More Punjabi Kahaniya  Posts
ਮਿੱਟੀ ਦੇ ਜਾਏ ਆਖਰੀ = ਭਾਗ


ਮਿੱਟੀ ਦੇ ਜਾਏ ❣❣ ਆਖਰੀ = ਭਾਗ ❣❣
ਇੰਜਣ ਤੇ ਬੋਰ ਨਾਲ ਸਬੰਧਤ ਸਾਰਾ ਸਮਾਨ ਖੇਤਾਂ ਵਿਚ ਪਹੁੰਚ ਚੁੱਕਾ ਸੀ। ਗ੍ਰੰਥੀ ਸਿਘ ਨੇ ਸਿਰਜਣਹਾਰੇ ਨੂੰ ਅਰਾਧ ,ਕਾਰਜ ਰਾਸ ਕਰਨ ਤੇ ਆਸਾਂ ਪੂਰੀਆਂ ਹੋਣ ਦਾ ਅਰਦਾਸਾ ਸੋਧ ਜੈਕਾਰਾ ਛੱਡਿਆ ਤਾਂ ਸਾਰਿਆਂ ਸਤਿ ਸ੍ਰੀ ਅਕਾਲ ਕਹਿ ਫਹਿਤ ਬੁਲਾਈ ਦਿੱਤੀ । ਧਰਤ ਨੂੰ ਤੇਲ ਚੜ੍ਹਾ ਤੇ ਗੁੜ ਨਾਲ ਮੂੰਹ ਜੂਠਾਲ ਸ਼ਗਨਾਂ ਦੀ ਰਸਮ ਨਿਭਾਈ ਗਈ। ਗੁਰੂ ਰਾਮਦਾਸ ਦੇ ਪਵਿੱਤਰ ਸਰੋਵਰ ਚੋਂ ਲਿਆਂਦਾ ਅੰਮਿ੍ਤ ਧਰਤੀ ਦੀ ਦੇਹ ਤੇ ਛਿੜਕਿਆ ਤਾਂ ਉਹ ਉਜੜ ਤੋਂ ਸੁਲਖਣੀ ਹੋ ਗਈ। ਕਹੀ ਦਾ ਟੱਪ ਲਾ ਗ੍ਰੰਥੀ ਸਿੰਘ ਨੇ ਬੋਰ ਦਾ ਕਾਰਜ ਅਰੰਭ ਕਰਵਾ ਦਿੱਤਾ । ਬਾਬਾ ਜੀ ਨੇ ਹਾਜ਼ਰ ਕਿਰਤੀਆਂ ਨੂੰ ਪ੍ਰਸ਼ਾਦ ਵੰਡਿਆ ਤਾਂ ਬਾਪੂ ਨੇ ਬਾਬਾ ਜੀ ਨੂੰ 21 ਦੰਮੜੇ ਭੇਟਾ ਦੇ ਸੀਸ ਨਵਾਇਆ।
ਜਿਸ ਭਾਗਾਂ ਵਾਲੇ ਦਿਨ ਨੂੰ ਬੇਸਬਰੀ ਨਾਲ ਉਡੀਕਿਆ , ਉਹ ਸੁਭਾਗਾ ਦਿਨ ਆਣ ਢੁੱਕਾ। ਬੇਬੇ ਨੇ ਇੰਜਣ ਤੇ ਪੰਪ ਨੂੰ ਮੌਲੀ ਬੰਨ ਸਵੰਜਣਾ ਹੋਵੇਂ ਦੀ ਮੰਗ ਮੰਗੀ। ਚਾਚੇ ਨੇ ਦੋਵੇਂ ਹੱਥ ਜੋੜ ਬਾਬਾ ਨਾਨਕ ਨੂੰ ਸਿਮਰਿਆ ਤੇ ਇੰਜਣ ਦਾ ਹੇੰਡਲ ਗੇੜ ਕਿੱਲੀ ਸੁੱਟੀ ਦਿੱਤੀ ।
ਧਰਤ ਦੀ ਗੋਦ ਚੋਂ ਅੰਮਿ੍ਤ ਵਰਗਾ ਨੀਰ ਪਾਈਪ ਚੋਂ ਫੁਆਰੇ ਬਣ ਫੁੱਟ ਪਿਆ। ਜਦੋਂ ਸਾਰੇ ਇਕ ਦੂਸਰੇ ਨੂੰ ਵਧਾਈਆਂ ਦੇ ਰਹੇ ਸਨ ਤਾਂ ਉਨ੍ਹਾਂ ਦੇ ਚਿਹਰਿਆਂ ਤੇ ਝਲਕਦਾ ਪ੍ਰਸੰਨਤਾ ਦਾ ਜਲੌਅ ਵੇਖਣ ਵਾਲਾ ਸੀ। ਇਕ ਦਰਮਿਆਨੇ ਵਾਹੀਵਾਨ ਪ੍ਰੀਵਾਰ ਦੇ ਪਲਾਂ ਨੂੰ ਬਿਆਨਣਾ ਸ਼ਬਦਾਂ ਦੇ ਵੱਸ ਨਹੀਂ।
ਸ਼ੀਤਲ ਜਲ ਨੇ ਜਦੋਂ ਖਾਲਾਂ ਚੋਂ ਹੁੰਦੇ ਹੋਏ ਖੇਤਾਂ ਨੂੰ ਸਿੰਜਿਆ ਤਾਂ ਮੁਦਤਾਂ ਦੀ ਅੌੜੀ ਬੰਜਰ ਧਰਤ ਦਾ ਤਪਦਾ ਸੀਨਾ ਠੰਡਾ-ਠਾਰ ਹੋ ਗਿਆ । ਉਹ ਇੰਜ ਮਹਿਸੂਸਦੀ ਜਿਵੇਂ ਜਰਖੇਜ਼ ਮਿੱਟੀ ਦੇ ਕਿਸੇ ਗੁਲਾਬੀ ਚੀਰੇ ਵਾਲੇ ਉਸਦਾ ਘੁੰਡ ਚੁੱਕ ਸੁੰਨੀ ਮਾਂਗ ਵਿੱਚ ਸੰਦੂਰ ਭਰ ਦਿੱਤਾ ਹੋਵੇ। ਉਹ ਹੁਣ ਸੁਹਾਗਣ ਹੋਈ ਫੁੱਲੀ ਨਹੀਂ ਸੀ ਸਮਾ ਰਹੀ। ਉਸਦੀ ਕੁੱਖ ਨੂੰ ਫਸਲਾਂ ਉੱਗਾਉਣ ਦੀ ਕਾਹਲ ਦਾ ਚਾਅ ਚੜ੍ਹ ਗਿਆ।
ਉਹ ਘਾਗ ਵਾਹੀਵਾਨ ਸਨ , ਭਾਵੇਂ ਹਲਾਤਾਂ ਦੀ ਮਾਰ ਨੇ ਉਨ੍ਹਾਂ ਨੂੰ ਕਈ ਪਾਸਿਉਂ ਡਾਹ ਲਾਈ ਪਰ ਉਹ ਸਿਰੜੀ ਤੇ ਸਿਦਕਾਂ ਦੇ ਪੱਕੇ ਨਿਕਲੇ। ਲਾਖਾ ਤੁਰ ਗਿਆ ਤੇ ਚੀਨਾ ਵੇਚਨਾ ਪਿਆ , ਬਲਦਾਂ ਦੀਆਂ ਦੋ ਜੋੜੀਆਂ ਚੋਂ ਇਕ ਹੀ ਮਸਾਂ ਬਚੀ। ਜੁਗਤੀਆਂ ਅੈਸੀ ਜੁਗਤ ਬਣਾਈ ਕਿ ਫੰਡਰ ਮੱਝ ਤੇ ਖੀਰੇ ਝੋਟੇ ਨੂੰ ਹਾਲੀ ਕੱਢ ਲਿਆ।
ਬਾਪੂ ਹੁਰਾਂ ਮਾਂਹ , ਮੋਠ , ਮੂੰਗੀ , ਮੱਕੀ ਤੇ ਕਮਾਦ ਬੀਜੇ। ਦੋ ਪੈਲੀਆਂ ਵਿੱਚ ਬਾਸਮਤੀ ਤੇ ਇਕ ਖੇਤ ਮਿਰਚਾਂ ਲਾਈਆਂ। ਸੌਣੀ ਭਰਵੀੰ ਹੋਈ ਤਾਂ ਹਾੜੀ ਦੀ ਬੀਜਾਈ ਹੋਰ ਵੀ ਉਦਮ ਨਾਲ ਕੀਤੀ । ਕਣਕ , ਜੌੰ , ਸਰੋੰ ਬੇਰੜੜਾ , ਛੋਲੇ , ਮਟਰ ਤੇ ਬਰਸੀਨ ਦੀਆਂ ਫਸਲਾਂ ਲਹਿ ਲਹਿ ਕਰਦੀਆਂ ਉਲਰ-ਉਲਰ ਪੈੰਦੀਆਂ। ਰਿਜਕ ਵਾਲੀਆਂ ਪੋੰਅ ਬਾਰਾਂ ਹੋਣ ਲਗ ਪਈਆਂ। ਉਹ ਜੋ ਵੀ ਬੀਜਦੇ ਧਰਤੀ ਮਾਂ , ਮਿੱਟੀ ਦੇ ਜਾਇਆਂ ਦੀਆਂ ਝੋਲੀਆਂ ਭਰੀ ਜਾਂਦੀ।
ਸਿਆਣਿਆਂ ਦੀ ਕਹਾਵਤ ਸੱਚ ਹੋਣ ਲਗੀ:-
” ਕਿਸਮਤ ਹੋਵੇ ਪੱਧਰੀ ਤਾਂ ਭੁੱਜੇ ਉੱਗਣ ਮੋਠ”
ਸਾਲਾਂ ਤੋਂ ਸਬਜ਼ੀਆਂ ਨੂੰ ਤਰਸਦੇ ਪਰਵਾਰ ਕੋਲੋਂ ਹੁਣ ਹਲਵੇ, ਟੀਂਡੇ,ਕਰੇਲੇ ,ਭਿੰਡੀਆਂ ਤੇ ਕੱਦੂ ਖਾਧਿਆਂ ਨਾ ਮੁੱਕਦੇ। ਜਿਹੜਾ ਸ਼ਰੀਕਾ ਭਾਈਚਾਰਾ ਚੀਜ਼ਾਂ ਹੁੰਦਿਆਂ -ਸੁੰਦਿਆਂ ਖਾਲੀ ਹੱਥ ਮੋੜ ਦੇੰਦਾ ਸੀ , ਬੇਬੇ ਉਨ੍ਹਾਂ ਨੂੰ ਵੀ ਛਿੱਕੂ ਭਰ-ਭਰ ਵੰਡ ਆਉੰਦੀ।
ਫਸਲਾਂ ਨਾਲ ਨੱਕੋ-ਨੱਕ ਲੱਦੇ ਗੱਡੇ ਘਰ ਆਉੰਦੇ ਤਾਂ ਗਲੀ ਗੁਆਂਢ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ। ਤਖਤਿਆਂ ਉਹਲੇ ਮੂੰਹ ਜੋੜ ਜੋੜ ਗੱਲਾਂ ਕਰ ਅੰਦਰੋਂ ਅੰਦਰੀਂ ਸਾੜਾ ਕਰਦੇ।
ਖਾਲੀ ਪਏ ਭੜੋਲੇ ਅਨਾਜ ਨਾਲ ਉੱਛਲਣ ਲਗੇ । ਕਈ ਸਾਲ ਪਾਟੇ-ਪੁਰਾਣੇ ਕਪੜਿਆਂ ਨਾਲ ਗੁਜਾਰਾ ਕਰਨ ਵਾਲੇ ਜੀਆਂ ਨੂੰ ਜਦੋਂ ਬੇਬੇ ਨੇ ਨਵੇਂ ਨਿਕੋਰ ਕਪੜੇ ਸਿਉੰ ਗਲੀ ਪੁਆਏ ਤਾਂ ਸਾਰੇ ਇਕ ਦੂਸਰੇ ਦੇ ਕਪੜਿਆਂ ਨੂੰ ਹੱਥ ਫੇਰ ਸੁਲਾਉੰਦੇ ਤੇ ਨਿਹਾਰਦੇ।
ਨਵਾਂ ਡੱਬੀਦਾਰ ਝੱਗਾ ਤੇ ਫਾਟਾਂ ਵਾਲਾ...

ਪਜਾਮਾ ਪਹਿਣ ਪੱਚਰ ਕੇ ਜਦੋਂ ਯਾਰਾਂ ਬੇਲੀਆਂ ਵਿੱਚ ਟਹਿਲ ਟਹਿਲ ਤੁਰਦਾ ਤਾਂ ਉਹ ਵੱਖੀ ਵਿੱਚ ਚੂੰਡੀ ਵੱਡ ਨਵੇ ਕਪੜਿਆਂ ਦੀ ਚੱਠ ਕਰਦੇ ਤਾਂ ਸਾਲਾਂ ਬਾਅਦ ਵਡਾਈ ਚੂੰਡੀ ਰੂਹ ਨੂੰ ਨਿਹਾਲ ਕਰ ਦੇੰਦੀ।
ਖੇਤਾਂ ਵਿੱਚ ਲਾਏ ਰੁੱਖਾਂ ਨੂੰ ਰੋਜ਼ ਵਾਰ ਤੇ ਵਾਰ ਆਉਂਦਾ । ਧਰੇਕਾਂ ,ਅੰਬ , ਜਾਮਨੂੰ , ਸ਼ਹਿਤੂਤ ਤੇ ਪਿੱਪਲਾਂ ਰਲਮਿਲ ਚੌਗਿਰਦੇ ਨੂੰ ਹਰਿਆਵਲ ਨਾਲ ਲੱਦ ਦਿੱਤਾ। ਜਿਹੜੀ ਬੰਜਰ ਜਮੀਨ ਤੇ ਪੈਰ ਨਹੀਂ ਸੀ ਧਰ ਹੁੰਦਾ ਰੁੱਖਾਂ ਨੇ ਠੰਡੀਆਂ ਛਾਵਾਂ ਦੇ ਲੰਗਰ ਲਾ ਦਿੱਤੇ।
ਦੂਰ-ਦੁਰਾਡੇ ਤੱਕ ਬਾਪੂ ਹੁਰਾਂ ਦੇ ਹਰੇ ਭਰੇ ਡੇਰੇ ਦੀ ਚਰਚਾ ਹੋਣ ਲਗੀ। ਰਾਹਗੀਰਾਂ , ਵਾਗੀਆਂ ਤੇ ਖੇਤ ਕਾਮਿਆਂ ਨੂੰ ਜਦੋਂ ਅੰਮਿ੍ਤ ਵਰਗਾ ਠੰਡਾ -ਮਿੱਠਾ ਪਾਣੀ ਪੀਣ ਨੂੰ ਤੇ ਦੁਪਹਿਰਾਂ ਕੱਟਣ ਨੂੰ ਸੁੱਖ-ਰਹਿਣੀ ਛਾਂ ਨਸੀਬ ਹੁੰਦੀ ਤਾਂ ਉਹ ਅਸੀਸਾਂ ਦੇੰਦੇ ਨਾ ਥੱਕਦੇ।
ਮੱਕੀ ,ਬਾਜਰੇ ਤੇ ਨਰਮੇ ਦੇ ਬੂਟਿਆਂ ਨੂੰ ਛੇੜ ਮਜਾਜਣ ਹਵਾਵਾਂ ਰੁੱਮਕਦੀਆਂ ਤੇ ਮੌਲਦੀਆਂ ਵਿਚੋਂ ਦੀ ਲੰਘਦੀਆਂ ,ਉਹ ਸ਼ਰਾਰਤੀ ਸ਼ੋਅ ਨਾਲ ਖੁਸ਼ੀ ਵਿੱਚ ਝੂੰਮ ਉੱਠਦੇ। ਵੱਟਾਂ ਤੇ ਤੁਰਦਿਆਂ ਜਦੋਂ ਬੂਟੇ ਸਾਡੇ ਵੱਲ ਨੂੰ ਝੁੱਕ ਕੇ ਉਪਰ ਉੱਠਦੇ ਤਾਂ ਲਗਦਾ ਜਿਵੇਂ ਮਿੱਟੀ ਦੇ ਜਾਇਆਂ ਨੂੰ ਸਲਾਮਾਂ ਕਰ ਰਹੇ ਹੋਣ।
ਹਾੜੀ ਵੇਚ ਬਾਪੂ ਹੁਰਾਂ ਹੰਸਾਰੀ ਬਲਦਾਂ ਦੀ ਜੋੜੀ ਤੇ ਦੋ ਕੁੰਢੀਆਂ ਚੂਰ , ਬੌਲੀਆਂ-ਬਿੱਲੀਆਂ ਸੱਜਰ ਸੂਈਆਂ ਝੋਟੀਆਂ ਖ੍ਰੀਦ ਲਿਆਂਦੀਆਂ । ਵਿਹੜੇ ਪੈਰ ਪਾਉਣ ਤੋਂ ਪਹਿਲਾਂ ਬੇਬੇ ਨੇ ਬੂਹੇ ਦੇ ਤੇਲ ਚੋ ਤੇ ਗੁੜ ਚਾਰ ਸੁਵਾਗਤ ਕੀਤਾ । ਉਹ ਘਰ ਆਈਆਂ ਨਵੀਆਂ ਲਵੇਰੀਆਂ ਤੇ ਬਲਦਾਂ ਦੇ ਸਿਰਾਂ ਨੂੰ ਪਿਆਰ ਦੇਣਾ ਤੇ ਉਨ੍ਹਾਂ ਦੀ ਨਜ਼ਰ ਉਤਾਰਨੀ ਨਾ ਭੁੱਲੀ।
ਚਾਚੇ ਨੇ ਸੈਲਾਂ ਵਾਲਾ ਨਵਾਂ ਰੇਡੀਓ ਖ੍ਰੀਦ ਵਿਹੜੇ ਲਾਈ ਨਿੰਮ ਨਾਲ ਲਿਆ ਟੰਗਿਆ ।
*ਭਾਈ ਗੋਪਾਲ ਸਿੰਘ ਦਾ ਗਾਇਆ ਸ਼ਬਦ:-
“ਇਹ ਸੀਸ ਝੁਕਾਵਾਂ ਮੈਂ , ਤੇਰੇ ਹਜੂਰ ਨਾਨਕ,
ਬਣ ਜਾਏ ਜਿੰਦਗੀ ਦਾ, ਇਹ ਦਸਤੂਰ ਨਾਨਕ”
ਬਾਬਾ ਨਾਨਕ ਦੀ ਮਹਿਮਾ ਸੁਣ ਘਰ ਦੀ ਫਿਜ਼ਾ ਇਲਾਹੀ ਰੰਗ ਵਿੱਚ ਰੰਗੀ ਜਾਂਦੀ ।
* ਲਾਲ ਚੰਦ ਜਮਲਾ ਜੱਟ ਦਾ ਗਾਇਆ ਗੀਤ:-
“ਜੰਗਲ ਦੇ ਵਿੱਚ ਖੂਹਾ ਲਵਾ ਦੇ,ਉਤੇ ਪਵਾ ਦੇ ਡੋਲ,
ਸਖਿਆ ਨਾਮ ਸਾਈਂ ਦਾ ਬੋਲ।”
ਜਦੋਂ ਸਾਰੇ ਟੱਬਰ ਨੇ ਲਾਈਨ ਸਿਰ ਵਿਹੜੇ ਵਿੱਚ ਮੰਜਿਆਂ ਤੇ ਬਹਿ ਸੁਨਣਾ ਤਾਂ ਨਿਆਈਂ ਵਾਲਾ ਖੁੱਸਿਆ ਖੂਹ ਦਾ ਹੇਵਰਾ ਟੁੰਬਦਾ ਪਰ ਦੂਸਰੇ ਹੀ ਪਲ ਬਾਪੂ ਦੇ ਕਹੇ ਬੋਲ ਕੰਨਾਂ ਵਿੱਚ ਗੂੰਜਣੇ , “ਪੁੱਤਰਾ ਵੇਖੀ ਜਾਈਂ , ਅਸੀਂ ‘ਜੰਗਲ ਵਿੱਚ ਮੰਗਲ ਲਾ ਦੇਣਾ।” ਵਾਕਿਆ ਹੀ ਬਾਪੂ ਹੁਰਾਂ ਖੇਤਾਂ ਵਿੱਚ ਖੂਹ ਦੀ ਥਾਂ ਇੰਜਣ ਲਵਾ ਕੇ ਨਹਿਲੇ ਤੇ ਦਹਿਲਾ ਮਾਰ ਦਿੱਤਾ ।
ਜੰਗਲ ਵਿੱਚ ਮੰਗਲ ਲਾਉਣ ਦੀ ਮੁਹਾਰਤ ਰੱਖਣ ਵਾਲੇ ਉਦਮੀਆਂ ਨੂੰ ਅਗੇ ਵੱਧਣ ਤੋਂ ਕੋਈ ਨਹੀ ਰੋਕ ਸਕਿਆ। ਮੰਜਲਾਂ ਆਪ ਮੁਹਾਰੀਆਂ ਉਨ੍ਹਾਂ ਦੇ ਕਦਮਾਂ ਤੇ ਆਣ ਢੁੱਕਦੀਆਂ ਹਨ।
ਬੇਬੇ ਕਿਹਾ ਕਰਦੀ ਸੀ, ” ਲਗਦੀ ਵਾਹੇ ਸਿਰਜਣਹਾਰਾ ਆਪਣੀ ਰੱਚੀ ਸ੍ਰਿਸ਼ਟੀ ਨੂੰ ਤੱਤੀ ਹਵਾ ਨਹੀਂ ਲਗਣ ਦੇੰਦਾ ,ਖੁਦਾ ਨਾ ਖਾਦਸਾ ਕਿਸੇ ਜੱਲਜਲੇ ਦੇ ਆਉਣ ਨਾਲ ਸਭ ਕੁੱਝ ਤਹਿਸ਼-ਨਹਿਸ਼ ਹੋ ਜਾਵੇ ਤਾਂ ਮਨੁੱਖ ਵਿੱਚ ਇੰਨਾਂ ਜੇਰਾ-ਜਿਗਰਾ ਹੋਣਾ ਚਾਹੀਦਾ ਕਿ ਉਹ ਨਵੇਂ ਸਿਰਿਉੰ ਦੁਨੀਆ ਫੇਰ ਖੜ੍ਹੀ ਕਰ ਦੇਵੇ।”
* ਬਾਬਾ ਨਜਮੀ ਨੇ ਸੌਲਾਂ ਆਨੇ ਸੱਚ ਕਿਹਾ:-
“ਬੇ-ਹਿੰਮਤੇ ਨੇ ਜਿਹੜੇ ਬਹਿ ਕੇ , ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈੰਦੇ ਨੇ , ਸੀਨਾ ਪਾੜ ਕੇ ਪੱਥਰਾਂ ਦਾ।”
“ਜਿੰਦਗੀ ਜਿੰਦਾਬਾਦ”
✍:- ਗੁਰਨਾਮ ਨਿੱਜਰ=22/05/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)