More Punjabi Kahaniya  Posts
ਆਖਰੀ ਜਨਮ


ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਟੇਬਲ ਤੇ ਜਾ ਬੈਠਾ!
ਬਿੰਦ ਕੂ ਮਗਰੋਂ ਵੀਲ-ਚੇਅਰ ਤੇ ਬੈਠੇ ਇੱਕ ਗੋਰੇ ਨੂੰ ਸਹਾਰਾ ਦਿੰਦੇ ਹੋਏ ਕੁਝ ਲੋਕ ਅੰਦਰ ਲੈ ਆਏ..!
ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਖਾਲੀ ਥਾਂ ਲੱਭਣ ਲੱਗੇ..!
ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ ਵੱਲ ਦੇਖੀ ਜਾ ਰਿਹਾ ਸੀ..ਮੈਂ ਅੱਗਿਓਂ ਨਿੰਮਾ ਜਿਹਾ ਮੁਸਕੁਰਾ ਪਿਆ ਤੇ ਹੈਲੋ ਆਖ ਦਿੱਤਾ..!
ਮੇਰੀ ਉਨਾਬੀ ਪੱਗ ਵੱਲ ਤੱਕਦਾ ਹੋਇਆ ਆਖਣ ਲੱਗਾ ਬੜਾ ਪਿਆਰਾ ਰੰਗ ਹੈ..ਦੂਜੀ ਸੰਸਾਰ ਜੰਗ ਵੇਲੇ ਮੇਰੇ ਬਾਪ ਨਾਲ ਸਾਂਝੇ ਫਰੰਟ ਤੇ ਲੜਦੇ ਹੋਏ ਕੁਝ ਪੱਗਾਂ ਵਾਲੇ ਫੌਜੀ ਅਕਸਰ ਹੀ ਏਨੀ ਗੱਲ ਦਸਿਆ ਕਰਦੇ ਸਨ ਕੇ ਇਸ ਵਿਚੋਂ ਦੀ ਗੋਲੀ ਨਹੀਂ ਲੰਘ ਸਕਦੀ..ਇਹ ਗੱਲ ਭਲਾ ਕਿੰਨੀ ਕੂ ਸਹੀ ਏ?
ਮੈਂ ਆਖਿਆ ਮੈਨੂੰ ਥੋੜਾ ਸੋਚ ਲੈਣ ਦੇ ਫੇਰ ਜੁਆਬ ਦਿੰਨਾ..ਪਰ ਪਹਿਲਾਂ ਤੂੰ ਇਹ ਦੱਸ ਕੇ ਤੂੰ ਅੱਜ ਇਥੇ ਕਿੱਦਾਂ?
ਆਖਣ ਲੱਗਾ ਕੇ ਮੇਰੇ ਪੋਤਰੇ ਪੋਤਰੀਆਂ ਮੈਨੂੰ ਮੇਰੇ “ਆਖਰੀ ਜਨਮ” ਦਿਨ ਤੇ ਮੇਰੀ ਮਨਪਸੰਦ ਜਗਾ ਤੇ ਪਾਰਟੀ ਦੇਣ ਲਿਆਏ ਨੇ..ਇਸੇ ਜਗਾ ਹੀ ਮੇਰੀ ਜਿੰਦਗੀ ਦੀਆਂ ਪਤਾ ਨਹੀਂ ਕਿੰਨੀਆਂ ਸ਼ਾਮਾਂ ਦੋਸਤਾਂ ਮਿੱਤਰਾਂ ਨਾਲ ਇੱਕਠਿਆਂ ਹੀ ਗੁਜ਼ਰੀਆਂ..ਬਾਕੀ ਸਬ ਤੇ ਤੁਰ ਗਏ ਪਰ ਮੇਰੇ ਕੋਲ ਅਜੇ ਕੁਝ ਦਿਨ ਹੋਰ ਨੇ..!
ਵਿਚੋਂ ਹੀ ਟੋਕਦਿਆਂ ਹੋਇਆਂ ਪੁੱਛ ਲਿਆ ਕੇ “ਆਖਰੀ ਜਨਮ ਦਿਨ”..ਮੈਂ ਕੁਝ ਸਮਝਿਆ ਨਹੀਂ?
ਆਖਣ ਲੱਗਾ ਕੇ ਕੈਂਸਰ ਦੀ ਲਾਸਟ ਸਟੇਜ ਏ..ਸ਼ਾਇਦ ਕੁਝ ਹਫਤੇ ਹੀ ਬਾਕੀ ਨੇ..ਹਸਪਤਾਲੋਂ ਉਚੇਚਾ ਇੱਕ ਦਿਨ ਦੀ ਛੁੱਟੀ ਦਵਾ ਕੇ ਲਿਆਏ ਨੇ ਇਹ ਸਾਰੇ..!
ਮੈਂ ਉਦਾਸੀ ਲੁਕਾਉਂਦਿਆਂ ਹੋਇਆ ਪੁੱਛਿਆ ਕੇ ਇਥੇ ਤੇਰਾ ਮਨਪਸੰਦ ਟੇਬਲ ਕਿਹੜਾ ਹੋਇਆ ਕਰਦਾ ਸੀ?
ਹੱਸ ਪਿਆ ਤੇ ਆਖਣ ਲੱਗਾ ਕੇ ਏਹੀ ਜਿਥੇ ਐਸ ਵੇਲੇ ਹੁਣ ਤੂੰ ਬੈਠਾ ਹੋਇਆਂ ਏ..!
ਅੱਗੋਂ ਮੈਂ ਆਪਣਾ ਸਮਾਨ ਸਮੇਟਣ ਵਿਚ ਭੋਰਾ ਜਿੰਨੀ ਵੀ ਦੇਰ ਨਾ ਲਾਈ..ਤੇ ਉਸਨੂੰ ਦੱਸ ਦਿੱਤਾ ਕੇ ਦੋਸਤਾ ਜੇ ਜਿਊਣ ਦਾ...

ਜਜਬਾ ਅਤੇ ਉਸ ਦੀ ਹੋਂਦ ਵਿਚ ਵਿਸ਼ਵਾਸ਼ ਹੋਵੇ ਤਾਂ ਵਾਕਿਆ ਹੀ ਇਸ ਵਿਚੋਂ ਗੋਲੀ ਤਾਂ ਕੀ ਟੈਂਕ ਦਾ ਗੋਲਾ ਵੀ ਲੰਘ ਜਾਵੇ ਕੁਝ ਨੀ ਵਿਗਾੜ ਸੱਕਦਾ..!
ਅੱਗੋਂ ਸੁਆਲੀਆ ਨਜਰਾਂ ਨਾਲ ਸ਼ਾਇਦ ਮੇਰੀ ਆਖੀ ਗੱਲ ਦਾ ਵਿਸਥਾਰ ਜਾਣਨਾ ਚਾਹ ਰਿਹਾ ਸੀ..!
ਫੇਰ ਪੈਂਹਠ ਇਕੱਤਰ ਅਤੇ ਚੁਰਾਸੀ ਅਤੇ ਮਗਰੋਂ ਦੀਆਂ ਕਿੰਨੀਆਂ ਕਹਾਣੀਆਂ ਸੰਖੇਪ ਵਿਚ ਦੱਸ ਦਿੱਤੀਆਂ!
ਪਰ ਚੱਲਦੇ ਵਾਰਤਾਲਾਪ ਦੇ ਖਾਤਮੇਂ ਦਾ ਇੰਤਜਾਰ ਕਰਦੇ ਹੋਏ ਉਸਦੇ ਨਾਲਦਿਆਂ ਵੱਲ ਦੇਖ ਮੈਂ ਹਿਸਾਬ ਲਾ ਲਿਆ ਕੇ ਉਸਦੀ ਜਿੰਦਗੀ ਦੇ ਬਾਕੀ ਬਚੇ ਹੋਏ ਸਾਹਾਂ ਤੇ ਕਿਸੇ ਹੋਰ ਦਾ ਵੀ ਹੱਕ ਏ..!
ਕਾਹਲੀ ਨਾਲ ਫਤਹਿ ਬੁਲਾ ਦਿੱਤੀ ਤੇ ਆਖਿਆ ਕੇ ਦੋਸਤਾ ਜੇ ਜਿੰਦਗੀ ਨੇ ਫੇਰ ਕਦੀ ਮੋਹਲਤ ਦਿੱਤੀ ਤਾਂ ਬਾਕੀ ਦੀ ਕਹਾਣੀ ਜਰੂਰ ਦੱਸਾਂਗਾ..!
ਸੋ ਦੋਸਤੋ ਪਹਿਲੀ ਗੱਲ ਜੇ ਕਿਸੇ ਆਪਣੇ ਮਿੱਤਰ ਪਿਆਰੇ ਦੀ ਸੱਚੇ ਮਨੋਂ ਖਾਤਿਰਦਾਰੀ ਕਰਨੀ ਲੋਚਦੇ ਹੋ ਤਾਂ ਉਸਦੇ ਜਿਉਂਦੇ ਜੀ ਹੀ ਕਰ ਲੈਣੀ ਬਣਦੀ ਏ..ਉਸਦੇ ਤੁਰ ਜਾਣ ਮਗਰੋਂ ਸਿਰਫ ਦਿਖਾਵੇ ਖ਼ਾਤਿਰ ਪਾਏ ਹੋਏ ਕਿੰਨੇ ਸਾਰੇ ਵੈਣ,ਕੀਰਣੇ ਅਤੇ ਭੋਗ ਤੇ ਕੱਢੀਆਂ ਮਣਾਂ ਮੂਹੀਂ ਜਲੇਬੀਆਂ ਦੀ ਭੋਰਾ ਜਿੰਨੀ ਵੀ ਵੁੱਕਤ ਨਹੀਂ ਹੁੰਦੀ..!
ਅਤੇ ਦੂਜੀ ਗੱਲ ਦਸਮ ਪਿਤਾ ਦੀ ਅਪਾਰ ਕਿਰਪਾ ਸਦਕਾ ਪੂਰੇ ਜਹਾਨ ਦੀ ਨਜਰ ਵਿਚ ਦਸਤਾਰ ਦੀ ਅਸਲ ਪਛਾਣ ਹੁਣ ਇੰਝ ਪਸਾਰਾ ਕਰ ਰਹੀ ਏ ਜਿੱਦਾਂ ਚੜ੍ਹਦੇ ਸੂਰਜ ਦਾ ਚਾਨਣ..ਸੋ ਇਹ ਸਾਡੇ ਤੇ ਨਿਰਭਰ ਕਰਦਾ ਏ ਕੇ ਚਾਰੇ ਪਾਸੇ ਤੋਂ ਉੱਠ ਰਹੇ ਸਿਆਹ ਬੱਦਲਾਂ ਦੇ ਵਿਚ ਸੂਰਜ ਦੇ ਇਸ ਅਦੁੱਤੀ ਚਾਨਣ ਨੂੰ ਸਦੀਵੀਂ ਬਰਕਰਾਰ ਕਿੱਦਾਂ ਰੱਖਣਾ ਏ..ਕਿਓੰਕੇ ਅਕਸਰ ਵੇਖਿਆ ਗਿਆ ਕੇ ਗਲਤੀ ਇੱਕ ਦਸਤਾਰ ਕੋਲੋਂ ਹੁੰਦੀ ਪਰ ਝੁਕਣਾ ਹਜਾਰਾਂ ਨੂੰ ਪੈਂਦਾ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)