More Punjabi Kahaniya  Posts
ਕਿੱਕਰ ਸਾਹਿਬ


ਮੈਂ ਰਾਤ ਦੀ ਡਿਊਟੀ ਮਗਰੋਂ ਅਮ੍ਰਿਤਸਰ ਟੇਸ਼ਨ ਤੇ ਪੁੱਜਦਾ ਤਾਂ ਕਈ ਵਾਰ ਗੱਡੀ ਨਿੱਕਲ ਜਾਇਆ ਕਰਦੀ..
ਫੇਰ ਬਾਹਰੋਂ ਆਟੋ ਫੜ ਬੱਸ ਅੱਡੇ ਤੇ ਪੁੱਜਦਾ..
ਐਨ ਓਸੇ ਵੇਲੇ ਬਠਿੰਡਿਓਂ ਪਠਾਨਕੋਟ ਜਾਂਦੀ ਪੈਪਸੂ ਰੋਡ ਟ੍ਰਾੰਸਪੋਰਟ ਦੀ ਬੱਸ ਤੁਰਨ ਵਾਲੀ ਹੁੰਦੀ..!
ਹਰ ਵਾਰ ਕੰਡਕਟਰ ਓਹੀ ਹੁੰਦਾ..ਪੰਜਾਹ ਕੂ ਸਾਲ ਉਮਰ..ਚਿੱਟੀ ਦਾਹੜੀ..ਹਸਮੁਖ ਜਿਹਾ ਚਿਹਰਾ..ਨਾਮ ਵੀ ਸ਼ਾਇਦ ਗੁਰਮੁਖ ਸਿੰਘ..ਸ਼ਕਲ ਬਿਲਕੁਲ ਹੀ ਬਾਬਾ ਠਾਰਾ ਸਿੰਘ ਵਰਗੀ..
ਸਾਡੀ ਦੋਸਤੀ ਪੈ ਗਈ..ਹੋਟਲ ਬਾਰੇ ਕਿੰਨੀਆਂ ਗੱਲਾਂ ਪੁੱਛਦਾ ਰਹਿੰਦਾ..ਟਿਕਟ ਵੱਲੋਂ ਪੁੱਛਦਾ ਤਾਂ ਆਖਦਾ ਯਾਰ ਰਹਿਣ ਦੇ ਤੂੰ ਮੇਰੇ ਬੱਚਿਆਂ ਵਰਗਾ..!

ਇੱਕ ਵਾਰ ਪਰਿਵਾਰ ਬਾਰੇ ਗੱਲਾਂ ਚੱਲ ਪਈਆਂ..
ਆਖਣ ਲੱਗਾ ਦੋ ਧੀਆਂ ਨੇ ਇੱਕ ਪੁੱਤਰ ਸੀ..ਮੇਰੇ ਜਿੰਨੀ ਉਮਰ..

ਬਠਿੰਡੇ ਪਾਲੀਟੈਕਨਿਕ ਪੜਦੇ ਨੂੰ ਨੱਬੇ ਕਾਨਵੇਂ ਦੇ ਦਿਨਾਂ ਵਿਚ ਸੁਮੇਧ ਸੈਣੀ ਦੀ ਫੋਰਸ ਨੇ ਐਸਾ ਚੁੱਕਿਆ ਕੇ ਮੁੜ ਕਿਧਰੇ ਪਤਾ ਨਾ ਲੱਗਾ..
ਬੜੀ ਭੱਜ ਦੌੜ ਕੀਤੀ..ਨੀਲੀਆਂ ਪੱਗਾਂ ਵਾਲਿਆਂ ਦੇ ਵੀ ਹਾੜੇ ਕੱਢੇ ਪਰ ਆਖਦੇ ਚਿੱਟੀਆਂ ਵਾਲੇ ਪੇਸ਼ ਨੀ ਜਾਣ ਦਿੰਦੇ..ਸਾਡੀ ਹੁਕੂਮਤ ਆ ਲੈਣ ਦੇ ਫੇਰ ਕਰਾਂਗੇ ਇਹਨਾਂ ਨਾਲ ਹਿਸਾਬ ਬਰੋਬਰ..
ਫੇਰ ਸਤਾਨਵੇਂ ਵਿਚ ਨੀਲੀਆਂ ਵਾਲੇ ਆਏ ਤਾਂ ਕੀਤਾ ਵਾਹਦਾ ਚੇਤੇ ਕਰਾਇਆ..
ਇੱਕ ਇੱਕ ਬੰਦੇ ਦੀ ਸ਼ਨਾਖਤ ਕਰਾਈ..ਫਲਾਣੇ ਬੰਦੇ ਨੇ ਚੁੱਕਿਆ..ਫਲਾਣੀ ਜਗਾ ਰਖਿਆ..ਇਥੋਂ ਤੱਕ ਵੀ ਪਤਾ ਕਰਾ ਲਿਆ ਕੇ ਗੋਲੀ ਕਿਥੇ ਖੜ ਮਾਰੀ..!

ਭੁੱਚੋ-ਮੰਡੀ ਲਾਗੈ ਸੁਨਸਾਨ ਜਿਹੀ ਜਗਾ ਖੜ ਮਾਰਨ ਲੱਗੇ ਤਾਂ ਨਵਾਂ ਭਰਤੀ ਕੀਤਾ ਸਿਪਾਹੀ..ਹੱਥ ਕੰਬ ਗਏ ਉਸਦੇ..!
ਠਾਣੇ ਦਾਰ ਹੱਸ ਪਿਆ..ਆਖਣ ਲੱਗਾ ਓਏ ਭੜ-ਭੁੰਜਿਆ ਆ ਤੈਨੂੰ ਅੱਜ ਬੰਦਾ ਮਾਰਨ ਦਾ ਗੁਰ ਦੱਸਦਾ..ਜਿਹਨੂੰ ਮਾਰੀਦਾ ਉਸ ਨਾਲ ਕਦੇ ਅੱਖਾਂ ਨਹੀਂ ਮਿਲਾਉਣੀਂਆਂ..ਨਜਰ ਹਮੇਸ਼ਾਂ ਓਥੇ ਰੱਖਣੀ ਜਿਥੇ ਗੋਲੀ ਮਾਰਨੀ ਏ..ਇੰਝ ਹੱਥ ਵੀ ਨਹੀਂ ਕੰਬਦੇ ਤੇ ਮੁੜਕਾ ਵੀ ਨਹੀਂ ਆਉਂਦਾ..!

ਇਥੋਂ ਅਗੇ ਉਸਤੋਂ ਗੱਲ ਨਾ ਹੋਇਆ ਕਰਦੀ..

ਫੇਰ ਦੱਸਦਾ ਸਤਾਨਵੇਂ ਵਿਚ ਨੀਲੀਆਂ ਪੱਗਾਂ ਵਾਲੀ ਆਪਣੀ ਪੰਥਕ ਪਾਰਟੀ ਵਾਲੇ ਆਖਣ ਲੱਗੇ ਗੁਰਮੁਖ ਸਿਆਂ ਹੁਣ ਗੱਲ ਪੂਰਾਣੀ ਹੋ ਗਈ..ਗੱਡੇ ਮੁਰਦੇ ਹੁਣ ਬਾਹਰ ਨਹੀਂ ਕੱਢੇ ਜਾਣੇ..ਦਿੱਲੀ ਬੈਠੇ ਗੁੱਸਾ ਕਰ ਜਾਂਦੇ..ਪੰਜਾਬ ਲਈ ਨਵੀਂ ਸ਼ੁਰੂਆਤ...

ਕਰਨੀ..!
ਮੈਂ ਆਖਣਾ ਭਾਈ ਜੰਮ-ਜੰਮ ਕਰੋ ਨਵੀਂ ਸ਼ੁਰੂਆਤ ਪਰ ਮੇਰੇ ਗੱਲ ਵਿਚ ਫਸੇ ਕੰਢੇ ਤਾਂ ਕੱਢ ਦਿਓ..ਜਿਹਨਾਂ ਸ਼ਰੇਆਮ ਕਾਰਾ ਕੀਤਾ ਓਹਨਾ ਨਾਲ ਤੇ ਹਿੱਸਾਬ ਕਿਤਾਬ ਕਰੋ..!

ਮਗਰੋਂ ਕਿੰਨੇ ਪਾਸਿਓਂ ਪ੍ਰੈਸ਼ਰ ਪਵਾਇਆ ਪੈਰਵਾਈ ਬੰਦ ਕਰ ਦੇ ਨਹੀਂ ਤੇ ਦੋ ਧੀਆਂ ਦਾ ਹਿਸਾਬ ਲਾ ਲਵੀਂ..
ਨੌਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ ਪਰ ਯੂਨੀਅਨ ਤਕੜੀ ਹੋਣ ਕਰਕੇ ਬਚ ਜਾਂਦਾ ਰਿਹਾ..!
ਇੱਕ ਗੱਲ ਨੂੰ ਤੇਈ ਚੋਵੀਂ ਸਾਲ ਹੋ ਚੁਕੇ ਨੇ ਪਰ ਅਜੇ ਵੀ ਗੁਰਮੁਖ ਸਿੰਘ ਚੇਤੇ ਆ ਜਾਂਦਾ..ਪਤਾ ਨੀ ਜਿਉਂਦਾ ਹੋਵੇਗਾ ਕੇ ਮੁੱਕ ਗਿਆ..ਪਰ ਆਖਰੀ ਸਾਹਾਂ ਤੱਕ ਆਪਣੇ ਲਾਡੀ ਨੂੰ ਚੇਤੇ ਜਰੂਰ ਕਰਦਾ ਹੋਵੇਗਾ!

ਮੇਰੇ ਮਿੱਤਰ ਪਿਆਰੇ ਤਿਰਲੋਚਨ ਸਿੰਘ ਦੁਪਾਲਪੁਰ ਗੱਲ ਦੱਸਦੇ ਹੁੰਦੇ ਉਸ ਦੌਰ ਵਿਚ ਇਕ ਦਿਨ ਭਣੇਵਿਓਂ ਜਵਾਈ ਚੁੱਕ ਲਿਆ..
ਥਾਣੇ ਗਏ ਤਾਂ ਅਗਲਿਆਂ ਪਹਿਲਾਂ ਹੀ ਕੰਮ ਕਰ ਦਿੱਤਾ ਸੀ..
ਜਿਸਨੇ ਕੀਤਾ ਸੀ ਟਿੱਚਰ ਜਿਹੀ ਨਾਲ ਆਖਣ ਲੱਗਾ..ਆਜੋ ਤੁਹਾਨੂੰ ਤੁਹਾਡਾ ਬੰਦਾ ਮਿਲਾਉਂਦੇ ਹਾਂ..
ਸਿਵਿਆਂ ਵਿਚ ਸੜਦੀ ਲਾਸ਼ ਚੋਂ ਉਠਦੇ ਧੂੰਏਂ ਵੱਲ ਇਸ਼ਾਰਾ ਕਰ ਆਖਣ ਲੱਗਾ..ਅਹੁ ਜਾਂਦਾ ਜੇ ਤੁਹਾਡਾ ਬਿੱਕਰ ਸਿੰਘ..ਮਿਲ ਸਕਦੇ ਓ ਤੇ ਮਿਲ ਲਵੋ..!

ਫੇਰ ਕੁਝ ਵਰ੍ਹਿਆਂ ਮਗਰੋਂ ਕੁਦਰਤ ਦੀ ਚੱਕੀ ਦੇ ਪੁੜ ਹਰਕਤ ਵਿਚ ਆ ਗਏ..
ਇਕ ਦਿਨ ਓਹੀ ਟਿੱਚਰ ਵਾਲਾ ਸ਼ਰਾਬ ਨਾਲ ਰੱਜਿਆ ਫੁਲ ਸਪੀਡ ਤੇ..ਜਿਪਸੀ ਸੜਕ ਕੱਢੇ ਉੱਗੇ ਕਿੱਕਰ ਨਾਲ ਜਾ ਵੱਜੀ..ਥਾਏਂ ਮੁੱਕ ਗਿਆ!

ਜਿਸਦਾ ਮਾਰਿਆ ਸੀ ਉਸ ਨੂੰ ਖਬਰ ਲੱਗ ਗਈ..ਪੁੱਤ ਦੇ ਕਾਤਲ ਦੀ ਲੋਥ ਵੇਖਣ ਮੌਕੇ ਤੇ ਅੱਪੜ ਗਿਆ..!

ਮੌਕੇ ਤੇ ਖਲੋਤੇ ਲੋਕ ਆਖੀ ਜਾਣ ਜਿਪਸੀ ਉਸ ਕਿੱਕਰ ਵਿਚ ਵੱਜੀ ਸੀ..

ਇਸ ਨੇ ਉਚੀ ਸਾਰੀ ਧਾਹ ਮਾਰੀ ਤੇ ਕਿੱਕਰ ਨੂੰ ਕਲਾਵੇ ਵਿਚ ਲੈਂਦਾ ਹੋਇਆ ਆਖਣ ਲੱਗਾ ਓਏ ਕਿੱਕਰ ਨਹੀਂ “ਕਿੱਕਰ ਸਾਹਿਬ” ਆਖੋ !

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਕਿੱਕਰ ਸਾਹਿਬ”

  • ਵਧੀਆ ਲਿਖਿਆ ਹੈ ਪਰ 80,ਤੋ90
    ਸੰਨ ਵਿੱਚ ਲੜਕੇਆ ਨੂੰ ਕਿਉ ਚੁਕ ਲੈਦੇ ਸਨ ਮੈਨੂੰ ਇਸ ਦਾ ਜਵਾਬ ਨਹੀਂ ਮਿਲਿਆ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)