More Punjabi Kahaniya  Posts
ਦੂਜਾ ਵਿਆਹ


ਮਿੰਨੀ ਕਹਾਣੀ
ਦੂਜਾ ਵਿਆਹ
ਗੁਰਪ੍ਰੀਤ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸੀ ਪਰ ਉਸ ਦੀ ਕੁੱਖ ਅਜੇ ਤਕ ਹਰੀ ਨਹੀਂ ਸੀ ਹੋਈ । ਡਾਕਟਰਾਂ ਦੀਆਂ ਦਵਾਈਆਂ ਤੇ ਬਾਬਿਆਂ ਤੋਂ ਲਈਆਂ ਪੁੜੀਆਂ ਵੀ ਬੇਅਸਰ ਸਾਬਤ ਹੋ ਗਈਆਂ ।
ਹੁਣ ਘਰ ‘ਚ ਦੱਬੀ ਆਵਾਜ਼ ਵਿੱਚ ਉਸਦੇ ਪਤੀ ਸਰਬਜੀਤ ਦੇ ਦੂਜੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸੀ। ਜਿਸ ਕਾਰਨ ਗੁਰਪ੍ਰੀਤ ਬਹੁਤ ਪ੍ਰੇਸ਼ਾਨ ਰਹਿਣ ਲੱਗੀ ਸੀ ।
ਤੇ ਫਿਰ ਇੱਕ ਦਿਨ ….ਉਸ ਦੀ ਸੱਸ ਨੇ ਉਸ ਦੇ ਸਾਹਮਣੇ ਹੀ ਕਹਿ ਦਿੱਤਾ ਕਿ ‘ ਤੂੰ ਬਾਂਝ ਨੇ ਮੇਰੀ ਵੰਸ਼ ਕਲੰਕਿਤ ਕਰਨੀ ਹੈ । ਮੈਂ ਤਾਂ ਮੁੰਡੇ ਦਾ ਹੋਰ ਵਿਆਹ ਕਰੂ ।’ ਉਸ ਦੀ ਇਸ ਗੱਲ ਤੇ ਪੂਰੇ ਪਰਿਵਾਰ ਦੇ ਨਾਲ -ਨਾਲ ਸਰਬਜੀਤ ਨੇ ਵੀ ਜਦੋਂ ਆਪਣੀ ਸਹਿਮਤੀ ਦੇ ਦਿੱਤੀ ਤਾਂ ਗੁਰਪ੍ਰੀਤ ਤੜਫ਼ ਉੱਠੀ ।
ਉਹ ਰਾਤ ਨੂੰ ਆਪਣੇ ਪਤੀ ਅੱਗੇ ਬੜਾ ਰੋਈ ਕਲਪੀ ਕਿ ‘ਕੁਝ ਸਮਾਂ ਹੋਰ ਉਡੀਕ ਲਵੋ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ।’ ਪਰ ਉਸ ਦੇ ਰੋਣ ਕਲਪਣ ਦਾ ਉਸਦੇ ਪਤੀ ਤੇ ਭੋਰਾ ਵੀ ਅਸਰ ਨਾ ਹੋਇਆ ।
ਕੁਝ ਦਿਨਾਂ ਬਾਅਦ ਉਨ੍ਹਾਂ ਦੇ ਘਰ ਆਏ ਇੱਕ ਸਿਆਣੇ ਬਜ਼ੁਰਗ ਨੇ ਪਰਿਵਾਰ ਨੂੰ ਸਲਾਹ ਦਿੱਤੀ ਕਿ ‘ਇੰਨਾ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਤੁਸੀਂ ਇੱਕ ਵਾਰ ਕਿਸੇ ਵੱਡੇ ਸ਼ਹਿਰ ਦੇ ਕਿਸੇ ਸਿਆਣੇ ਡਾਕਟਰ ਨੂੰ ਦਿਖਾ ਲਓ ।’ ਉਸ ਨੇ ਉਨ੍ਹਾਂ ਨੂੰ ਇਕ ਬਹੁਤ ਹੀ ਨਾਮੀ ਡਾਕਟਰ ਦੀ ਸਲਾਹ ਵੀ ਦਿੱਤੀ। ਇਸ ਗੱਲ ਤੇ ਪੂਰੇ ਪਰਿਵਾਰ ਨੇ ਅਸਹਿਮਤੀ ਜਤਾ ਦਿੱਤੀ।
ਗੁਰਪ੍ਰੀਤ ਰੋਂਦੀ ਹੋਈ ਫਿਰ ਤਰਲੇ ਮਿੰਨਤਾਂ ਕਰਦੀ ਸਭ ਦੇ ਹਾੜੇ ਕੱਢਣ ਲੱਗੀ । ਸਰਬਜੀਤ ਗੁੱਸੇ ਵਿੱਚ ਬੋਲਿਆ “ਬਹੁਤੀ ਬਕਵਾਸ ਨਾ ਕਰ । ਮੈਨੂੰ ਤਲਾਕ ਦੇ ਤੇ ਦਫ਼ਾ ਹੋ ਜਾ ਇੱਥੋਂ । ਦੂਜਾ ਵਿਆਹ ਤਾਂ ਮੈਂ ਹੁਣ ਕਰਵਾਊ ਹੀ ਕਰਵਾਊਂ ।”
...

ਕਿਸੇ ਤੇ ਕੋਈ ਅਸਰ ਨਾ ਹੁੰਦਾ ਦੇਖ ਗੁਰਪ੍ਰੀਤ ਬੋਲੀ,” ਚਲੋ ਠੀਕ ਹੈ । ਤੁਸੀਂ ਮੇਰੀ ਇੱਕ ਆਖ਼ਰੀ ਗੱਲ ਮੰਨ ਲਓ । ਤੁਸੀਂ ਬਸ ਆਖ਼ਰੀ ਵਾਰ ਮੇਰੇ ਨਾਲ ਡਾਕਟਰ ਦੇ ਦਿਖਾਉਣ ਲਈ ਚੱਲ ਪਵੇ । ਜੇ ਮੈਂ ਬਾਂਝ ਸਾਬਿਤ ਹੋ ਗਈ ਤਾਂ ਬਿਨਾਂ ਕਿਸੇ ਰੌਲੇ ਦੇ ਮੈਂ ਏਥੋਂ ਚੁੱਪਚਾਪ ਚਲੀ ਜਾਵਾਂਗੀ । ਸਹਿਮਤੀ ਨਾਲ ਹੀ ਤੁਸੀਂ ਹੋਰ ਵਿਆਹ ਕਰਵਾ ਲੈਣਾ ।”
ਗੁਰਪ੍ਰੀਤ ਦੀ ਇਹ ਗੱਲ ਪੂਰੇ ਪਰਿਵਾਰ ਨੂੰ ਜਚ ਗਈ ਸਿਰਫ਼ ਡਾਕਟਰ ਨੂੰ ਚੈੱਕ ਕਰਵਾਉਣ ਤੇ ਹੀ ਉਹ ਵੱਡੀ ਖੱਜਲ ਖੁਆਰੀ ਤੋਂ ਬਚ ਸਕਦੇ ਸਨ । ਉਸ ਦੀ ਸੱਸ ਬੋਲੀ,” ਠੀਕ ਹੈ ਉਸ ਤੋਂ ਬਾਅਦ ਮੈਂ ਮੁੰਡੇ ਦਾ ਦੂਜਾ ਵਿਆਹ ਕਰੂੰ । ਤੂੰ ਤੇ ਤੇਰੇ ਪਰਿਵਾਰ ਨੂੰ ਚੂੰ ਤੱਕ ਨਹੀਂ ਕਰਨੀ । ਸਮਝ ਲੱਗੀ ।” ਰੋਂਦੇ ਹੋਏ ਗੁਰਪ੍ਰੀਤ ਨੇ ਆਪਣੀ ਸਹਿਮਤੀ ਦੇ ਦਿੱਤੀ ।
ਖ਼ੈਰ! ਡਾਕਟਰ ਕੋਲੋਂ ਚੈੱਕ ਕਰਵਾਇਆ ਗਿਆ ਤਾਂ ਦੋਵਾਂ ਪਤੀ -ਪਤਨੀ ਦੇ ਸਾਰੇ ਟੈਸਟ ਹੋਏ । ਮਿੱਥੇ ਦਿਨ ਉਹ ਸਾਰੇ ਰਿਪੋਰਟਾਂ ਲੈਣ ਗਏ ।
ਡਾਕਟਰ ਦੀ ਗੱਲ ਸੁਣ ਸਰਬਜੀਤ ਅਤੇ ਉਸ ਦੇ ਪਰਿਵਾਰ ਦੀ ਤਾਂ ਖਾਨਿਓਂ ਗਈ। ‘ਸਰਬਜੀਤ ਹੀ ਕਦੀ ਵੀ ਬਾਪ ਨਹੀਂ ਸੀ ਬਣ ਸਕਦਾ। ਜਦ ਕਿ ਗੁਰਪ੍ਰੀਤ ਦੇ ਸਾਰੇ ਟੈਸਟ ਨਾਰਮਲ ਸਨ। ‘ ਇਹ ਸਭ ਸੁਣ ਸਭ ਦੇ ਮੂੰਹ ਟੱਡੇ ਗਏ ।
ਰਿਪੋਰਟ ਵਾਲੇ ਕਾਗਜ਼ਾਂ ਨੂੰ ਸੱਜੇ ਹੱਥ ‘ਚ ਫੜ ਉਛਾਲਦੀ ਹੋਈ ਗੁਰਪ੍ਰੀਤ ਗਰਜੀ ,”ਹੁਣ ਤਾਂ ਮੈਂ ਦੂਜਾ ਵਿਆਹ ਕਰਵਾਊਂ । ਦੇਖਦੀ ਆ ਤੁਹਾਡੇ ਚੋਂ ਕਿਹੜਾ ਚੂੰ ਕਰਦਾ ।” ਤੇ ਉਹ ਹੱਸਦੀ ਹੋਈ ਬਾਹਰ ਨਿਕਲ ਗਈ । ਰੋਣਹਾਕੇ ਹੋਏ ਸਰਬਜੀਤ ਤੇ ਉਸ ਦੇ ਮਾਂ ਬਾਪ ਡੋਰ ਭੋਰ ਹੋਏ ਉਸ ਨੂੰ ਤੱਕਦੇ ਰਹਿ ਗਏ ।
ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ।
ਫਿਰੋਜ਼ਪੁਰ ਸ਼ਹਿਰ ।

...
...



Related Posts

Leave a Reply

Your email address will not be published. Required fields are marked *

One Comment on “ਦੂਜਾ ਵਿਆਹ”

  • ਅਮਰੀਕ ਸਿੰਘ ਗਿੱਲ

    ਏਡਾ ਵੱਡਾ ਫੈਸਲਾ ਲੈਣ ਲਈ ਕਿਸੇ ਸਿਆਣੇ ਦੀ ਗੱਲ ਮੰਨ ਲਈ ਦੀ ਹੈ/ਹੁਣ ਕਹਾਣੀ ਪੁੱਠੇ ਪਾਸੇ ਪੈ ਗਈ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)