ਅਵਤਾਰ ਸਿੰਘ ਰਾਏ ਬਰਮਿੰਘਮ
ਮੈਂ 1958 ਤੋਂ 1963 ਦੇ ਵਿਚਕਾਰ।
ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਮੋਰਾਂਵਾਲੀ ਵਿਖੇ ਪੜ੍ਹਿਆ ਸਾਂ। ਮਾਣਯੋਗ ਮਾਸਟਰ ਸ੍ਰੀ ਬਖ਼ਸ਼ੀ ਰਾਮ ਸਿਧੂ ਜੀ ਹੋਰਾਂ ਨੇ ਸਾਨੂੰ ਮੁਢਲੀ ਵਿੱਦਿਆ ਪ੍ਰਦਾਨ ਕੀਤੀ। ਸ੍ਰੀ ਬਖ਼ਸ਼ੀ ਰਾਮ ਜੀ ਡਸਿਪਲਿਨ ਦੇ ਬੜੇ ਪੱਕੇ ਸਨ। ਪਰ ਹਰ ਗੱਲ ਬੜੇ ਪਿਆਰ ਨਾਲ ਸਮਝਾਇਆ ਕਰਦੇ ਸਨ। ਇਸੇ ਕਰਕੇ ਉਹ ਮੈਨੂੰ ਬੜੇ ਚੰਗੇ ਲੱਗਦੇ ਸਨ। ਉਹ ਮੋਰਾਂਵਾਲੀ ਦੇ ਹੋਣ ਕਰਕੇ ਸਦਾ ਆਪਣੇ ਆਪਣੇ ਲੱਗਦੇ।
1963 ਵਿੱਚ ਮੈਂ ਸੰਤ ਘਨਈਆ ਸਿੰਘ ਖਾਲਸਾ ਹਾਈ ਸਕੂਲ ਪਠਲਾਵਾ ਮੋਰਾਂਵਾਲੀ ਵਿਖੇ ਛੇਵੀਂ ਜਮਾਤ ਵਿੱਚ ਦਾਖਲਾ ਲੈ ਲਿਆ। 1968 ਵਿੱਚ ਦਸਵੀਂ ਪਾਸ ਕੀਤੀ ‘ਤੇ ਮੈਂ ਇੰਗਲੈਂਡ ਆ ਗਿਆ। ਸਾਲ ਆਉਂਦੇ ਗਏ, ਸਾਲ ਜਾਂਦੇ ਗਏ। ਜ਼ਿੰਦਗੀ ਆਪਣੀ ਤੋਰੇ ਤੁਰਦੀ ਗਈ। ਕਈ ਯਾਦਾਂ ਵਿੱਚੋਂ ਵਿੱਸਰ ਗਏ। ਕਈ ਮੀਲ ਪੱਥਰਾਂ ਵਾਂਗ ਉਵੇਂ ਦੇ ਉਵੇਂ ਚੇਤਿਆ ਦੀ ਧਰਤੀ ਵਿੱਚ ਗੱਡੇ ਰਹੇ। ਉਹਨਾਂ ਚੇਹਰਿਆਂ ਵਿੱਚੋਂ ਇੱਕ ਚੇਹਰਾ ਸਿੱਧੂ ਸਾਹਿਬ ਦਾ ਵੀ ਸੀ। ਜਿਨਾਂ ਲਈ ਮੇਰੇ ਮਨ ਵਿੱਚ ਹਮੇਸ਼ਾ ਇੱਜ਼ਤ ਅਤੇ ਮਾਣ ਬਣਿਆ ਰਿਹਾ।
ਇੰਡੀਆ ਦੀਆਂ ਫੇਰੀਆਂ ਸਮੇਂ ਮੇਰੀ ਬੜੀ ਤਮੰਨਾ ਰਹਿੰਦੀ ਕਿ ਮੈਂ ਸਿਧੂ ਸਾਹਿਬ ਹੋਰਾਂ ਨੂੰ ਮਿਲਾਂ। ਅਤੇ ਉਹਨਾਂ ਨੂੰ ਉਹਨਾਂ ਦਾ ਬਣਦਾ ਸਰਦਾ ਸਤਿਕਾਰ ਦੇਵਾਂ। ਗੁਰੂ ਤਾਂ ਆਖਰ ਗੁਰੂ ਹੀ ਹੁੰਦਾ ਹੈ ਨਾ। ਉਹ ਵੀ ਮੇਰਾ ਪਹਿਲਾ ਗੁਰੂ…
ਪਰ ਅਫ਼ਸੋਸ ਉਹਨਾਂ ਦਿਨਾਂ ਵਿੱਚ ਉਹ ਸ਼ਾਇਦ ਲੁਧਿਆਣੇ ਰਹਿੰਦੇ ਸਨ। ਬਹੁਤ ਵਾਰ ਸੋਚਣ ਦੇ ਬਾਵਜੂਦ ਵੀ ਮੈਂ ਮਿਲਣ ਨਾ ਜਾ ਸਕਿਆ।
ਮੋਹਰਲੇ ਤੋਂ ਮੋਹਰਲੇ ਸਾਲ ਸਮਾਂ ਲੰਘਦਾ ਗਿਆ। ਮੈਂ ਮਿਲਣ ਨਾ ਜਾ ਸਕਿਆ। ਫਿਰ ਉਹਨਾਂ ਨੂੰ ਕਿਸੇ ਘਰੇਲੂ ਝਗੜੇ ਦੇ ਕਾਰਨ ਜੇਲ੍ਹ ਹੋ ਗਈ। ਮੇਰਾ ਉਹਨਾਂ ਨਾਲ਼ ਮੇਲ਼ ਹੋਣਾ ਹੋਰ ਵੀ ਮੁਸ਼ਕਿਲ ਹੋ ਗਿਆ।
ਮੈਂ ਜਦੋਂ ਵੀ ਪਿੰਡ ਆਉਂਦਾ ਮੇਰੇ ਨਾਲ ਮੇਰੇ ਤਿੰਨ ਵੱਡੇ ਭਰਾਵਾਂ ਵਿੱਚੋਂ ਕੋਈ ਨਾ ਕੋਈ ਮੇਰੇ ਨਾਲ ਹੁੰਦਾ।
ਇਸ ਵਾਰ ਮੇਰੇ ਨਾਲ ਮੇਰੇ ਸਭ ਤੋਂ ਵੱਡੇ ਭਾਜੀ ਨਿਰਮਲ ਸਿੰਘ ਹੋਰੀ ਸੀ। ਸਾਡੀ ਜਦੋਂ ਵੀ ਬੰਗਿਆਂ ਦੀ ਫੇਰੀ ਲਗਦੀ। ਭਾਜੀ ਨੇ ਆਪਣਾ ਕੰਮ ਮੁਕਾ ਕੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਗੇਟ ਕੋਲ ਚੁੰਨੀਆਂ ਰੰਗਣ ਵਾਲ਼ਿਆਂ ਦੀ ਹੱਟੀ ‘ਤੇ ਗੱਪ ਛੱਪ ਲਈ ਆ ਬਹਿਣਾ। ਅਸੀਂ ਖ਼ਰੀਦਾਰੀ ਕਰਕੇ ਅਖੀਰ ਵਿੱਚ ਉਹਨਾਂ ਨੂੰ ਚੁੱਕਣਾ ਹੁੰਦਾ ਸੀ।
ਹਾਰਨ ਵੱਜਣ ‘ਤੇ ਭਾਜੀ ਹੋਰੀ ਗੱਡੀ ‘ਚੇ ਬੈਠ ਜਾਣਾ ਤੇ ਚਲੋ ਚਲੀ ਹੋ ਜਾਣੀ। ਕਿਉਂਕਿ ਉਸ ਜਗ੍ਹਾ ਬਹੁਤ ਦੇਰ ਰੁਕਣਾ ਮੁਨਾਸਬ ਨਹੀਂ ਸੀ।
ਇਸ ਵਾਰੀ ਭਾਜੀ ਹੋਰੀ ਦੁਕਾਨ ‘ਤੇ ਬੈਠੇ ਇੱਕ ਸ਼ਖ਼ਸ ਨਾਲ ਐਸੇ ਗੱਲੀਂ ਰੁੱਝੇ ਕਿ ਤੁਰਨ ਦਾ ਨਾਂ ਹੀ ਨਾ ਲੈਣ। ਦੋ ਤਿੰਨ ਹਾਰਨਾ ਬਾਅਦ ਮੈਨੂੰ ਹਾਰ ਕੇ ਗੱਡੀ ‘ਚੋਂ ਉਤਰ ਕੇ ਜਾਣਾ ਪਿਆ, ਤਾਂ ਕਿਧਰੇ ਤੁਰੇ। ਗੱਡੀ ਵਿੱਚ ਬੈਠ ਐਧਰ ਉਧਰ ਦੀਆਂ ਗੱਲਾਂ ਕਰਨ ਲਗ ਪਏ।
ਗੱਲਾਂ ਕਰਦਿਆਂ ਮੈਂ ਗਿਲੇ ਵਜ੍ਹੋ ਕਿਹਾ, ਤੁਸੀ ਚੰਗੇ ਬੰਦੇ ਹੋ। ਤੁਹਾਨੂੰ ਚੰਗਾ ਭਲਾ ਪਤਾ...
ਉਸ ਮੋੜ ਤੇ ਇੰਨਾਂ ਚਿਰ ਗੱਡੀ ਖੜੀ ਨਹੀਂ ਹੋ ਸਕਦੀ ‘ਤੇ ਤੁਸੀਂ ਤੁਰਨ ਦਾ ਨਾਂ ਹੀ ਨਹੀਂ ਲਿਆ…
ਉਹ ਹੱਸਣ ਤੋਂ ਬਾਅਦ ਕਹਿਣ ਲੱਗੇ, ਕੀ ਦੱਸਾਂ ਵਰ੍ਹਿਆ ਪਿੱਛੋਂ ਮੈਨੂੰ ਮੇਰੇ ਬਚਪਨ ਦਾ ਯਾਰ ਮਿਲ਼ ਪਿਆ ਸੀ। ਫਿਰ ਗੱਲਾਂ ਦਾ ਸਿਲਸਿਲਾ ਚੱਲ ਪਿਆ।
ਸੱਚ ਦੱਸਾਂ ਮੇਰਾ ਤਾਂ ਤੁਰਨ ਨੂੰ ਜੀ ਹੀ ਨਹੀਂ ਕਰਦਾ ਸੀ। ਬੜੀ ਦੇਰ ਬਾਅਦ ਮਿਲਾਪ ਹੋਇਆ। ਪਰ ਤੁਹਾਡੀ ਕਾਹਲੀ ਨੂੰ ਦੇਖ ਮੈਨੂੰ ਤੁਰਨਾ ਪਿਆ।
ਮੈਂ ਕਿਹਾ ਕੌਣ ਸੀ ਉਹ ਬੰਦਾ?
ਭਾਜੀ ਕਹਿਣ ਲੱਗੇ ਦੇਖ ਲੈ ਬੰਦੇ ਦੀ ਕਿਸਮਤ…ਸਾਰੀ ਉਮਰ ਹੋਰਾਂ ਦੀ ਕਿਸਮਤ ਸੁਆਰਨ ਵਾਲਾ ਅੱਜ ਆਪਣੀ ਕਿਸਮਤ ਨੂੰ ਰੋ ਰਿਹਾ ਸੀ। ਤਾਹੀਏਂ ਤਾਂ ਲੋਕੀਂ ਕਹਿੰਦੇ ਨੇ ਕਿਸਮਤ ਬਦਲਦਿਆਂ ਦੇਰ ਨਹੀਂ ਲਗਦੀ।
ਗੱਲਾਂ ਕਰਦਿਆਂ ਅਸੀਂ ਪਿੰਡ ਝਿੱਕਾ ਲੰਘ ਆਏ ਸਾਂ…
ਭਾਜੀ ਨੇ ਗੱਲ ਜਾਰੀ ਰੱਖੀ।
ਵਿਚਾਰਾ ਛੁੱਟੀ ਆਇਆ ਹੋਇਆ ਸੀ। ਹੁਣ ਵਾਪਸ ਜੇਲ ਜਾ ਰਿਹਾ ਸੀ। ਮੈਂ ਕਿਹਾ ਕਿਸਦੀ ਗੱਲ ਕਰਦੇ ਹੋ? ਕਹਿਣ ਲੱਗੇ ਓ …..ਹੀ ਆਪਣੇ ਮਾਸਟਰ ਬਖ਼ਸ਼ੀ ਰਾਮ ਦੀ। ਮੈਂ ਕਿਹਾ ਓ….ਹੋ ਤੁਸੀਂ ਮੈਨੂੰ ਕਿਉਂ ਨਾ ਦੱਸਿਆ ਕਿ ਉਹ ਮਾਸਟਰ ਜੀ ਹੋਰੀ ਸਨ? …..ਮੈਂ ਤਾਂ ਬੜੀ ਦੇਰ ਤੋਂ ਉਹਨਾਂ ਨੂੰ ਮਿਲਣਾ ਲੋਚਦਾ ਸੀ। ਤੁਸੀਂ ਮੈਨੂੰ ਮਿਲਾਇਆ ਕਿਉਂ ਨਾ? ਮੈਂ ਇੱਕੋ ਵਾਰੀ ਕਿੰਨੇ ਹੀ ਪ੍ਰਸ਼ਨ ਦਾਗ ਦਿੱਤੇ।
ਮੈਨੂੰ ਬੜਾ ਅਫ਼ਸੋਸ ਹੋਇਆ ਕਿ ਮੈਂ ਇੰਨਾਂ ਕਰੀਬ
ਜਾਕੇ ਵੀ ਉਹਨਾਂ ਤੋਂ ਕੋਸਾਂ ਮੀਲਾਂ ਦੂਰ ਰਿਹਾ…..
ਭਾਜੀ ਹੋਰੀ ਕਹਿੰਦੇ ਚੱਲ ਛੱਡ ਜ਼ਿੰਦਗੀ ਰਹੀ ਤਾਂ ਮੂਹਰਲੇ ਸਾਲ ਮਿਲ਼ ਲਈ। ਹੁਣ ਤਾਂ ਉਹ ਵਾਪਸ ਜੇਲ ਜਾ ਰਿਹਾ ਹੈ। ਮੇਰਾ ਚਿੱਤ ਮਸੋਸਿਆ ਜਿਹਾ ਗਿਆ।
ਫਿਰ ਮੈਂ ਸਾਰੀ ਵਾਟ ਬੋਲ ਨਾ ਸਕਿਆ।
ਦੋ ਕੁ ਹਫ਼ਤਿਆਂ ਬਾਅਦ ਅਸੀਂ ਵਾਪਸ ਇੰਗਲੈਂਡ ਆ ਗਏ। ਗੱਲ ਆਈ ਗਈ ਹੋ ਗਈ। ਸਾਨੂੰ ਆਇਆਂ ਹਾਲੀ ਥੋੜਾ ਹੀ ਚਿਰ ਹੋਇਆ ਸੀ ਕਿ ਖ਼ਬਰ ਆ ਗਈ ਮਾਸਟਰ ਬਖ਼ਸ਼ੀ ਰਾਮ ਜੀ ਹੋਰੀ ਰੱਬ ਨੂੰ ਪਿਆਰੇ ਹੋ ਗਏ।
ਸੁਣਕੇ ਮੈਂ ਸੁੰਨ ਰਹਿ ਗਿਆ। ਹੁਣ ਮੈਂ ਜਦੋਂ ਵੀ ਮਾਸਟਰ ਜੀ ਹੋਰਾਂ ਨੂੰ ਯਾਦ ਕਰਦਾਂ ਮੈਨੂੰ ਉਹ ਬੰਗਿਆਂ ਵਾਲੀ ਮਿਲਣੀ, ਜੋ ਕਦੀ ਹੋ ਨਾ ਸਕੀ….ਬੜੀ ਹੀ ਚੁਬਦੀ ਹੈ। ਜਿੱਥੇ ਮੈਂ ਉਹਨਾਂ ਨੂੰ ਮਿਲ ਕੇ ਵੀ ਮਿਲ ਨਾ ਸਕਿਆ।
ਉਹ ਮੇਰੇ ਐਨਾ ਨੇੜੇ ਸਨ ਕਿ ਮੈਂ ਉਹਨਾਂ ਦੇ ਪੈਰ ਛੂਹ ਸਕਦਾ ਸਾਂ। ਮੈਂ ਐਨੀ ਨੇੜੇ ਤੋਂ ਵੀ ਉਹਨਾਂ ਨੂੰ ਪਹਿਚਾਣ ਵੀ ਨਾ ਸਕਿਆ। ਮੈਂ ਉਹਨਾਂ ਨੂੰ ਬੁਲਾ ਵੀ ਨਾ ਸਕਿਆ…ਮੈਨੂੰ ਇਹ ਸਭ ਕੁੱਝ ਰਹਿ ਰਹਿਕੇ ਚੇਤੇ ਆ ਰਿਹਾ ਸੀ।
ਮੇਰੇ ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਬੰਗੀ ਦੇਖਿਆ ਉਹ ‘ਧੁੰਦਲਾ ਜੇਹਾ ਚੇਹਰਾ’ ਮੈਨੂੰ ਸਾਫ਼ ਨਜ਼ਰੀਂ ਨਹੀਂ ਆਉਂਦਾ…ਫਿਰ ਵੀ ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ।