਿਸ਼ੰਬਰ ਦੇ ਮੁੰਡੇ ਦਾ ਵਿਆਹ ਆ ਗਿਆ। ਬਿੰਬੋ ਆਂਟੀ ਦੇ ਪਰਿਵਾਰ ਨੇ ਬਰਾਤੇ ਜਾਣ ਦੀਆਂ ਤਿਆਰੀਆਂ ਕਰ ਲਈਆਂ।ਨਵੇਂ ਕਪੜੇ ਤੇ ਸਭ ਦੇਣ ਲੈਣ ਤਿਆਰ। ਵਿਆਹ ਦੇ ਕਾਰਡ ਵੰਡੇ ਗਏ।ਕਾਰਡ ਨਾਂ ਆਇਆ ਤਾਂ ਬਿੰਬੋ ਦੇ ਪਰਿਵਾਰ ਨੇ ਸਮੱਝਿਆ,ਅਪਣੇ ਘਰ ਕਾਹਦਾ ਕਾਰਡ।ਪਰ ਕੋਈ ਸੁਨੇਹਾ ਵੀ ਨਾਂ ਆਇਆ।
ਬਿੰਬੋ ਆਪੇ ਚਲੇ ਗਈ ਪੁੱਛਣ।ਪਰ ਬਾਹਰੋਂ ਗਲੀ ਵਿੱਚੋਂ ਹੀ ਪਤਾ ਲੱਗ ਗਿਆ ਕਿ ਘਰ ਵਿੱਚ ਕਲੇਸ਼ ਹੋਇਆ ਕਿ ਜੇ ਬਿੰਬੋ ਦਾ ਟੱਬਰ ਬਰਾਤੇ ਗਿਆ ਤਾਂ ਬਿਸ਼ੰਬਰ ਇਕੱਲਾ ਹੀ ਜਾਵੇ,ਘਰੋਂ ਹੋਰ ਕੋਈ ਨਹੀਂ ਜਾਵੇਗਾ।
ਹੁਣ ਬਿੰਬੋ ਜਮੀਨ ਵਿੱਚ ਗਰਕ ਜਾਣ ਨੂੰ ਕਰੇ ,ਉਹ ਕਿਸ ਸ਼ਖਸ ਲਈ ਅਪਣਾ ਘਰ ਪਰਿਵਾਰ ਸਾਂਝਾ ਕਰਦੀ ਰਹੀ, ਸਮਾਜ ਮੋਹਰੇ ਅੜੀ ਰਹੀ ।
ਬਿੰਬੋ ਬੇਹੋਸ਼ ਹੋਕੇ ਗਲੀ ਵਿੱਚ ਡਿੱਗੀ ਪਈ ਸੀ।
ਮੈਂ ਤਰ਼ਵਕ ਗਈ ਜਦ ਗਲੀ ਵਿੱਚੋਂ ਰਾਮਨਾਮ ਸੱਤ ਹੈ ਦੀਆਂ ਆਵਾਜ਼ਾਂ ਆਉਣ ਲੱਗੀਆਂ। ਬਿੰਬੋ ਆਂਟੀ ਦੀ ਅਰਥੀ ਨੂੰ ਕੰਧਾ ਦੇਣ ਵਾਲਿਆਂ ਵਿੱਚ ਬਿਸ਼ੰਬਰ ਵੀ ਸੀ।
ਧੰਨਵਾਦ।
ਬਲਰਾਜ ਚੰਦੇਲ ਜੰਲਧਰ।