More Punjabi Kahaniya  Posts
ਉੱਖੜੇ ਰਾਹ


ਅਚਾਨਕ ਜੇ ਛਿੱਕ ਆਈ,ਮੈਨੂੰ ਮਾਂ ਦਾ ਚੇਤਾ ਆਇਆ,ਖਿਆਲ ਆਇਆ ,ਮਾਂ ਹੀ ਯਾਦ ਕਰਦੀ ਹੋਣੀ,ਪਰ ਮਾਂ ਮੈਨੂੰ ਹੁਣ ਕਿਉਂ ਯਾਦ ਕਰੁਗੀ, ਹੁਣ ਮੈਂ ਮਾਂ ਦੀ ਕੀ ਲੱਗਦੀ ਹਾਂ,ਹੁਣ ਤਾਂ ਉਹ ਮੈਨੂੰ ਆਪਣੀ ਧੀ ਵੀ ਨਹੀਂ ਮੰਨਦੇ ਹੋਣਗੇ, ਉਹ ਹੁਣ ਮੈਨੂੰ ਕਿਉਂ ਯਾਦ ਕਰਨਗੇ , ਕੀ ਪਤਾ ਮਾਂ ਫਿਰ ਵੀ ਕਿਸੇ ਬਹਾਨੇ ਯਾਦ ਕਰਦੀ ਹੋਵੇ,ਮਾਂ ਦੇ ਤਾਂ ਮੈਂ ਕਾਲਜੇ ਦੀ ਆਂਦਰ ਹਾਂ,ਹਾਏ ਮਾਂ ਨੂੰ ਕਿਨਾਂ ਦੁੱਖ ਹੋਇਆ ਹੋਵੇਗਾ ,ਜਦੋਂ ਮੈਂ ਘਰੋਂ ਭੱਜ ਕੇ ਚੰਦਨ ਨਾਲ ਆ ਗਈ ਸੀ, ਮਾਂ ਮੈਨੂੰ ਕਿੰਨਾ ਪਿਆਰ ਕਰਦੀ ਸੀ,ਚੰਦਨ ਨੇ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਕਰ ਦਿੱਤਾ ਸੀ, ਕੀ ਸਭ ਦਾ ਪਿਆਰ ਮੇਰੇ ਸਾਹਮਣੇ ਫਿੱਕਾ ਪੈ ਗਿਆ ਸੀ, ਮਾਂ ਨੇ ਮੈਨੂੰ ਕਦੇ ਚਿੜਕਿਆ ਤੱਕ ਨਹੀਂ ਸੀ, ਮੈਨੂੰ ਕਿੰਨੇ ਲਾਡਾਂ ਨਾਲ ਪਾਲਿਆ ਸੀ,
ਸੋਚ ਦੀ,ਸੋਚ ਦੀ…ਮੀਤੋ, ਡੂੰਘੀਆਂ ਸੋਚਾਂ ਵਿੱਚ ਚੱਲੀ ਗਈ, ਫਿਰ ਯਾਦ ਆਇਆ ਕਿ ਇੱਕ ਵਾਰ ਵੀਰੇ ਨੇ ਖੇਡਦੇ ਨੇ ਗੁਲੇਲ ਨਾਲ ਰੋੜਾ ਮਾਰਿਆ ਸੀ ਤੇ ਮੈਂ ਉੱਚੀ ਉੱਚੀ ਰੋਣ ਦਾ ਨਾਟਕ ਕੀਤਾ ਸੀ,ਸੱਟ ਥੋੜੀ ਸੀ ਮੈਂ ਰੋਲਾ ਜ਼ਿਆਦਾ ਪਾ ਦਿੱਤਾ ਸੀ, ਮੈਨੂੰ ਰੋਂਦੀ ਦੇਖ ਕੇ ਮਾਂ ਭੱਜੀ ਆਈ , ਵੇ ਔਤਰਿਆ ਕੀ ਕਰ ਦਿੱਤਾ ਕੁੜੀ ਨੂੰ… ਮਾਂ ਆਵਦੀ ਚੁੰਨੀ ਦੀ ਲੀਰ ਪਾੜ‌ ਕੇ ਮਸ਼ੀਨ ਦੇ ਤੇਲ ਦਾ ਫੰਬਾ ਭਰ ਕੇ ਮੇਰੀ ਪੱਟੀ ਕਰ ਦਿੱਤੀ,ਮਾਂ ਨੇ ਮੈਨੂੰ ਗੋਦੀ ਚ ਲੈ ਕੇ ਪਿਆਰ ਨਾਲ ਵਰਾਇਆ ਸੀ,ਅੱਖਾਂ ਵਿਚੋਂ ਅੱਥਰੂ ਡੇਗ ਦੀ ਮਾਂ ਵੀਰ ਨੂੰ ਬੁਰਾ ਭਲਾ ਬੋਲ ਰਹੀ ਸੀ,ਵੇ ਕੰਜਰਾਂ ਜੇ ਕੁੜੀ ਦੀ ਅੱਖ ਮੂੰਹ ਚ ਵੱਜਦਾ ਕੁੜੀ ਬਜੋਬੱਤੀ ਕਰ ਦਿੰਦਾ ,ਦੱਸ ਕੋਣ ਲੈਂਦਾ ਆਝੀਂ ਕੁੜੀ ਨੂੰ, ਮਾਂ ਕਿੰਨਾ ਚਿਰ ਗੁੱਸੇ ਚ ਵੀਰੇ ਨੂੰ ਅਵਾ ਤਵਾ ਬੋਲਦੀ ਰਹੀ, ਹੋਰਾਂ ਮਾਵਾਂ ਦੇ ਅੱਖਾਂ ਦੇ ਤਾਰੇ ਸ਼ਾਇਦ ਮੁੰਡੇ ਹੁੰਦੇ ਹੋਣਗੇ, ਪਰ ਮੈਂ ਮੇਰੀ ਦੀ ਧੀ ਹੀ ਅੱਖ ਦਾ ਤਾਰਾ ਸੀ,ਮੀਤੋ ਜਦੋਂ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਸੀ ,ਉਦੋਂ ਬਹੁਤ ਸੋਹਣੀ ਸੁਨੱਖੀ ਮੁਟਿਆਰ ਸੀ,ਮੀਤੋ ਦੇ ਆਪਣੇ ਘਰਦੇ ਹੀ ਮੀਤੋ ਨੂੰ ਇੰਨਾ ਪਿਆਰ ਕਰਦੇ ਸੀ, ਕਿ ਉਸ ਨੂੰ ਕਦੇ ਕਿਸੇ ਗੱਲ ਦੀ ਕਮੀਂ ਮਹਿਸੂਸ ਨਹੀਂ ਹੋਈ,ਪਰ ਜਦੋਂ ਜਵਾਨੀ ਚੜ੍ਹਦੀ ਹੈ ਤਾਂ ਉਹ ਹਾਣ ਜ਼ਰੂਰ ਭਾਲਦੀ ਹੈ।
ਮੀਤੋ ਦੀ ਜ਼ਿੰਦਗੀ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਹੀ ਬਣ‌ ਗਈ, ਮੀਤੋ ਦਾ ਸਕੂਲ ਘਰ ਤੋਂ ਦੋ ਕਿਲੋਮੀਟਰ ਦੂਰ ਸੀ,ਮੀਤੋ ਰੋਜ਼ ਇੱਕਲੀ ਹੀ ਸਕੂਲ ਜਾਇਆ ਕਰਦੀ ਸੀ, ਅਚਾਨਕ ਇੱਕ ਮੁੰਡਾ ਰੋਜ਼ ਉਸ ਦਾ ਰਾਹ ਰੋਕ ਕੇ ਖੜਨ ਲੱਗ ਪਿਆ ਸੀ,ਮੀਤੋ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ,ਇੱਕ ਦੋ ਵਾਰ ਤਾਂ ਉਸ ਨੇ ਸੋਚਿਆ ਕੀ ਉਹ ਆਪਣੇ ਘਰ ਇਹ ਗੱਲ ਦੱਸ ਦੇਵੇ,ਪਰ ਉਹ ਚੁੱਪ ਰਹੀ ਕਿਉਂਕਿ ਉਸ ਨੂੰ ਇਹ ਸੀ ਕਿ ਉਸ ਦੇ ਘਰਦੇ ਯਕੀਨ ਨਹੀਂ ਕਰਨਗੇ,ਹੋ ਸਕਦਾ ਉਸ ਨੂੰ ਪੜਨੋਂ ਵੀ ਹਟਾ ਲੈ‌ਣ,ਇੱਕ ਮਹੀਨੇ ਤੱਕ ਉਹ ਮੁੰਡਾ ਆਉਂਦਾ ਰਿਹਾ,ਪਰ ਅਚਾਨਕ ਜੇ ਉਹ ਮੁੰਡਾ ਆਉਣੋਂ ਹੱਟ ਗਿਆ,ਮੀਤੋ ਭਾਵੇਂ ਉਹਨੂੰ ਨਫ਼ਰਤ ਹੀ ਕਰਦੀ ਸੀ, ਪਰ ਜਿਸ ਦਿਨ ਉਹ ਨਾ ਆਇਆ ਮੀਤੋ ਨੂੰ ਅਜੀਬ ਲੱਗਿਆ,ਮੀਤੋ ਨੇ ਸੋਚਿਆ ਚੱਲ ਕੋਈ ਕੰਮ ਹੋ ਗਿਆ ਹੋਊ,ਜਦ ਕੁਝ ਦਿਨ ਉਹ ਮੁੰਡਾ ਨਾ ਆਇਆ ਤਾਂ ਮੀਤੋ ਦੇ ਦਿਲ ਨੂੰ ਕਮੀਂ ਮਹਿਸੂਸ ਹੋਣੀ ਸ਼ੁਰੂ ਹੋ ਗਈ,ਜਦ ਇੱਕ ਮਹੀਨੇ ਤੱਕ ਨਾ ਆਇਆ ਤਾਂ ਮੀਤੋ ਦੀ ਹਾਲਤ ਬਿਗੜਨੀ ਸ਼ੁਰੂ ਹੋ ਗਈ,ਹਰ ਪਾਸੇ ਅੱਖਾਂ ਉਸ ਅਜਨਬੀ ਨੂੰ ਹੀ ਲੱਭਦੀਆਂ ਰਹਿੰਦੀਆਂ ਸਨ,ਨਾ ਮੀਤੋ ਨੂੰ ਹੁਣ ਭੁੱਖ ਲੱਗਦੀ ਸੀ ਨਾ ਪਿਆਸ,ਮੀਤੋ ਦੀ ਮਾਂ ਨੇ ਇੱਕ ਦਿਨ ਮੀਤੋ ਨੂੰ ਪੁੱਛਿਆ ਮੀਤੋ ਧੀਏ ਤੇਰਾ ਕੁਛ ਦੁੱਖਦੈ, ਨਹੀਂ ਮਾਂ ਕੁਝ ਨਹੀਂ ਦੁੱਖਦਾ , ਫਿਰ ਧੀਏ ਤੂੰ ਉਦਾਸ ਉਦਾਸ ਕਿਉਂ ਰਹਿਣੀ ਐ, ਤੈਨੂੰ ਹੱਸਦੀ ਖੇਡਦੀ ਨੂੰ ਕਿਸਦੀ ਨਜ਼ਰ ਲੱਗ ਗਈ,ਨਹੀਂ ਮਾਂ ਪੇਪਰ ਹੋਣ ਵਾਲੇ ਨੇ ਸਕੂਲ ਵਾਲੇ ਜ਼ਿਆਦਾ ਕੰਮ ਦਿੰਦੇ ਨੇ,ਬਸ ਮੈਂ ਕੰਮ ਕਰਦੀ ਰਹਿੰਦੀ ਹਾਂ,ਧੀਏ ਨਾ ਤੂੰ ਕੁਝ ਖਾਂਦੀ ਐ ਨਾ ਕੁਝ ਪੀਂਦੀ ਐ,ਬਸ ਸਾਰਾ ਦਿਨ ਅੰਦਰ ਹੀ ਵੜੀ ਰਹਿੰਦੀ ਐ,ਨਹੀਂ ਮਾਂ ਮੈਂ ਠੀਕ ਹਾਂ ਕੰਮ ਬਸ ਜ਼ਿਆਦਾ ਹੈ ਇਸ ਲਈ ਅੰਦਰ ਬੈਠੀ ਰਹਿੰਦੀ ਹਾਂ‌,ਮੀਤੋ ਨੇ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ,ਮਾਂ ਨੇ ਫਿਰ ਕਿਹਾ ਧੀਏ ਜੇ ਕੋਈ ਦੁੱਖ ਹੈ ਤਾਂ ਦੱਸ ਮੈਂ ਤੈਨੂੰ ਦੁੱਖੀ ਨਹੀਂ ਦੇਖ ਸਕਦੀ, ਨਹੀਂ ਮਾਂ ਕੋਈ ਗੱਲ ਨਹੀਂ।ਬਸ ਪੇਪਰਾਂ ਦਾ ਫ਼ਿਕਰ ਹੈ,ਠੀਕ ਐ ਧੀਏ,ਮਾਂ ਉੱਠ ਕੇ ਚੱਲੀ ਗਈ, ਮੀਤੋ ਦਾ ਧਿਆਨ ਫਿਰ ਚੰਦਨ ਚ ਚੱਲਿਆ ਗਿਆ,ਚੰਦਨ ਕਿਵੇਂ ਹੋਵੇਗਾ ਕਿਥੇ ਹੋਵੇਗਾ,ਉਹ ਹੁਣ ਕਿਉਂ ਨਹੀਂ ਆਉਦਾ‌,ਕਿੱਥੇ ਚੱਲਿਆ ਗਿਆ,ਕਿਤੇ ਚੰਦਨ ਨੂੰ ਕੁਝ ਹੋ ਤਾਂ ਨਹੀਂ ਗਿਆ,ਨਹੀਂ ਨਹੀਂ ਮੀਤੋ ਇਦਾਂ ਮਾੜਾ ਨਾ ਸੋਚ,ਮੀਤੋ ਨੇ ਖੁਦ ਨੂੰ ਹੀ ਕਿਹਾ,ਸੁੱਖ ਰੱਖੀਂ ਰੱਬਾ,ਚੰਦਨ ਠੀਕ ਹੋਵੇ,ਮੈਂ ਹੁਣ ਚੰਦਨ ਬਿਨਾਂ ਨਹੀਂ ਜੀਅ ਸਕਾਂਗੀ,ਮੀਤੋ ਰੋਜ਼ ਸਕੂਲ ਜਾਂਦੀ ਤੇ ਰੋਜ਼ ਰਾਸਤੇ ਚ ਚੰਦਨ ਦਾ ਇੰਤਜ਼ਾਰ ਕਰਦੀ ਰਹਿੰਦੀ,ਚੰਦਨ ਨੂੰ ਦੇਖਿਆ ਦੋ ਮਹੀਨੇ ਹੋ ਗਏ ਸੀ ,ਮੀਤੋ ਪਾਗਲਾਂ ਤਰ੍ਹਾਂ ਬਰਤਾਵ ਕਰਨ ਲੱਗ ਗਈ ਸੀ‌‌,ਇੱਕ ਦਿਨ ਅਚਾਨਕ ਮੀਤੋ ਸਕੂਲ ਜਾ ਰਹੀ ਸੀ‌‌,ਹੁਣ ਮੀਤੋ ਨੇ ਚੰਦਨ ਦੀ ਆਸ ਛੱਡ ਦਿੱਤੀ ਸੀ,ਮੀਤੋ ਆਪਣੇ ਧਿਆਨ ਚ ਤੁਰੀ ਜਾ ਰਹੀ ਸੀ, ਅਚਾਨਕ ਚੰਦਨ ਉਸ ਦੇ ਰਾਸਤੇ ਚ ਆ ਖੜਾ ਹੋ ਗਿਆ, ਮੀਤੋ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ,ਕਿ ਚੰਦਨ ਉਸ ਦੇ ਸਾਹਮਣੇ ਹੈ,ਮੀਤੋ ਨੇ ਚੰਦਨ ਨੂੰ ਗੁੱਸਾ ਦਿਖਾਉਦੇ ਕਿਹਾ ਕਿ ਤੂੰ ਕਿੱਥੇ ਚਲਿਆ ਗਿਆ ਸੀ, ਤੈਨੂੰ ਮੇਰਾ ਆਉਣਾ ਪਸੰਦ ਨਹੀਂ ਸੀ ਤੇ ਮੈਂ ਆਉਣਾ ਬੰਦ ਕਰ ਦਿੱਤਾ,ਅੱਛਾ ਮੈਂ ਕਦ ਮਨਾ ਕੀਤਾ। ਰੋਜ਼ ਤਾਂ ਗਾਲਾਂ ਦਿੰਦੀ ਸੀ, ਮੈਂ ਆਉਣੋਂ ਹੱਟ ਗਿਆ ਸੀ। ਚੰਗਾ ਹੁਣ ਰੋਜ਼ ਆ ਜਾਇਆ ਕਰ, ਮੈਂ ਤੈਨੂੰ ਰੋਜ਼ ਯਾਦ ਕਰਦੀ ਸੀ ਤੇ ਰੋਜ਼ ਉਡੀਕਦੀ ਸੀ, ਤੇਰੇ ਬਿਨਾਂ ਮੈਂ ਬਹੁਤ ਬੇਚੈਨ ਰਹਿਣ ਲੱਗ ਗਈ ਸੀ, ਤੈਨੂੰ ਰੋਜ਼ ਉਡੀਕਦੀ ਉਡੀਕਦੀ ਥੱਕ ਗਈ ਸੀ,ਪਰ ਤੂੰ ਨਾ ਆਇਆ ਹੁਣ ਤਾਂ ਮੈਂ ਤੇਰੀ ਆਸ ਵੀ ਛੱਡ ਦਿੱਤੀ ਸੀ,ਅੱਛਾ ਇੰਨੀ ਛੇਤੀ ਹਾਰ ਮੰਨ ਲਈ ਸੀ ਹਾਲੇ ਤਾਂ ਦੋ ਮਹੀਨੇ ਹੀ ਹੋਏ ਸੀ। ਕਿਉਂ ਤੂੰ ਖੁਦ ਇੱਕ ਮਹੀਨੇ ਚ ਹੀ ਹਾਰ ਮੰਨ ਲਈ ਸੀ,ਨਹੀਂ ਮੈਂ ਨਹੀਂ ਮੰਨੀ ਸੀ ਮੇਰੀ ਮਾਂ ਮਰ ਗਈ ਇਸ ਲਈ ਮੈਂ ਨਹੀਂ ਆ ਸਕਿਆ, ਅੱਛਾ ਇਦਾਂ ਮੰਮੀ ਨੂੰ ਕੀ ਹੋ ਗਿਆ, ਮੀਤੋ ਨੇ ਚੰਦਨ ਨੂੰ ਆਪਣਿਆਂ ਵਾਂਗ ਪੁੱਛਿਆ,ਕੁਝ ਨਹੀਂ ਬੱਸ ਅਚਾਨਕ ਜੇ ਉਲਟੀ ਆਈ ਤੇ ਅਸੀ ਪਿੰਡ ਦੇ ਡਾਕਟਰ ਤੋਂ ਦਵਾਈ ਲੈ ਲਈ, ‌ਕੋਈ ਫ਼ਰਕ ਨਾ ਪਿਆ ਅਸੀ ਫਿਰ ਸ਼ਹਿਰ ਲੈ ਗੲੇ, ਸ਼ਹਿਰ ਵਾਲੇ ਡਾਕਟਰ ਨੇ ਮਾਂ ਦੋ ਦਿਨ ਰੱਖੀ,ਪਰ ਕੋਈ ਅਰਾਮ ਨਾ ਆਇਆ,ਫਿਰ ਅਸੀਂ ਡਾਕਟਰ ਨਾਲ ਗੱਲ ਕੀਤੀ ਤਾਂ ਡਾਕਟਰ ਨੇ ਕਿਹਾ ਆਥਣ ਤੱਕ ਦੇਖਦੇ ਹਾਂ ਨਹੀਂ ਫਿਰ ਘਰ ਲੈ ਜਾਏਓ ਘਰ ਹੀ ਸੇਵਾ ਕਰੇਓ, ਹੁਣ ਕੋਈ ਫਾਇਦਾ ਨਹੀਂ ਕਿਤੇ ਹੋਰ ਲੈ ਕੇ ਜਾਣ ਦਾ, ਅਸੀਂ ਆਥਣ ਦੀ ਉਡੀਕ ਚ ਰੱਬ ਰੱਬ ਕਰਦੇ ਹਸਪਤਾਲ ਚ ਬੈਠੇ ਰਹੇ, ਸਾਨੂੰ ਇਹ ਸੀ ਸ਼ਾਇਦ ਡਾਕਟਰ ਕੋਈ ਸਾਨੂੰ ਨਵੀਂ ਕਿਰਨ ਦਿਖਾਵੇਗਾ ‌ਪਰ ਮਾਂ ਆਥਣ ਤੋਂ ਪਹਿਲਾਂ ਹੀ ਪੂਰੀ ਹੋ ਗਈ, ਮਾਂ ਨੇ ਸਿਰਫ਼ ਇੱਕ ਆਵਾਜ਼ ਮਾਰੀ ਵੇ ਚੰਦਨ ਪਰ ਉਦੋਂ ਮੈਂ ਬਾਹਰ ਮਾਂ ਦੀਆਂ ਦਵਾਈਆਂ ਲੈਣ ਮੈਡੀਕਲ ਸਟੋਰ ਤੇ ਆਇਆ ਹੋਇਆ ਸੀ,ਸ਼ਾਇਦ ਮਾਂ ਮੈਨੂੰ ਕੁਝ ਕਹਿਣਾ ਚਾਹੁੰਦੀ ਸੀ, ਮਾਂ ਬਿਨਾਂ ਮੇਰਾ ਇਸ ਦੁਨੀਆਂ ਤੇ ਕੋਈ ਵੀ ਨਹੀਂ ਸੀ,ਮੈਂ ਤੇ ਮਾਂ ਆਪਣਾ ਗੁਜ਼ਾਰਾ ਕਰੀ ਜਾਂਦੇ ਸੀ। ਬਾਪੂ ਕੁਝ ਸਾਲ ਪਹਿਲਾਂ ਕੈਂਸਰ ਦੀ ਬਿਮਾਰੀ ਕਾਰਨ ਮਾਰਿਆ ਗਿਆ, ਉਦੋਂ ਮੈਂ ਛੋਟਾ ਸੀ ਮੇਰੇ ਦਿਲ ਤੇ ਇੰਨੀ ਕੋਈ ਖਾਸ ਸੱਟ ਨਹੀਂ ਲੱਗੀ ਸੀ। ਇੱਕ ਉਦੋਂ ਬਾਪੂ ਤੋਂ ਮਾਂ ਮੇਰਾ ਸਹਾਰਾ ਸੀ,ਪਰ ਹੁਣ ਤਾਂ ਸਾਰੀ ਦੁਨੀਆਂ ਹੀ ਉਜੜ ਗਈ,ਹੁਣ ਮੈਂ ਇਕੱਲਾ ਹਾਂ, ਹੁਣ ਮੇਰਾ ਕੋਈ ਨਹੀਂ ਹੈ, ਕੋਈ ‌ਕਿਉਂ ਨਹੀਂ ਮੈਂ ਤੇਰੇ ਨਾਲ ਹਾਂ, ਅੱਛਾ ਚੰਦਨ ਇਹ ਦੱਸ ਤੂੰ ਮੈਨੂੰ ਆਪਣੀ ਮੰਨਦਾ,ਝੱਲੀਏ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ,ਜੇ ਤੂੰ ਮੈਨੂੰ ਪਸੰਦ ਆਈ ਤਾਂਹੀ ਤੇਰੇ ਮਗਰ ਗੇੜੇ ਮਾਰਨ ਆਉਂਦਾ ਸੀ,ਨਹੀਂ ਮੈਨੂੰ ਕੀ ਲੋੜ ਸੀ ਵਕਤ ਖ਼ਰਾਬ ਕਰਨ ਦੀ, ਬਹੁਤ ਦੁਨੀਆਂ ਤੁਰੀ ਫਿਰਦੀ ਮੈਂ ਕਿਸੇ ਹੋਰ ਮਗਰ ਵੀ ਗੇੜੇ ਮਾਰ ਸਕਦਾ ਸੀ‌,ਜੇ ਤੂੰ ਮੈਨੂੰ ਚੰਗੀ ਲੱਗਦੀ ਸੀ ਤਾਂ ਹੀ ਆਉਂਦਾ ਹਾਂ,ਚੱਲ ਇਹ ਦੱਸ ਮੀਤੋ ਤੂੰ ਮੇਰੇ ਨਾਲ ਵਿਆਹ ਕਰਵਾ ਸਕਦੀ ਹੈ, ਮੀਤੋ ਨੇ ਚੋਂਕ ਕੇ ਕਿਹਾ ਵਿਆਹ, ਹਾਂ ਮੀਤੋ ਵਿਆਹ, ਤੂੰ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜੀ ਹੈ,ਜਾਂ ਮੈਂ ਤੈਨੂੰ ਪਸੰਦ ਨਹੀਂ, ਨਹੀਂ ਚੰਦਨ ਇਹ ਗੱਲ ਨਹੀਂ,ਪਰ ਮੀਤੋ ਦੀ ਗੱਲ ਕੱਟ ਕੇ ਚੰਦਨ ਨੇ ਪੁੱਛਿਆ,ਕੀ ਪਰ ਮੀਤੋ ਮੈਨੂੰ ਪਰ ਵਰ ਦਾ ਪਤਾ ਨਹੀਂ,ਜੇ ਤੂੰ ਮੇਰੇ ਨਾਲ ਵਿਆਹ ਕਰਵਾ ਸਕਦੀ ਠੀਕ ਨਹੀਂ ਤਾਂ ਮੈਂ ਖੂਹ ਚ ਛਾਲ ਮਾਰ ਕੇ ਮਰ ਜਾਂਦਾ ਹਾਂ, ਨਹੀਂ ਚੰਦਨ ਤੂੰ ਇਦਾਂ ਦਾ ਕੁਝ ਵੀ ਨਹੀਂ ਕਰੇਗਾ, ਫਿਰ ਤੂੰ ‌ਹਾਂ ਕਰ, ਕਿ ਮੇਰੇ ਨਾਲ ਵਿਆਹ ਕਰਵਾਏਗੀ,ਪਰ ਚੰਦਨ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਨਹੀਂ ਕਰਵਾ ਸਕਦੀ,ਠੀਕ ਐ ਮੀਤੋ ਤੂੰ ਆਪਣੇ ਘਰਦਿਆਂ ਨੂੰ ਮਨਾਂ, ਜੇ ਨਾ ਮੰਨੇ ਮੈਂ ਖੂਹ ਚ ਛਾਲ ਮਾਰ ਕੇ ਮਰ ਜਾਵਾਂਗਾ, ਨਹੀਂ ਚੰਦਨ ਤੂੰ ਇਦਾਂ ਦਾ ਕੁਝ ਨਹੀਂ ਕਰੇਗਾ, ਮੈਂ ਆਪਣੇ ਘਰਦਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੀ,ਠੀਕ ਐ ਮੀਤੋ ਮੈਂ ਤੇਰੇ ਘਰਦਿਆਂ ਦੇ ਫੈਸਲੇ ਦੀ ਉਡੀਕ ਕਰਾਂਗਾ,ਚੱਲ ਮੈਂ ਚੱਲਦਾ ਮੀਤੋ,ਕਹਿ ਕੇ ਚੰਦਨ ਉਥੋਂ ਤੁਰ ਗਿਆ,ਮੀਤੋ ਵੀ ਸਕੂਲ ਵੱਲ ਨੂੰ ਤੁਰ ਪਈ,ਦੋਵੇਂ ਦਿਲਾਂ ਚ ਭਾਰ ਲੈ ਕੇ ਆਪਣੇ ਆਪਣੇ ਰਾਸਤੇ ਤੁਰ ਪਏ, ਸਕੂਲ ਵਿੱਚ ਵੀ ਮੀਤੋ ਦਾ ਚੰਦਨ ਵੱਲ ਧਿਆਨ ਸੀ‌,ਮੀਤੋ ਨੂੰ ਫ਼ਿਕਰ ਹੋ ਰਿਹਾ ਸੀ ਕਿ ਉਹ ਘਰਦਿਆਂ ਨਾਲ ਕਿਵੇਂ ਗੱਲ ਕਰੇਗੀ, ਸਕੂਲ ਵਿੱਚ ਵੀ ਮੀਤੋ ਦਾ ਮਨ ਨਾ ਲੱ‌ਗਿਆਂ। ਸਕੂਲ ਤੋਂ ਛੁੱਟੀ ਹੋ ਗਈ,ਮੀਤੋ ਨੂੰ ਪਤਾ ਹੀ ਨਾ ਲੱਗਾ ਕੀ ਉਹ ਕਦ ਘਰ ਪਹੁੰਚ ਗਈ,ਘਰ ਆ ਕੇ ਉਹ ਬਿਨਾਂ ਵਰਦੀ ਬਦਲੇ ਹੀ ਪੈ ਗਈ,ਕਿਤਾਬਾਂ ਵੀ ਮੰਜੇ ਤੇ ਹੀ ਰੱਖ ਲਈਆਂ, ਮਾਂ ਨੇ ਅੰਦਰ ਆ ਕੇ ਪੁੱਛਿਆ ਮੀਤੋ ਧੀਏ ਕੁਝ ਦੁਖਦਾ ਤੇਰਾ ਅੱਜ, ਨਹੀਂ ਮੰਮੀ ਅੱਜ ਸਕੂਲ ਵਿੱਚ ਖੇਡਾਂ ਸੀ ਤਾਂ ਥੱਕ ਗਈ ਹਾਂ,ਮੀਤੋ ਨੇ ਸੁਤੇ ਸੁਭਾਅ ਹੀ ਬੋਲ ਦਿੱਤਾ, ਠੀਕ ਐ ਧੀਏ ਤੂੰ ਪੈ ਜਾਂ ਮੈਂ ਤੈਨੂੰ ਚਾਹ ਲਿਆ ਕੇ ਦਿੰਦੀ ਹਾਂ,ਕਹਿ ਕੇ ਮਾਂ ਉਥੋਂ ਚੱਲੀ ਗਈ।
ਮੀਤੋ ਸੋਚਾਂ ਵਿੱਚ ਡੁੱਬ ਗਈ ਉਹ ਕੱਲ ਨੂੰ ਚੰਦਨ ਨੂੰ ਕੀ ਜੁਆਬ ਦੇਵੇਗੀ,ਜੇ ਮੈਂ ਘਰਦਿਆਂ ਨਾਲ ਗੱਲ ਕਰਾਂਗੀ, ਮਾਂ ਬਾਪੂ ਮੇਰੇ ਵਾਰੇ ਕੀ ਸੋਚਣਗੇ, ਚੱਲ ਦੇਖੀ ਜਾਉ ਮੈਂ ਚੰਦਨ ਨੂੰ ਕਹਿ ਦੇਉਗੀ ਕਿ ਮੇਰੇ ਚ ਹਿੰਮਤ ਨਹੀਂ ਮਾਂ ਬਾਪ ਨਾਲ ਗੱਲ ਕਰਨ ਦੀ,ਜੋ ਹੋਉ ਦੇਖੀ ਜਾਉ, ਮੈਂ ਤਾਂ ਹਾਲੇ ਪੜਨਾ ਵੀ ਚਾਉਂਦੀ ਸੀ ਜੇ ਹੁਣੇ ਵਿਆਹ ਹੋ ਗਿਆ ਤਾਂ ਮੈਂ ਪੜੂੰਗੀ ਕਿਵੇਂ,ਕੱਲ ਮੈਂ ਚੰਦਨ ਨਾਲ ਗੱਲ ਕਰਾਂਗੀ ਉਹ ਦੋ ਸਾਲ ਖੜ ਜਾਵੇ ਘੱਟੋ-ਘੱਟ, ਮੇਰੀ ਬਾਰਵੀਂ ਤਾਂ ਨਿਕਲ ਜਾਵੇ, ਕੋਈ ਨੌਕਰੀ ਚ ਅਟਕ ਕੇ ਚਾਰ ਪੈਸੇ ਤਾਂ ਕਮਾਉਣ ਜੋਗੀ ਹੋਜੂ,ਮੀਤੋ ਕਿਨਾਂ ਵਕਤ ਪਈ ਆਪਣੇ ਆਪ ਨਾਲ ਗੱਲ ਕਰਦੀ ਰਹੀ,ਮਾਂ ਚਾਹ ਲੈ ਕੇ ਆ ਗਈ ਲੈ ਧੀਏ ਚਾਹ ਪੀ ਕੇ ਵਰਦੀ ਬਦਲ ਲੈ,ਚੰਗਾ ਮਾਂ ਬਦਲ ਲੈਂਦੀ ਹਾਂ,ਚਾਹ ਪੀਂਦੇ ਪੀਂਦੇ ਮੀਤੋ ਦਾ ਬਾਪੂ ਆ ਗਿਆ,ਕੁੜੀਏ ਤੂੰ ਅੱਜ ਕਿਹੜੇ ਮੁੰਡੇ ਕੋਲ ਖੜੀ ਸੀ,ਚੇਤਾ ਪੂਰੇ ਗੁੱਸੇ ਵਿੱਚ ਗਰਜ਼ ਕੇ ਬੋਲਿਆ,ਨਾ ਨਾ ਹੀ ਬੋਲਦੀ ਦੀ ਮੀਤੋ ਦੀ ਆਵਾਜ਼ ਕੰਬ ਗਈ,ਝਾਊਰਾ ਦੇ ਮੁੰਡੇ ਕੋਲ ਖੜੀ ਨਹੀਂ ਸੀ ਨਾ,ਕੁੜੀ ਨੂੰ ਸਮਝਾ ਲੈ ਨਹੀਂ ਮੈਂ ਇਹਦੇ ਜੁੰਡੇ ਪੱਟ ਕੇ ਘਰੇ ਬੈਠਾ ਦੇਉ,ਚੇਤੇ ਗੁੱਸੇ ਚ ਮੀਤੋ ਦੀ ਮਾਂ ਅਮਰੋ ਨੂੰ ਕਿਹਾ,ਬੋਲਦਾ ਬੋਲਦਾ ਚੇਤਾ ਬਾਹਰ ਨੂੰ ਤੁਰ ਗਿਆ,ਮੀਤੋ ਡਰ ਗਈ ਕਿ ਆ ਕੀ ਹੋ ਗਿਆ ਬਾਪੂ ਜੀ ਨੂੰ ਕਿਵੇਂ ਪਤਾ ਲੱਗ ਗਿਆ,ਮੀਤੋ ਨੂੰ ਹੁਣ ਘਰ ਗੱਲ ਕਰਨ ਤੋਂ ਹੋਰ ਵੀ ਡਰ ਲੱਗਣ ਲੱਗ ਗਿਆ, ਮੀਤੋ ਨੇ ਖੁਦ ਹੀ ਸੋਚਿਆ ਕੀ ਉਸ ਦੇ ਘਰ ਦੇ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਵਿਆਹ ਕਰਾਉਣ ਲਈ ਕਿਥੋਂ ਰਾਜੀ ਹੋ ਜਾਣਗੇ,ਇੱਕ ਜਾਤ ਹੋਰ ਦੂਜਾ ਪਿੰਡ ਦਾ,ਘਰਦੇ ਮੰਨਣ ਵੀ ਕਿਵੇਂ, ਆਥਣ ਦਾ ਵਕਤ ਹੋ ਗਿਆ ਸੀ।ਚੇਤਾ‌ ਘਰ ਆਇਆ, ਅੱਜ ਚੇਤੇ ਨੇ ਸ਼ਰਾਬ ਵੀ ਪੀਤੀ ਹੋਈ ਸੀ।ਅਮਰੋ ਨੇ ਜਦ ਦੇ ਚੇਤੇ ਨੂੰ ਸ਼ਰਾਬ ਪੀਤੀ ਹਾਲਤ ਚ ਦੇਖਿਆਂ ਤਾਂ ਉਹ ਘਬਰਾ ਗਈ। ਰੱਬ ਕੰਨੀ ਦੋਵੇਂ ਹੱਥ ਜੋੜ ਕੇ ਪੀਰਾਂ ਪੈਗੰਬਰਾਂ ਅੱਗੇ ਅਰਦਾਸ ਕੀਤੀ। ਰੱਬਾ ਸੁੱਖ ਰੱਖੀਂ ਕੋਈ ਅਣਹੋਣੀ ਨਾ ਹੋਜੇ,ਅਮਰੋ ਨੇ ਵੀ ਚੇਤੇ ਨੂੰ ਪਹਿਲੀ ਵਾਰ ਸ਼ਰਾਬ ਦੇ ਨਸ਼ੇ ਚ ਦੇਖਿਆਂ ਸੀ।ਮੀਤੋ ਦੇ ਵੀ ਹੱਥ ਪੈਰ ਕੰਬਣ ਲੱਗ ਗਏ।ਮੀਤੋ ਦੀ ਮਾਂ ਨੇ ਮੀਤੋ ਅੰਦਰ ਜਾਣ ਦਾ ਇਸ਼ਾਰਾ ਕੀਤਾ‌‌,ਮੀਤੋ ਸਬਾਤ ਚ ਚਲੀ ਗਈ,ਚੇਤੇ ਨੇ ਮੀਤੋ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਭੈਣ ਦੇ…..ਦੀ ਸਾਡੀ ਇੱਜ਼ਤ ਮਿੱਟੀ ਕਰਨ ਲੱਗੀ ਵੱਡੀ ਆਈ ਪੜਾਕੂ।ਜਾਈ ਤੂੰ ਤੜਕੇ ਸਕੂਲ ਤੇਰੀਆਂ ਲੱਤਾਂ ਨਾ ਵੱਢੀਆਂ ਤਾਂ ਮੈਂ ਵੀ ਚੇਤਾ ਨੀਂ ਹੈਗਾ,ਅਮਰੋ ਨੇ ਚੇਤੇ ਨੂੰ ਚੁੱਪ ਕਰਵਾਉਣਾ ਚਾਹਿਆ, ਪਰ ਚੇਤੇ ਨੇ ਅਮਰੋ ਸਾਰੇ ਜ਼ੋਰ ਨਾਲ ਧੱਕਾ ਦੇ ਕੇ ਦੂਰ ਸੁੱਟ ਦਿੱਤਾ,ਅਮਰੋ ਦਾ ਮੱਥਾ ਮੰਜੇ ਦੇ ਪਾਵੇ ਨਾਲ ਜਾ ਵੱਜਿਆ,ਮੱਥੇ ਚੋਂ ਖੂਨ ਵੱਗਣ ਲੱਗ ਪਿਆ,ਅਮਰੋ ਨੇ ਮੁਸ਼ਕਿਲ ਨਾਲ ਆਪਣੇ ਆਪ ਨੂੰ ਸੰਭਾਲਿਆ,ਚੇਤੇ ਨੇ ਹੋਰ ਉਚੀ ਅਮਰੋ ਨੂੰ ਵੀ ਗਾਲਾਂ ਦਿੱਤੀਆਂ,ਤੂੰ ਹੀ ਇਹਨੂੰ ਬਹੁਤਾ ਚੰਬਲਾ ਰੱਖਿਆ, ਇਹਨੂੰ ਕੋਈ ਕੰਮ ਧੰਦਾ ਨਹੀਂ ਸਿਖਾਉਂਦੀ ‌, ਚੰਗਾ ਹੁਣ ਚੁੱਪ ਵੀ ਕਰਜਾ ਕਿਉਂ ਲੋਕਾਂ ਨੂੰ ਜਲੂਸ ਦਿਖਾਇਆ,ਅਮਰੋ ਨੇ ਗੁੱਸੇ ਨਾਲ ਚੇਤੇ ਨੂੰ ਕਿਹਾ,ਜਲੂਸ ਤੂੰ ਜਲੂਸ ਦੀ ਗੱਲ ਕਰਦੀ ਐਂ,ਜਲੂਸ ਤਾਂ ਮੇਰਾ ਇਸ ਕਲਮੂੰਹੀ ਨੇ ਕੱਢਵਾਇਆ, ਸਰੀਕ ਨੇ ਤਾਨੇ ਦੇ ਕੇ ਕਿਹਾ ਅਖੇ ਤੁਸੀਂ ਕੁੜੀ ਨੂੰ ਉਦੋਂ ਸਮਝਾਓਗੇ ਜਦੋਂ ਕਿਸੇ ਨਾਲ ਨਿਕਲ ਗਈ,ਕੀ ਗੱਲਾਂ ਕਰਦੀ ਸੀ ਇਹ ਉਸ ਖ਼ਸਮ ਨਾਲ,ਅਮਰ ਕੁੜੇ… ਮੈਂ ਕਿਸੇ ਗੱਲ ਤੇ ਬੋਲ ਰਿਹਾ , ਅੱਜ ਸਰੀਕ ਅੱਗੇ ਨੱਕ ਨੀਵਾਂ ਕਰਵਾ ਦਿੱਤਾ ਅੱਜ ਇਸ ਕਲਮੂੰਹੀ ਨੇ, ਜਦੋਂ ਗੁਆਂਢ ਚੋਂ ਕੁੜੀਆਂ ਜਾਂਦੀਆਂ ਨੇ ਤਾਂ ਇਹ ਕਲਮੂੰਹੀ ਕੱਲੀ ਉਸ ਖ਼ਸਮ ਨੂੰ ਮਿਲਣ ਜਾਦੀ ਹੈ। ਇਹਨੂੰ ਸ਼ਰਮ ਨਹੀਂ ਆਉਂਦੀ‌,ਪੜਨ ਜਾਂਦੀ ਜਾਂਦੀ ਖ਼ਸਮਾਂ ਨੂੰ ਮਿਲਣ ਜਾਂਦੀ ਐ, ਚੰਗਾ ਹੁਣ ਚੁੱਪ ਵੀ ਕਰਜਾ,ਜੋ ਮੂੰਹ ਚ ਆਈ ਜਾਂਦਾ ਆਵਾ ਤਾਵਾ ਬੋਲੀ ਜਾਂਦਾ,ਹੋਰ ਮੈਂ ਆਵਾ ਤਾਵਾ ਬੋਲਦਾ,ਇਹ ਕਲਮੂੰਹੀ ਨੇ ਮੇਰਾ ਮੂੰਹ ਕਾਲ਼ਾ ਕਰਵਾ ਦਿੱਤਾ,ਇਵੇਂ ਲੋਕਾਂ ਮਗਰ ਲੱਗ ਕੇ ਆਪਣੇ ਘਰ ਕਲੇਸ਼ ਨਹੀਂ ਕਰੀਦਾ ਹੁੰਦਾ,ਸ਼ਰੀਕ ਤੇ ਸ਼ਰੀਕ ਕੌਣ ਰਾਜੀ ਹੁੰਦਾ,ਹੋਰ ਸ਼ਰੀਕ ਤਾਂ ਘਰੋਂ ਫੜ ਕੇ ਕੱਢ ਦਿੰਦਾ, ਚੰਗਾ ਚੁੱਪ ਕਰਕੇ ਪੈ ਜਾ,ਤੜਕੇ ਦੇਖਾਂਗੇ ਕੀ ਬਣੇਗਾ,ਤੜਕੇ ਤੱਕ ਇਹ ਨਿਕਲ ਗਈ ਤਾਂ ਦੱਸ ਮੈਂ ਕਿਹਨੂੰ ਮੂੰਹ ਦਿਖਾਉਣ ਜੋਗਾ ਰਹਿ ਜਾਊ, ਇਵੇਂ ਕਿਵੇਂ ਨਿਕਲ ਜਾਉ,ਇੰਨੀ ਮਾੜੀ ਨਹੀਂ ਮੇਰੀ ਧੀ,ਜੇ ਕਿਸੇ ਕੋਲ ਖੜ ਗਈ ਤਾਂ ਇਹ ਮਾੜੀ ਹੋ ਗਈ।ਨਾ ਇਹਨੂੰ ਕੀ ਕੰਮ ਮੁੰਡਿਆਂ ਤੱਕ ਜੋ ਇਹਨੂੰ ਮੁੰਡਿਆਂ ਕੋਲ ਰਾਹਾਂ ਚ ਖੜਨਾ ਪੈ ਗਿਆ। ਚੱਲ ਹੁਣ ਗੱਲ ਦਾ ਖੈੜਾ ਵੀ ਛੱਡ ਦੇ ਮੈਂ ਸਮਝਾ ਦੇਉ ਆਪੇ,ਹੋਰ ਤੂੰ ਸਮਝਾਏਗੀ ਇਹਨੂੰ,ਜੇ ਤੂੰ ਸਮਝਾਉਂਦੀ ਤਾਂ ਇਹ ਕਾਰਾ ਹੀ ਨਾ ਹੁੰਦਾ ,ਬੱਸ‌ ਮੈਂ ਸੋ ਦੀ ਇੱਕ ਕਹਿ ਦਿੱਤੀ ਮੈਨੂੰ ਪੜਾਈਆਂ ਦੀ ਲੋੜ ਨਹੀਂ।ਬੱਸ ਘਰੇ ਬਹਿ ਕੇ ਪੜ ਲਵੇ। ਕੱਲ ਨੂੰ ਮੈਨੂੰ ਇਹ ਸਕੂਲ ਜਾਂਦੀ ਨਹੀਂ ਦਿਖਣੀ ਚਾਹੀਦੀ,ਚੰਗਾ ਨਹੀਂ ਜਾਂਦੀ ਪੈ ਜਾ ਹੁਣ ਰੋਟੀ ਖਾ ਕੇ,ਮੈਂ ਨਹੀਂ ਖਾਣੀ ਰੋਟੀ, ਤੂੰ ਬੱਸ ਕਲਮੂੰਹੀ ਨੂੰ ਸਮਝਾ ਦੇ,ਕਹਿ ਕੇ ਚੇਤਾ ਮੰਜੇ ਤੇ ਪੈ ਗਿਆ ਤੇ ਪੈਂਦਾ ਹੀ ਸੌਂ ਗਿਆ,ਅਮਰੋ ਨੇ ਮੀਤੋ ਨੂੰ ਅਵਾਜ਼ ਮਾਰੀ ਪਰ ਮੀਤੋ ਬਾਹਰ ਨਾ ਆਈ,ਅਮਰੋ ਨੇ ਅੰਦਰ ਜਾ ਕੇ ਦੇਖਿਆ ਤਾਂ ਮੀਤੋ ਅੰਦਰ ਰੋ ਰਹੀ ਸੀ। ਤੂੰ ਕਿਉਂ ਡੁਸਕੀ ਜਾਣੀ ਐਂ ਹੁਣ‌‌,ਪਹਿਲਾ ਤਾਂ ਪੁੱਠੇ ਕਾਰੇ ਕਰਦੀ ਐਂ ਫਿਰ ਹੁਣ ਡੁਸਕਦੀ ਐ। ਚੱਲ ਬਾਹਰ ਜਾਂ ਕੇ ਰੋਟੀ ਖਾ ਸੌਂ ਗਿਆ ਤੇਰਾ ਪਿਉ, ਮੈਨੂੰ ਭੁੱਖ ਨਹੀਂ ਮਾਂ,ਚੱਲ ਚੁੱਪ ਕਰਕੇ ਰੋਟੀ ਖਾ ਨਾਲੇ ਦੋ ਬੁਰਕੀਆਂ… ਨਾਲੇ ਉਹ ਜਵਾਕ ਵੀ ਭੁੱਖਾਂ ਸੌਂ ਗਿਆ ਹੋਉ,ਦੱਸ ਕੀ ਕਮੀ ਤੈਨੂੰ ਜੋ ਇਹੋ ਜੇ ਪੁੱਠੇ ਕੰਮਾਂ ਚ ਪੈਣੀਂ ਐ‌‌,ਕਦੇ ਤੈਨੂੰ ਮੈਂ ਨਹੀਂ ਇੱਕ ਦੋ ਕਹੀਆਂ ਤੂੰ ਫਿਰ ਵੀ ਨਹੀਂ ਸਮਝਦੀ, ਹੁਣ ਲੈ ਸੁਆਦ ਘਰੇ ਬਹਿ ਕੇ,ਅਮਰੋ ਨੇ ਮੀਤੋ ਨੂੰ ਪਹਿਲੀ ਵਾਰ ਚਿੜਕਿਆ ਸੀ,ਮੀਤੋ ਦੀ ਮਾਂ ਦਾ ਇਹ ਰਵਈਆ ਦੇਖ ਕੇ ਮੀਤੋ ਨੂੰ ਮਹਿਸੂਸ ਹੋਇਆ ਕੀ ਮਾਂ ਨੂੰ ਵੀ ਸੱਚੀ ਬੁਰਾ ਲੱਗਿਆ, ਚੰਗਾ ਮਾਂ ਮੈਂ ਹੁਣ ਕੋਈ ਗਲਤੀ ਨਹੀਂ ਕਰਦੀ ਜੇ ਹੋਈ ਤਾਂ ਵੱਢ ਕੇ ਟੋਟੇ ਕਰ ਦੇਈ,ਠੀਕ ਐ ਚੰਗਾ ਪਹਿਲਾਂ ਹੁਣ ਰੋਟੀ ਖਾ ਲੈ,ਦੋਵੇਂ ਮਾਵਾਂ ਧੀਆਂ ਉਠ ਕੇ ਬਾਹਰ ਆ ਗਈਆਂ ਤੇ ਰੋਟੀ ਖਾ ਕੇ ਦੋਵੇਂ ਪੈ ਗਈਆਂ।
ਸਵੇਰੇ ਦ ਦਿਨ ਚੜਿਆ ਚੇਤੇ ਨੇ ਉਠ ਕੇ ਮੱਝਾਂ ਨੂੰ ਨੀਰਾ ਪਾ ਦਿੱਤਾ,ਅਮਰੋ ਨੇ ਉਠ ਕੇ ਚਾਹ ਧਰ ਲਈ, ਅਵਾਜ਼ ਮਾਰੀ ਨੀਂ ਮੀਤੋ ਉਠ ਖੜੀ ਹੋ ਮੂੰਹ ਹੱਥ ਧੋ ਕੇ ਚਾਹ ਪੀ ਲੈ,ਮੀਤੋ ਇੱਕ ਦੋ ਆਵਾਜ਼ਾਂ ਤੇ ਉਠ ਖੜੀ,ਉਠ ਕੇ ਪਹਿਲਾਂ ਬਾਪੂ ਵੱਲ ਦੇਖਿਆ ਬਾਪੂ ਪਸ਼ੂਆਂ ਨੂੰ ਨੀਰਾ ਪਾ ਰਿਹਾ ਸੀ,ਮੀਤੋ ਨੇ ਮੂੰਹ ਹੱਥ ਧੋ ਕੇ ਚਾਹ ਪੀ ਲਈ, ਅੱਜ ਉਸ ਨੇ ਸਕੂਲ ਵੀ ਨਹੀਂ ਜਾਣਾ ਸੀ ਉਠ ਕੇ ਫੇਰ ਅੰਦਰ ਚਲੀ ਗਈ,ਇੰਨੇ ਨੂੰ ਚੇਤਾ ਅੰਦਰ ਆਇਆ ਚੱਲ ਕੁੜੀਏ ਤਿਆਰ ਹੋ ਸਕੂਲ ਲਈ,ਰਾਜੋ ਹੋਰਾਂ ਨਾਲ ਸਕੂਲ ਪੜਨ ਜਾਈ ਜੇ ਕੱਲੀ ਗਈ ਐ ਤਾਂ ਹਿਸਾਬ ਲਗਾ ਲਈ, ਉਹਨਾਂ ਨਾਲ ਹੀ ਆਉਣਾ ਤੇ ਉਹਨਾਂ ਹੀ ਜਾਣੈ,ਮੀਤੋ ਨੀਵੀਂ ਪਾਈ ਬੈਠੀ ਰਹੀਂ ਜਿਵੇਂ ਅਦਾਲਤ ਚ ਜੱਜ ਸਾਹਮਣੇ ਆਪਣਾ ਜ਼ੁਰਮ ਕਬੂਲ ਕਰਕੇ ਖੜਨਾ ਹੁੰਦਾ,ਚੱਲ ਖੜੀ ਹੋ ਤਿਆਰ ਹੋ ਉਹ ਸਾਢੇ ਸੱਤ ਸਕੂਲ ਜਾਣਗੀਆਂ ,ਮੈਂ ਕਿਹਾ ਉਹਨਾਂ ਨੂੰ ਕਿ ਮੀਤੋ ਨੂੰ ਅਵਾਜ਼ ਮਾਰ ਕੇ ਨਾਲ ਲੈ ਜਾਏਓ,ਉਹਨਾਂ ਦੇ ਆਉਣ ਤੋਂ ਪਹਿਲਾਂ ਤਿਆਰ ਹੋ ਜਾ।ਮੀਤੋ ਉਠ ਕੇ ਬਾਹਰ ਆ ਗਈ,ਨਹਾ ਕੇ ਵਰਦੀ ਪਾ ਕੇ ਤਿਆਰ ਹੋ ਗਈ। ਰੋਟੀ ਵੀ ਖਾ ਲਈ,ਸਾਢੇ ਸੱਤ ਹੋ ਗੲੇ। ਕੁੜੀਆਂ ਅਵਾਜ਼ ਮਾਰਨ ਆਈਆਂ,ਕਈ ਕੁੜੀਆਂ ਮਿਲ ਕੇ ਇਕਠੀਆਂ ਸਕੂਲ ਜਾਂਦੀਆਂ ਸੀ,ਅਮਰੋ ਨੂੰ ਤਾਂ ਅੱਜ ਪਤਾ ਲੱਗਿਆ ਕੀ ਪਿੰਡ ਚੋਂ ਇੰਨੀਆਂ ਕੁੜੀਆਂ ਪੜਦੀਆਂ ਨੇ ,ਅਮਰੋ ਨੇ ਵੀ ਮੀਤੋ ਦੇ ਇਕੱਲੇ ਸਕੂਲ ਜਾਣ ਤੇ ਸ਼ੱਕ ਕੀਤਾ,ਮੀਤੋ ਤੇ ਕੁੜੀਆਂ ਸਕੂਲ ਚਲੀਆਂ ਗਈਆਂ,ਰਾਸਤੇ ਵਿੱਚ ਜਾਂਦੇ ਚੰਦਨ ਫੇਰ ਉਥੇ ਹੀ ਖੜਾ ਸੀ,ਪਰ ਮੀਤੋ ਨੇ ਚੰਦਨ ਤੋਂ ਮੂੰਹ ਫੇਰ ਲਿਆ। ਚੰਦਨ ਨੇ ਵੀ ਰਮਜ਼ ਪਛਾਣ ਲਈ,ਕੀ ਇਹਦੇ ਘਰਦੇ ਨਹੀਂ ਮੰਨੇ ਤਾਂਹੀ ਇਹ ਅੱਜ ਕੁੜੀਆਂ ਦੇ ਝੁੰਡ ਚ ਸਕੂਲ ਆਉਣ ਲੱਗ ਗਈ।ਇਹ ਸਿਲਸਿਲਾ ਰੋਜ਼ ਕੀ ਵਾਪਰਦਾ ਰਿਹਾ, ਅਮਰੋ ਤੇ ਚੇਤੇ ਦਾ ਵੀ ਮਨ ਖੜ ਗਿਆ ਕੇ ਹੁਣ ਕੁੜੀ ਵੱਲੋਂ ਕੋਈ ਡਰ ਨਹੀਂ।ਉਹ ਵੀ ਹੁਣ ਮੀਤੋ ਨਾਲ ਪਹਿਲਾਂ ਵਰਗਾ ਹੀ ਵਿਵਹਾਰ ਕਰਨ ਲੱਗ ਪਏ।ਸਭ ਕੁਝ ਠੀਕ ਠਾਕ ਚੱਲਣ ਲੱਗ ਪਿਆ।
ਚੇਤੇ ਨੇ ਮੀਤੋ ਲਈ ਮੁੰਡਾ ਦੇਖਣਾ ਸ਼ੁਰੂ ਕਰ ਦਿੱਤਾ ‌,ਇੱਕ ਮੁੰਡਾ ਦੇਖਿਆ ਘਰ ਵਾਰ ਵੀ ਠੀਕ ਸੀ, ਜ਼ਮੀਨ ਵੀ ਚੰਗੀ ਸੀ। ਮੁੰਡਾ ਕਲਰਕ ਲੱਗਿਆ ਸੀ।ਚੇਤੇ ਦੇ ਗੱਲ ਫਿੱਟ ਆ ਗਈ,ਰਹਿੰਦੀ...

ਪੜਾਈ ਕਰਾਉਣ ਲਈ ਉਹ ਰਾਜ਼ੀ ਹੋ ਗਏ,ਮੀਤੋ ਇਸ ਗੱਲ ਵਾਰੇ ਦੱਸਿਆ ਮੀਤੋ ਨੂੰ ਜਿਵੇਂ ਹੋਲ ਜਾ ਪਿਆ, ਚੇਤੇ ਨੇ ਸਾਰੀ ਗੱਲ ਪੱਕੀ ਕਰ ਲਈ,ਬੁੱਧਵਾਰ ਨੂੰ ਉਹਨਾਂ ਨੇ ਕੁੜੀ ਦੇਖਣ ਆਉਣਾ ਸੀ, ਮੀਤੋ ਸਕੂਲ ਜਾਂਦੀ ਰਹੀ ਇੱਕ ਦਿਨ ਅਚਾਨਕ ਕੁੜੀਆਂ ਮੀਤੋ ਨੂੰ ਅਵਾਜ਼ ਮਾਰਨੀ ਭੁੱਲ ਗਈਆਂ।ਅਮਰੋ ਨੇ ਵੀ ਕਹਿ ਦਿੱਤਾ ਕਿ ਇੱਕਲੀ ਚਲੀ ਜਾਵੇ,ਮੀਤੋ ਇਕਲੀ ਘਰੋਂ ਤੁਰ ਪਈ, ਅੱਜ ਉਹਨੂੰ ਇੱਕਲੀ ਜਾਣਾ ਔਖਾ ਲੱਗ ਰਿਹਾ ਸੀ, ਕਿਉਂਕਿ ਕੁੜੀਆਂ ਨਾਲ ਜਾਣ ਦੀ ਆਦਤ ਪੈ ਗਈ ਸੀ।ਉਹ ਤੁਰੀ ਜਾਂਦੀ ਸੀ ਜਿੱਥੇ ਜੇ ਚੰਦਨ ਖੜਦਾ ਸੀ ਉੱਥੇ ਅੱਜ ਚੰਦਨ ਨਹੀਂ ਸੀ‌। ਚੰਦਨ ਨੂੰ ਨਾ ਦੇਖ ਕੇ ਮੀਤੋ ਨੇ ਸ਼ੁਕਰ ਮਨਾਇਆ,ਅੱਗੇ ਜਾ ਇੱਕ ਸੁੰਨੀ ਤੇ ਪੀੜੀ ਗਲੀ ਆਉਂਦੀ ਸੀ।ਚੰਦਨ ਅੱਜ ਉਥੇ ਖੜਾ ਸੀ‌। ਚੰਦਨ ਸੋਚਿਆ ਸੀ ਕਿ ਜੇ ਅੱਜ ਮੀਤੋ ਕੁੜੀਆਂ ਨਾਲ ਵੀ ਹੋਈ ਤਾਂ ਉਹ ਉਸ ਨੂੰ ਬਾਹ ਫੜ ਕੇ ਰੋਕ ਕੇ ਪੁਛੇਗਾ ਕਿ ਕੀ ਗੱਲ ਹੈ ,ਉਹ ਹੁਣ ਉਸ ਨਾਲ ਗੱਲ ਕਿਉਂ ਨਹੀਂ ਕਰਦੀ,ਪਰ ਅੱਜ ਮੀਤੋ ਇੱਕਲੀ ਹੀ ਸੀ। ਚੰਦਨ ਦਾ ਚਾਅ ਨਾ ਚੱਕਿਆ ਗਿਆ। ਚੰਦਨ ਨੇ ਮੀਤੋ ਨੂੰ ਨੇੜੇ ਆ ਕੇ ਬਾਂਹ ਫੜ ਕੇ ਰੋਕ ਲਿਆ,ਮੀਤੋ ਨੇ ਬਾਂਹ ਛੱਡਵਾਉਣੀ ਚਾਹੀ ਪਰ ਚੰਦਨ ਨੇ ਬਾਂਹ ਛੱਡਣ ਦੀ ਬਿਜਾਏ ਹੋਰ ਕੱਸ ਕੇ ਫੜ ਲਈ, ਮੀਤੋ ਤੂੰ ਮੇਰੇ ਤੋਂ ਦੂਰ ਕਿਉਂ ਹੋ ਗਈ ਤੂੰ ਮੇਰੇ ਨਾਲ ਵਾਅਦਾ ਕਰ ਕੇ ਗਈ ਸੀ। ਕਿੱਥੇ ਗਿਆ ਵਾਅਦਾ ਕਿੱਥੇ ਗਿਆ ਸਭ ਕੁਝ,ਕਿੱਥੇ ਗਿਆ ਤੇਰਾ ਸਾਥ,ਤੂੰ ਮੈਨੂੰ ਖੁਦ ਕਿਹਾ ਸੀ ਕਿ ਮੈਂ ਤੇਰੇ ਨਾਲ ਹਾਂ, ਹੁਣ ਕਿਉਂ ਦੂਰ ਹੋ ਗਈ। ਚੰਦਨ ਮੇਰੀ ਬਾਂਹ ਛੱਡ ਮੈਨੂੰ ਸਕੂਲ ਜਾਣ ਦੇ ਕੋਈ ਦੇਖ ਲਵੇਗਾ।ਦੇਖ ਲੈਣ ਦੇ ਜੋ ਦੇਖਦਾ, ਮੈਂ ਹੈਗਾ ਆਪੇ ਸਾਂਭ ਲਉ ਸਭ ਕੁਝ‌‌, ਤੂੰ ਮੇਰੀ ਹੈ ਮੈਂ ਸਭ ਨੂੰ ਕਹਿ ਦੇਊਗਾ, ਚੰਦਨ ਇਹ ਗੱਲ ਕਹਾਣੀਆਂ ਵਿੱਚ ਹੀ ਚੰਗੀਆਂ ਲੱਗਦੀਆਂ ਅਸਲ ਜ਼ਿੰਦਗੀ ਚ ਨਹੀਂ ‌,ਅਸਲ ਜ਼ਿੰਦਗੀ ਉਹ ਨਹੀਂ ਹੁੰਦੀ ਜੋ ਕਹਾਣੀਆਂ ਚ ਹੁੰਦੀ ਹੈ।ਮੀਤੋ ਮੈਨੂੰ ਕਹਾਣੀਆਂ ਨਹੀਂ ਆਉਂਦੀਆਂ ਮੈਂ ਅਸਲ ਜ਼ਿੰਦਗੀ ਹੀ ਦੇਖੀ ਤੇ ਅਸਲ ਜ਼ਿੰਦਗੀ ਚ ਹੀ ਸਭ ਕੁਝ ਕਰ ਦਿਖਾਉਗਾ, ਚੰਦਨ ਕਿਰਪਾ ਕਰਕੇ ਤੂੰ ਹੁਣ ਮੇਰਾ ਖੈੜਾ ਛੱਡ ਦੇ,ਮੇਰੇ ਘਰਦੇ ਮੇਰਾ ਵਿਆਹ ਕਰਨਗੇ, ਉਹਨਾਂ ਨੂੰ ਉਸ ਦਿਨ ਕਿਸੇ ਨੇ ਦੱਸ ਦਿੱਤਾ ਕੀ ਮੈਂ ਤੇਰੇ ਕੋਲ ਖੜੀ ਸੀ। ਬਾਪੂ ਬਹੁਤ ਗੁੱਸੇ ਹੋਇਆ, ਮੇਰਾ ਸਕੂਲ ਜਾਣਾ ਬੰਦ ਕਰ ਦਿੱਤਾ ਸੀ। ਫਿਰ ਸ਼ਾਇਦ ਮਾਂ ਨੇ ਕਿਹਾ ਕੀ ਕੁੜੀਆਂ ਨਾਲ ਰਲ਼ ਕੇ ਵੱਗ ਜਾਇਆਂ ਕਰੁਗੀ, ਹੁਣ ਬਾਪੂ ਨੇ ਮੇਰਾ ਰਿਸ਼ਤਾ ਵੀ ਦੇਖ ਲਿਆ ਕੁਝ ਦਿਨਾਂ ਬਾਅਦ ਹੀ ਮੇਰਾ ਵਿਆਹ ਧਰ ਦੇਣਗੇ, ਹੁਣ ਆਪਾਂ ਇੱਕ ਨਹੀਂ ਹੋ ਸਕਦੇ ਇਸ ਲਈ ਤੂੰ ਹੁਣ ਮੇਰੇ ਪਿੱਛੇ ਆਉਣੋ ਹੱਟ ਜਾ,ਨਹੀਂ ਮੀਤੋ ਇਹ ਨਹੀਂ ਹੋ ਸਕਦਾ ਮੈਂ ਤੇਰੇ ਸਹਾਰੇ ਜੀਣ ਦੀ ਆਸ ਦੇਖੀ ਐ,ਜੇ ਤੂੰ ਹੀ ਨਾ ਮਿਲੀ ਮੈਂ ਖੂਹ ਚ ਛਾਲ ਮਾਰ ਕੇ ਮਰ ਜਾਵਾਂਗਾ,ਨਹੀਂ ਚੰਦਨ ਤੂੰ ਵੀ ਵਿਆਹ ਕਰਵਾ ਲੈ ਤੇ ਆਪਣਾ ਘਰ ਵਸਾ ਲੈ,ਨਹੀਂ ਮੀਤੋ ਮੇਰਾ ਘਰ ਵੱਸਣਾ ਨਾ ਵੱਸਣਾ ਹੁਣ ਤੇਰੇ ਹੱਥ ਹੈ, ਮੈਂ ਆਵਾਂਗਾ ਕੱਲ ਤੈਨੂੰ ਲੈਣ ਜੇ ਤੂੰ ਮੈਨੂੰ ਪਸੰਦ ਕਰਦੀ ਹੈ ਤਾਂ ਆ ਜਾਵੀਂ, ਆਪਾਂ ਵਿਆਹ ਕਰਵਾ ਲਵਾਂਗੇ, ਫਿਰ ਆਪਾਂ ਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ‌ ,ਨਹੀਂ ਚੰਦਨ ਮੈਂ ਆਪਣੇ ਘਰਦਿਆਂ ਨੂੰ ਧੋਖਾ ਦੇ ਕੇ ਘਰੋਂ ਕਦੇ ਨਹੀਂ ਆ ਸਕਦੀ। ਠੀਕ ਐ ਮੀਤੋ ਤੇਰੀ ਮਰਜ਼ੀ ਜੇ ਤੂੰ ਨਾ ਆਈ ਮੈਂ ਖੂਹ ਚ ਛਾਲ ਮਾਰ ਕੇ ਮਰ ਜਾਵਾਂਗਾ, ਚੱਲ ਠੀਕ ਐ ਮੀਤੋ ਮੈਂ ਚੱਲਦਾ ਹੁਣ‌ ,ਕੱਲ ਰਾਤ ਨੂੰ ਮੈਂ ਤੇਰੀ ਉਡੀਕ ਜੋੜੇ ਖੂਹ ਤੇ ਕਰਾਂਗਾ ,ਜੇ ਤੂੰ ਮੈਨੂੰ ਪਸੰਦ ਕਰਦੀ ਹੈ ਤਾਂ ਮੈਨੂੰ ਆ ਕੇ ਬਚਾ ਲਈ,ਕਹਿ ਕੇ ਚੰਦਨ ਉਥੋਂ ਤੁਰ ਗਿਆ,ਮੀਤੋ ਸਕੂਲ ਚਲੀ ਗਈ।
ਮੀਤੋ ਦੇ ਕੰਨਾਂ ਚ ਵਾਰ ਵਾਰ ਚੰਦਨ ਦੀ ਕਹੀ ਗੱਲ ਗੂੰਜ ਰਹੀ ਸੀ ,ਮੀਤੋ ਜੇ ਮੈਨੂੰ ਪਸੰਦ ਕਰਦੀ ਹੈ ਤਾਂ ਆ ਕੇ ਮੈਨੂੰ ਬਚਾ ਲਈ।ਮੀਤੋ ਨੂੰ ਚੰਦਨ ਨੇ ਦੁਬਧਾ ਵਿੱਚ ਫਸਾ ਦਿੱਤਾ, ਹੁਣ ਮੀਤੋ ਨਾ ਓਧਰ ਦੀ ਨਾ ਓਧਰ ਦੀ ਰਹੀ,ਛੁੱਟੀ ਹੋਣ ਤੇ ਮੀਤੋ ਘਰ ਆ ਗਈ ,ਮੀਤੋ ਦੀ ਮਾਂ ਨੇ ਮੀਤੋ ਨੂੰ ਚਾਹ ਪੀਣ ਨੂੰ ਦੇ ਦਿੱਤੀ ਤੇ ਨਾਲ ਹੀ ਕਿਹਾ ਮੀਤੋ ਪਰਸੋਂ ਬੁੱਧਵਾਰ ਹੈ ਤੈਨੂੰ ਮੁੰਡੇ ਵਾਲੇ ਦੇਖਣ ਆਉਗੇ‌,ਜੇ ਤੇਰੇ ਮਨ ਚ ਕੋਈ ਗੱਲ ਹੋਈ ਤਾਂ ਪਹਿਲਾਂ ਦੱਸ ਦੇਈਂ, ਨਹੀਂ ਮਾਂ ਮੇਰੇ ਮਨ ਚ ਕੀ ਗੱਲ ਹੋਉਗੀ। ਤੁਸੀਂ ਇੰਨੀ ਕਾਹਲ ਕਿਉਂ ‌ਕਰ ਰਹੇ ਹੋ ਮੇਰੇ ਵਿਆਹ ਲਈ, ਮਾਂ ਮੈਂ ਹਾਲੇ ਵਿਆਹ ਨਹੀਂ ਕਰਵਾਉਣਾ,ਧੀਏ ਕੁੜੀਆਂ ਨੂੰ ਤਾਂ ਤੁਰਨਾ ਹੀ ਪੈਦਾ ਅੱਜ ਨਹੀਂ ਕੱਲ, ਕੁੜੀਆਂ ਨੂੰ ਬੇਗਾਨੇ ਘਰ ਜਾਇਆ ਹੀ ਸਰਦਾ, ਮਾਂ ਕੁੜੀਆਂ ਨੂੰ ਕੋਈ ਰੱਖ ਕਿਉਂ ਨਹੀਂ ਸਕਦਾ।ਧੀਏ ਇਹ ਦਾ ਰੱਬ ਦੀ ਕੁਦਰਤ ਹੈ, ਮਾਂ ਰੱਬ ਦੀ ਕੁਦਰਤ ਤਾਂ ਨਹੀਂ ਹੋਣੀ ਇਹ ਬੰਦੇ ਦੇ ਆਪਣੇ ਰਚਾਏ ਢੰਗ ਜ਼ਰੂਰ ਹੋਣਗੇ। ਨਹੀਂ ਧੀਏ ਰੀਤਾਂ ਤਾਂ ਰੀਤਾਂ ਹੀ ਨੇ ,ਇਹ ਰਹਿੰਦੀ ਦੁਨੀਆਂ ਤੱਕ ਇਸ ਤਰ੍ਹਾਂ ਹੀ ਤੁਰਦੀਆਂ ਰਹਿਣੀਆਂ, ਮਾਂ ਜਿੰਨਾ ਨੂੰ ਜਾਣਦੀ ਤੱਕ ਨਹੀਂ ਜਿੰਨਾਂ ਨੂੰ ਮੈਂ ਦੇਖਿਆ ਤੱਕ ਨਹੀਂ ਉਸ ਘਰ ਅਚਾਨਕ ਜਾਣਾ ਔਖਾ ਨਹੀਂ ਹੋਉਗਾ,ਧੀਏ ਮੈਂ ਵੀ ਤਾਂ ਆਈ ਹੀ ਹਾਂ, ਸਾਰੀਆਂ ਕੁੜੀਆਂ ਨੂੰ ਇਸ ਤਰ੍ਹਾਂ ਹੀ ਜਾਣਾ ਪੈਂਦਾ, ਮਾਂ ਇਹ ਰੀਤਾਂ ਬਹੁਤ ਗਲਤ ਨੇ‌,ਧੀਏ ਗਲਤ ਸਹੀ ਦਾ ਤਾਂ ਪਤਾ ਨਹੀਂ ਪਰ ਜੱਗ ਨਾਲ ਸਭ ਨੂੰ ਚੱਲਣਾ ਪੈਂਦਾ,ਮਾਂ ਪਰ ਮੈਂ ਨਹੀਂ ਜਾਣਾ ਚਾਹੁੰਦੀ ਉਸ ਘਰ ਚ ਜਿਸ ਘਰ ਚ ਮੈਂ ਕਿਸੇ ਨੂੰ ਜਾਣਦੀ ਤੱਕ ਨਹੀਂ,ਜਾਣ ਪਹਿਚਾਣ ਤਾਂ ਆਪੇ ਹੋ ਜਾਂਦੀ ਹੈ। ਚੱਲ ਹੁਣ ਤੂੰ ਕੰਮ ਕਰ ਲੈ ਫਿਰ ਆਪਾਂ ਘਰ ਸਾਫ਼ ਕਰਾਂਗੇ ਬੁਰਾ ਲੱਗਦੈ, ਬੇਗਾਨੇ ਬੰਦੇ ਘਰੇ ਆਉਣਗੇ ਕੀ ਆਖਣਗੇ। ਚੰਗਾ ਮਾਂ ਧੁੱਪ ਢਲ਼ੀ ਤੋਂ ਕਰ ਲਵਾਂਗੇ। ਮਾਂ ਉੱਠ ਕੇ ਬਾਹਰ ਨੂੰ ਆ ਗਈ।ਮੀਤੋ ਨੇ ਬੈਗ ਖੋਲਿਆ ਪਰ ਉਸ ਦਾ ਧਿਆਨ ਚੰਦਨ ਵਿੱਚ ਹੀ ਸੀ।ਬਸ ਦੁੱਖ ਖਾ ਰਿਹਾ ਸੀ ਜੇ ਚੰਦਨ ਕੋਲ ਨਾ ਗਈ ਤਾਂ ਚੰਦਨ ਮਰ ਜਾਵੇਗਾ,ਜਾਂ ਮਾਂ ਪਿਓ ਨੂੰ ਧੋਖਾ ਦੇ ਕੇ ਘਰੋਂ ਜਾਂਦੀ ਹੈ ਤਾਂ ਸਾਰੀ ਉਮਰ ਲਈ ਮਾਪੇ ਦੂਰ ਹੋ ਜਾਣਗੇ,ਨਾ ਉਹ ਮਾਪਿਆਂ ਨੂੰ ਛੱਡਣਾ ਚਾਹੁੰਦੀ ਸੀ ,ਨਾ ਚੰਦਨ ਨੂੰ ਮਾਰਨਾ ਚਾਹੁੰਦੀ ਸੀ। ਰੱਬ ਨੂੰ ਚੇਤੇ ਕੀਤਾ ਰੱਬਾਂ ਜੋ ਤੂੰ ਕਰੇਗਾ ਠੀਕ ਹੀ ਕਰੇਗਾ,ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰ,ਆਥਣ ਵੇਲਾ ਹੋ ਗਿਆ ਮੀਤੋ ਨੇ ਮਾਂ ਨਾਲ ਘਰ ਦੀ ਸਫ਼ਾਈ ਕਰਵਾ ਦਿੱਤੀ।ਸਫ਼ਾਈ ਕਰਵਾ ਕੇ ਨਹਾ ਧੋ ਕੇ ਰੋਟੀ ਖਾ ਲਈ,ਮੀਤੋ ਜਦ ਹੀ ਮੰਜੇ ਤੇ ਪਈ ਤਦ ਹੀ ਚੰਦਨ ਦੀ ਯਾਦ ਆ ਗਈ। ਇਹ ਦੁਬਧਾ ਉਹਨੂੰ ਸਤਾ ਰਹੀ ਸੀ ਉਹ ਚੰਦਨ ਨੂੰ ਬਚਾਵੇ ਜਾਂ ਮਾਪਿਆਂ ਨੂੰ, ਇੱਕ ਦਮ ਮਨ ਚ ਖਿਆਲ ਆਇਆ ਚੰਦਨ ਨੂੰ ਤਾਂ ਮੈਂ ਕੁਝ ਦਿਨਾਂ ਤੋਂ ਹੀ ਜਾਣਦੀ ਹਾਂ ਮਾਪਿਆਂ ਨੇ ਮੈਨੂੰ ਬਚਪਨ ਤੋਂ ਪਾਲਿਆ ਪੜ੍ਹਾਇਆ ਲਿਖਾਇਆ ‌,ਮਾਪਿਆਂ ਨੂੰ ਮੈਂ ਕਿਸ ਗੱਲ ਦੀ ਸਜ਼ਾ ਦੇ ਰਹੀਂ ਹਾਂ,ਨਹੀਂ ਮੈਂ ਚੰਦਨ ਕੋਲ ਨਹੀਂ ਜਾਵਾਂਗੀ ,ਉਹ ਤਾਂ ਹੈ ਵੀ ਇਕੱਲਾ ਜੇ ਮਰ ਵੀ ਜਾਉਗਾ ਕਿਨੂੰ ਦੁੱਖ ਹੋਊਗਾ।ਪਰ ਮਾਪੇ ਜਿਉਂਦੇ ਹੀ ਮਰ ਜਾਣਗੇ,ਨਹੀਂ ਮੈਂ ਮਾਪਿਆਂ ਨੂੰ ਛੱਡ ਕੇ ਨਹੀਂ ਜਾਵਾਂਗੀ, ਮੀਤੋ ਨੇ ਸੋਚਿਆ ਮੈਂ ਕੱਲ ਨੂੰ ਚੰਦਨ ਕਹਿ ਦੇਵਾਂਗੀ। ਸੋਚਦਿਆਂ ਸੋਚਦਿਆਂ ਮੀਤੋ ਨੂੰ ਨੀਂਦ ਆ ਗਈ, ਸਵੇਰ ਹੋਈ ਮੀਤੋ ਨੇ ਮਾਂ ਨਾਲ ਘਰਦਾ ਕੰਮ ਕਰਵਾਇਆ ਤੇ ਸਕੂਲ ਜਾਣ ਲਈ ਤਿਆਰ ਹੋ ਗਈ। ਕੁੜੀਆਂ ਆਵਾਜ਼ ਮਾਰਨ ਆ ਗਈਆਂ,ਮੀਤੋ ਨੇ ਜਾਂਦੇ ਹੋਏ ਚਾਰੇ ਤਰਫ਼ ਰਾਹ ਚ ਚੰਦਨ ਨੂੰ ਦੇਖਿਆ,ਪਰ ਅੱਜ ਚੰਦਨ ਨਹੀਂ ਆਇਆ ਸੀ। ਮੀਤੋ ਦੀ ਬੇਚੈਨੀ ਹੋਰ ਵੀ ਵੱਧ ਗਈ ‌,ਹੁਣ ਕੀ ਕੀਤਾ ਜਾਵੇ, ਮੀਤੋ ਨੇ ਸਕੂਲ ਵਿੱਚ ਮਸਾ ਹੀ ਵਕਤ ਗੁਜ਼ਾਰਿਆ, ਛੁੱਟੀ ਤੋਂ ਬਾਅਦ ਮੀਤੋ ਘਰ ਆ ਗਈ ,ਮੀਤੋ ਨੂੰ ਚੈਨ ਨਹੀਂ ਆ ਰਿਹਾ ਸੀ ਸੋਚ ਸੋਚ ਮੀਤੋ ਦਾ ਸਿਰ ਫਟਨ ਲੱਗ ਗਿਆ।ਉਸ ਨੂੰ ਸਮਝ ਨਹੀਂ ਆ ਰਹੀ ਸੀ ਕੀ ਕੀਤਾ ਜਾਵੇ,ਉਸ ਨੇ ਪੱਕਾ ਧਾਰ ਲਿਆ ਕਿ ਉਹ ਚੰਦਨ ਕੋਲ ਨਹੀਂ ਜਾਵੇਗੀ,ਉਹ ਆਪਣੇ ਮਾਪਿਆਂ ਨੂੰ ਧੋਖਾ ਨਹੀਂ ਦੇਵੇਗੀ ‌,ਆਥਣ ਵਕਤ ਹੋ ਗਿਆ, ਮੀਤੋ ਨੂੰ ਮਾਂ ਨੇ ਕਿਹਾ ਧੀਏ ਰੋਟੀ ਖਾ ਲੈ‌। ਮਾਂ ਭੁੱਖ ਨਹੀਂ ਮੇਰਾ ਸਿਰ ਬਹੁਤ ਦੁੱਖ ਰਿਹਾ ‌।ਧੀਏ ਕੋਈ ਗੋਲੀ ਖਾ ਲੈ,ਨਹੀਂ ਮਾਂ ਆਪੇ ਹੱਟ ਜਾਉ। ਚੰਗਾ ਮੈਂ ਨਿੰਬੂ ਪਾਣੀ ਬਣਾ ਕੇ ਦਿੰਦੀ ਹਾਂ,ਮਾਂ ਨੇ ਨਿੰਬੂ ਪਾਣੀ ਬਣਾ ਕੇ ਦਿੱਤਾ।ਮੀਤੋ ਨੇ ਨਿੰਬੂ ਪਾਣੀ ਪੀਂਦਿਆਂ ਮਾਂ ਵੱਲ ਦੇਖਿਆ ,ਆਪਣੀ ਭੋਲੀ ਮਾਂ ਤੇ ਬਹੁਤ ਤਰਸ ਆ ਰਿਹਾ ਸੀ।ਉਸ ਨੂੰ ਖੁਦ ਤੇ ਗੁੱਸਾ ਆਉਣ ਲੱਗ ਪਿਆ ਕੀ ਉਹ ਚੰਦਨ ਲਈ ਆਪਣੀ ਭੋਲੀ ਮਾਂ ਨੂੰ ਛੱਡ ਕੇ ਜਾਣ ਲਈ ਤਿਆਰ ਹੋ ਗਈ ਸੀ‌‌।ਮੀਤੋ ਨੂੰ ਖੁਦ ਤੇ ਸ਼ਰਮ ਆਉਣ ਲੱਗ ਪਈ।ਉਹ ਰੱਬ ਦਾ ਲੱਖ-ਲੱਖ ਸ਼ੁਕਰ ਮਨਾ ਰਹੀ ਸੀ।ਸ਼ੁਕਰ ਹੈ ਰੱਬ ਤੂੰ ਮੈਨੂੰ ਵਕਤ ਸਿਰ ਸੋਝੀ ਦੇ ਦਿੱਤੀ ਨਹੀਂ ਮੈਂ ਕੋਈ ਗਲਤ ਕਦਮ ਉਠਾ ਬੈਠਦੀ‌,ਨਿੰਬੂ ਪਾਣੀ ਪੀ ਕੇ ਮੀਤੋ ਨੇ ਮਾਂ ਨੂੰ ਕਿਹਾ ਮਾਂ ਮੈਂ ਸੋਂਦੀ ਹਾਂ,ਸਵੇਰੇ ਜਲਦੀ ਉੱਠਾ ਦੇਈਂ। ਠੀਕ ਐ ਧੀਏ ਪੈ ਜਾ ਜਾਂ ਕੇ,ਚੰਗਾ ਮਾਂ ਕਹਿ ਕੇ ਮੀਤੋ ਉੱਠ ਕੇ ਸੋਣ ਚਲੀ ਗਈ,ਮੰਜੇ ਚ ਪੈਂਦਿਆਂ ਉਹਨੂੰ ਨੀਂਦ ਤਾਂ ਨਹੀਂ ਆ ਰਹੀ।ਉਹ ਚੰਦਨ ਦੀ ਮੌਤ ਦਾ ਕਾਰਨ ਖੁਦ ਨੂੰ ਸਮਝਣ ਲੱਗ ਗਈ।ਉਸ ਨੂੰ ਡਰ ਲੱਗਣ ਲੱਗ ਪਿਆ,ਜੇ ਚੰਦਨ ਮਰ ਗਿਆ ਕਿਸੇ ਨੇ ਪੁਲਿਸ ਵਾਲਿਆਂ ਨੂੰ ਦੱਸ ਦਿੱਤਾ ਪੁਲਿਸ ਘਰ ਆਵੇਗੀ ਤਾਂ ਮੇਰੇ ਮਾਪੇ ਕਿਸੇ ਨੂੰ ਮੂੰਹ ਦਿਖਾਉਣ ਯੋਗੇ ਨਹੀਂ ਰਹਿਣੇ। ਹੁਣ ਮੈਂ ਕੀ ਕਰਾਂ,ਮੀਤੋ ਨੇ ਆਪਣੇ ਆਪ ਨੂੰ ਸਵਾਲ ਕੀਤਾ। ਚੱਲ ਮੈਂ ਇੱਕ ਵਾਰ ਜਰੂਰ ਜਾਊਗੀ ਚੰਦਨ ਕੋਲ,ਚੰਦਨ ਨੂੰ ਸਮਝਾ ਕੇ ਵਾਪਸ ਆ ਜਾਵਾਂਗੀ।ਜੇ ਉਹ ਨਾ ਮੰਨਿਆ ਫੇਰ,ਮੀਤੋ ਨੇ ਆਪਣੇ ਅੰਦਰਲੇ ਮਨ ਨੂੰ ਆਪ ਹੀ ਸਵਾਲ ਕੀਤਾ।ਉਹ ਮੰਨ ਜਾਵੇਗਾ ਜੇ ਤੈਨੂੰ ਸੱਚਾ ਪਿਆਰ ਕਰਦਾ ਹੋਵੇਗਾ। ਪਿਆਰ ਕਰਨ ਵਾਲੇ ਕਦੇ ਜ਼ਬਰਦਸਤੀ ਨਹੀਂ ਕਰਦੇ,ਮੀਤੋ ਖੁਦ ਨੂੰ ਖੁਦ ਹੀ ਸਵਾਲਾਂ ਵਿੱਚ ਜੁਆਬ ਦੇ ਰਹੀਂ ਸੀ,ਰਾਤ ਕਾਫ਼ੀ ਹੋ ਗਈ।
ਮੀਤੋ ਨੇ ਟਾਇਮ ਦੇਖਿਆ ਟਾਈਮ ਗਿਆਰਾਂ ਵੱਜ ਚੁੱਕੇ ਸਨ।ਘਰਦੇ ਸਾਰੇ ਘੂਕ ਸੁੱਤੇ ਪਏ ਸੀ,ਮੀਤੋ ਦਾ ਦਿਲ ਜ਼ੋਰ ਜ਼ੋਰ ਧੜਕ ਰਿਹਾ ਸੀ।ਚੱਲ ਮੀਤੋ ਚੰਦਨ ਨੂੰ ਸਮਝਾ ਕੇ ਵਾਪਸ ਆ ਜਾਈ,ਮੀਤੋ ਡਰਦੀ ਡਰਦੀ ਮੰਜੇ ਤੋਂ ਉੱਠੀ,ਉੱਠ ਚਾਰ ਚੁਫੇਰੇ ਦੇਖਿਆ ਤਾਂ ਸਾਰੇ ਘਰ ਚ ਸਨਾਟਾ ਛਾਇਆ ਪਇਆ ਸੀ।ਮੀਤੋ ਉੱਠ ਕੇ ਹੌਲੀ ਹੌਲੀ ਨਲਕੇ ਕੋਲ ਪਹੁੰਚ ਕੇ ਬੈਠਕ ਕੋਲ ਪਹੁੰਚੀ,ਮੇਨ ਗੇਟ ਖੋਲ੍ਹਣ ਦੀ ਬਜਾਏ ਉਸ ਨੇ ਬੈਠਕ ਵਾਲਾ ਗੇਟ ਖੋਲ੍ਹ ਕੇ ਜਾਣਾ ਚਾਹਿਆ।ਮੀਤੋ ਦੱਬੇ ਪੈਰੀਂ ਬੈਠਕ ਵਿੱਚ ਗਈ।ਹੋਲੀ ਹੋਲੀ ਬੈਠਕ ਦਾ ਗੇਟ ਖੋਲ੍ਹਿਆ,ਗੇਟ ਖੋਲ੍ਹ ਕੇ ਪਹਿਲਾਂ ਉਹਨੇ ਬਾਹਰ ਗਲ਼ੀ ਦੇ ਮੋੜ ਤੱਕ ਦੇਖਿਆ‌, ਗਲ਼ੀ ਵਿੱਚ ਕੁੱਤਾ ਤੱਕ ਨਹੀਂ ਸੀ।ਚਾਰੇ ਪਾਸੇ ਸੰਨਾਟਾ ਛਾਇਆ ਹੋਇਆ ਸੀ।ਮੀਤੋ ਬੈਠਕ ਵਿੱਚ ਆ ਕੇ ਘਰ ਦੇ ਅੰਦਰ ਦੇਖਿਆ,ਘਰ ਚ ਵੀ ਪੂਰਾ ਸੰਨਾਟਾ ਛਾਇਆ ਹੋਇਆ ਸੀ।ਮੀਤੋ ਨੇ ਬੈਠਕ ਦਾ ਗੇਟ ਅੰਦਰਲੇ ਪਾਸੇ ਹੇਠਾਂ ਦੀ ਇੱਟ ਲਗਾ ਕੇ ਬੰਦ ਕਰ ਦਿੱਤਾ ਤੇ ਹੋਲੀ ਹੋਲੀ ਦੱਬੇ ਪੈਰੀਂ ਗਲ਼ੀ ਦੇ ਮੋੜ ਤੱਕ ਗਈ ਫਿਰ ਮੋੜ ਤੇ ਖੜ ਕੇ ਗਲ਼ੀ ਚ ਅੱਗੇ ‌ਪਿੱਛੇ ਦੇਖਿਆ,ਗਲ਼ੀ ਅੱਗੇ ਵੀ ਕੋਈ ਨਹੀਂ ਸੀ।ਮੀਤੋ ਅੱਗੇ ਅੱਗੇ ਤੁਰਦੀ ਗਈ। ਸਿਵਿਆਂ ਦੇ ਮਗਰਲੇ ਪਾਸੇ ਖੂਹ ਸੀ।ਮੀਤੋ ਸਿਵਿਆਂ ਵਾਲ਼ੀ ਗਲ਼ੀ ਤੱਕ ਪਹੁੰਚ ਗਈ। ਸਿਵਿਆਂ ਵਾਲੀ ਗਲ਼ੀ ਦੇ ਮੋੜ ਤੇ ਜਾਂ ਕੇ ਇੱਕ ਦਮ ਰੁੱਕ ਗਈ।ਉਸ ਨੂੰ ਇੱਕ ਦਮ ਸਿਵਿਆਂ ਤੋਂ ਡਰ ਲੱਗਿਆ।ਉਸ ਨੇ ਸੁਣਿਆ ਸੀ।ਰਾਤ ਦੇ ਬਾਰਾਂ ਵਜੇ ਸਿਵਿਆਂ ਦੀਆਂ ਸਾਰੀਆਂ ਭੂਤਾਂ ਇਕੱਠੀਆਂ ਹੋ ਕੇ ਨੱਚਦੀਆਂ ਨੇ, ਮੀਤੋ ਪਿਛੋਂ ਕਾਹਲ਼ੀ ਕਾਹਲ਼ੀ ਤੁਰਦੀ ਆ ਰਹੀਂ ਇੱਥੇ ਆ ਕੇ ਉਸ ਦੇ ਪੈਰ ਥੰਮ ਬਣ ਅੱਗੇ ਹਿੱਲਣ ਦਾ ਨਾਂ ਨਹੀਂ ਲੈ ਰਹੇ ਸੀ।ਪਰ ਖੂਹ ਤੇ ਜਾਣ ਦਾ ਹੋਰ ਕੋਈ ਰਾਹ ਵੀ ਨਹੀਂ,ਡਰਦੀ ਡਰਦੀ ਨੇ ਉਸ ਨੇ ਅਗਾਂਹ ਪੈਰ ਵਧਾਏ।ਕਾਹਲ਼ੀ ਕਾਹਲ਼ੀ ਸਿਵਿਆਂ ਅੱਗੋਂ ਦੀ ਦੂਜੇ ਪਾਸੇ ਦੀ ਮੂੰਹ ਕਰਕੇ ਲੰਘ ਗਈ।ਤੁਰੀ ਜਾਂਦੀ ਦੇ ਅਚਾਨਕ ਪਿਛੋਂ ਆਵਾਜ਼ ਆਈ ਮੀਤੋ… ਮੀਤੋ,ਮੀਤੋ ਇੰਨਾ ਡਰ ਗਈ ਉਸ ਨੂੰ ਲੱਗਿਆ ਕਿ ਸੱਚੀ ਕਿਸੇ ਭੂਤ ਨੇ ਉਸ ਨੂੰ ਬੁਲਾ ਲਿਆ।ਲੈ ਮੀਤੋ ਹੁਣ ਤਾਂ ਤੇਰੀ ਖ਼ੈਰ ਨਹੀਂ ਮੀਤੋ ਨੇ ਖੁਦ ਨੂੰ ਹੀ ਕਿਹਾ,ਮੀਤੋ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।ਉਹ ਅੱਗੇ ਅੱਗੇ ਤੁਰਦੀ ਗਈ। ਆਵਾਜ਼ ਨੇੜੇ ਹੋ ਕੇ ਤੇਜ਼ ਹੁੰਦੀ ਗਈ।ਮੀਤੋ ਦੀ ਧੜਕਣ ਹੋਰ ਤੇਜ਼ ਹੁੰਦੀ ਗਈ। ਇੱਕ ਦਮ ਉਸ ਦੇ ਮੋਢੇ ਤੇ ਆ ਕੇ ਕਿਸੇ ਹੱਥ ਧਰਿਆ ਮੀਤੋ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ,ਥਰ ਥਰ ਕੰਬਣ ਲੱਗ ਗਈ।ਮੀਤੋ ਕੀ ਹੋਇਆ ਮੈਂ ਕਦੋਂ ਦਾ ਆਵਾਜ਼ ਮਾਰ ਰਿਹਾ। ਚੰਦਨ ਤੂੰ।ਡਰਾ ਹੀ ਦਿੱਤਾ। ਹਾਂ ਮੈਂ ਮੀਤੋ ਕੀ ਹੋਇਆ ਤੂੰ ਇੰਨੀ ਘਬਰਾਈ ਹੋਈ ਕਿਉਂ ਹੈ। ਚੰਦਨ ਤੂੰ ਇੱਥੇ ਕੀ ਕਰਦੈਂ ਖੂਹ ਤੇ ਹੋਣਾ ਚਾਹੀਦਾ ਸੀ ਤੈਨੂੰ ਤਾਂ,ਮੀਤੋ ਮੈਨੂੰ ਪਤਾ ਸੀ ਤੂੰ ਇੱਧਰ ਦੀ ਆਏਗੀ ਮੈਂ ਤਾਂਹੀ ਸਿਵਿਆਂ ਦੇ ਗੇਟ ਚ ਖੜ ਗਿਆ। ਚੰਦਨ ਮੈਨੂੰ ਲੱਗਿਆ ਜਿਵੇਂ ਕੋਈ ਸਿਵਿਆਂ ਦੀ ਭੂਤ ਮੇਰੇ ਮਗਰ ਆ ਗਈ।ਮੀਤੋ ਕੋਈ ਭੂਤ ਭਾਤ ਨਹੀਂ ਹੁੰਦੀ, ਮੈਂ ਦੋ ਘੰਟਿਆਂ ਤੋਂ ਸਿਵਿਆਂ ਚ ਘੁੰਮ ਰਿਹਾ, ਮੈਂ ਤਾਂ ਕਿਸੇ ਨੇ ਫੜਿਆ ਨਹੀਂ, ਨਹੀਂ ਚੰਦਨ ਮਾਂ ਤਾਂ ਕਹਿੰਦੀ ਹੁੰਦੀ ਹੈ ਕਿ ਰਾਤ ਨੂੰ ਬਾਰਾਂ ਵਜੇ ਸਿਵਿਆਂ ਦੀਆਂ ਭੂਤਾਂ ਗਿੱਧਾ ਪਾ ਨੱਚਦੀਆਂ ਨੇ,ਮੀਤੋ ਇਹ ਕਹੀਆਂ ਕਹਾਈਆਂ ਗੱਲਾਂ ਨੇ,ਜੋ ਬੰਦਾ ਮਰ ਗਿਆ ਉਹਨੂੰ ਰੱਬ ਅਗਲੀ ਜੂਨੀ ਚ ਭੇਜ ਦਿੰਦਾ,ਭੂਤਾਂ ਤਾਂ ਆਮ ਜਿਉਦੇ ਬੰਦੇ ਹੀ ਬਣ ਜਾਂਦੇ ਨੇ, ਕੋਈ ਸ਼ਰਾਬ ਪੀ ਕੇ ਜਾਂ ਕੋਈ ਨਸ਼ਾ ਕਰਕੇ।ਮਰ ਕੇ ਭੂਤ ਨਹੀਂ ਜਿਉਂਦੇ ਭੂਤ ਜ਼ਰੂਰ ਹੁੰਦੇ ਨੇ,ਪਰ ਚੰਦਨ ਮਾਂ ਵੀ ਝੂਠ ਨਹੀਂ ਬੋਲ ਸਕਦੀ‌,ਮੈਂ ਮੰਨਦਾ ਹਾਂ ਤੇਰੀ ਮਾਂ ਝੂਠ ਨਹੀਂ ਬੋਲਦੀ ਤੇਰੀ ਮਾਂ ਨੇ ਵੀ ਅੱਗੋਂ ਇਹ ਗੱਲ ਕਿਸੇ ਤੋਂ ਸੁਣੀ ਹੈ ਤੇ ਉਹਨੇ ਯਕੀਨ ਕਰ ਲਿਆ ਤੇ ਉਹਨੇ ਤੈਨੂੰ ਦੱਸ ਦਿੱਤੀ ਤੂੰ ਵੀ ਯਕੀਨ ਕਰ ਲਿਆ,ਇਹ ਗੱਲਾਂ ਕਾਲਪਨਿਕ ਹੁੰਦੀਆਂ ਨੇ ਮੀਤੋ, ਚੱਲ ਮੀਤੋ ਚੱਲੀਏ ਤੂੰ ਕੋਈ ‌ਬੈਗ ਤਾਂ ਨਹੀਂ ਲੈ ਕੇ ਆਈ, ਮੈਂ ਚੰਦਨ ਤੇਰੇ ਨਾਲ ਜਾਣ ਨਹੀਂ ਆਈ ਤੈਨੂੰ ਸਮਝਾਉਣ ਆਈ ਹਾਂ ਕਿ ਇਸ ਤਰ੍ਹਾਂ ਘਰੋਂ ਭੱਜ ਜਾਣਾ ਠੀਕ ਨਹੀਂ ਹੁੰਦਾ,ਮੀਤੋ ਤੂੰ ਜਾਣਾ ਮੇਰੇ ਨਾਲ ਜਾਂ ਮੈਂ ਮਰ ਜਾਵਾਂ, ਚੱਲ ਜਾਂ ਤੂੰ ਘਰ ਮੈਂ ਆਪੇ ਦੇਖੂ ਆਪਦੀ, ਤੂੰ ਜਾ ਤੇਰੇ ਤਾਂ ਮਾਪੇ ਵੀ ਨੇ ਮੇਰਾ ਕੀ ਹੈ‌,ਚੱਲ ਵਾਪਸ ਜਾਂ ਮੀਤੋ ਕਹਿ ਕੇ ਚੰਦਨ ਖੂਹ ਵੱਲ ਤੁਰ ਪਿਆ, ਨਹੀਂ ਚੰਦਨ ਤੂੰ ਮਰਨਾ ਨਹੀਂ‌,ਨਹੀਂ ਮੀਤੋ ਵਾਪਸ ਜਾ,ਤੂੰ ਮੇਰੇ ਨਾਲ ਨਹੀਂ ਰਹਿ ਸਕਦੀ ਤਾਂ ਮੈਂ ਜੀਅ ਕੇ ਕੀ ਕਰਨਾ, ਨਹੀਂ ਚੰਦਨ ਚੱਲ ਚੰਗਾ ਜਿਥੇ ਚੱਲਣਾ, ਚੰਦਨ ਇੱਕ ਦਮ ਪਿੱਛੇ ਮੁੜਿਆ ਤੇ ਮੀਤੋ ਨੂੰ ਆਪਣੀ ਗੱਲਵਕੜੀ ਚ ਲੈ ਕੇ ਪਿਆਰ ਦਿੱਤਾ, ਚੱਲ ਮੀਤੋ ਇਥੋਂ ਛੇਤੀ ਨਿਕਲ ਚੱਲੀਏ।
ਮੀਤੋ ਤੇ ਚੰਦਨ ਫਿਰਨੀ ਉੱਪਰ ਦੀ ਹੋ ਕੇ ਵੱਡੀ ਸੜਕ ਤੋਂ ਹੋ ਕੇ ਸਟੇਸ਼ਨ ਪਹੁੰਚ ਗਏ,ਗੱਡੀ ਦਾ ਟਾਈਮ ਹੋਇਆ ਪਿਆ ਸੀ, ਚੰਦਨ ਨੇ ਦੋ ਟਿਕਟਾਂ ਚੰੜੀਗੜ ਦੀਆਂ ਲਈਆਂ ਤੇ ਸਟੇਸ਼ਨ ਤੇ ਖੜ ਕੇ ਗੱਡੀ ਦੀ ਉਡੀਕ ਕਰਨ ਦੋਹਾਂ ਵਿੱਚ ਚੁੱਪੀ ਛਾਈ ਰਹੀ,ਗੱਡੀ ਦੀ ਆਵਾਜ਼ ਆਉਣੀ ਸ਼ੁਰੂ ਹੋਈ ਗੱਡੀ ਸਟੇਸ਼ਨ ਤੇ ਆ ਪਹੁੰਚੀ ਤੇ ਸਟੇਸ਼ਨ ਤੇ ਆ ਕੇ ਰੁੱਕ ਗਈ, ਚੰਦਨ ਤੇ ਮੀਤੋ ਗੱਡੀ ਚ ਚੜ ਗੲੇ ਗੱਡੀ ਬਿਲਕੁਲ ਖ਼ਾਲੀ ਸੀ, ਕੁਝ ਸਵਾਰੀਆਂ ਉੱਤਰੀਆਂ ਪਰ ਚੜ੍ਹਨ ਵਾਲੇ ਮੀਤੋ ਤੇ ਚੰਦਨ ਹੀ ਸਨ।ਦੋਵੇਂ ਇਕੱਠੇ ਇੱਕ ਸੀਟ ਤੇ ਬੈਠ ਗਏ। ਦੋਨਾਂ ਵਿੱਚ ਆਪਸ ਵਿੱਚ ਚੁੱਪੀ ਛਾਈ ਰਹੀਂ,ਫਿਰ ਚੰਦਨ ਨੇ ਹੀ ਗੱਲ ਸ਼ੁਰੂ ਕੀਤੀ ਮੀਤੋ ਕੀ ਹੋਇਆ ਚੁੱਪ ਕਿਉਂ, ਚੰਦਨ ਮੈਂ ਇਸ ਤਰ੍ਹਾਂ ਘਰੋਂ ਭੱਜਣਾ ਨਹੀਂ ਚਾਹੁੰਦੀ ਸੀ,ਪਰ ਤੂੰ ਮੈਨੂੰ ਮਜਬੂਰ ਕਰ ਦਿੱਤਾ,ਮੀਤੋ ਮੈਂ ਤੈਨੂੰ ਮਜਬੂਰ ਨਹੀਂ ਕੀਤਾ ਜੇ ਤੂੰ ਮੈਨੂੰ ਪਿਆਰ ਨਹੀਂ ਕਰਦੀ ਤਾਂ ਆਪਾਂ ਇਥੋਂ ਹੀ ਮੁੜ ਚੱਲਦੇ ਹਾਂ, ਮੈਂ ਤੈਨੂੰ ਸਿਵਿਆਂ ਵਾਲੇ ਖੂਹ ਤੇ ਹੀ ਛੱਡ ਦੇਵਾਂਗਾ,ਨਹੀਂ ਚੰਦਨ ਹੁਣ ਤਾਂ ਜੋ ਹੋਉ ਦੇਖੀ ਜਾਉ,ਪਰ ਮੀਤੋ ਮੈਂ ਤੈਨੂੰ ਖੁਸ਼ ਦੇਖਣਾ ਚਾਹੁੰਦਾ ਜੇ ਤੂੰ ਖੁਸ਼ ਨਹੀਂ ਤਾਂ ਮੁੜ ਚੱਲਦੇ ਹਾਂ, ਨਹੀਂ ਚੰਦਨ ਹੁਣ ਨਹੀਂ, ਮੇਰੀ ਮਾਂ ਵਿਚਾਰੀ ਰੋ ਰੋ ਮਰ ਜਾਊਂਗੀ ਮੇਰਾ ਬਾਪੂ ਮੇਰੀ ਮਾਂ ਨੂੰ ਤਾਨੇ ਦੇ ਦੇ ਮਾਰ ਦੇਊਗਾ,ਚੱਲ ਮੀਤੋ ਇਥੋਂ ਮੁੜ ਚੱਲਦੇ ਹਾਂ ਨਹੀਂ ਚੰਦਨ ਹੁਣ ਤਾਂ ਜਦੋਂ ਤੱਕ ਘਰ ਪਹੁੰਚਾਂਗੇ ਉਦੋਂ ਤੱਕ ਸਵੇਰ ਹੋਜੂ ਮੇਰਾ ਬਾਪੂ ਮੈਨੂੰ ਉਂਝ ਹੀ ਮਾਰ ਦੇਉ,ਸਵੇਰ ਹੋਣ ਚ ਹੁਣ ਤਾਂ ਥੋੜਾ ਟਾਇਮ ਹੀ ਬਾਕੀ ਹੈ,ਗੱਡੀ ਆਪਣੀ ਚਾਲ ਸਟੇਸ਼ਨਾਂ ਤੇ ਰੁੱਕਦੀ ਰੁੱਕਦੀ ਜਾ ਰਹੀਂ ਸੀ,ਫਿਰ ਦੋਵਾਂ ਵਿੱਚ ਚੁੱਪ ਛਾ ਗਈ ,ਮੀਤੋ ਦੀ ਫ਼ਿਕਰ ਚ ਅੱਖ ਲੱਗ ਗਈ। ਚੰਦਨ ਵੀ ਮੀਤੋ ਦੇ ਮੋਢੇ ਤੇ ਸਿਰ ਰੱਖ ਕੇ ਸੌਂ ਗਿਆ।
ਚਾਏ…ਚਾਏ.. ਦਸ ਕੀ… ਚਾਏ,ਭਾਈ ਸਾਹਿਬ ਚਾਏ ਪੀਈਏ ਸੁਭਾ ਹੋ ਗਈ , ਚੰਦਨ ਨੇ ਇੱਕ ਦਮ ਜਾਗ ਕੇ ਚਾਹ ਵਾਲੇ ਨੂੰ ਪੁੱਛਿਆ ਕਿਹੜਾ ਸਟੇਸ਼ਨ ਆ ਗਿਆ ਭਾਈ,ਬਾਈ ਸਾਹਿਬ ਚੰੜੀਗੜ ਆ ਗਿਆ ,ਗੱਡੀ ਸਟੇਸ਼ਨ ਤੇ ਰੁਕੀਂ ਤੇ ਦੋਵੇਂ ਸਟੇਸ਼ਨ ਤੇ ਉਤਰ ਗੲੇ,ਨੌ ਵੱਜ ਚੁੱਕੇ ਸੀ,ਦੱਸ ਵਜੇ ਕੋਰਟ ਖੁੱਲ ਜਾਣਾ ਸੀ,ਮੀਤੋ ਭੁੱਖ ਤਾਂ ਨਹੀਂ ਲੱਗੀ ਚੰਦਨ ਨੇ ਮੀਤੋ ਨੂੰ ਪੁੱਛਿਆ, ਨਹੀਂ ਚੰਦਨ ਹੁਣ ਭੁੱਖ ਕਿਥੋਂ ਲੱਗੂਗੀ,ਚੰਗਾ ਮੀਤੋ ਪਹਿਲਾਂ ਰਿਕਸ਼ਾ ਲੈ ਕੇ ਕੋਰਟ ਪਹੁੰਚ ਕੇ ਪਹਿਲਾਂ ਕੋਰਟ ਮੈਰਿਜ ਕਰਵਾ ਲੈਂਦੇ ਹਾਂ ਬਾਅਦ ਵਿੱਚ ਆਰਾਮ ਨਾਲ ਬੈਠ ਕੇ ਕੁਝ ਖਾਵਾਂ ਪੀਵਾਂਗੇ, ਚੰਦਨ ਨੇ ਰਿਕਸ਼ੇ ਵਾਲੇ ਨੂੰ ਹੱਥ ਦਿੱਤਾ ਰਿਕਸ਼ਾ ਕੋਲ ਆ ਕੇ ਰੁੱਕ ਗਿਆ ‌, ਕਹਾਂ ਜਾਣਾ ਹੈ… ਬਾਈ ਸਾਹਿਬ,ਬਾਈ ਕੋਰਟ ਜਾਣਾ, ਸੌਂ ਰੁਪਿਆ ਲੱਗੇਗਾ,ਕੋਈ ਨਾ ਲੈ ਲਈ ਬਾਈ,ਪਰ ਛੇਤੀ ਚੱਲ ਚੰਦਨ ਨੇ ਕਾਹਲੀ ਕਰਦੇ ਨੇ ਕਿਹਾ,ਕਿਆ ਭਾਈ ਤੁੰਮ ਨੇ ਵੀ ਕੋਰਟ ਮੈਰਿਜ ਕਰਵਾਨਾਂ ਹੈ,ਬਾਈ ਬਹੁਤੀਆਂ ਬੁਝਾਰਤਾਂ ਨਾ ਪਾ ਤੂੰ ਛੇਤੀ ਚੱਲ ਤੇ ਤੂੰ ਦੱਸ ਕੀ ਲੈਣਾ ਪੁੱਛ ਕੇ, ਚੰਦਨ ਨੇ ਉਸ ਨੂੰ ਦੱਸਣ ਦੀ ਬਜਾਏ ਉਲਟਾ ਸਵਾਲ ਕੀਤਾ,ਰਿਕਸ਼ੇ ਵਾਲੇ ਨੇ ਚੁੱਪ ਚਾਪ ਰਿਕਸ਼ਾ ਤੋਰਿਆ ਤੇ ਕੁਝ ਹੀ ਮਿੰਟਾਂ ਚ ਰਿਕਸ਼ਾ ਕੋਰਟ ਦੇ ਸਾਹਮਣੇ ਰੋਕ ਦਿੱਤਾ,ਜੇ ਲੋ ਬਾਈ ਆ ਗਿਆ ਆਪ ਕਾ ਕੋਰਟ, ਚੰਦਨ ਨੇ ਰਿਕਸ਼ੇ ਵਾਲੇ ਨੂੰ ਸੌਂ ਰੁਪਏ ਦੇ ਧੰਨਵਾਦ ਕੀਤਾ, ਚੱਲ ਮੀਤੋ ਕਾਹਲ ਨਾਲ ਆਜਾ,ਮੀਤੋ ਤੇ ਚੰਦਨ ਕਾਹਲ ਨਾਲ ਉਤਰ ਕੇ ਕੋਰਟ ਦੇ ਅੰਦਰ ਆ ਗੲੇ, ਕੋਰਟ ਚ ਮੈਰਿਜ ਦੀ ਗੱਲ ਕੀਤੀ,ਕੋਰਟ ਦੀਆਂ ਕੁਝ ਸ਼ਰਤਾਂ ਪੂਰੀਆਂ ਕਰਕੇ ਦੋਵਾਂ ਨੇ ਮੈਰਿਜ ਕਰਵਾ ਲਈ….

***

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏

✍️ ਵੀਰਪਾਲ ਸਿੱਧੂ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਵੀਰਪਾਲ ਸਿੱਧੂ ਮੌੜ ( 6283154525 )

...
...



Related Posts

Leave a Reply

Your email address will not be published. Required fields are marked *

2 Comments on “ਉੱਖੜੇ ਰਾਹ”

  • ਸਹੀ ਕਿਹਾ ਜੀ,

    ਇਸ ਕਹਾਣੀ ਦਾ ਅਗਲਾ ਭਾਗ ਅੱਜ ਜਾਂ ਕੱਲ ਵਿਚ ਤੁਹਾਡੇ ਅੱਗੇ ਰੂਬਰੂ ਕਰਾਂਗੇ, ਜ਼ਰੂਰ ਪੜ੍ਹਨਾ ਤੇ ਆਪਣੇ ਵਿਚਾਰ ਜਰੂਰ ਦੱਸਣਾ ਜੀ

  • ਪਿਆਰ ਇਨ੍ਹਾਂ ਮਜ਼ਬੂਰ ਕਰ ਦਿੰਦਾ ਹੈ ਕਿ ਅਸੀ ਆਪਣੇ ਮਾਪਿਆਂ ਨੂੰ ਹੀ ਭੁੱਲ ਜਾਈਏ ਇਸ ਕਰਕੇ ਹੀ ਲੋਕ ਧੀ ਨੂੰ ਜਨਮ ਦੇਣ ਤੋ ਡਰ ਦੇ ਹਨ ਹਾ ਪਿਆਰ ਇਕ ਪੂਜਾ ਹੈ ਪਰ ਮਾਪਿਆਂ ਨੂੰ ਦੁੱਖ ਦੇ ਕੇ ਅਸੀ ਖੁਸ਼ ਕਿਸ ਤਰ੍ਹਾਂ ਹੋ ਸਕਦੇ ਹਾਂ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)