ਸਕੂਲ ਵਿੱਚ ਨਵੀ ਅਧਿਆਪਕਾ ਆਈ। ਬੜੀ ਹੀ ਜ਼ਿੰਦਾ-ਦਿਲ ਇਨਸਾਨ ਸੀ। ਜਦੋ ਵੀ ਮਿਲਦੀ, ਮਿਲਕੇ ਰੂਹ ਖੁਸ਼ ਹੋ ਜਾਂਦੀ। ਉਸਦੀ ਜੱਫੀ ਵਿੱਚ ਮਾਂ ਵਰਗਾ ਨਿੱਘ ਸੀ।ਉਸਦੇ ਬੋਲਾਂ ਵਿੱਚ ਜਿਵੇ ਜਾਦੂ ਹੋਵੇ। ਜਿਹੜੇ ਵਿਦਿਆਰਥੀ ਸਿਰੇ ਦੇ ਸ਼ਰਾਰਤੀ ਸੀ, ਉਸਦੇ ਪੀਰੀਅਡ ਵਿੱਚ ਮਜਾਲ ਹੈ ਕਿ ਕੰਨ’ਚ ਪਾਏ ਵੀ ਰੜਕਦੇ ਹੋਣ। ਨਾਲੇ ਉਸਨੇ ਕਦੀ ਕਿਸੇ ਵਿਦਿਆਰਥੀ ਨੂੰ ਮਾਰਨਾ ਤਾਂ ਬੜੇ ਦੂਰ ਦੀ ਗੱਲ ਕਦੇ ਉੱਚਾ ਵੀ ਨਹੀ ਸੀ ਬੋਲਿਆ। ਜਦੋ ਪੜਾਉਣ ਲੱਗਦੀ ਤਾਂ ਦੋ- ਦੋ, ਤਿੰਨ- ਤਿੰਨ ਇਕੱਠੇ ਪੀਰੀਅਡ ਵੀ ਲਾ ਲੈੰਦੀ। ਬਹੁਤ ਹੀ ਮਿਹਨਤੀ ਤੇ ਹਸਮੁੱਖ ਵੀ ਸੀ। ਮੈਨੂੰ ਉਹ ਬੜੀ ਚੰਗੀ ਲੱਗਦੀ ਸੀ। ਮੇਰਾ ਉਸ ਨਾਲ ਆਪਣੇ ਦੁੱਖ-ਸੁੱਖ ਸਾਂਝੇ ਕਰਨ ਨੂੰ ਮਨ ਲੋਚਦਾ ਸੀ।ਇੱਕ ਦਿਨ ਉਸ ਨਾਲ ਗੱਲ੍ਹੀ ਲੱਗ ਗਈ। ਉਸਨੂੰ ਦੱਸਿਆ ਕਿ ,” ਮੇਰਾ ਇੱਕੋ ਬੇਟਾ ਹੈ, ਕੈਨੇਡਾ ਜਾ ਰਿਹਾ ਹੈ । ਮੇਰਾ ਦਿਲ ਘਟੀ ਜਾਂਦਾ ਹੈ । ਕੀ ਕਰਾਂ ?”ਮੇਰੀ ਗੱਲ ਸੁਣਕੇ ਉਸਨੇ ਮੈਨੂੰ ਹੌਸਲਾ ਦਿੱਤਾ ,” ਤੇ ਫੇਰ ਕੀ ਹੋਇਆ , ਬੱਚੇ ਦਾ ਭਵਿੱਖ ਉਜਲਾ ਹੋਵੇਗਾ , ਪੜਨ ਲਈ ਹੀ ਜਾ ਰਿਹਾ ਹੈ । ਅੱਜ ਕੱਲ ਤਾਂ ਬਹੁਤ ਬੱਚੇ ਜਾ ਰਹੇ ਹਨ। ਸਗੋਂ ਤੁਹਾਡੇ ਜਾਣ ਲਈ ਵੀ ਰਸਤਾ ਖੁੱਲ ਜਾਵੇਗਾ । “ਉਸਦੀਆਂ ਗੱਲਾਂ ਸੁਣਕੇ ਮਨ ਨੂੰ ਕਾਫ਼ੀ ਧਰਵਾਸ ਜਿਹਾ ਮਿਲਿਆ। ਗੱਲਾਂ ਕਰਦਿਆਂ ਪਤਾ ਲੱਗਾ ਕਿ ਉਸਨੇ ਵੀ ਅਪਣੀ ਇਕਲੌਤੀ ਬੇਟੀ ਨੂੰ ਕੈਨੇਡਾ ਭੇਜ ਦਿੱਤਾ ਸੀ। ਹਾਲਾਂਕਿ ਉਸਦੀ ਬੇਟੀ ਜਾਣਾ ਵੀ ਨਹੀ ਸੀ ਚਾਹੁੰਦੀ। ਉਸ ਤੋ ਇਸਦਾ ਕਾਰਣ ਜਾਣਨਾ ਚਾਹਿਆ ਕਿ ,”ਤੁਸੀ ਅਜਿਹਾ ਕਿਉਂ ਕੀਤਾ ਹੈ ?”ਤਾਂ ਉਨਾਂ ਮੈਨੂੰ ...
ਜਵਾਬ ਦਿੱਤਾ ,”ਅਗਰ ਪੁੱਛਦੇ ਹੀ ਹੋ ਤਾਂ ਦੱਸ ਦਿੰਦੀ ਹਾਂ। ਅਸਲ ਵਿੱਚ ਮੈਨੂੰ ਬਰੇਨ ਟਿਊਮਰ ਹੈ, ਉਹ ਵੀ ਅਖੀਰਲੀ ਸਟੇਜ ਵਿੱਚ। ਡਾ . ਨੇ ਸਾਨੂੰ ਜਵਾਬ ਦੇ ਦਿੱਤਾ ਹੈ ।ਪਰ ਮੈ ਨਹੀ ਚਾਹੁੰਦੀ ਕਿ ਮੇਰੀ ਬੀਮਾਰੀ ਦਾ ਕੋਈ ਅਸਰ ਮੇਰੇ ਬੱਚਿਆਂ ਜਾਂ ਮੇਰੇ ਵਿਦਿਆਰਥੀਆਂ ਦੇ ਭਵਿੱਖ ਤੇ ਪਵੇ।ਕਿਉਂਕਿ ਇਹ ਜੀਵਨ ਤਾਂ ਦੁੱਖਾਂ ਤੇ ਸੁੱਖਾਂ ਦਾ ਸੁਮੇਲ ਹੈ। ਨਾ ਹੀ ਮੈ ਕਿਸੇ ਸਾਹਮਣੇ ਵਿਚਾਰੀ ਬਣਨਾ ਚਾਹੁੰਦੀ ਹਾਂ। ਮੈ ਚੰਗਾ ਖਾ- ਪੀ ਰਹੀ ਹਾਂ। ਜਦੋ ਤੱਕ ਜੀਵਨ ਹੈ, ਇਸਦੇ ਪਲ- ਪਲ ਦਾ ਆਨੰਦ ਲੈ ਰਹੀ ਹਾਂ। ਹਾਂ ! ਮੈ ਰੋਜ਼ਾਨਾ ਸਵੇਰੇ ਸਵਖਤੇ ਉੱਠਕੇ ਪਾਠ ਕਰਦੀ ਹਾਂ। ਮੇਰਾ ਯਕੀਨ ਹੈ ਕਿ ਜਦੋ ਤੱਕ ਮੇਰੇ ਕੋਲੋ ਪਾਠ ਹੁੰਦਾ ਰਿਹਾ, ਉਦੋਂ ਤੱਕ ਮੇਰਾ ਵਾਲ ਵੀ ਵਿੰਗਾ ਨਹੀ ਹੁੰਦਾ । ਸੈਰ ਕਰਦੀ ਹਾਂ। ਬਾਕੀ ਇਹ ਦੁੱਖ- ਸੁੱਖ ਤਾਂ ਚੱਲਦੇ ਰਹਿੰਦੇ ਹਨ, ਇੰਨ੍ਹਾਂ ਵਾਰੇ ਸੋਚਕੇ ਆਪਣਾ ਮਨ ਨਾ ਖਰਾਬ ਕਰਿਆ ਕਰੋ, ਜਿੰਨਾ ਵੀ ਜੀਵਨ ਹੈ ਠਾਠ ਨਾਲ ਜੀਓ। “ਹੱਸਕੇ ਇੰਨਾ ਆਖਦੀ ਹੋਈ ਉਹ ਮੇਰੇ ਤੋ ਦੂਰ ਚਲੀ ਗਈ। ਭਾਵੇ ਕਿ ਉਸਦੀਆਂ ਗੱਲਾਂ ਨਾਲ ਮੈਨੂੰ ਕਾਫ਼ੀ ਧਰਵਾਸ ਮਿਲਿਆ ਸੀ ,ਪਰ ਦੂਜੇ ਪਾਸੇ ਉਸਦੇ ਵਾਰੇ ਜੋ ਸੁਣਿਆ, ਉਸਨੇ ਮੇਰੀ ਰਾਤਾਂ ਦੀ ਨੀਂਦ ਉਡਾ ਦਿੱਤੀ।
ਵੱਲੋ
ਰਾਜ ਕੌਰ ਕਮਾਲਪੁਰ
ਪਟਿਆਲ਼ਾ