ਇੱਕ ਦਿਨ ਵੈਸੇ ਹੀ ਮੈਨੂੰ ਪਤਾ ਲੱਗਿਆ ਕਿ ਮੇਰਾ ਬਚਪਣ ਦਾ ਸਕੂਲ ਤੋਂ ਕਾਲਜ ਤੱਕ ਦਾ ਸਹਿਪਾਠੀ ਦੋਸਤ ਨਰਿੰਦਰ ਜੋਗੀ ਮੇਰੇ ਸ਼ਹਿਰ ਵਿੱਚ ਹੀ ਬੈਂਕ ਮੈਨੇਜਰ ਦੇ ਤੌਰ ਤੇ ਟ੍ਰਾਂਸਫਰ ਹੋ ਕੇ ਆ ਗਿਆ ਹੈ। ਕਾਲਜ ਦੀ ਕੰਟੀਨ ਵਿੱਚ ਜਾ ਕੇ ਚਾਹ ਦੇ ਨਾਲ ਸਮੋਸੇ ਖਾਣਾ ਸਾਡਾ ਦੋਨਾਂ ਦਾ ਹੀ ਸ਼ੌਂਕ ਸੀ। ਹਫ਼ਤੇ ਵਿੱਚ ਇੱਕ ਅੱਧੀ ਵਾਰ ਹੀ ਓਹ ਪੈਸੇ ਦਿੰਦਾ ਸੀ। ਬਾਕੀ ਦਿਨ ਮੈਂ ਹੀ ਦਿੰਦਾ ਸੀ।
ਮੇਰਾ ਖਾਤਾ ਵੀ ਉਸੇ ਬੈਂਕ ਵਿੱਚ ਸੀ। ਸੋਚਿਆ ਅੱਜ ਬੈਂਕ ਜਾ ਕੇ ਮਿਲ ਆਉਂਦਾ ਹਾਂ। ਕੁਝ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋ ਜਾਣਗੀਆਂ। ਨਾਲੇ ਚਾਹ ਪੀਵਾਂਗੇ ਇੱਕਠੇ ਬਹੁਤ ਦੇਰ ਬਾਅਦ।
ਜਿਉਂ ਹੀ ਮੈਂ ਉਸ ਦੇ ਕੈਬਿਨ ਵਿੱਚ ਵੜਿਆ, ਉਸ ਨੇ ਬੜੀ ਗਹੁ ਨਾਲ ਮੇਰੇ ਵੱਲ ਵੇਖਿਆ ਤੇ ਪਛਾਣਦੇ ਹੀ ਖੜ੍ਹੇ ਹੋ ਕੇ ਮੇਰੇ ਨਾਲ ਹੱਥ ਮਿਲਾ ਕੇ ਮੈਨੂੰ ਕੁਰਸੀ ਤੇ ਬੈਠਣ ਲਈ ਕਿਹਾ।ਬੈਲ ਮਾਰ ਕੇ ਉਸ ਨੇ ਮੇਰੇ ਲਈ ਪਾਣੀ ਦਾ ਗਿਲਾਸ ਮੰਗਵਾਇਆ ਅਤੇ ਆਪ ਪਹਿਲਾਂ ਤੋਂ ਹੀ ਟੇਬਲ ਤੇ ਢਕ ਕੇ ਰੱਖਿਆ ਗਿਲਾਸ ਚੁੱਕ ਕੇ ਪੀ ਲਿਆ।
ਉਸ ਵੱਲੋਂ ਹੋਰ ਸੁਣਾ ਕੀ ਹਾਲ ਚਾਲ ਹੈ। ਬੈਂਕ ਦਾ ਕੋਈ ਕੰਮ ਹੈ ਤਾਂ ਦੱਸ ਕਹਿਣ ਤੇ ਮੈਂ ਦੱਸਿਆ ਕਿ ਮੈਂ ਤਾਂ ਸਿਰਫ਼ ਉਸ ਨੂੰ ਮਿਲਣ ਲਈ ਹੀ ਆਇਆ ਹਾਂ। ਸੋਚਿਆ ਕਿ ਕੁਝ ਪੁਰਾਣੀਆਂ ਗੱਲਾਂ ਵੀ ਹੋ ਜਾਣਗੀਆਂ ਤੇ ਕਿਸੇ ਵੇਲੇ ਘਰ ਆਉਣ ਲਈ ਵੀ ਕਹਿ ਆਵਾਂਗਾ। ‘ਕਠੇ ਬਹਿ ਕੇ ਚਾਹ ਪੀਵਾਂਗੇ ਤੇ ਸਮੋਸੇ ਖਾਵਾਂਗੇ। ਹਾਂ ਹਾਂ ਜਰੂਰ ਜਰੂਰ ਕਹਿ ਕੇ ਉਸ ਨੇ ਹਾਮੀ ਭਰ ਦਿੱਤੀ।
ਬੈਲ ਮਾਰ ਕੇ ਪੀਅਨ ਨੂੰ ਬੁਲਾਇਆ ਤੇ ਕਿਹਾ, ਕੰਟੀਨ ਵਾਲੇ ਨੂੰ ਦੋ ਕੱਪ ਚਾਹ ਕਹਿ ਆ।
10 – 15 ਮਿੰਟ ਇਧਰ ਓਧਰ ਦੀਆਂ ਗੱਲਾਂ ਕਰਦੇ ਕਰਦੇ ਓਹ ਹੋਰ ਕੰਮ ਵੀ ਕਰਦਾ ਰਿਹਾ ਅਤੇ ਮੈਂ ਵਾਰ-ਵਾਰ ਪਿੱਛੇ ਨੂੰ ਵੇਖ ਕੇ ਆਉਣ ਵਾਲੀ ਚਾਹ ਦੀ...
ਉਡੀਕ ਵੀ ਕਰਦਾ ਰਿਹਾ। ਪਰ ਚਾਹ ਨਹੀਂ ਆਈ। ਥੋੜੀ ਦੇਰ ਬਾਅਦ ਮੈਂ ਬਾਥਰੂਮ ਜਾਣ ਲਈ ਉੱਠ ਕੇ ਕੈਬਿਨ ਤੋਂ ਬਾਹਰ ਆਇਆ ਤਾਂ ਬਾਥ ਰੂਮ ਦੇ ਰਸਤੇ ਦੇ ਨੇੜੇ ਹੀ ਛੋਟੀ ਜਿਹੀ ਕੰਟੀਨ ਸੀ। ਮੈਂ ਰੁਕ ਕੇ ਕੰਟੀਨ ਵਾਲੇ ਨੂੰ ਪੁੱਛਿਆ “ਭਾਈ ਸਾਹਿਬ ਮੈਨੇਜਰ ਸਾਹਿਬ ਨੇ ਦੋ ਕੱਪ ਚਾਹ ਮੰਗਵਾਈ ਸੀ। ਐਨੀ ਦੇਰ ਬਾਅਦ ਵੀ ਤੁਸੀਂ ਅਜੇ ਤੱਕ ਭੇਜੀ ਨਹੀਂ”
ਓਹ ਮੰਦ ਜਿਹਾ ਮੁਸਕਾਇਆ ਤੇ ਮੈਨੂੰ ਕਹਿਣ ਲੱਗਾ “ਚਾਹ ਭੇਜਣ ਦਾ ਕੋਈ ਆਰਡਰ ਨਹੀਂ ਆਇਆ ਜੀ ਮੈਨੂੰ”
ਮੈਂ ਇਧਰ ਓਧਰ ਨਜ਼ਰ ਘੁਮਾਈ। ਓਹ ਪੀਅਨ ਜਿਸ ਨੂੰ ਚਾਹ ਲਈ ਕਿਹਾ ਸੀ, ਮੈਨੂੰ ਨਜ਼ਰ ਆ ਗਿਆ। ਮੈਂ ਉਸ ਦੇ ਕੋਲ ਗਿਆ ਤੇ ਪੁੱਛ ਹੀ ਲਿਆ ਕਿ ਉਸ ਨੇ ਕੰਟੀਨ ਵਾਲੇ ਨੂੰ ਚਾਹ ਭੇਜਨ ਲਈ ਕਿਹਾ ਸੀ ਕਿ ਨਹੀਂ। ਓਹ ਵੀ ਥੋੜਾ ਮੁਸਕਾਇਆ ਤੇ ਕਹਿਣ ਲੱਗਾ “ਸਰ ਜੀ ਸਾਡੇ ਮੈਨੇਜਰ ਸਾਹਿਬ ਚਾਹ ਲਈ ਦੋ ਤਰ੍ਹਾਂ ਨਾਲ ਆਰਡਰ ਕਰਦੇ ਨੇ। ਇੱਕ ਚਾਹ ਕਹਿ ਆ ਤੇ ਦੂਜਾ ਚਾਹ ਲੈ ਆ”
ਜਦੋਂ ਚਾਹ ਲੈ ਆ ਦਾ ਆਡਰ ਹੋਊ ਚਾਹ ਆ ਵੀ ਜਾਊ।
ਮੈਂ ਚਾਹ ਕਹਿ ਆ ਤੇ ਚਾਹ ਲੈ ਆ ਦੇ ਫ਼ਰਕ ਦੀ ਜੱਦੋ-ਜਹਿਦ ਵਿੱਚ ਘਿਰਿਆ ਦੁਬਾਰਾ ਬਿਨਾਂ ਕੈਬਿਨ ਵਿੱਚ ਜਾਣ ਦੀ ਥਾਂ ਬੈਂਕ ਵਿੱਚੋਂ ਬਾਹਰ ਆ ਗਿਆ। ਘਰ ਜਾਂਦੇ ਜਾਂਦੇ ਰਸਤੇ ਵਿੱਚੋਂ ਚਾਰ ਸਮੋਸੇ ਵੀ ਪੈਕ ਕਰਾ ਲਏ ਇਹ ਸੋਚ ਕੇ ਕਿ ਘਰ ਜਾ ਕੇ ਹੀ ਚਾਹ ਨਾਲ ਖਾਵਾਂਗੇ। ਕੰਟੀਨ ਦੀਆਂ ਯਾਦਾਂ ਦੁਬਾਰਾ ਤਾਜ਼ਾ ਹੋ ਗਈਆਂ ਅਤੇ ਪੰਜਾਬੀ ਦੇ ਸ਼ਬਦ – ਕਹਿ ਆ, ਲੈ ਆ ਦਾ ਫ਼ਰਕ ਵੀ ਸਮਝ ਆ ਚੁੱਕਿਆ ਸੀ।
ਇੰਦਰ ਪਾਲ ਸਿੰਘ – ਪਟਿਆਲਾ