ਸਿਮਰ ਦੀ ਹੱਡ-ਬੀਤੀ
ਸਿਮਰ ਘਰ ਵਿੱਚ ਵੱਡੀ ਧੀ ਹੋਣ ਕਰਕੇ ਦਾਦਕਿਆਂ ਤੇ ਨਾਨਕਿਆਂ ਦੀ ਬਹੁਤ ਜ਼ਿਆਦਾ ਲਾਡਲੀ ਸੀ। ਮਾਂ ਪਿਉ ਦੀ ਪਰੀ ਸੀ। ਆਪਣੀ ਦਾਦੀ ਦੀ ਚਹੇਤੀ ਧੀ ਤੇ ਪੱਕੀ ਸਹੇਲੀ ਸੀ । ਪੜਾਈ ਦੇ ਨਾਲ ਨਾਲ ਸਿਮਰ ਘਰ, ਹਵੇਲੀ ਤੇ ਖੇਤਾਂ ਦਾ ਸਾਰਾ ਕੰਮ ਕਰਨਾ ਸਿੱਖੀ ਹੋਈ ਸੀ । ਸਿਮਰ ਬਹੁਤ ਸਿੱਧੀ, ਸਧਾਰਨ ਜਹੀ ਕੁੜੀ ਸੀ । ਕਰਦੇ ਕਰਦੇ ਸਿਮਰ ਦਸਵੀਂ ਜਮਾਤ ਪਾਸ ਕਰ ਗਈ। ਘਰ ਦੇ ਕਹਿੰਦੇ ਅੱਗੇ ਨਹੀਂ ਪੜਾਉਣਾ। ਸਿਮਰ ਜਦੋ ਆਪਣੀਆਂ ਸਹੇਲੀਆਂ ਨੂੰ ਉੱਚ ਪੜਾਈ ਲਈ ਸ਼ਹਿਰ ਜਾਂਦੇ ਦੇਖਦੀ ਤਾਂ ਕਦੇ ਕਦੇ ਘਰ ਪਰਿਵਾਰ ਦੇ ਜੀਅ ਮੁਹਰੇ ਰੋਂਦੀ ਹੋਈ ਅੱਗੇ ਪੜ੍ਹਨ ਦਾ ਮਤਾ ਰੱਖਦੀ , ਪਰ ਸਭ ਨਾਂਹ ਕਰ ਦਿੰਦੇ। ਤਕਰੀਬਨ ਡੇਢ ਕੁ ਸਾਲ ਬਾਅਦ ਇੱਕ ਦਿਨ ਰੱਬ ਨੇ ਨੇੜੇ ਹੋ ਕੇ ਸੁਣੀ ਤੇ ਕਾਲਜ ਦਾ ਮੁਖੀਆ ਆਪਣੀ ਪਤਨੀ ਸਮੇਤ ਸਿਮਰ ਦੇ ਘਰ ਆਈਆ ਤੇ ਸਿਮਰ ਦੇ ਪਿਤਾ ਨੂੰ ਅੱਗੇ ਪੜਾਈ ਕਰਾਉਣ ਲਈ ਬੇਨਤੀ ਕੀਤੀ । ਚਲੋ ਕਰ ਕਰਾਕੇ ਸਿਮਰ ਦੇ ਪਿਤਾ ਜੀ ਕਹਿੰਦੇ ਕੱਲ ਸਵੇਰੇ ਮੇਰੀ ਧੀ ਸਾਈਕਲ ਤੇ ਤੁਹਾਡੇ ਕਾਲਜ ਪੜ੍ਹਨ ਆਵੇਗੀ। ਸਾਧਾਰਨ ਜਹੀ ਕੁੜੀ ਜਾਮਣਾਂ ਰੰਗੀ ਸੂਟ ਪਾਈ ਸਿਰ ਤੇ ਟੱਲਾ ਲਈ ਸਾਈਕਲ ਲੈ ਪਿੰਡ ਦੀ ਫਿਰਨੀ ਤੇ ਨਾਲ ਦੀਆਂ ਸਾਥਣਾਂ ਦੀ ਉਡੀਕ ਕਰ ਰਹੀ ਸੀ। ਅੱਜ ਸਿਮਰ ਜਿਵੇਂ ਅੰਬਰਾਂ ਨੂੰ ਛੂਹਦੀ ਉੱਚ ਪੜਾਈ ਲਈ ਪਹਿਲੀ ਵਾਰ ਪਿੰਡ ਤੋਂ ਸ਼ਹਿਰ ਗਈ। ਪੰਜ ਕੁ ਮਹੀਨੇ ਵਿੱਚ ਉਸ ਨੇ ਬਾਰਵੀਂ ਜਮਾਤ ਪਾਸ ਕਰ ਲਈ। ਫੇਰ ਬੀ ਏ ਕੀਤੀ ਹੀ ਸੀ ਕਿ ਇੱਕ ਬਹੁਤ ਵੱਡੇ ਘਰ ਦੇ ਮੁੰਡੇ ਦਾ ਰਿਸ਼ਤਾ ਆ ਗਿਆ । ਸਿਮਰ ਦਾ ਵਿਆਹ ਹੋ ਗਿਆ । ਸਹੁਰੇ ਪਰਿਵਾਰ ਦੇ ਸਾਰੇ ਖ਼ਾਨਦਾਨ ਵਿੱਚ ਉਹ ਸਭ ਤੋਂ ਜ਼ਿਆਦਾ ਪੜੀ ਲਿਖੀ ਤੇ ਸਰਵ ਗੁਣ ਸੰਪੰਨ ਨੂੰਹ ਸੀ । ਸਹੁਰੇ ਪਰਿਵਾਰ ਵਿੱਚ ਉਹਦੇ ਸਹੁਰੇ ਉਸ ਨੂੰ ਅਥਾਹ ਪਿਆਰ ਸਤਿਕਾਰ ਦਿੰਦੇ ਸਨ । ਸਹੁਰੇ ਪਰਿਵਾਰ ਦੀ ਸਹਿਮਤੀ ਨਾਲ ਉਹ ਘਰ ਦੇ ਕੰਮਾਂ ਤੋਂ ਇਲਾਵਾ ਹੋਰ ਉਚੇਰੀ ਪੜਾਈ ਕਰਨ ਲੱਗ ਪਈ ਸੀ। ਖੁਸ਼ੀਆ ਦੇ ਦਿਨ ਬਹੁਤ ਜਲਦੀ ਜਲਦੀ ਲੰਘ ਰਹੇ ਸਨ । ਵਿਆਹ ਤੋਂ ਸਾਲ ਕੁ ਬਾਅਦ ਰੱਬ ਨੇ ਸਿਮਰ ਨੂੰ ਪੁੱਤਰ ਦੀ ਦਾਤ ਦਿੱਤੀ । ਸਹੁਰੇ ਪਰਿਵਾਰ ਵਿੱਚ ਪਿਆਰ ਸਤਿਕਾਰ ਹੋਰ ਵੀ ਵੱਧ ਗਿਆ। ਪੁੱਤਰ ਅਜੇ ਛੇ ਕੁ ਮਹੀਨੇ ਦਾ ਸੀ ਕਿ ਅਚਾਨਕ ਸਿਮਰਨ ਦੇ ਪਤੀ ਦੀ ਮੌਤ ਹੋ ਗਈ। ਖੁਸ਼ੀਆ ਗਮ ਵਿੱਚ ਤੇ ਰੋਸ਼ਨੀਆਂ ਹਨੇਰੀਆਂ ਰਾਤਾਂ ਵਿੱਚ ਬਦਲ ਗਈਆਂ । ਉਸ ਦਾ ਪਤੀ ਘਰ ਵਿੱਚ ਇਕੱਲਾ ਇਕੱਲਾ ਪੁੱਤਰ ਸੀ ਤੇ ਸਿਮਰ ਦੀ ਇੱਕ ਨਣਦ ਸੀ । ਹੁਣ ਸਹੁਰੇ ਪਰਿਵਾਰ ਲਈ ਸਿਮਰ ਨੂੰਹ ਦੇ ਨਾਲ ਨਾਲ ਪੁੱਤ ਵੀ ਬਣ ਗਈ, ਰੱਬ ਨੇ ਸ਼ਾਇਦ ਉਸ ਨੂੰ ਬਹੁਤ ਮਜ਼ਬੂਤ ਬਣਾਈਆਂ ਸੀ। ਭਰੀ ਜਵਾਨੀ ਵਿੱਚ ਪਤੀ ਦੇ ਮਰਨ ਦਾ ਦੁੱਖ ਉਹ ਅੰਦਰ ਹੀ ਅੰਦਰ ਦਬਾ ਗਈ ਕਿਉਂਕਿ ਉਹ ਆਪਣੇ ਸੱਸ ਸਹੁਰੇ ਤੇ ਨਣਾਨ ਦਾ ਪੂਰਾ ਖਿਆਲ ਰੱਖਦੀ ਸੀ ਤੇ ਸਮਝਦੀ ਸੀ ਕਿ ਦੁਨੀਆ ਤੋਂ ਜਾਣ ਵਾਲਾ ਉਸ ਦਾ ਪਤੀ ਬਾਅਦ ਵਿੱਚ ਪਹਿਲਾ ਮਾਂ ਪਿਉ ਦੀਆ ਅੱਖਾਂ ਦਾ ਤਾਰਾ ਸੀ ਤੇ ਇੱਕ ਨਿੱਕੀ ਭੈਣ ਦਾ ਵੱਡਾ ਵੀਰ ਪਿਆਰਾ ਸੀ । ਪਤੀ ਦੀ ਮੌਤ ਤੋਂ ਦੋ ਕੁ ਸਾਲ ਬਾਅਦ ਸਿਮਰ ਦੀ ਨਣਾਨ ਦਾ ਵਿਆਹ ਹੋ ਗਿਆ। ਵਿਆਹ ਵਿੱਚ ਸਿਮਰ ਭਰਜਾਈ ਦੇ ਨਾਲ ਨਾਲ ਭਰਾ ਦੇ ਫ਼ਰਜ਼ ਵੀ ਨਿਭਾਂ ਰਹੀ ਸੀ । ਵਿਆਹ ਤੋਂ ਬਾਅਦ ਨਣਦ ਆਪਣੇ ਘਰ ਖੁਸ਼ ਸੀ ਜਦਕਿ ਉਸ ਦੇ ਸਹੁਰੇ ਬਹੁਤ ਲਾਲਚੀ ਬੰਦੇ ਸੀ। ਫੇਰ ਸਾਲ ਬਾਅਦ...
ਸਿਮਰਨ ਦੇ ਸਹੁਰੇ ਪਰਿਵਾਰ ਨੇ ਪੇਕੇ ਪਰਿਵਾਰ ਨੂੰ ਬੇਨਤੀ ਕੀਤੀ ਕਿ ਸਿਮਰ ਦੀ ਉਮਰ ਬਹੁਤ ਨਿਆਣੀ ਹੈ, ਉਸ ਦੀ ਵੀ ਦੁਬਾਰਾ ਵਿਆਹ ਕਰ ਦੇਣ । ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ ਤੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਲਿਆ ।
ਪਹਿਲਾ ਤਾਂ ਸਿਮਰ ਮੰਨਦੀ ਨਹੀਂ ਸੀ ਪਰ ਫੇਰ ਸਿਮਰ ਨੇ ਆਖਰੀ ਫੈਸਲਾ ਲਿਆ ਕਿ ਉਹ ਉੱਥੇ ਵਿਆਹ ਕਰੇਗੀ ਜੋ ਉਸ ਦੇ ਪਹਿਲੇ ਸਹੁਰੇ ਪਰਿਵਾਰ ਨਾਲ ਮਿਲਣ ਵਰਤਨ ਦੇਣ। ਸੱਸ ਸਹੁਰੇ ਨੇ ਸਿਮਰ ਨੂੰ ਆਪਣਾ ਪੁੱਤਰ ਉਹਨਾਂ ਕੋਲ ਛੱਡ ਜਾਣ ਲਈ ਬੇਨਤੀ ਕੀਤੀ ਸੀ । ਸਿਮਰ ਲਈ ਸੱਸ ਸਹੁਰਾ ਆਪਣੇ ਮਾਂ ਬਾਪ ਤੋਂ ਵੀ ਜ਼ਿਆਦਾ ਸਤਿਕਾਰਯੋਗ ਸਨ। ਪੁੱਤਰ ਨੂੰ ਸੱਸ ਦੀ ਝੋਲੀ ਪਾ ਉਸ ਨੇ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕਰ ਲਿਆ । ਕਈ ਸਾਲ ਤੱਕ ਸਿਮਰ ਨਵੇਂ ਸਹੁਰੇ ਘਰ ਆਪਣੇ ਪੁੱਤਰ ਤੇ ਸੱਸ ਸਹੁਰੇ ਨੂੰ ਮਿਲਣ ਆਉਂਦੀ ਰਹੀ । ਕਈ ਸਾਲਾ ਬਾਅਦ ਸਿਮਰ ਦਾ ਦੂਜਾ ਪਤੀ ਉਸ ਨੂੰ ਬਾਹਰ ਲੈ ਗਿਆ। ਕਈ ਸਾਲ ਉਹ ਸਹੁਰੇ ਪਰਿਵਾਰ ਤੇ ਆਪਣੇ ਪੁੱਤਰ ਨੂੰ ਮਿਲਣ ਨਾ ਆ ਸਕੀ ਪਰ ਫੋਨ ਕਰ ਕੇ ਹਾਲ ਚਾਲ ਜ਼ਰੂਰ ਜਾਣ ਲੈੰਦੀ । ਸਿਮਰ ਦੀ ਨਣਦ ਦਾ ਵਿਆਹ ਬਹੁਤ ਲਾਲਚੀ ਪਰਿਵਾਰ ਵਿੱਚ ਹੋਈਆ ਸੀ । ਹੁਣ ਨਣਦ ਸਿਮਰ ਦੇ ਸੱਸ ਸਹੁਰੇ ਨੂੰ ਸਿਮਰ ਨਾਲ ਕੋਈ ਨਾਤਾ ਨਾ ਰੱਖਣ ਲਈ ਮਜ਼ਬੂਰ ਕਰਨ ਲੱਗੀ ਸੀ। ਆਖ਼ਰ ਸਿਮਰ ਦਾ ਸਹੁਰਾ ਕਹਿੰਦਾ ਸਿਮਰ ਪੁੱਤ ਹੁਣ ਤੂੰ ਸਾਨੂੰ ਭੁੱਲ ਜਾ ਸਾਡੇ ਨਾਲ ਨਾਲ ਆਪਣੇ ਪੁੱਤਰ ਨੂੰ ਵੀ ਕਿਉਂਕਿ ਇਹ ਸਾਡੀ ਸਭ ਤੋਂ ਵੱਡੀ ਮਜਬੂਰੀ ਹੈ ਜੋ ਸਾਡੀ ਧੀ ਦੀ ਦੇਣ ਹੈ। ਕੁਝ ਵਕਤ ਮਜਬੂਰੀ ਹੀ ਸਹੁਰੇ ਲਈ ਵੱਡੀ ਬੀਮਾਰੀ ਬਣ ਗਈ ਤੇ ਉਹ ਇਸ ਲਾਸਾਨੀ ਦੁਨੀਆ ਨੂੰ ਅਲਵਿਦਾ ਆਖ ਗਿਆ। ਹੁਣ ਸੱਸ ਵਿਚਾਰੀ ਇੱਕਲੀ ਔਰਤ ਹੋਰ ਵੀ ਮਜਬੂਰ ਸੀ , ਸਿਮਰ ਦਾ ਪੁੱਤਰ ਸੁੱਖ ਨਾਲ ਪੰਦਰਾਂ ਸੋਲਾਂ ਸਾਲਾ ਦਾ ਹੋ ਗਿਆ ਸੀ , ਜਿਸ ਨੂੰ ਭੂਆ ਨੇ ਮਾਂ ਖ਼ਿਲਾਫ਼ ਭੜਕਾਂ ਦਿੱਤਾ ਸੀ ਕਿ ਤੇਰੀ ਮਾਂ ਤੇਰੇ ਬਾਪ ਨੂੰ ਮਾਰ ਕੇ ਤੇ ਤੈਨੂੰ ਛੱਡ ਕੇ ਚਲੀ ਗਈ ਸੀ। ਸਾਰੀ ਗੱਲ ਸਿਮਰ ਦੀ ਸੱਸ ਨੇ ਸਿਮਰ ਨੂੰ ਸਾਫ ਸਾਫ ਦੱਸ ਦਿੱਤੀ ਸੀ। ਰੱਬ ਤੇ ਭਰੋਸਾ ਰੱਖਣ ਵਾਲੀ ਸਿਮਰ ਆਪਣੀ ਸੱਸ ਨੂੰ ਆਖਦੀ ਹੈ ਕਿ ਮਾਤਾ ਜੀ ਤੁਸੀ ਸਾਰਾ ਸੱਚ ਜਾਣਦੇ ਹੋ ਤੇ ਮੈਂ ਚਾਹੁੰਦੀ ਹਾਂ ਤੁਸੀ ਆਪ ਆਪਣੇ ਪੋਤਰੇ ਨੂੰ ਸਾਰਾ ਸੱਚ ਸੱਚ ਦੱਸੋ । ਬਾਕੀ ਮੈਂ ਤਾਂ ਜ਼ਿੰਦਗੀ ਵਿੱਚ ਸਭ ਦੇ ਫੈਸਲੇ ਸੁਣੇ ਹਨ ਕਦੇ ਆਪ ਦੇ ਸੁਣਾਏ ਹੀ ਨਹੀਂ ਹਨ। ਉਹ ਮੇਰਾ ਰੱਬ ਜਾਣਦਾ ਮੈਂ ਗਲਤ ਨਹੀਂ ਸੀ । ਜੇਕਰ ਮੈਂ ਗਲਤ ਨਹੀਂ ਸੀ ਤਾਂ ਹੋ ਸਕਦਾ ਰੱਬ ਮੇਰੇ ਨਾਲ ਵੀ ਕੁਝ ਗਲਤ ਨਾ ਹੋਣ ਦੇਵੇ ਤੇ ਮੇਰਾ ਪੁੱਤਰ ਮੈਨੂੰ ਮਾਂ ਕਹੇ ਤੇ ਦਿਲੋਂ ਸਵੀਕਾਰ ਕਰੇ ।
ਜੋ ਵੀ ਇਸ ਕਹਾਣੀ ਨੂੰ ਪੜੇ ਕਿਰਪਾ ਕਰਕੇ ਉਹ ਆਪਣੇ ਵਿਚਾਰ ਜ਼ਰੂਰ ਦਿਉ ਕਿ ਸਿਮਰ ਨੂੰ ਦੂਜਾ ਵਿਆਹ ਕਰਨਾ ਚਾਹੀਦਾ ਸੀ ਜਾ ਨਹੀਂ ? ਆਪਣਾ ਪੁੱਤਰ ਸੱਸ ਨੂੰ ਦੇਣਾ ਚਾਹੀਦਾ ਸੀ ਜਾ ਨਹੀਂ ? ਹੁਣ ਪੁੱਤਰ ਨੂੰ ਮਿਲਣਾ ਚਾਹੀਦਾ ਕਿ ਨਹੀਂ ?
ਤੁਹਾਡੇ ਵਿਚਾਰ ਮੇਰੀ ਪਾਤਰ ਸਿਮਰ ਲਈ ਬਹੁਤ ਕੀਮਤੀ ਹੋਣਗੇ ਜੀ ।
ਸਰਬਜੀਤ ਸਿੰਘ