More Punjabi Kahaniya  Posts
ਚੰਨਣ ਦਾ ਟਾਂਗਾ


ਚੰਨਣ ਦਾ ਟਾਂਗਾ 🌷🌷
ਹਾੜ੍ਹ ਮਹੀਨੇ ਦੀ ਤਿਖੜ ਦੁਪਹਿਰ ਤੇ ਵਗਦੀ ਤੱਤੀ ਲੋਅ ਜਿਥੇ ਲੋਕਾਂ ਦੇ ਜਿਸਮ ਝੁਲਸਦੀ ਉਥੇ ਸਰੀਰਾਂ ਚੋਂ ਵਗਦਾ ਮੁੜਕਾ (ਪਸੀਨਾ) ਲੀੜੇ ਗੜੁੱਚ ਕਰੀ ਜਾਂਦਾ । ਵਾ- ਵਰੋਲੇ ਕਣਕ ਦੇ ਵੱਢਾਂ ਚੋਂ ਘਾਹ /ਕੱਖ ਨੂੰ ਭੰਬੀਰੀ ਵਾਂਗ ਘੁਮਾਉੰਦੇ ਅਕਾਸ਼ ਵਿੱਚ ਉੱਡਾ ਆਪਣੀ ਕਲਾਕਾਰੀ ਦਾ ਤਮਾਸ਼ਾ ਕਰਦੇ। ਜਦੋਂ ਗਰਮੀ ਨਾਲ ਕਾਂ ਦੀ ਅੱਖ ਨਿਕਲਣ ਵਰਗੇ ਹਲਾਤ ਹੋਣ ਤਾਂ ਚੰਨਣ ਦਾ ਟਾਂਗਾ ਰਾਹਗੀਰਾਂ ਵਾਸਤੇ ਮੰਜ਼ਿਲਾਂ ਤੱਕ ਪਾਰ ਉਤਾਰਾ ਕਰਨ ਲਈ ਆਣ ਬੋਹੜਦਾ।
ਚੰਨਣ ਨੇ ਘੋੜੀ ਦੇ ਅਗੋੰ ਫੱਕ ਤੇ ਵੰਡ ਵਾਲੀ ਬੋਰੀ ਚੁੱਕੀ । ਘੋੜੀ ਨੂੰ ਪਾਣੀ ਪਿਆਇਆ ਤੇ ਬਾਕੀ ਬਚਿਆ ਪਾਣੀ ਟਾਂਗੇ ਦੇ ਪਹੀਆਂ -ਗਜਾਂ ਤੇ ਪਾ ਦਿੱਤਾ ਤਾਂ ਕਿ ਲੋਹੇ ਦਾ ਚਾੜ੍ਹਿਆ ਹਾਲ ਗਰਮ ਹੋਕੇ ਉਤਰ ਨਾ ਜਾਵੇ।
ਉਸ ਸਵਾਰੀਆਂ ਨੂੰ ਹੋਕਾ ਦੇ ਅਵਾਜ਼ ਮਾਰੀ , “ਆ ਜਾਓ ਭਾਈ ਬਲੱੜਵਾਲ ਤੋਂ ਅਜਨਾਲਾ , ਬਲੱੜਵਾਲ ਤੋਂ ਅਜਨਾਲਾ ਜਾਣ ਵਾਲੇ।”
ਚੰਨਣ ਦੀ ਮਾਖਿਓ ਮਿੱਠੀ ਬੋਲ ਬਾਣੀ ਤੇ ਮਿਲਾਪੜਾ ਸੁਭਾਅ ਹਰੇਕ ਨੂੰ ਆਪਣੇ ਵੱਲ ਖਿੱਚਦਾ। ਉਸਦੇ ਟਾਂਗੇ ਵਿੱਚ ਹਰ ਕੋਈ ਚਾਂਈ ਚਾਂਈ ਛਾਲ ਮਾਰਕੇ ਬੈਠਣ ਨੂੰ ਕਾਹਲਾ ਹੁੰਦਾ।
ਚੰਨਣ ਛੋਟੇ ਬੱਚਿਆਂ ਅਤੇ ਸਵਾਰੀ ਦੇ ਹੱਥਲੇ 10-20 ਸੇਰ(ਕਿਲੋ) ਸਮਾਨ ਦਾ ਕਦੀ ਕੋਈ ਕਰਾਇਆ ਨਾ ਵਸੂਲਦਾ। ਅਜਨਾਲੇ ਜਾਣ ਲਈ ਟਾਂਗਾ ਸਵਾਰੀਆਂ ਨਾਲ ਭਰ ਚੁੱਕਾ ਸੀ ਪ੍ਰੰਤੂ ਅੱਡੇ ਤੇ ਖੜ੍ਹੀਆਂ ਬਾਕੀ ਸਵਾਰੀਆਂ ਸ਼ਹਿਰ ਨੂੰ ਹੋਰ ਸਾਧਨ ਨਾ ਹੋਣ ਕਰਕੇ , ਟਾਂਗੇ ਉੱਤੇ ਬਹਿਣ ਲਈ ਟਾਂਗੇ ਨੂੰ ਹਾਲੇ ਵੀ ਘੇਰੀ ਖੜ੍ਹੀਆਂ ਸਨ।
ਲਗਦੀ ਵਾਹੇ ! ਉਹ ਰੱਬ ਦਾ ਬੰਦਾ , ਕਦੀ ਕਿਸੇ ਨੂੰ ਟਾਂਗੇ ਤੇ ਬਹਿਣ ਤੋਂ ਨਾ ਰੋਕਦਾ। ਹਸੂੰ ਹਸੂੰ ਕਰਦੇ ਖਿੜੇ ਚਹਿਰੇ ਦੇ ਮਾਲਕ , ਚੰਨਣ ਨੇ ਸਾਰਿਆਂ ਨੂੰ ਹੀ ਟਾਂਗੇ ਦੇ ਅਗੇ ਪਿੱਛੇ ਕਰਕੇ ਬੇੈਠਾ ਲਿਆ।
ਚੰਨਣ ਨੇ ਘੋੜੀ ਦੀ ਲਗਾਮ ਖਿੱਚਕੇ ਢਿੱਲੀ ਛੱਡੀ, ਟਾਂਗੇ ਨਾਲ ਕੁੱਝ ਕਦਮ ਦੌੜਿਆ ਅਤੇ ਪਲਾਕੀ ਮਾਰ ਬਾਂਸ ( ਬੰਬੂ) ਉੱਤੇ ਬੈਠ ਗਿਆ । ਘੋੜੀ ਨੂੰ , ” ਚਲ ਬਿੱਲੋ” ਆਖ !! ਇਕ ਪੋਲਾ ਜੇਹਾ ਛਾਂਟਾ ਉਸਦੇ ਲੱਕ ਤੇ ਜੜਿਆ ਤਾਂ ਬਿੱਲੋ ਆਪਣੇ ਪੂਰੇ ਬਲ/ਬੂਤੇ ਨਾਲ ਟਾਂਗਾ ਖਿੱਚ ਅਜਨਾਲੇ ਸ਼ਹਿਰ ਨੂੰ ਰਵਾਨਾ ਹੋ ਤੁਰੀ।
ਹਾਲੇ ਟਾਂਗਾ ਥੋੜ੍ਹਾ ਹੀ ਚਲਿਆ ਸੀ ਕਿ ਟਾਂਗਾ ਦਾਬੂ ਹੋ ਗਿਆ (ਅਗਲੇ ਪਾਸੇ ਵੱਧ ਭਾਰ)। ਚੰਨਣ ਨੇ ਅਗਲੀ ਸੀਟ ਦੇ ਪੈਰਾਂ ਵਿਚੋਂ ਦੋ ਜੁਆਕ ਕੁੱਛੜ ਚੁੱਕੇ ਅਤੇ ਪਿਛਲੀਆਂ...

ਸਵਾਰੀਆਂ ਦੇ ਪੈਰਾਂ ਵਿੱਚ ਬੈਠਾ ਦਿੱਤੇ। ਅਗਲੀ ਸੀਟ ਤੇ ਬੈਠੀਆਂ ਸਵਾਰੀਆਂ ਨੂੰ ਪਿੱਛੇ ਨੂੰ ਢੋਹ ਲਾ ਕੇ ਬਹਿਣ ਲਈ ਕਿਹਾ ਤਾਂ ਘੋੜੀ ਤੇ ਪਿਆ ਵਾਧੂ ਭਾਰ ਲੱਥ ਗਿਆ । ਟਾਂਗਾ ਸਾਵਾਂ ਹੋ ਸੜਕ ਤੇ ਦਗੱੜ ਦੱਗੜ ਦੌੜਨ ਲਗਾ।
ਚੰਨਣ ਦਾ ਘੋੜੀ ਨੂੰ ਵਡਿਆ ਕੇ ਬੁਲਾਉਣਾ , “ਚਲ ਬਿੱਲੋ, ਰੁੱਕ ਬਿੱਲੋ” ਉਸਦੇ ਮੂੰਹੋਂ ਬੜਾ ਫੱਬਦਾ। ਘੋੜੀ ਬਿੱਲੋ ਜਦੋਂ ਸੜਕ ਤੇ ਦੌੜਦੀ ਤਾਂ ਉਸਦੇ ਪੌੜਾਂ ਤੇ ਲਗੀਆਂ ਲੋਹੇ ਦੀਆਂ ਖੁਰੀਆਂ ਦੀ ਟਪੱਕ ਅਤੇ ਚੰਨਣ ਵਲੋਂ ਟਾਂਗੇ ਦੇ ਪਹੀਆਂ ਉੱਤੇ ਛਾਂਟੇ ਨੂੰ ਲਾਉਣ ਨਾਲ ਛਿੜਦੀ ਛੰਨਕਾਰ ਅਲੋਕਾਰ ਸੰਗੀਤ ਨਾਲ, ਵਾਤਾਵਰਨ ਨੂੰ ਖੁਸ਼ਗੁਵਾਰ ਬਣਾ ਦੇੰਦੀ।
ਚੰਨਣ ਸੜਕ ਤੇ ਆ ਜਾ ਰਹੇ ਅਾਵਾਜਾਈ ਦੇ ਸਾਧਨਾਂ ਤੋਂ ਅਗੇ ਲੰਘਣ ਜਾਂ ਲੰਘਾਉਣ ਲਈ ਰਸਤਾ ਲੈਣ ਦੇਣ ਲਈ ਜਦੋਂ ਅਵਾਜ਼ ਦੇ ਕਹਿੰਦਾ , “ਸੋਹਣਿਆ ਲਾਗੇ , ,ਜਿਉਣ ਜੋਗਿਆ ਲਾਗੇ “ਤਾਂ ਸਭਦੇ ਮਨਾਂ ਨੂੰ ਮੋਹ ਲੈਂਦਾ … ਲੋਕ ਖੁਸ਼ੀ ਖੁਸ਼ਾਲੀ ਟਾਂਗੇ ਨੂੰ ਰਸਤਾ ਦੇ ਦੇੰਦੇ।
ਉਸਦੇ ਮੋਹਵਿੰਨੇ ਵਿਹਾਰ ਨੂੰ ਵੇਖ ਕਿਸੇ ਪਾਕਿਸਤਾਨੀ ਗੀਤਕਾਰ ਦੀਆਂ ਸਤਰਾਂ ਯਾਦ ਆ ਗਈਆਂ:-
“ਟਾਂਗਾ ਲਾਹੌਰ ਦਾ ਹੋਵੇ ਭਾਵੇਂ ਝੰਗ ਦਾ,
ਟਾਂਗੇ ਵਾਲਾ ਖੈਰ ਮੰਗਦਾ।”
ਟਾਂਗੇ ਵਿੱਚ ਲੋੜੋ ਵਧ ਭਾਰ ਨਾਲ ਘੋੜੀ ਬਿੱਲੋ ਮੁੜਕੇ ਨਾਲ ਭਿੱਜੀ ਪਈ ਸੀ।
ਚੰਨਣ ਨੇ ਜਦੋਂ “ਚਲ ਬਿਲੋ ” ਕਿਹਾ ਤਾਂ ਉਸ ਰੋਸ ਵਜੋਂ ਫੁੜਕੜਾ ਮਾਰਿਆ …ਬਿੱਲੋ ਦੀਆਂ ਅੱਖਾਂ ਵਿਚੋਂ ਵਗਦਾ ਪਾਣੀ ਬੇ-ਜੁਬਾਨ ਨਾਲ ਹੋ ਰਹੀ ਧੱਕੇਸ਼ਾਹੀ ਦੀ ਗਵਾਹੀ ਭਰਦਾ ਲਗਿਆ।
ਇਹ ਚੰਨਣ ਦੀ ਆਰਥਿਕ ਮਜ਼ਬੂਰੀ ਸੀ ਜਾਂ ਉਸਦੇ ਸਾਊ ਸੁਭਾਅ ਦੀ ਕਮੀ ਇਹ ਤਾਂ ਚੰਨਣ ਜਾਣਦਾ ਹੋਉ। ਪਰ ਟਾਂਗੇ ਦੀ ਕੀਤੀ ਸਵਾਰੀ ਅਭੁੱਲ ਯਾਦ ਬਣ ਗਈ।
ਸਮੇਂ ਦੀ ਤਬਦੀਲੀ ਕਾਰਨ ਟਾਂਗਾ ਤਾਂ ਹੁਣ ਟਾਵਾਂ ਹੀ ਵੇਖਣਾ ਨਸੀਬ ਹੁੰਦਾ ਹੈ । ਦੋਸਤੋ ਜੀਵਨ ਦੇ ਰੁਝੇਵਿਆਂ ਚੋਂ ਜੇ ਕਦੀ ਫੁਰਸਤ ਦੇ ਪਲ ਮਿਲ ਜਾਣ ਅਤੇ ਸਬੱਬ ਬਣ ਜਾਏ ਟਾਂਗੇ ਦਾ ਹੂਟਾ ਲੈਣ ਦਾ ਤਾਂ ਮੌਕਾ ਖੂੰਝਾਇਓ ਨਾ।
* ਗੁਰਨਾਮ ਨਿੱਜਰ * 08/03/2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)