More Punjabi Kahaniya  Posts
ਇਨਾਮੀ ਰਾਸ਼ੀ


ਬਤੌਰ ਐੱਸ.ਐਚ.ਓ ਇਹ ਮੇਰੀ ਪਹਿਲੀ ਪੋਸਟਿੰਗ ਸੀ..
ਛਿਆਸੀ ਸਤਾਸੀ ਦੇ ਦੌਰ ਵਿਚ ਮਾਨਸੇ ਤੋਂ ਸਿੱਧਾ ਇਥੇ ਬਦਲ ਕੇ ਆਉਣਾ ਇੰਝ ਸੀ ਜਿੱਦਾਂ ਕਿਸੇ ਨੂੰ ਅਮਰੀਕਾ ਤੋਂ ਸਿੱਧਾ ਅਫਗਾਨਿਸਤਾਨ ਭੇਜ ਦਿੱਤਾ ਗਿਆ ਹੋਵੇ!
ਘਰੇ ਗਮਗੀਨ ਮਾਹੌਲ..
ਬੀਜੀ ਦਾਰ ਜੀ ਦੀ ਫੋਟੋ ਦਾ ਵਾਸਤਾ ਪਾਉਂਦੇ ਹੋਏ ਆਖਣ ਲੱਗੇ “ਬੇਟਾ ਪੀ.ਐਚ ਡੀ ਕਰਕੇ ਅਮਰੀਕਾ ਜਾਂਦਾ ਤਾਂ ਚੰਗਾ ਸੀ..ਮੈਂ ਤੈਨੂੰ ਵੀ ਗਵਾਉਣਾ ਨਹੀਂ ਚਾਹੁੰਦੀ..”
ਮੈਂ ਓਹਨਾ ਨੂੰ ਕਲਾਵੇ ਵਿਚ ਲਿਆ ਤੇ ਹੌਂਸਲਾ ਦਿੱਤਾ..
ਘੜੀ ਕੂ ਮਗਰੋਂ ਸਾਡੀ ਜਿਪਸੀ ਅਮ੍ਰਿਤਸਰ ਵੱਲ ਨੂੰ ਦੌੜਨ ਲੱਗੀ..ਆਥਣੇ ਗੁਰੂ ਦੀ ਨਗਰੀ ਅੱਪੜ ਕਾਗਜੀ ਕਾਰਵਾਈ ਪੂਰੀ ਕੀਤੀ..!
ਅਗਲੇ ਦਿਨ ਠਾਣੇ ਦਾ ਚਾਰਜ ਲੈ ਲਿਆ..
ਸਾਰੇ ਸਟਾਫ ਨਾਲ ਜਾਣ-ਪਛਾਣ ਕਰਾਈ..ਮਗਰੋਂ ਮੁਨਸ਼ੀ ਨੇ ਫਾਈਲਾਂ ਦਾ ਵੱਡਾ ਢੇਰ ਅੱਗੇ ਕਰ ਦਿੱਤਾ..ਹਥਿਆਰਾਂ ਦੀ ਡਿਟੇਲ ਦੱਸੀ..!
ਫੇਰ ਵੇਹਂਦਿਆ ਵੇਹਂਦਿਆ ਹੀ ਪੰਦਰਾਂ ਵੀਹ ਫੋਟੋਆਂ ਮੇਰੇ ਸਾਮਣੇ ਖਲਾਰ ਦਿੱਤੀਆਂ..
ਆਖਣ ਲੱਗਾ ਜਨਾਬ ਇਹ ਮਾਝੇ ਦੇ ਸਾਰੇ ਵੱਡੇ ਨਾਮ ਨੇ..ਜਿਆਦਾਤਰ ਬਾਡਰ ਪਾਰ ਹੀ ਰਹਿੰਦੇ ਨੇ ਪਰ ਆਹ ਦੂਜੀ ਕਤਾਰ ਵਾਲੇ ਓਹਨਾ ਦੀਆਂ ਹਦਾਇਤਾਂ ਤੇ ਇਲਾਕੇ ਵਿਚ ਕੰਮ ਕਰਦੇ ਨੇ ਤੇ ਜਿਆਦਾਤਰ ਸਾਡੇ ਤੇ ਲਾਗਲੇ ਥਾਣਿਆਂ ਵਿਚ ਸਰਗਰਮ ਨੇ..!
ਸਾਰਿਆਂ ਦੇ ਸਿਰਾਂ ਤੇ ਰੱਖੇ ਇਨਾਮ ਉਸਨੂੰ ਮੂੰਹ ਜ਼ੁਬਾਨੀ ਯਾਦ ਸਨ..!
ਪੁੱਛਿਆ ਇਹ ਇਨਾਮ ਰੱਖਦਾ ਕੌਣ ਏ?
ਆਖਣ ਲੱਗਾ ਅਸੀ ਵਾਰਦਾਤਾਂ ਪਾਈ ਜਾਣੇ ਤੇ ਉਹ ਚੰਡੀਗੜ ਬੈਠੇ ਇਨਾਮ ਵਧਾਈ ਜਾਂਦੇ..!
ਪਹਿਲੇ ਅਫਸਰ ਦੇ ਢੰਗ ਤਰੀਕੇ ਦੱਸਦਾ ਹੋਇਆ ਆਖਣ ਲੱਗਾ ਜੀ ਆਹ ਦਸਾਂ ਬਾਰਾਂ ਦੀ ਲਿਸਟ ਏ..
ਸ੍ਰ ਰਘਬੀਰ ਸਿੰਘ ਹੂਰੀ ਲੰਘਦੇ ਵੜਦੇ ਇਹਨਾਂ ਦੇ ਟੱਬਰ ਦਾ ਇੱਕ ਅੱਧਾ ਜੀ ਚੁੱਕ ਹੀ ਲਿਆਇਆ ਕਰਦੇ ਸਨ..ਮਰਦ ਔਰਤ ਵਿਚ ਕੋਈ ਫਰਕ ਨਹੀਂ ਸਨ ਰਖਿਆ ਕਰਦੇ..!
ਸੱਤ ਮਹੀਨੇ ਦੀ ਨਿਯੁਕਤੀ ਦੇ ਦੌਰਾਨ ਤੇਈ ਮੁਕਾਬਲੇ ਤੇ ਲੱਖਾਂ ਦਾ ਇਨਾਮ..ਆਹ ਪਿਛਲੇ ਮਹੀਨੇ ਤੇ ਪੂਰੀ ਇੱਕ ਬੋਰੀ ਭਰ ਕੇ ਆਈ ਸੀ ਸਿਧੀ ਚੰਡੀਗੜੋਂ!
ਕਪੂਰਥਲੇ ਵਾਲਿਆਂ ਰਿਬੇਰੋ ਸਾਬ ਦੀ ਸਿਫਾਰਿਸ਼ ਪਵਾਈ ਸੀ ਬਦਲੀ ਲਈ..ਅਖ਼ੇ ਫੱਤੂਢੀਂਗੇ ਵਾਲਾ ਸੇਮਾਂ ਬੜਾ ਤੰਗ ਕਰਦਾ..ਨਾਲੇ ਇੱਕ ਸਟਾਰ ਹੋਰ ਲੱਗ ਗਿਆ ਤੇ ਟੌਹਰ ਵੱਖਰਾ..!
ਉਹ ਗੱਲ ਕਰੀ ਜਾ ਰਿਹਾ ਸੀ ਤੇ ਮੈਂ ਪਹਿਲੀ ਦੇ ਬੱਚੇ ਵਾਂਙ ਸਭ ਕੁਝ ਸੁਣੀ ਜਾ ਰਿਹਾ ਸਾਂ..!
ਏਨੇ ਨੂੰ ਇੱਕ ਫੋਟੋ ਤੇ ਆ ਕੇ ਮੇਰੀ ਨਜਰ ਟਿੱਕ ਗਈ..ਲਾਇਲਪੁਰ ਕਾਲਜ ਭੰਗੜੇ ਵਾਲਾ ਗੁਰਮੀਤ ਚੀਮਾ ਲੱਗਦਾ ਸੀ..!
ਮੁਨਸ਼ੀ ਨੂੰ ਵਾਜ ਮਾਰੀ..ਪੁੱਛਿਆ ਇਹ ਕੌਣ ਏ..?
ਆਖਣ ਲੱਗਾ ਜੀ ਪੰਜਵੜ ਗਰੁੱਪ ਦਾ ਖਾਸ ਬੰਦਾ ਏ..ਗੋਇੰਦਵਾਲ ਦੇ ਕੋਲ ਹੀ ਪਿੰਡ ਏ..ਮਾਰਾਂਗੇ ਛਾਪਾ ਕਿਸੇ ਦਿਨ..ਬਾਕੀ ਪਰਿਵਾਰ ਮੂੰਹ ਮੱਥੇ ਲੱਗਦਾ..ਇੱਕ ਨਿੱਕੀ ਭੈਣ..ਨਾਲੇ ਪੁੰਨ ਨਾਲੇ ਫਲੀਆਂ..
ਏਨੀ ਗੱਲ ਆਖਦਾ ਤੇ ਫੇਰ ਮੁਸ਼ਕੜੀਆਂ ਵਿਚ ਹੱਸਦਾ ਹੋਇਆ ਉਹ ਮੈਨੂੰ ਹੋਰ ਵੀ ਕਰੂਪ ਲੱਗ ਰਿਹਾ ਸੀ!
ਪਹਿਲੇ ਦਿਨ ਮੈਨੂੰ ਬਿਲਕੁਲ ਵੀ ਨੀਂਦ ਨਾ ਪਈ..ਇੰਝ ਲੱਗਿਆ ਕਿਸੇ ਦਲਦਲ ਵਿਚ ਆਣ ਫਸਿਆ ਹੋਵਾਂ..!
ਅਗਲੇ ਦਿਨ ਮੂੰਹ ਹਨੇਰੇ ਵਾਇਰਲੈੱਸ ਖੜਕ ਗਈ..
ਦਰਿਆ ਬਿਆਸ ਦੇ ਕੋਲ ਮੰਡ ਵਿਚ ਇੱਕ ਵਾਰਦਾਤ ਹੋ ਗਈ..!
ਸ਼ੱਕ ਦੇ...

ਅਧਾਰ ਤੇ ਪੰਦਰਾਂ ਵੀਹ ਮੁੰਡੇ ਚੁੱਕ ਲਿਆਂਦੇ..
ਪਰ ਮੁਢਲੀ ਤਫਤੀਸ਼ ਮਗਰੋਂ ਮੈਨੂੰ ਸਾਰੇ ਦੇ ਸਾਰੇ ਬੇਕਸੂਰ ਲੱਗੇ..! ਮੁਨਸ਼ੀ ਆਖਣ ਲੱਗਾ ਜੀ ਇੱਕ ਦੋ ਸ਼ੱਕੀਆਂ ਤੇ ਫਸਟ ਡਿਗਰੀ ਤੋਂ ਸ਼ੁਰੂ ਕਰਦੇ ਹਾਂ..ਜੇ ਥਰਡ ਡਿਗਰੀ ਦੀ ਲੋੜ ਪਈ ਤਾਂ ਸੀ.ਆਈ.ਏ ਅਮ੍ਰਿਤਸਰ ਲੈ ਚਲਾਂਗੇ..!
ਉਹ ਉੰਨੀਆਂ ਕੂ ਸਾਲਾਂ ਦਾ ਭਰਵੇਂ ਦਾਹੜੇ ਵਾਲਾ ਡਰਿਆ ਹੋਇਆ ਨੁੱਕਰੇ ਲੱਗਿਆ ਹੋਇਆ ਸੀ..
ਪੁੱਛਿਆ ਕੀ ਕਰਦਾ?
ਆਖਣ ਲੱਗਾ ਜੀ ਤਰਨਤਾਰਨ ਕਾਲਜ ਵਿਚ ਬਾਹਰਵੀਂ ਵਿਚ ਪੜਦਾ ਹਾਂ..
“ਬਾਪ ਕੀ ਕਰਦਾ”?
“ਜੀ ਗੁਜਰ ਗਿਆ..ਅੱਜ ਸਵਖਤੇ ਡੇਹਰੀ ਦੁੱਧ ਪਾਉਣ ਜਾਂਦੇ ਨੂੰ ਬਿਆਸ ਵਾਲੇ ਪੁਲ ਤੋਂ ਚੁੱਕ ਲਿਆਂਦਾ..ਮੈਂ ਬੇਕਸੂਰ ਹਾਂ..”
ਮੈਂ ਉਸਨੂੰ ਹਵਾਲਾਤ ਘੱਲ ਦਿੱਤਾ..!
ਅਗਲੇ ਦਿਨ ਸਵਖਤੇ ਵਾਇਰਲੈੱਸ ਤੇ ਉਸ ਬਾਰੇ ਸੁਨੇਹਾ ਆ ਗਿਆ..ਅਖ਼ੇ ਉਸਨੂੰ ਸੀ.ਆਈ.ਏ ਸਟਾਫ ਲੈ ਆਵੋ..”
ਜਿਪਸੀ ਵਿਚ ਭੁੰਝੇ ਬੈਠਿਆ ਹੋਇਆ ਉਹ ਮੈਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਮੈਂਥੋਂ ਛੋਟਾ ਸੁਖਦੀਪ ਮੈਨੂੰ ਪੁੱਛ ਰਿਹਾ ਹੋਵੇ ਕੇ ਵੀਰ ਜੀ ਡਾਕਟਰ ਟੀਕਾ ਤੇ ਨਾ ਲਾਊ..ਜਿਕਰਯੋਗ ਏ ਕੇ ਭਾਵੇਂ ਕਿੱਡਾ ਵੱਡਾ ਹੋ ਗਿਆ ਸੀ ਤਾਂ ਵੀ ਟੀਕੇ ਦੀ ਸੂਈ ਤੋਂ ਬਹੁਤ ਡਰਿਆ ਕਰਦਾ ਸੀ!
ਦੋ ਦਿਨਾਂ ਬਾਅਦ ਉਸਦੇ ਮੁਕਾਬਲੇ ਦੀ ਖਬਰ ਨੇ ਮੈਨੂੰ ਧੁਰ ਅੰਦਰੋਂ ਤੋੜ ਸੁੱਟਿਆ..ਇੰਝ ਲੱਗਿਆ ਜਿੱਦਾਂ ਮੈਥੋਂ ਛੋਟਾ ਸੁਖਦੀਪ ਮੇਰੇ ਹੱਥੋਂ ਹੀ ਕਤਲ ਹੋ ਗਿਆ ਹੋਵੇ..ਤੇ ਮੜੀ ਤੇ ਪਏ ਦੀ ਲੋਥ ਏਨੀ ਗੱਲ ਆਖ ਰਹੀ ਹੋਵੇ ਕੇ “ਓ ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊ ਸਿਵਿਆਂ ਚ ਸੜ ਕੇ..”
ਦੋਸਤੋ ਉਹ ਇੱਕ ਐਸੀ ਜੰਗ ਸੀ ਜਿਸ ਵਿਚ ਦੂਜੀ ਧਿਰ ਦਾ ਨਿਸ਼ਾਨਾ ਚਿੱਟੇ ਦਿਨ ਵਾਂਗ ਸਾਫ ਸੀ ਪਰ ਜਾਗਦੀ ਜਮੀਰ ਵਾਲੇ ਗਿਣੇ ਚੁਣੇ ਵਰਦੀ ਧਾਰੀ ਇਨਸਾਨ ਇੱਕੋ ਵੇਲੇ ਤਿੰਨ-ਤਿੰਨ ਜੰਗਾਂ ਲੜ ਰਹੇ ਸਨ..
ਇੱਕ ਜੰਗ ਸੀ “ਥੋਪ ਦਿੱਤੇ ਗਏ ਮਾਹੌਲ ਦੇ ਨਾਲ”..
ਦੂਜੀ ਸੀ “ਆਪਣਿਆਂ ਦੀਆਂ ਲਾਸ਼ਾਂ ਦਾ ਮੁੱਲ ਵੱਟਦੇ ਭ੍ਰਿਸ਼ਟ ਮਹਿਕਮੇਂ ਦੇ ਨਾਲ”
ਤੇ ਤੀਜੀ ਸੀ ਖ਼ੁਦ ਆਪਣੇ ਹੀ ਵਜੂਦ ਦੇ ਨਾਲ..ਆਪਣੀ ਜਮੀਰ ਨਾਲ!
ਮੈਂ ਪਹਿਲੀਆਂ ਦੋ ਜੰਗਾਂ ਵਿਚ ਕੁੱਦਣ ਤੋਂ ਪਹਿਲਾ ਹੀ ਤੀਜੀ ਜੰਗ ਹਰ ਗਿਆ ਸਾਂ..!
ਅੱਜ ਏਨੇ ਵਰ੍ਹਿਆਂ ਮਗਰੋਂ ਅਮਰੀਕਾ ਦੀ ਧਰਤੀ ਤੇ ਬੈਠਿਆਂ ਅਕਸਰ ਸੋਚਦਾ ਹਾਂ ਕੇ ਪੰਚਨਵੇਂ ਵਿਚ ਜਦੋਂ ਕਤਲੋਗਾਰਦ ਦੀ ਇਸ ਅੰਨੀ ਹਨੇਰੀ ਨੂੰ ਇੱਕ ਵੱਡਾ ਰੁੱਖ ਹੇਠਾਂ ਡੇਗ ਕਾਫੀ ਹੱਦ ਤੱਕ ਠੱਲ ਪਾ ਦਿੱਤੀ ਗਈ ਤਾਂ ਸਭ ਤੋਂ ਵੱਧ ਨੁਕਸਾਨ ਉਸ ਵਰਦੀ ਧਾਰੀ ਧਿਰ ਨੂੰ ਹੀ ਪੁੱਜਾ ਜਿਹਨਾਂ ਦੇ ਖਾਤਿਆਂ ਵਿਚ ਹਰ ਮਹੀਨੇ ਆਉਂਦੀ ਲੱਖਾਂ ਦੀ ਇਨਾਮੀ ਰਾਸ਼ੀ ਇੱਕਦਮ ਬੰਦ ਹੋ ਗਈ ਸੀ..”ਬਹੁਤੇ ਰੋਣਗੇ ਦਿਲਾਂ ਦੇ ਜਾਨੀਂ..ਮਾਪੇ ਤੈਨੂੰ ਘੱਟ ਰੋਣਗੇ”
(ਉਸ ਦੌਰ ਦੇ ਇੱਕ ਸਮਕਾਲੀਨ ਵੱਲੋਂ ਦੱਸੀ ਇੱਕ ਹੱਡ ਬੀਤੀ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)