ਯੂਨੀਵਰਸਿਟੀ ਤੋਂ ਪੰਜਾਬ ਵਾਪਿਸ ਪਰਤਦਿਆਂ ਗੱਡੀ ਅਕਸਰ ਹੀ ਕੁਵੇਲੇ ਜਿਹੇ ਅਮ੍ਰਿਤਸਰ ਟੇਸ਼ਨ ਤੇ ਅੱਪੜਿਆ ਕਰਦੀ..
ਫੇਰ ਰਾਤ ਕੱਟਣ ਆਮ ਤੌਰ ਤੇ ਦਰਬਾਰ ਸਾਬ ਚਲਿਆ ਜਾਇਆ ਕਰਦਾ..
ਗਰਮੀਆਂ ਦੀਆਂ ਰਾਤਾਂ ਵਿਚ ਪਰਿਕਰਮਾ ਦੇ ਠੰਡੇ-ਸ਼ੀਤ ਫਰਸ਼ ਤੇ ਤਾਰਿਆਂ ਦੀ ਲੋ ਹੇਠ ਦੋ ਘੜੀਆਂ ਆਰਾਮ ਕਰਨ ਦਾ ਆਪਣਾ ਹੀ ਅਨੰਦ ਹੋਇਆ ਕਰਦਾ..!
ਅਕਸਰ ਰਾਤ ਸੁੱਤੇ ਪਿਆਂ ਲਾਗੇ ਬਿੜਕ ਜਿਹੀ ਹੋਇਆ ਕਰਦੀ..ਕਦੀ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਘੋੜਿਆਂ ਦੀਆਂ ਟਾਪਾਂ ਸੁਣਾਈ ਦਿਆ ਕਰਨ ਅਤੇ ਕਈ ਵਾਰ ਭਾਈ ਗੁਰਬਖਸ਼ ਸਿੰਘ ਜੀ ਅਤੇ ਬਾਬੇ ਦੀਪ ਸਿੰਘ ਜੀ ਦੀ ਵਾਹੀ ਲਕੀਰ ਸੁਫ਼ਨੇ ਵਿਚ ਦਿਸਿਆ ਕਰਦੀ..!
ਇਹ ਵਰਤਾਰਾ ਘੜੀ ਦੀ ਘੜੀ ਹੀ ਮਹਿਸੂਸ ਹੋਇਆ ਕਰਦਾ ਫੇਰ ਸੇਵਾਦਾਰ ਤੜਕੇ ਸਵਖਤੇ ਹੀ ਉਠਾ ਦਿਆ ਕਰਦੇ..
ਫੇਰ ਸ੍ਰੀ ਅਕਾਲ ਤਖ਼ਤ ਸਾਬ ਤੋਂ ਹੇਠਾਂ ਲਿਆਂਧੀ ਜਾਂਦੀ ਪਾਲਕੀ ਅਤੇ ਨਾਲ ਤੁਰੀ ਜਾਂਦੀ ਕਿੰਨੀ ਸਾਰੀ ਸੰਗਤ..
ਇਹ ਅਲੌਕਿਕ ਦ੍ਰਿਸ਼ ਸ਼ਾਇਦ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੋਵੇ..
2008 ਵਿੱਚ ਪਹਿਲੀ ਵਾਰ ਕਨੇਡਾ ਤੋਂ ਵਾਪਿਸ ਅਮ੍ਰਿਤਸਰ ਗਿਆ..
ਇੱਕ ਦਿਨ ਮਨ ਵਿਚ ਤਾਂਘ ਜਿਹੀ ਜਾਗੀ..
ਗਰਮੀਆਂ ਦੇ ਇੱਕ ਦਿਨ ਉਂਝ ਦੇ ਮਾਹੌਲ ਦਾ ਇੱਕ ਵਾਰ ਫੇਰ ਅਨੰਦ ਲੈਣ ਦਰਬਾਰ ਸਾਹਿਬ ਅੱਪੜ ਗਿਆ..
ਜੀ ਜਿਹਾ ਕੀਤਾ ਕੇ ਇਸ ਵਾਰ ਸ੍ਰੀ ਅਕਾਲ ਤਖ਼ਤ ਦੇ ਐਨ ਸਾਮਣੇ ਬਣੇ ਦੋ ਨਿਸ਼ਾਨ ਸਾਹਿਬਾਂ ਦੇ ਕੋਲ ਆਰਾਮ ਕੀਤਾ ਜਾਵੇ..!
ਖੁੱਲੇ ਆਸਮਾਨ ਵਿਚ ਪਏ ਹੋਏ ਨੂੰ ਦਾਦਾ ਜੀ ਚੇਤੇ ਆ ਗਿਆ..
ਮੈਨੂੰ ਅਜੇ ਵੀ ਯਾਦ ਏ ਜਦੋਂ 1984 ਜੁਲਾਈ ਦੇ ਪਹਿਲੇ ਹਫਤੇ ਮੈਂ ਓਹਨਾ ਨਾਲ ਦਰਬਾਰ ਸਾਬ ਦਰਸ਼ਨ ਕਰਨ ਆਇਆ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਬ ਦੀ ਢੱਠੀ ਹੋਈ ਇਮਾਰਤ ਵੇਖ ਕਿੰਨੀ ਦੇਰ ਰੋਂਦੇ ਰਹੇ..
ਬੱਸ ਏਹੀ ਗੱਲ ਕਿੰਨੀ ਵਾਰ ਆਖੀ ਗਏ ਕੇ “ਪੁੱਤ ਇਥੇ ਦੀ ਇੱਕ ਇੱਕ ਇੰਚ ਦੀ ਧਰਤੀ ਸ਼ਹੀਦਾਂ ਦੇ ਕਿੰਨੇ ਸਾਰੇ ਰੱਤ ਨਾਲ ਰੰਗੀ ਹੋਈ ਏ..ਇਸ ਨੂੰ ਜਿੰਨੀ ਵਾਰ ਵੀ ਨਮਸਕਾਰ ਕਰੇਂ ਓਨਾ...
ਹੀ ਥੋੜਾ ਏ..!
ਤਾਰਿਆਂ ਦੀ ਲੋ ਹੇਠ ਇਹ ਸਾਰਾ ਕੁਝ ਸੋਚਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਨੀਂਦਰ ਪੈ ਗਈ..
ਫੇਰ ਅਚਾਨਕ ਸੁੱਤੇ ਪਏ ਨੂੰ ਇੰਝ ਲੱਗਾ ਜਿੱਦਾਂ ਕਿਸੇ ਨੇ ਵੱਖੀ ਵਿਚ ਕੋਈ ਤਿੱਖੀ ਚੀਜ ਚੋਬ ਹੁੱਝ ਜਿਹੀ ਮਾਰੀ ਹੋਏ..
ਨਾਲ ਹੀ ਜਾਗੋਮੀਟੀ ਵਿੱਚ ਇੱਕ ਗੂੰਝਦੀ ਹੋਈ ਵਾਜ ਕੰਨੀ ਪੈਣ ਲੱਗੀ..ਕੋਈ ਆਖ ਰਿਹਾ ਸੀ “ਗੁਰਮੁਖਾ ਦਾਹੜੀ ਕੁਤਰਨੀ ਕਦੋਂ ਬੰਦ ਕਰਨੀ ਏ..”
ਮੈਂ ਉਭੜਵਾਹੇ ਉੱਠ ਖਲੋਤਾ..
ਏਧਰ ਓਧਰ ਵੇਖਿਆ..ਆਸੇ ਪਾਸੇ ਕੋਈ ਵੀ ਨਹੀਂ ਸੀ..ਕੋਲ ਪਈ ਸਾਰੀ ਸੰਗਤ ਆਰਾਮ ਕਰ ਰਹੀ ਸੀ..!
ਟਾਈਮ ਵੇਖਿਆ ਪੂਰੇ ਢਾਈ ਵੱਜੇ ਸਨ..ਮੁੜਕੇ ਮੈਨੂੰ ਬਿਲਕੁਲ ਵੀ ਨੀਂਦਰ ਨਾ ਪਈ..ਬਾਕੀ ਦੀ ਰਾਤ ਮੈਂ ਏਧਰ ਓਧਰ ਫਿਰਦਿਆਂ ਹੀ ਕੱਢ ਦਿੱਤੀ..ਸੁਵੇਰੇ ਇਸ਼ਨਾਨ ਕੀਤਾ..ਲੰਗਰ ਛਕਿਆ ਤੇ ਤੁਰ ਕੇ ਘਰ ਅੱਪੜ ਗਿਆ..!
ਘਰੇ ਅੱਪੜਦਿਆਂ ਪਿਤਾ ਜੀ ਗੇਟ ਤੇ ਬੈਠੇ ਅਖਬਾਰ ਪੜ੍ਹਦੇ ਮਿਲ ਗਏ..
ਅਖਬਾਰ ਕੱਠੀ ਜਿਹੀ ਕਰ ਮੇਰੇ ਵੱਲ ਗਹੁ ਨਾਲ ਵੇਖਣ ਲੱਗੇ..ਫੇਰ ਇੱਕਦਮ ਬੋਲ ਪਏ..”ਯਾਰ ਦਾਹੜੀ ਕੁਤਰਨੀ ਕਦੋਂ ਬੰਦ ਕਰਨੀ ਏ..ਮੈਨੂੰ ਤੇਰੇ ਵੱਲ ਵੇਖ ਨਮੋਸ਼ੀ ਜਿਹੀ ਮਹਿਸੂਸ ਹੁੰਦੀ ਏ..”
ਪਤਾ ਨਹੀਂ ਕਿਹੋ ਜਿਹਾ ਸਬੱਬ ਸੀ..
ਇੱਕੋ ਗੱਲ ਉਸ ਦਿਨ ਦੋ ਵੱਖ ਵੱਖ ਥਾਵਾਂ ਤੇ ਦੋ ਵੱਖ ਵੱਖ ਸਖਸ਼ੀਅਤਾਂ ਦੇ ਮੂਹੋਂ ਸੁਣ ਮਨ ਬੇਚੈਨ ਜਿਹਾ ਹੋ ਉਠਿਆ..
ਫੇਰ ਮੁੜਦੇ ਪੈਰੀ ਵਾਪਿਸ ਦਰਬਾਰ ਸਾਬ ਜਾ ਅੱਪੜਿਆ..
ਸ੍ਰੀ ਅਕਾਲ ਤਖ਼ਤ ਸਾਬ ਦੇ ਸਾਮਣੇ ਦੋ ਨਿਸ਼ਾਨ ਸਾਹਿਬਾਂ ਦੇ ਐਨ ਵਿਚਕਾਰ ਖਲੋ ਗਿਆ..ਮੁੜਕੇ ਪਿਛਲੀ ਰਾਤ ਤਿੱਖੀ ਨੋਕ ਵਾਲੇ ਹਥਿਆਰ ਨਾਲ ਖੁਦ ਦੀ ਜਮੀਰ ਤੇ ਚੋਬ ਜਿਹੀ ਲਾਉਣ ਵਾਲੇ ਬਾਬੇ ਨਾਲ ਇੱਕ ਕੌਲ-ਕਰਾਰ ਜਿਹਾ ਕੀਤਾ..ਜੋ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਤੱਕ ਵੀ ਬਕਾਇਦਾ ਨਿਭੀ ਜਾ ਰਿਹਾ ਹੈ!
ਹਰਪ੍ਰੀਤ ਸਿੰਘ ਜਵੰਦਾ