More Punjabi Kahaniya  Posts
ਪਹਿਲਾ ਪਿਆਰ ਕਿ ਦੋਸਤੀ ਭਾਗ 2


ਤਾਰੀ ਅਤੇ ਚੰਨੀ ਫੇਰ ਵੀ ਕਿਸੇ ਤਰਾਂ ਘਰ ਤੋਂ ਬਾਹਰ ਕਾਲਿਜ ਦੇ ਬਹਾਨੇ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਹੀ ਲੈਂਦੇ। ਇਸੇ ਤਰਾਂ ਇੱਕ ਦਿਨ ਤਾਰੀ ਨੂੰ ਸਿਖਰ ਦੁਪਹਿਰੇ ਪਾਰਕ ਵਿੱਚ ਜਿਥੇ ਉਹ ਅਕਸਰ ਦੁਪਹਿਰ ਨੂੰ ਮਿਲਦੇ ਹੁੰਦੇ ਕਿਉਂਕਿ ਦੁਪਹਿਰ ਨੂੰ ਪਾਰਕ ਤਕਰੀਬਨ ਖਾਲੀ ਹੁੰਦਾ ਸੀ ਇੱਕਲੇ ਨੂੰ ਬੈਠਾ ਦੇਖ ਕਿ ਉਸ ਕੋਲ ਆਈ। ਚੰਨੀ ਦੀ ਮੁੱਠੀ ਬੰਦ ਸੀ। ਚੰਨੀ ਨੇ ਤਾਰੀ ਨੂੰ ਪੁੱਛਿਆ, ਅੜਿਆ ਕਿੰਨਾ ਕੁ ਚਾਹੁੰਦਾ ਹੈਂ ਮੈਨੂੰ?’ ਤਾਰੀ ਨੇ ਕਿਹਾ ‘ਅਜਮਾ ਕੇ ਦੇਖਲਾ।’ ਚੰਨੀ ਨੇ ਮੁੱਠੀ ਖੋਲ ਕੇ ਤਾਰੀ ਦੇ ਅੱਗੇ ਕਰ ਦਿੱਤੀ। ਤਾਰੀ ਉਸ ਦੇ ਹੱਥ ਵਿਚਲੇ ਸਮਾਨ ਨੂੰ ਦੇਖਦਾ ਰਹਿ ਗਿਆ ਤੇ ਚੰਨੀ ਤੋਂ ਪੁਛਿਆ,’ਸਭ ਕੁਛ ਸੋਚ ਲਿਆ ਹੈ ਤੂੰ।’ ਚੰਨੀ ਨੇ ਹਾਂ ਵਿੱਚ ਹੁੰਗਾਰਾ ਭਰ ਦਿੱਤਾ। ਚੰਨੀ ਦੇ ਹੱਥ ਵਿਚ ਸੰਧੂਰ ਸੀ। ਤਾਰੀ ਨੇ ਵੀ ਚੰਨੀ ਦੀਆਂ ਭਾਵਨਾਵਾਂ ਸਮਝਦੇ ਹੋਏ ਸੰਧੂਰ ਵਿਚੋਂ ਇੱਕ ਚੁਟਕੀ ਭਰੀ ਅਤੇ ਚੰਨੀ ਦੀ ਮਾਂਗ ਵਿਚ ਭਰ ਦਿੱਤੀ।ਚੰਨੀ ਨੇ ਤਾਰੀ ਦੇ ਪੈਰੀਂ ਹੱਥ ਲਾਇਆ ਅਤੇ ਤਾਰੀ ਨੇ ਚੰਨੀ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਸੀਨੇ ਨਾਲ ਲਾ ਲਿਆ ਅਤੇ ਕਿਹਾ ਕਿ ਤੇਰੀ ਜਗਾਹ ਮੇਰੇ ਪੈਰਾਂ ਵਿੱਚ ਨਹੀਂ, ਬਲਕਿ ਮੇਰੇ ਦਿਲ ਵਿਚ ਹੈ। ਉਸ ਦਿਨ ਦੋਨਾਂ ਨੇ ਪਹਿਲੀ ਵਾਰ ਇੱਕ ਦੂਜੇ ਦੇ ਬੁੱਲਾਂ ਤੇ ਹਲਕਾ ਜਿਹਾ ਚੁੰਬਨ ਲਿਆ। ਦੋਨੋਂ ਬਹੁਤ ਖੁਸ਼ ਸਨ।
ਚੰਨੀ ਨੇ ਤਾਰੀ ਨੂੰ ਕਿਹਾ ਕਿ ਮੈਨੂੰ ਏਥੋਂ ਕਿਤੇ ਦੂਰ ਲੈ ਚੱਲ। ਤਾਰੀ ਨੇ ਕਿਹਾ ਕਿ ਇੱਕ ਤਾਂ ਆਪਾਂ ਆਪਣੇ ਪੈਰਾਂ ਤੇ ਹਾਲੇ ਖੜ੍ਹੇ ਨਹੀਂ ਹੋਏ। ਦੂਜਾ ਮੈਂ ਜੇ ਤੈਨੂੰ ਲੈ ਕੇ ਗਿਆ ਤਾਂ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਨਹੀਂ ਤਾਂ ਇੱਕ ਤਰਾਂ ਨਾਲ ਆਪਣਾ ਵਿਆਹ ਤਾਂ ਹੋ ਹੀ ਚੁੱਕਾ ਹੈ। ਹੁਣ ਘਰ ਦਿਆਂ ਅੱਗੇ ਸ਼ਰਤ ਰੱਖ ਦੇਵਾਂਗੇ ਕਿ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਅਤੇ ਵਿਆਹ ਕਰਵਾਉਣਾ ਚਾਹੁੰਦੇ ਹਾਂ। ਮੰਨ ਗਏ ਤਾਂ ਠੀਕ ਹੈ ਨਹੀਂ ਸਾਰੀ ਉਮਰ ਕੁਆਰੇ ਰਹਾਂਗੇ। ਚੰਨੀ ਬਹੁਤ ਖੁਸ਼ ਹੋਈ ਅਤੇ ਕਿਹਾ ਕਿ ਮੈਂ ਤੈਨੂੰ ਕਿੰਨਾ ਵੀ ਜੋਰ ਪਾਵਾਂ ਇਥੋਂ ਲੈ ਕੇ ਜਾਣ ਲਈ, ਪਰ ਤੁਸੀਂ ਨਹੀਂ ਮੰਨਣਾ। ਤਾਰੀ ਅਤੇ ਚੰਨੀ ਨੇ ਉਸ ਦਿਨ ਤੋੰ ਬਾਅਦ ਵੀ ਕਦੇ ਆਪਣੀ ਹੱਦ ਨਹੀਂ ਟੱਪੀ, ਸਿਵਾਏ ਬੁੱਲਾਂ ਤੇ ਇੱਕ ਹਲਕੇ ਜਿਹੇ ਚੁੰਬਨ ਤੋਂ ਬਿਨਾਂ।
ਤਾਰੀ ਅਤੇ ਚੰਨੀ ਹੁਣ ਬਹੁਤ ਖੁਸ਼ ਰਹਿਣ ਲੱਗੇ। ਤਾਰੀ ਨੇ ਸੋਚ ਲਿਆ ਸੀ ਕਿ ਹੁਣ ਪਹਿਲਾਂ ਕੁਝ ਬਣ ਕੇ ਦਿਖਾਵਾਂਗਾ, ਫੇਰ ਚੰਨੀ ਦਾ ਹੱਥ ਉਸ ਦੇ ਪਰਿਵਾਰ ਕੋਲੋਂ ਮੰਗੇਗਾ। ਹਾਲਾਂਕਿ ਉਸਨੂੰ ਭੋਰਾ ਵੀ ਉਮੀਦ ਨਹੀਂ ਸੀ ਕਿ ਦੋਨੋਂ ਪਰਿਵਾਰ ਸਹਿਮਤ ਹੋ ਜਾਣਗੇ। ਕਿਉਂਕਿ ਉਨ੍ਹਾਂ ਦਿਨਾਂ ਵਿੱਚ ਇੰਟਰਕਾਸਟ ਮੈਰਿਜ ਨਹੀਂ ਹੁੰਦੀ ਸੀ। ਤਾਰੀ ਜੱਟਾਂ ਦਾ ਮੁੰਡਾ ਸੀ ਤੇ ਚੰਨੀ ਪੰਡਿਤਾਂ ਦੀ ਕੁੜੀ ਸੀ।
ਸਮਾਂ ਲੰਘਦਾ ਗਿਆ। ਤਾਰੀ ਹੁਣ ਚੰਨੀ ਤੇ ਆਪਣਾ ਹੱਕ ਸਮਝਣ ਲੱਗ ਪਿਆ ਸੀ। ਉਸਨੂੰ ਚੰਨੀ ਦਾ ਕਿਸੇ ਹੋਰ ਮੁੰਡੇ ਨਾਲ ਹਸਣਾ ਬੋਲਣਾ ਚੰਗਾ ਲੱਗਣੋਂ ਹਟ ਗਿਆ, ਭਾਵੇਂ ਉਹ ਆਮ ਗੱਲਾਂ ਹੀ ਕਰਦੇ ਹੋਣ। ਤਾਰੀ ਨੇ ਚੰਨੀ ਨੂੰ ਕਈ ਵਾਰ ਟੋਕਿਆ ਕਿ ਬਾਹਰ ਕਿਸੇ ਨਾਲ ਘੱਟ ਵੱਧ ਹੀ ਬੋਲਿਆ ਕਰ। ਤਾਰੀ ਨੂੰ ਲਗਦਾ ਸੀ ਕਿ ਕਿਤੇ ਕੋਈ ਚੰਨੀ ਨੂੰ ਉਸ ਤੋੰ ਖੋਹ ਕੇ ਨਾ ਲੈ ਜਾਵੇ।
ਪਤਾ ਨਹੀਂ ਤਾਰੀ ਨੂੰ ਆਪਣੇ ਪਿਆਰ ਤੇ ਭਰੋਸਾ ਨਹੀਂ ਸੀ ਜਾਂ ਚੰਨੀ ਦੇ ਪਿਆਰ ਤੇ। ਪਰਿਵਾਰਾਂ ਦੀਆਂ ਪਾਬੰਦੀਆਂ ਨੇ ਅੱਗ ਉੱਤੇ ਘੀ ਦਾ ਕੰਮ ਕੀਤਾ। ਤਾਰੀ ਚੰਨੀ ਨੂੰ ਲੈ ਕੇ ਬਹੁਤ ਜਿਆਦਾ ਫ਼ਿਕਰਮੰਦ ਰਹਿਣ ਲੱਗਾ। ਉਸਨੂੰ ਲੱਗਦਾ ਸੀ ਕਿ ਕੋਈ ਚੰਨੀ ਨੂੰ ਉਸ ਤੋਂ ਦੂਰ ਕਰ ਰਿਹਾ ਸੀ। ਚੰਨੀ ਤੇ ਤਾਰੀ ਦੀਆਂ ਹੁਣ ਮੁਲਾਕਾਤਾਂ ਵੀ ਬਹੁਤ ਘੱਟ ਗਈਆਂ ਸਨ। ਤਾਰੀ ਹਰ ਰੋਜ਼ ਦੁਪਹਿਰ ਨੂੰ ਜਿਸ ਦਰਖਤ ਥੱਲੇ ਚੰਨੀ ਨੂੰ ਮਿਲਦਾ ਹੁੰਦਾ ਸੀ ਹਰ ਰੋਜ਼ ਉਸਦੀ ਉਡੀਕ ਕਰਦਾ ਰਹਿੰਦਾ, ਪਰ ਚੰਨੀ ਨਾ ਆਉਂਦੀ। ਤਾਰੀ ਦੇ ਦਿਮਾਗ ਵਿੱਚ ਇਹ ਗੱਲ ਨਾ ਆਈ ਕਿ ਸ਼ਾਇਦ ਕੁੜੀ ਹੋਣ ਕਰਕੇ ਉਸਤੇ ਤਾਰੀ ਨਾਲੋਂ ਵੀ ਜਿਆਦਾ ਪਾਬੰਦੀਆਂ ਲੱਗੀਆਂ ਹੋਣ।
ਤਾਰੀ ਨੇ ਪੜ੍ਹਾਈ ਵੱਲ ਧਿਆਨ ਦੇਣਾ ਘੱਟ ਕਰ ਦਿੱਤਾ ਸੀ। ਜਦੋਂ ਵੀ ਉਹ ਪੜ੍ਹਨ ਬੈਠਦਾ ਉਸਨੂੰ ਪ੍ਰਤੀਤ ਹੁੰਦਾ ਕਿ ਕੋਈ ਚੰਨੀ ਨੂੰ ਉਸ ਤੋਂ ਦੂਰ ਲੈ ਕੇ ਜਾ ਰਿਹਾ। ਰਾਤਾਂ ਦੀ ਫੇਰ ਨੀਂਦ ਹਰਾਮ ਹੋ ਗਈ। ਅੱਖਾਂ ਬੰਦ ਕਰਣ ਸਾਰ ਹੀ ਉਸ ਦੀਆਂ ਅੱਖਾਂ ਅੱਗੇ ਓਹੀ ਚੰਨੀ ਦਾ ਦੂਰ ਹੋਣਾ ਪ੍ਰਤੀਤ ਹੋਣ ਲੱਗਦਾ। ਤਾਰੀ ਨੇ ਖਾਣਾ ਪੀਣਾ ਵੀ ਬਹੁਤ ਘਟਾ ਦਿੱਤਾ ਅਤੇ ਕਾਲਿਜ ਵਿੱਚ ਵੀ ਸਾਰੀ ਰਾਤ ਦਾ ਜਾਗਦਾ ਹੋਣ ਕਾਰਣ ਉਸ ਦੀਆਂ ਅੱਖਾਂ ਲਾਲ ਰਹਿਣ ਲੱਗੀਆਂ। ਦਿਮਾਗ ਤੇ ਹਮੇਸ਼ਾਂ ਚੰਨੀ ਦੇ ਦੂਰ ਜਾਣ ਦਾ ਖੌਫ ਬਣਿਆ ਰਹਿੰਦਾ ਸੀ। ਉਸਨੂੰ ਇਹ ਸੀ ਕਿ ਪਹਿਲਾਂ ਵੀ ਅੱਖ ਬਚਾ ਕੇ ਓਹ ਪਾਰਕ ਵਿੱਚ ਦੁਪਹਿਰ ਨੂੰ ਮਿਲ ਲੈਂਦੇ ਸਨ, ਹੁਣ ਚੰਨੀ ਕਿਉਂ ਨਹੀਂ ਆਉਂਦੀ। ਉਸਦਾ ਧਿਆਨ ਇਸ ਗੱਲ ਵੱਲ ਨਾ ਗਿਆ ਕਿ ਸ਼ਾਇਦ ਓਹਨਾ ਦੋਨਾਂ ਨੂੰ ਕਿਸੇ ਨੇ ਦੇਖ ਕੇ ਚੰਨੀ ਦੇ ਘਰ ਨਾ ਦੱਸ ਦਿੱਤਾ ਹੋਵੇ। ਤਾਰੀ ਅਤੇ ਚੰਨੀ ਦਾ ਮਿਲਣਾ ਹੁਣ ਬਿਲਕੁਲ ਬੰਦ ਹੋ ਚੁੱਕਾ ਸੀ।
ਤਾਰੀ ਸਾਰੀ ਰਾਤ ਅੱਖਾਂ ਅੱਖਾਂ ਵਿਚ ਜਾਗਦਾ ਹੀ ਕੱਢਦਾ। ਉਸਦੀ ਸਿਹਤ ਵੀ ਖਰਾਬ ਰਹਿਣ ਲੱਗੀ। ਇੱਕ ਵਾਰ ਤਾਰੀ ਡਾਕਟਰ ਸਿਰ ਦਰਦ ਹੋਣ ਕਾਰਨ ਡਾਕਟਰ ਕੋਲ ਗਿਆ। ਡਾਕਟਰ ਨੇ ਉਸਨੂੰ ਦਵਾਈ ਦਿੰਦੇ ਹੋਏ ਕਿਹਾ ਕਿ ਆ ਦਵਾਈ ਲੈ ਕਿ ਇੱਕ ਘੰਟਾ ਸੋਂ ਜਾਣਾ ਹੈ।ਤਾਰੀ ਨੇ ਡਾਕਟਰ ਨੂੰ ਕਿਹਾ ਕਿ ਉਸਨੂੰ ਤਾਂ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ, ਦਿਨ ਵਿਚ ਕਿੰਵੇਂ ਆਵੇਗੀ। ਡਾਕਟਰ ਨੇ 2 ਗੋਲੀਆਂ ਨੀਂਦ ਦੀਆਂ ਦੇ ਦਿੱਤੀਆਂ। ਤਾਰੀ ਘਰ ਆ ਕੇ ਓਹ ਦਵਾਈ ਲੈ ਕੇ ਪੈ ਗਿਆ। ਪਹਿਲਾਂ ਪਿਹਲਾਂ 2-3 ਮਿੰਟ ਚੰਨੀ ਉਸਦੀਆਂ ਅੱਖਾਂ ਸਾਹਮਣੇ ਆਈ ਅਤੇ ਫੇਰ ਉਸਨੂੰ ਪਤਾ ਵੀ ਨਾ ਲੱਗਾ ਕਿ ਕਦੋਂ ਉਸਨੂੰ ਨੀਂਦ ਆ ਗਈ। 5 ਘੰਟੇ ਬਾਅਦ ਉਸਦੀ ਅੱਖ ਖੁੱਲੀ ਤੇ ਦਿਮਾਗ ਨੂੰ ਤਰੋ ਤਾਜ਼ਾ ਪਾਇਆ। ਇਸ ਦਿਨ ਰਾਤ ਨੂੰ ਵੀ ਤਾਰੀ ਨੂੰ ਵਧੀਆ ਨੀਂਦ ਆਈ। ਅਗਲੇ ਦੀ ਸਵੇਰੇ ਉਹ ਉਠ ਕੇ ਨਾਹ ਧੋ ਕੇ ਪੱਗ ਬੰਨਕੇ ਕਾਲਿਜ ਚਲਾ ਗਿਆ। ਦੁਪਹਿਰ ਤੱਕ ਠੀਕ ਰਿਹਾ, ਫੇਰ ਉਸ ਤੋਂ ਬਾਅਦ ਫੇਰ ਉਸਨੂੰ ਚੰਨੀ ਦੀ ਯਾਦ ਸਤਾਉਣ ਲੱਗੀ। ਉਸ ਦਿਨ ਤਾਰੀ ਕਾਲਿਜ ਵਿਚੋਂ ਹਾਫ ਬਰੇਕ ਦੁਰਾਨ ਹੀ ਘਰ ਆ ਗਿਆ ਅਤੇ ਨੀਂਦ ਵਾਲੀ ਖਾਲੀ ਦਵਾਈ ਦਾ ਪੱਤਾ ਲੈ ਕੇ ਮੈਡੀਕਲ ਸਟੋਰ ਵੱਲ ਚਲਾ ਗਿਆ। ਤਾਰੀ ਨੇ ਉਹ ਖਾਲੀ ਪੱਤਾ ਮੈਡੀਕਲ ਵਾਲੇ ਦੇ ਅੱਗੇ ਕਰ ਦਿੱਤਾ ਅਤੇ 2 ਪਤਿਆਂ ਦੀ ਮੰਗ ਕੀਤੀ। ਮੈਡੀਕਲ ਵਾਲੇ ਨੇ ਵੀ ਬਿਨਾਂ ਕੋਈ ਨਾ ਨੁੱਕਰ ਕੀਤੇ ਬਗੈਰ 2 ਪਤੇ ਤਾਰੀ ਨੂੰ ਫੜਾ ਦਿੱਤੇ। ਉਨ੍ਹਾਂ ਦਿਨਾਂ ਵਿਚ ਨੀਂਦ ਦੀਆਂ ਗੋਲੀਆਂ ਕੰਪੋਜ਼ ਜਾਂ ਐਲਪਰੈਕਸ ਆਮ ਮਿਲ ਜਾਂਦੀਆਂ ਸਨ, ਅੱਜ ਵਾਂਗ ਨਹੀਂ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਦਵਾਈ ਮਿਲਜੇ । ਕੋਈ ਪੁੱਛ ਪੜਤਾਲ ਨਹੀਂ ਕਰਦਾ ਸੀ।
ਘਰ ਆ ਕੇ ਤਾਰੀ ਨੇ ਦੋ ਗੋਲੀਆਂ ਖਾਧੀਆਂ ਤੇ ਅਰਾਮ ਨਾਲ ਮੰਜੇ ਤੇ ਪੈ ਗਿਆ। ਕੁਝ ਮਿੰਟਾਂ ਬਾਅਦ ਹੀ ਤਾਰੀ ਨੂੰ ਨੀਂਦ ਆ ਗਈ। ਇਸ ਤਰਾਂ ਹੌਲੀ ਹੌਲੀ ਤਾਰੀ ਦੀ ਗੋਲੀਆਂ ਖਾਣ ਦੀ ਆਦਤ ਬਣ ਗਈ। ਹੁਣ ਉਸਦੀ ਖੁਰਾਕ 2 ਗੋਲੀਆਂ ਤੋਂ ਇੱਕ ਪੱਤਾ ਭਾਵ 10 ਗੋਲੀਆਂ ਹੋ ਗਈਆਂ ਸਨ। ਗੋਲੀਆਂ ਖਾ ਕੇ ਓਹ ਚੰਨੀ ਨੂੰ ਬਿਲਕੁਲ ਭੁੱਲ ਜਾਂਦਾ ਸੀ ਅਤੇ ਸਾਰੀ ਰਾਤ ਆਉਂਦਾ ਰਹਿੰਦਾ ਸੀ। ਫੇਰ ਤਾਰੀ ਨੇ ਦਿਨ ਵਿਚ ਵੀ ਉਹ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹੁਣ ਤਾਰੀ ਹਰ ਸਮੇਂ ਗੋਲੀਆਂ ਦੇ ਨਸ਼ੇ ਵਿੱਚ ਰਹਿੰਦਾ ਸੀ।ਕਾਲਿਜ ਵਿੱਚ ਉਸਨੇ ਆਪਣਾ ਕੋਈ ਪੱਕਾ ਯਾਰ ਵੀ ਨਹੀਂ ਬਣਾਇਆ ਸੀ ਜਿਸ ਨਾਲ ਉਹ ਆਪਣਾ ਦੁੱਖ ਸਾਂਝਾ ਕਰ ਲਵੇ, ਕਿਉਂਕਿ ਚੰਨੀ ਨੇ ਉਸਨੂੰ ਸਹੁੰ ਪਵਾਈ ਹੋਈ ਸੀ ਕਿ ਆਪਣੇ ਪਿਆਰ ਦੀ ਗੱਲ ਆਪਣੇ ਕਿਸੇ ਦੋਸਤ ਕੋਲ ਨਹੀਂ ਕਰਨੀ।
ਓਧਰ ਚੰਨੀ ਨੂੰ ਸ਼ਾਇਦ ਪਤਾ ਵੀ ਨੀ ਲੱਗਾ ਹੋਣਾ ਕਿ ਤਾਰੀ ਹੁਣ ਹਮੇਸ਼ਾਂ ਨਸ਼ੇ ਦੀਆਂ ਗੋਲੀਆਂ ਦੀ ਲੋਰ ਵਿਚ ਰਹਿੰਦਾ ਹੈ। ਸ਼ਾਇਦ ਜੇਕਰ ਉਸਨੂੰ ਪਤਾ ਲੱਗ ਜਾਂਦਾ ਤਾਂ ਉਹ ਜਰੂਰ ਤਾਰੀ ਕੋਲ ਆਉਂਦੀ। ਇਹ ਪਤਾ ਨਹੀਂ ਤਾਰੀ ਦਾ ਵਿਸ਼ਵਾਸ ਸੀ ਜਾਂ ਭੁਲੇਖਾ।
ਕਾਲਿਜ ਦਾ ਉਸ ਸਾਲ ਦਾ ਰਿਜ਼ਲਟ ਆਇਆ, ਤਾਰੀ ਫੇਲ ਹੋ ਗਿਆ ਸੀ। ਇਸ ਗੱਲ ਦਾ ਤਾਰੀ ਨੂੰ ਬੜਾ ਹੀ ਧੱਕਾ ਲੱਗਾ ਕਿ ਜਿਹੜਾ ਜਗਤਾਰ ਸਿੰਘ ਤਾਰੀ ਪਹਿਲੀ ਕਲਾਸ ਤੋਂ ਲੈ ਕੇ 11ਵੀਂ ਕਲਾਸ ਤੱਕ ਹਮੇਸ਼ਾਂ ਕਲਾਸ ਵਿਚੋਂ ਪਹਿਲੇ ਨੰਬਰ ਤੇ ਆਉਂਦਾ ਸੀ, ਉਹ 12ਵੀਂ ਵਿਚੋਂ ਫੇਲ ਹੋ ਗਿਆ ਸੀ।
ਉਸ ਦਿਨ ਤੋਂ ਬਾਅਦ ਤਾਰੀ ਨੇ ਮਨ ਬਣਾ ਲਿਆ ਸੀ ਕਿ ਉਹ ਹੁਣ ਸਾਰਾ ਕੁਝ ਛੱਡ ਕੁ ਪੜ੍ਹਾਈ ਵੱਲ ਧਿਆਨ ਦੇਵੇ। ਪਰ ਉਸਨੂੰ ਪਤਾ ਸੀ ਕਿ ਚਾਹੇ ਉਹ ਜਿੰਨੀ ਵੀ ਕੋਸ਼ਿਸ਼ ਕਰ ਲਵੇ ਉਹ ਇਸ ਸ਼ਹਿਰ ਵਿਚ ਰਹਿ ਕੇ ਪੜ੍ਹਾਈ ਨਹੀਂ ਕਰ ਸਕਦਾ। ਕਿਉਂਕਿ...

ਗਾਹੀਂ ਬਗਾਹੀਂ ਜੇਕਰ ਚੰਨੀ ਨੂੰ ਦੇਖ ਲਿਆ ਤਾਂ ਉਹ ਪੜ੍ਹਾਈ ਨਹੀਂ ਕਰ ਸਕਦਾ। ਉਸਨੇ ਪਟਿਆਲੇ ਥਾਪਰ ਕਾਲਿਜ ਵਿੱਚ ਦਾਖਲਾ ਲੈ ਲਿਆ ਸੀ, ਅਤੇ 10ਵੀਂ ਦੇ ਬੇਸ ਤੇ ਇੰਜਨੀਅਰਿੰਗ ਸ਼ੁਰੂ ਕਰ ਦਿੱਤੀ। ਉਹ ਪਟਿਆਲੇ ਹੀ ਕਾਲਿਜ ਵਿੱਚ ਹੋਸਟਲ ਲੈ ਕੇ ਰਹਿਣ ਲੱਗਾ। ਨਸ਼ੇ ਦੀਆਂ ਗੋਲੀਆਂ ਬਿਲਕੁਲ ਬੰਦ ਕਰ ਦਿਤੀਆਂ ਸਨ। ਕੁਝ ਸਮਾਂ ਔਖਾ ਜਰੂਰ ਰਿਹਾ ਪਰ ਨਵਾਂ ਸ਼ਹਿਰ,ਨਵਾਂ ਕਾਲਿਜ ਅਤੇ ਰੰਗ ਬਿਰੰਗੇ ਪਾਏ ਹੋਏ ਮੁੰਡੇ ਕੁੜੀਆਂ ਆਮ ਕਾਲਿਜ ਵਿੱਚ ਘੁੰਮਦੇ ਦਿਖਦੇ ਸਨ। ਤਾਰੀ ਦਾ ਏਥੇ ਦਿਲ ਲੱਗ ਗਿਆ ਸੀ। ਉਸਨੂੰ ਲੱਗਾ ਕਿ ਸ਼ਾਇਦ ਜੇਕਰ ਉਹ ਇਥੋਂ ਇੰਜਨੀਅਰ ਬਣ ਕੇ ਨਿਕਲਿਆ ਤਾਂ ਸ਼ਾਇਦ ਚੰਨੀ ਦੇ ਮਾਂ ਪਿਓ ਮੰਨ ਜਾਣ। ਕਾਲਿਜ ਵਿੱਚ ਲਾਹਭਗ ਹਰ ਇੱਕ ਮੁੰਡੇ ਦੀ ਇੱਕ ਗਰਲ ਫਰੈਂਡ ਜਰੂਰ ਸੀ। ਤਾਰੀ ਕੋਲ ਵੀ ਬਹੁਤ ਪਰੋਪੋਜ਼ਲਾਂ ਆਈਆਂ, ਪਰੰਤੂ ਤਾਰੀ ਨੇ ਚੰਨੀ ਕਰਨ ਸਭਨੂੰ ਠੁਕਰਾ ਦਿੱਤਾ ਸੀ।
ਤਾਰੀ ਨੇ ਚੰਗੇ ਨੰਬਰਾਂ ਵਿਚ 4 ਸਾਲ ਲਗਾ ਇੰਜਨੀਅਰਿੰਗ ਕੀਤੀ। 4 ਸਾਲ ਬਾਅਦ ਤਾਰੀ ਆਪਣਾ ਬੋਰੀ ਬਿਸਤਰਾ ਚੁੱਕ ਕੇ ਆਪਣੇ ਘਰ ਵੱਲ ਚਾਲੇ ਪਾ ਦਿੱਤੇ। ਹੁਣ ਉਹ ਕਾਲਿਜ ਵਿਚੋਂ ਜਗਤਾਰ ਸਿੰਘ ਤਾਰੀ ਦੇ ਨਾਮ ਦਾ ਇੱਕ ਵਧੀਆ ਇਨਸਾਨ ਬਣ ਕੇ ਨਿੱਕਲ ਚੁੱਕਿਆ ਸੀ। ਇਨ੍ਹਾਂ 4 ਸਾਲਾਂ ਦੌਰਾਨ ਤਾਰੀ ਅਤੇ ਚੰਨੀ ਦੇ ਘਰ ਦਾ ਮਾਹੌਲ ਬਦਲ ਚੁੱਕਾ ਸੀ ਤੇ ਦੋਨਾਂ ਘਰਾਂ ਵਿਚ ਪਹਿਲਾਂ ਵਾਂਗ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ। ਚੰਨੀ ਵੀ ਅਕਸਰ ਆ ਜਾਂਦੀ ਸੀ। ਇੰਜਨੀਅਰਿੰਗ ਦੌਰਾਨ ਤਾਰੀ 2 ਵਾਰ ਆਪਣੇ ਘਰ ਗਿਆ ਸੀ, ਆਪਣੇ ਵੱਡੇ ਭਰਾਵਾਂ ਦੇ ਵਿਆਹ ਵਿੱਚ। ਵਿਆਹ ਦੌਰਾਨ ਚੰਨੀ ਅਤੇ ਉਸਦਾ ਪਰਿਵਾਰ ਵੀ ਆਇਆ ਹੋਇਆ ਸੀ। ਪਰ ਤਾਰੀ ਅਤੇ ਚੰਨੀ ਨੇ ਆਪਸ ਵਿੱਚ ਕੋਈ ਗੱਲ ਨਾ ਕੀਤੀ। ਜਾਂ ਤਾਂ ਮੌਕਾ ਨਹੀਂ ਮਿਲਿਆ ਜਾਂ ਫੇਰ ਚੰਨੀ ਕਰਨਾਂ ਨਹੀਂ ਚਾਹੁੰਦੀ ਸੀ।
ਹੁਣ ਤਾਰੀ ਪੱਕੇ ਤੌਰ ਤੇ ਆਪਣੇ ਘਰ ਆ ਗਿਆ ਸੀ ਇੰਜਨੀਅਰ ਬਣ ਕੇ।ਤਾਰੀ ਉਨ੍ਹਾਂ ਦਿਨਾਂ ਵਿਚ ਵੀ. ਪੀ. ਸਿੰਘ ਦੀ ਸਰਕਾਰ ਹੁੰਦੀ ਸੀ ਜਿਸਨੇ ਰਿਰਵੇਸ਼ਨ ਲਾਗੂ ਕਰ ਦਿੱਤੀ ਸੀ। ਇਸ ਲਈ ਤਾਰੀ ਨੇ ਨੌਕਰੀ ਲਈ ਹੱਥ ਪੈਰ ਮਾਰਨੇ ਛੱਡ ਕੇ ਆਪਣਾ ਆਫਿਸ ਖੋਲਣ ਦਾ ਨਿਸ਼ਚਾ ਕਰ ਲਿਆ ਸੀ।
ਤਾਰੀ ਨੇ ਇੱਕ ਕਿਰਾਏ ਦੀ ਦੁਕਾਨ ਲੈ ਕੇ ਆਪਣਾ ਕੰਸਟਰਕਸ਼ਨ ਦਫਤਰ ਖੋਲ ਲਿਆ ਸੀ। ਪਰਮਾਤਮਾ ਦੀ ਕਿਰਪਾ ਨਾਲ ਤਾਰੀ ਦਾ ਕੰਮ ਵਧੀਆ ਚੱਲ ਨਿਕਲਿਆ ਸੀ।
ਤਾਰੀ ਦੇ ਪਰਿਵਾਰ ਨੂੰ ਇਹ ਲੱਗਾ ਕਿ ਇਨ੍ਹਾਂ 4 ਸਾਲਾਂ ਦੌਰਾਨ ਤਾਰੀ ਚੰਨੀ ਨੂੰ ਭੁੱਲ ਚੁੱਕਾ ਹੋਵੇਗਾ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜੋ ਉਸ ਨੇ ਚੰਨੀ ਨਾਲ ਕੌਲ ਕਰਾਰ ਕੀਤੇ ਹੋਏ ਸਨ ਉਹ ਤਾਰੀ ਕਦੇ ਭੁੱਲ ਕੇ ਵੀ ਆਪਣੇ ਦਿਲ ਵਿਚੋਂ ਨਹੀਂ ਕੱਢ ਸਕਦਾ ਸੀ, ਭਾਵੇਂ ਉਹ ਹੁਣ ਚੰਨੀ ਜਦੋਂ ਉਨ੍ਹਾਂ ਦੇ ਘਰ ਆਉਂਦੀ ਸੀ ਤਾਂ ਤਾਰੀ ਜਾਣ ਬੁਝ ਕੇ ਉਸਨੂੰ ਨਜ਼ਰ ਅੰਦਾਜ਼ ਕਰ ਦਿੰਦਾ ਸੀ। ਭਾਵੇਂ ਜਾਂਦੀ ਹੋਈ ਨੂੰ ਪਿੱਠ ਪਿੱਛੋਂ ਓਨੀ ਦੇਰ ਦੇਖਦਾ ਰਹਿੰਦਾ ਸੀ,ਜਦੋਂ ਤੱਕ ਉਹ ਅੱਖੋਂ ਓਹਲੇ ਨਾ ਹੋ ਜਾਵੇ।
ਤਾਰੀ ਨੂੰ ਸ਼ਾਇਦ ਹਾਲੇ ਵੀ ਪੁਰਾਣੀ ਗੱਲ ਚੇਤੇ ਸੀ ਕਿ ਉਸਨੂੰ ਚੰਨੀ ਦਾ ਆਪਣੇ ਆਪ ਤੋਂ ਬਿਨਾਂ ਕਿਸੇ ਹਿਰ ਨਾਲ ਹੱਸਣਾ, ਬੋਲਣਾ ਚੰਗਾ ਨਹੀਂ ਸੀ ਲੱਗਦਾ। ਚੰਨੀ ਵੀ ਸਮਝ ਚੁੱਕੀ ਸੀ ਕਿ ਤਾਰੀ ਉਸ ਨੂੰ ਜਾਣ ਬੁਝ ਕੇ ਨਜ਼ਰ ਅੰਦਾਜ਼ ਕਰ ਰਿਹਾ ਹੈ।
ਫੇਰ ਚੰਨੀ ਨੇ ਵੀ ਤਾਰੀ ਹੁਣ ਸੱਚ ਮੁੱਚ ਹੀ ਚਿੜਾਉਣ ਲਈ ਨਾਲ ਦੇ ਘਰ ਦੇ ਮੁੰਡੇ ਨਾਲ ਤਾਰੀ ਦੇ ਸਾਹਮਣੇ ਜਾਣ ਬੁਝ ਕੇ ਹਸਣਾ ਬੋਲਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਤਾਰੀ ਨੇ ਵੀ ਸਕੀਮ ਲਾਉਣ ਦੀ ਸੋਚੀ। ਉਸਨੇ ਆਪਣੇ ਘਰ ਤੋਂ ਪਿਛਲੀ ਗਲੀ ਵਿੱਚ ਰਹਿੰਦੀ ਚੰਨੀ ਦੀ ਸਹੇਲੀ ਰਾਣੀ ਨਾਲ ਹਾਸਾ ਮਜ਼ਾਕ ਕਰਣਾ ਸ਼ੁਰੂ ਕਰ ਦਿੱਤਾ ਸੀ। ਪਰ ਰਾਣੀ ਨੂੰ ਉਨ੍ਹਾਂ ਦੀ ਸਾਰੀ ਗੱਲਬਾਤ ਦਾ ਪਤਾ ਸੀ ਅਤੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਮੈਂ ਤੁਹਾਡੇ ਤੇ ਚੰਨੀ ਦੇ ਵਿਚਕਾਰ ਨਹੀਂ ਆਉਣਾ ਚਾਹੁੰਦੀ।
ਤਾਰੀ ਕੋਲ ਹੁਣ ਫੇਰ ਕੋਈ ਰਸਤਾ ਨਹੀਂ ਰਹਿ ਗਿਆ ਸੀ। ਉਹ ਅੰਦਰੋਂ ਬੁਰੀ ਤਰਾਂ ਟੁੱਟ ਚੁਕਾ ਸੀ ਪਰ ਹੁਣ 22 ਸਾਲਾਂ ਦਾ ਜਵਾਨ ਹੋਣ ਕਾਰਨ ਸ਼ੋਅ ਨਹੀਂ ਕਰਨਾ ਚਾਹੁੰਦਾ ਸੀ। ਉਸ ਦੀ ਈਗੋ ਉਸਨੂੰ ਚੰਨੀ ਦੇ ਸਾਹਮਣੇ ਝੁਕਣ ਨਹੀਂ ਸੀ ਦੇ ਰਹੀ। ਸ਼ਾਇਦ ਇਹ ਉਸਦੀ ਗਲਤੀ ਸੀ, ਪਰ ਆਉਣ ਵਾਲੀ ਸਭ ਤੋਂ ਵੱਡੀ ਗਲਤੀ ਅੱਗੇ ਉਸਦਾ ਇੰਤਜ਼ਾਰ ਕਰ ਰਹੀ ਸੀ ਜਿਸ ਨੂੰ ਉਹ ਆਪਣੀ ਜਿੰਦਗੀ ਦੀ ਸਭ ਤੋਂ ਭਾਰੀ ਗਲਤੀ ਮੰਨ ਬੈਠਾ ਸੀ।
ਉਸ ਦਿਨ ਤਾਰੀ ਦੇ ਘਰ ਕੋਈ ਛੋਟਾ ਮੋਟਾ ਫ਼ੰਕਸ਼ਨ ਸੀ। ਸਿਰਫ ਚੁਣਵੇਂ ਖਾਸ ਖਾਸ ਨੇੜੇ ਦੇ ਰਿਸ਼ਤੇਦਾਰਾਂ ਨੂੰ ਬੁਲਾਇਆ ਅਤੇ ਚੰਨੀ ਦੇ ਪਿਤਾ ਪੰਡਿਤ ਧੰਨੀ ਰਾਮ ਤੇ ਉਸਦੇ ਸਾਰੇ ਪਰਿਵਾਰ ਨੂੰ ਵੀ ਬੁਲਾਇਆ, ਕਿਉਂਕਿ ਹੁਣ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਤਾਰੀ ਅਤੇ ਚੰਨੀ ਦੇ ਵਿਚਕਾਰ ਹੁਣ ਕੁਝ ਵੀ ਨਹੀਂ ਹੈ। ਦੋਨੋਂ ਸਮਝਦਾਰ ਹੋ ਚੁਕੇ ਹਨ। ਤਾਰੀ ਅਪਣੀ ਪੜ੍ਹਾਈ ਕਰ ਕੇ ਬਿਜ਼ਨਸ ਕਰ ਰਿਹਾ ਸੀ ਤੇ ਚੰਨੀ ਆਪਣੀ ਹਾਲੇ ਹੋਰ ਅੱਗੇ ਪੜ੍ਹਨਾ ਚਾਹੁੰਦੀ ਸੀ। ਸ਼ਾਇਦ ਇਸ ਆਸ ਵਿਚ ਕਿ ਪਾਰਕ ਵਾਲੇ ਰੁੱਖ ਹੇਠਾਂ ਕਦੇ ਤਾਂ ਤਾਰੀ ਉਸਨੂੰ ਪਹਿਲਾਂ ਦੀ ਤਰਾਂ ਖੜ੍ਹਾ ਉਸ ਦੀ ਉਡੀਕ ਕਰਦਾ ਹੋਵੇਗਾ, ਪਰੰਤੂ ਤਾਰੀ ਉਸਨੂੰ ਦੁਬਾਰਾ ਉਸ ਰੁੱਖ ਥੱਲੇ ਖੜ੍ਹਾ ਪਹਿਲਾਂ ਦੀ ਤਰਾਂ ਉਸਦੀ ਉਡੀਕ ਕਰਦਾ ਦਿਖੇਗਾ।
ਚਲੋ ਖੈਰ ਆਪਾਂ ਉਸ ਦਿਨ ਫ਼ੰਕਸ਼ਨ ਵਾਕੇ ਦਿਨ ਦੀ ਗੱਲ ਕਰਦੇ ਹਾਂ।4 ਵਜਦੇ ਨੂੰ ਫ਼ੰਕਸ਼ਨ ਖਤਮ ਹੋ ਗਿਆ ਸੀ ਅਤੇ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਨ। ਹੁਣ ਸਿਰਫ ਚੰਨੀ ਦਾ ਪਰਿਵਾਰ ਘਰ ਰਹਿ ਗਿਆ ਸੀ ਤੇ ਉਹ ਵੀ ਜਾਣ ਦੀ ਤਿਆਰੀ ਕਰ ਰਿਹਾ ਸੀ। ਤਾਰੀ ਆਪਣੇ ਕਮਰੇ ਵਿੱਚ ਆ ਕੇ ਆਪਣੇ ਅਗਲੇ ਦਿਨ ਦੇ ਪ੍ਰੋਜੈਕਟ ਤੇ ਕੰਮ ਕਰਨ ਲੱਗਾ। ਥੋੜ੍ਹੀ ਦੇਰ ਬਾਅਦ ਚੰਨੀ ਉਸਦੇ ਕਮਰੇ ਵਿੱਚ ਆਈ ਅਤੇ 2 ਲਾਈਨਾਂ ਦੀ ਇੱਕ ਚਿੱਠੀ ਉਸਨੂੰ ਫੜ੍ਹਾ ਦਿੱਤੀ ਅਤੇ ਚੰਨੀ ਨੇ ਤਾਰੀ ਨੂੰ ਇਹ ਚਿੱਠੀ ਪੜ੍ਹਨ ਲਈ ਕਿਹਾ। ਤਾਰੀ ਨੇ ਚਿੱਠੀ ਫੜ੍ਹੀ ਅਤੇ ਉਸਨੂੰ ਪੜ੍ਹਨ ਲੱਗਾ। ਚਿੱਠੀ ਵਿੱਚ ਸਿਰਫ 2 ਲਾਈਨਾਂ ਹਿੰਦੀ ਵਿੱਚ ਲਿਖੀਆਂ ਸਨ। ਚਿੱਠੀ ਦਾ ਮਜ਼ਮੂਨ ਸਿਰਫ ਏਨਾ ਕੁ ਸੀ ਕਿ—- “ਆਪ ਮੁਝ ਸੇ ਬਾਤ ਨਹੀਂ ਕਰਤੇ ਔਰ ਮੈਂ ਆਪ ਕੇ ਸਿਵਾਏ ਕਿਸੀ ਔਰ ਕੀ ਨਹੀਂ ਹੋ ਸਕਤੀ, ਮੈਨੇ ਸਿਰਫ ਆਪ ਕੇ ਨਾਮ ਕਾ ਸੰਧੂਰ ਅਪਣੀ ਮਾਂਗ ਮੈਂ ਆਪ ਹੀ ਕੇ ਹਾਥ ਸੇ ਭਰਵਾਇਆ ਥਾ।”—-। ਚਿੱਠੀ ਪੜ੍ਹ ਕੇ ਤਾਰੀ ਨੇ ਆਪਣੇ ਮੂੰਹ ਤੇ ਕੋਈ ਵੀ ਭਾਵਨਾ ਨਹੀਂ ਆਉਣ ਦਿੱਤੀ। ਪਤਾ ਨਹੀਂ ਤਾਰੀ ਨੂੰ ਆਪਣੇ ਆਪ ਨੂੰ ਰੋਕਣ ਲਈ ਕਿੰਨੀ ਕੁ ਮੇਹਨਤ ਕਰਨੀ ਪਈ। ਕੋਈ ਜਵਾਬ ਨਾ ਸੁਣਕੇ ਚੰਨੀ ਵਾਪਸ ਦਰਵਾਜੇ ਵੱਲ ਕਮਰੇ ਦੇ ਬਾਹਰ ਵੱਲ ਤੁਰ ਪਈ। ਤਾਰੀ ਨੂੰ ਲੱਗਾ ਕਿ ਸ਼ਾਇਦ ਅੱਜ ਉਹ ਚੰਨੀ ਨੂੰ ਆਖਰੀ ਵਾਰ ਦੇਖ ਰਿਹਾ। ਉਸਦਾ ਦਿਲ ਕੀਤਾ ਕਿ ਭੱਜਕੇ ਜਾ ਕੇ ਚੰਨੀ ਦਾ ਹੱਥ ਫੜ੍ਹ ਲਵੇ ਅਤੇ ਅਤੇ ਉਸਨੂੰ ਰੋਕ ਲਵੇ, ਪਰੰਤੂ ਪਤਾ ਨਹੀਂ ਕਿ ਤਾਰੀ ਕਿਉਂ ਨਹੀਂ ਉੱਠਿਆ ਅਤੇ ਨਾ ਹੀ ਚੰਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਤਾਰੀ ਜਿਵੇਂ ਪੱਥਰ ਦਾ ਬੁੱਤ ਬਣ ਗਿਆ ਸੀ। ਜੇਕਰ ਉਸ ਦਿਨ ਤਾਰੀ ਚੰਨੀ ਨੂੰ ਰੋਕ ਲੈਂਦਾ ਤਾਂ ਸ਼ਾਇਦ ਕਹਾਣੀ ਕੁਝ ਹੋਰ ਹੁੰਦੀ ਜਾਂ ਇਹ ਕਹਾਣੀ ਬਣਦੀ ਹੀ ਨਾ। ਬਾਅਦ ਵਿਚ ਤਾਰੀ ਨੂੰ ਬਹੁਤ ਅਫ਼ਸੋਸ ਹੋਇਆ ਕਿ ਉਸਤੋਂ ਬਹੁਤ ਭਾਰੀ ਗਲਤੀ ਹੀ ਗਈ ਸੀ। ਦੁਬਾਰਾ ਚੰਨੀ ਨੂੰ ਪਾਉਣ ਦਾ ਮੌਕਾ ਨਹੀਂ ਮਿਲਣਾ, ਪਰ ਹੁਣ ਮੌਕਾ ਹੱਥੋਂ ਖੁੰਝ ਗਿਆ ਸੀ। ਤਾਰੀ ਸਾਰਾ ਦਿਨ ਆਪਣੀ ਈਗੋ ਨੂੰ ਕੋਸਦਾ ਰਿਹਾ।
ਕੁਝ ਦਿਨਾਂ ਬਾਅਦ ਜਿਵੇਂ ਤਾਰੀ ਤੇ ਪਹਾੜ ਆ ਡਿੱਗਾ ਸੀ। ਚੰਨੀ ਦੂਰ ਕਿਸੇ ਪਹਾੜੀ ਦੇਸ਼ ਵਿਚ ਮੰਜ ਦਿਤੀ ਗਈ ਅਤੇ ਅਗਲੇ ਮਹੀਨੇ ਉਸਦਾ ਵਿਆਹ ਧਰ ਦਿੱਤਾ ਗਿਆ ਸੀ। ਤਾਰੀ ਇੱਕ ਵਾਰ ਫੇਰ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ। ਹੁਣ ਲਗਭਗ ਹਰ ਇੱਕ ਘਰ ਵਿਚ ਟੈਲੀਫੋਨ ਲੱਗ ਗਿਆ ਸੀ। ਤਾਰੀ ਨੇ ਇੱਕ ਦੋ ਵਾਰ ਉਨ੍ਹਾਂ ਦੇ ਘਰ ਚੰਨੀ ਦੇ ਘਰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਪਣੀ ਗਲਤੀ ਹੋਣ ਕਾਰਨ ਹਿੰਮਤ ਨਹੀਂ ਕਰ ਸਕਿਆ। ਫੇਰ ਇੱਕ ਵਾਰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਪਰ ਕਾਮਯਾਬ ਨਾ ਹੋ ਸਕਿਆ।
ਅਖੀਰ ਉਹ ਦਿਨ ਆ ਹੀ ਗਿਆ ਜਿਸ ਦਿਨ ਚੰਨੀ ਦਾ ਵਿਆਹ ਸੀ। ਸਾਰਾ ਪਰਿਵਾਰ ਵਿਆਹ ਤੇ ਜਾਣ ਲਈ ਤਿਆਰ ਹੋ ਰਿਹਾ ਸੀ। ਤਾਰੀ ਵੀ ਅੰਨਮਣੇ ਮਨ ਨਾਲ ਤਿਆਰ ਹੋਣ ਲੱਗਾ,ਜਾਂਦੀ ਵਾਰ ਨੂੰ ਦੇਖਣ ਲਈ।
……….ਚਲਦਾ………..
ਜਗਤਾਰ ਸਿੰਘ ਸਿੱਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)