ਉਸਨੂੰ ਕਾਫੀ ਅਵਾਜਾਂ ਦਿੱਤੀਆਂ ਪਰ ਉਹ ਨਹੀਂ ਆਈ..
ਅਖੀਰ ਉਸਨੂੰ ਲੱਭਣ ਚੁਬਾਰੇ ਤੇ ਚੜ ਗਿਆ..ਉਹ ਕਮਰੇ ਦੀ ਪੜਛੱਤੀ ਤੇ ਚੜੀ ਸਫਾਈਆਂ ਵਿਚ ਰੁੱਝੀ ਹੋਈ ਸੀ..ਗਹੁ ਨਾਲ ਵੇਖਿਆ ਤਾਂ ਉਹ ਕੁਝ ਪੜ ਰਹੀ ਸੀ..ਪੌੜੀ ਚੜ ਉੱਪਰ ਗਿਆ ਤਾਂ ਵੇਖਿਆ ਮੇਰਾ ਫੌਜੀ ਸੰਦੂਖ ਖੁੱਲ੍ਹਾ ਪਿਆ ਸੀ ਅਤੇ ਸਾਮਣੇ ਕਿੰਨੇ ਸਾਰੇ ਕਾਗਜ ਪੱਤਰ ਖਿੱਲਰੇ ਪਏ ਸਨ..!
ਹੈਰਾਨ ਸਾਂ ਉਸਨੇ ਜਿੰਦਰਾ ਖੋਲਿਆ ਕਿੱਦਾਂ..ਸ਼ਾਇਦ ਜੰਗਾਲ ਲੱਗਾ ਹੋਣ ਕਰਕੇ ਹਲਕੇ ਝਟਕੇ ਨਾਲ ਹੀ ਟੁੱਟ ਗਿਆ ਹੋਣਾ..!
ਉਸਦੇ ਹੱਥ ਵਿਚ ਫੜੇ ਖਤ ਨੂੰ ਖੋਹਣ ਦੀ ਕੋਸ਼ਿਸ਼ ਕੀਤੀ..ਪਰ ਉਸਨੇ ਦੂਰ ਕਰ ਲਿਆ..ਫੇਰ ਮੁਸ੍ਕੁਰਾਉਂਦੀ ਹੋਈ ਪੁੱਛਣ ਲੱਗੀ..ਜਦੋਂ ਉਹ ਭੱਜਣ ਲਈ ਰਾਜੀ ਸੀ ਤਾਂ ਫੇਰ ਉਸਨੂੰ ਲੈ ਕੇ ਭੱਜੇ ਕਿਓਂ ਨਹੀਂ..?
“ਤੈਨੂੰ ਜੂ ਮਿਲਣਾ ਸੀ..ਤੇਰੇ ਪੈਰ ਜੂ ਇਸ ਵਿਹੜੇ ਵਿਚ ਪੈਣੇ ਸਨ..”ਮੈਂ ਜੁਆਬ ਦਿੰਦਾ ਸੋਚ ਰਿਹਾ ਸਾਂ ਕੇ ਹੁਣ ਉਸਦੇ ਸਾਮਣੇ ਪਏ ਹੋਏ ਇਸ ਖਲਾਰੇ ਨੂੰ ਸਮੇਟਿਆ ਕਿੱਦਾਂ ਜਾਵੇ!
ਏਨੇ ਨੂੰ ਉਸਨੇ ਆਪਣੇ ਥੱਲੇ ਲਈ ਫੋਟੋ ਕੱਢ ਲਈ ਤੇ ਆਖਣ ਲੱਗੀ..ਮੈਥੋਂ ਤੇ ਕਿੰਨੀ ਸੁਨੱਖੀ...
ਸੀ..ਮੋਟੀਆਂ ਅੱਖਾਂ..ਸੋਹਣੇ ਬੁੱਲ..ਲੰਮੇ ਵਾਲ..!
ਮੈਂ ਫੋਟੋ ਖੋਹ ਲਈ ਤੇ ਚਾਰ ਟੋਟੇ ਕਰ ਦੂਰ ਸੁੱਟ ਦਿੱਤੀ ਫੇਰ ਆਖਿਆ ਹੁਣ ਜਾਣ ਵੀ ਦੇ..ਬਹੁਤ ਪੂਰਾਣੀ ਗੱਲ ਏ..ਨਾਲ ਹੀ ਹੋ ਚੁਕੇ ਨੁਕਸਾਨ ਦੀ ਪੂਰਤੀ ਲਈ ਉਸਨੂੰ ਕਲਾਵੇ ਵਿਚ ਵੀ ਲੈ ਲਿਆ..!
ਉਹ ਨਿੰਮਾ-ਨਿੰਮਾ ਹੱਸਦੀ ਹੋਈ ਇੱਕਦਮ ਗੰਭੀਰ ਹੋ ਗਈ..ਆਖਣ ਲੱਗੀ ਇੱਕ ਗੱਲ ਪੁੱਛਾਂ..ਆਖਿਆ ਹਾਂ ਜਰੂਰ..!
ਜੇ ਸੰਦੂਖ ਵਿਚੋਂ ਲੱਭੇ ਇਹ ਸਾਰੇ ਖਤ ਮੇਰੇ ਹੁੰਦੇ ਅਤੇ ਨਾਲ ਵਾਲੀ ਫ਼ੋਟੋ ਕਿਸੇ ਮਰਦ ਦੀ ਹੁੰਦੀ..ਫੇਰ ਤੁਸੀਂ ਕਿੱਦਾਂ ਮਹਿਸੂਸ ਕਰਦੇ?
ਦਿਮਾਗ ਵਿਚ ਵੱਡਾ ਸਾਰਾ ਧਮਾਕਾ ਹੋਇਆ..ਏਡਾ ਵੱਡਾ ਕੇ ਸ਼ਾਇਦ ਇਕੱਤਰ ਦੀ ਜੰਗ ਵੇਲੇ ਵੀ ਕਿਧਰੇ ਨਾ ਹੋਇਆ ਹੋਵੇ..ਨਾਲ ਹੀ ਪਹਿਲੀ ਵੇਰ ਲੱਗਿਆ ਕੇ ਸਿਆਲ ਰੁੱਤੇ ਸਿਰ ਤੇ ਸੌ ਘੜੇ ਪਾਣੀ ਪੈ ਜਾਵੇ ਤਾਂ ਇਨਸਾਨ ਕਿੱਦਾਂ ਮਹਿਸੂਸ ਕਰਦਾ!
ਹਰਪ੍ਰੀਤ ਸਿੰਘ ਜਵੰਦਾ