ਚਾਰੇ ਪਾਸੇ ਗੁਲਾਬ,ਕਲੀਆਂ ਅਤੇ ਫੁੱਲਾਂ ਦੀ ਮਹਿਕ,ਪਾਣੀ ਦੇ ਝਰਨਿਆਂ ਤੇ ਹਵਾ ਦਾ ਸੁੰਦਰ ਸੰਗੀਤ,ਚਾਰੇ ਪਾਸੇ ਹਰਿਆਲੀ,ਸ਼ੀਸ਼ੇ ਦੀ ਤਰਾਂ ਚਮਕਦੇ ਚਿੱਟੇ ਪਹਾੜ,ਉੱਪਰ ਅਠਖੇਲੀਆਂ ਕਰਦੇ ਬੱਦਲ,ਛੋਟੀਆਂ ਛੋਟੀਆਂ ਚਿੜੀਆਂ ਦੀ ਚੂੰ ਚੂੰ,ਕੋਇਲ ਦੀ ਮਿੱਠੀ ਆਵਾਜ ਮਨਮੋਹਣੀ ਕੁਦਰਤ ਦਾ ਹਰ ਨਜਾਰਾ ਨਜ਼ਰ ਆ ਰਿਹਾ ਸੀ ਜੋ ਇੰਦਰੀਆਂ ਨੂੰ ਸਰੋਸਾਰ ਕਰ ਰਿਹਾ ਸੀ।ਯਕਦਮ ਮੈਂਨੂੰ ਸਾਹ ਘੁੱਟਦਾ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੇਰਾ ਗਲਾ ਦਬਾ ਦਿੱਤਾ ਹੋਵੇ,ਸਾਰਾ ਸਰੀਰ ਪਸੀਨੋਂ ਪਸੀਨੀ ਹੋ ਗਿਆ,ਗਲੇ ਦਾ ਸਵਾਦ ਇੱਕਦਮ ਕੌੜਾ,ਅਤਿ ਜਹਿਰੀਲੀ ਬਦਬੂ ਆਉਣ ਲੱਗੀ,ਕੰਨਾਂ ਵਿੱਚ ਕੜ ਕੜ ਦੀਆਂ ਬੇਤਰਤੀਬੀਆਂ ਆਵਾਜਾਂ।ਮੈਂ ਪੂਰੀ ਹਿੰਮਤ ਨਾਲ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ,ਮੇਰੀ ਨੀਂਦ ਖੁੱਲ੍ਹੀ ਸਾਰਾ ਕਮਰਾ ਨਾੜ ਨੂੰ ਲੱਗੀ ਅੱਗ ਦੇ ਧੂੰਏ ਨਾਲ ਭਰਿਆ ਪਿਆ ਸੀ,ਸੇਕ ਬਿਜਲੀ ਦੀਆਂ ਤਾਰਾਂ ਨੂੰ ਪੈਣ ਕਰਕੇ ਬਿਜਲੀ ਬੰਦ ਹੋ ਗਈ ਸੀ ਤੇ ਏ ਸੀ ਵੀ ਬੰਦ ਹੋ ਗਿਆ ਸੀ,ਖੇਤ ਦੇ ਬੰਨੇ...
ਤੇ ਲੱਗੇ ਟਾਹਲੀ ਦੇ ਰੁੱਖ ਸੜਕੇ ਕੰਕਾਲ ਬਣ ਖੜੇ ਸੀ ਟਟੀਹਰੀ ਦੇ ਉੱਚੀ ਉੱਚੀ ਚੀਕਣ ਦੀ ਆਵਾਜ ਆ ਰਹੀ ਸੀ,ਸ਼ਾਇਦ ਅੱਗ ਵਿੱਚ ਉਸਦੇ ਆਂਡੇ ਜਾਂ ਬੱਚੇ ਸੜਕੇ ਸਵਾਹ ਹੋ ਗਏ ਸਨ।ਆਕਾਸ਼ ਵਿੱਚ ਧੂੰਏ ਨੇ ਸੂਰਜ ਨੂੰ ਲੁਕੋ ਲਿਆ।ਵਾਹੋਦਾਹੀ ਭੱਜਕੇ ਨਲਕੇ ਤੋਂ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਸੁੱਕ ਚੁੱਕਾ ਸੀ।ਮੈਂ ਆਪਣੇ ਬੱਚਿਆਂ ਵਾਸਤੇ ਕੀ ਛੱਡਕੇ ਜਾ ਰਿਹਾਂ ਹਾਂ? ਇਹ ਸੋਚਦਾ ਮੈਂ ਤੇਜੀ ਨਾਲ ਮੌਤ ਵੱਲ ਵਧ ਰਿਹਾ ਸੀ।
ਸਮਾਪਤ
ਗੁਲਸ਼ਨਬੀਰ ਗੁਰਾਇਆ