ਬਾਪੂ ਕਿਵੇਂ ਐ ? ਖੈਰ ਤਾਂ ਹੈ ? ਕਦੇ ਵੇਖਿਆ ਈ ਨੀ? ਕਿੱਥੇ ਰਹਿਨੈ ਅੱਜ ਕੱਲ੍ਹ?
ਬੱਸ ਪੁੱਤਰਾ ਚੰਗਾ ਚੱਲੀ ਜਾਂਦਾ ਰੱਬ ਆਸਰੇ। ਮਾਤਾ ਕਿਵੇਂ ਆ? ਹੁਣ ਮਾਤਾ ਨੂੰ ਵੀ ਵੇਖਿਆਂ ਕਈ ਚਿਰ ਹੋ ਗਿਆ?
ਮਾਤਾ ਵੀ ਤਕੜੀ ਐ। ਨਜਾਰੇ ਲੈ ਰਹੀ ਐ ਅੱਜ ਕੱਲ੍ਹ ਕਨੇਡਾ ਆਪਣੀ ਕੁੜੀ ਕੋਲ਼ੇ।
ਅੱਛਾ ਬਾਪੂ। ਮਾਤਾ ਤੈਨੂੰ ਐਵੇਂ ਦੀ ਹਾਲਤ ਵਿੱਚ ਛੱਡ ਕੇ ਕੁੜੀ ਕੋਲ਼ ਕਨੇਡੇ ਚਲੀ ਗਈ। ਕੋਈ ਖਾਸ ਕੰਮ ਸੀ ਜਾਂ ਵੈਸੇ ਹੀ ?
ਬੱਸ ਪੁੱਤਰਾ ‘ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ। ਕੁੜੀ ਦਾ ਫੋਨ ਆਇਆ ਸੀ ਬਈ ਡੈਡੀ ਮੰਮੀ ਦੀ ਟਿਕਟ ਰੱਖ ਦਿੱਤੀ ਆ ਤੇ ਦੋ ਦਿਨ ਬਾਅਦ ਫਲਾਇਟ ਆ। ਏਥੇ ਬੱਚੇ ਮੈਨੂੰ ਔਖਾ ਕਰੀ ਜਾਂਦੇ ਨੇ ਬਈ ਨਾਨੀ ਕਦੋਂ ਆਊਗੀ? ਅਸੀਂ ਨਾਨੀ ਨੂੰ ਮਿੱਸ ਕਰਦੇ ਆਂ। ਮੰਮਾ ਨਾਨੀ ਨੂੰ ਜਲਦੀ ਕਹੋ ਆਉਣ ਲਈ।
ਪਰ ਬਾਪੂ ਜੀ ਏਹ ਤਾਂ ਭੈਣ ਹੁਰਾਂ ਨੂੰ ਵੀ ਪਤੈ ਬਈ ਤੁਸੀਂ ਏਡੀ ਵੱਡੀ ਬਿਮਾਰੀ ਨਾਲ਼ ਲੜ ਰਹੇ ਓਂ ਤੇ ਤੇ ਘਰ ਚ ਹੋਰ ਕੋਈ ਹੈ ਵੀ ਨਹੀਂ ਤੁਹਾਨੂੰ ਦੇਖਣ ਵਾਲ਼ਾ।
ਓਹ ਪੁੱਤਰਾ ਬਾਹਰਲੇ ਬੱਚੇ ਕਦੋਂ ਆਹ ਸਭ ਦੇਖਿਆ ਕਰਦੇ ਆ। ਨਾਲ਼ੇ ਜੇ ਆਪਣਾ ਖੂਨ ਹੁੰਦਾ ਤਾਂ ਗੱਲ ਵੱਖਰੀ ਸੀ। ਖੈਰ ਰੱਬ ਨੇ ਜੇ ਓਸ ਵੇਲੇ ਸੁਣੀ ਹੁੰਦੀ ਤਾਂ ਸ਼ਾਇਦ ਮੈਨੰ ਆਪਣੀ ਭੈਣ ਦੀ ਔਲਾਦ ਨਾ ਗੋਦ ਲੈਣੀ ਪੈਂਦੀ। ਪਰ ਚਲੋ ਉਨ੍ਹਾਂ ਨੂੰ ਪਿਓ ਨਾਲੋਂ ਡਾਲਰ ਵੱਧ ਪਿਆਰੇ ਨੇ।
ਉਨ੍ਹਾਂ ਨੂੰ ਤਾਂ ਬੱਚੇ ਸਾਂਭਣ ਲਈ ਕੋਈ ਚਾਹੀਦੈ ਤਾਂ ਜੋ ਦਿਨ ਰਾਤ ਸ਼ਿਫਟਾਂ ਲਾ ਡਾਲਰ ਕਮਾ ਸਕਣ।
ਪਰ ਬਾਪੂ ਜੀ ਤੁਸੀਂ ਭੈਣ ਹੁਰਾਂ ਨਾਲ ਗੱਲ ਤਾਂ ਕਰਕੇ ਦੇਖਦੇ ਬਈ ਮੇਰਾ ਸਰਦਾ ਨੀ। ਮੈਂ ਕੈਂਸਰ ਵਰਗੀ ਬਿਮਾਰੀ ਨਾਲ਼ ਤਾਂ ਪਹਿਲਾਂ ਈ ਜੂਝ ਰਿਹੈਂ, ਉੱਪਰੋਂ ਰੋਟੀ ਪਾਣੀ ਦਾ ਅੱਡ ਔਖਾ।
ਕਹਿਣ ਨੂੰ ਤਾਂ ਕਹਿ ਦੇਵਾਂ ਪਰ ਤੇਰੀ ਭੈਣ ਗੱਲ ਕਰੇ ਤਾਂ ਹੀ ਆਂ। ਜਿੱਦਣ ਦੀ ਓਹਦੀ ਮਾਂ ਗਈ ਏ, ਇੱਕ ਵੇਰਾਂ ਵੀ ਗੱਲ ਕਰ ਪਿਓ ਦਾ ਹਾਲ ਨਹੀਂਓ ਪੁੱਛਿਆ। ਪਿਓ ਤਾਂ ਜਿਊਂਦਾ ਜਾ ਮਰਿਆ ਉਨ੍ਹਾਂ ਲਈ ਇੱਕ ਬਰਾਬਰ ਐ। ਉਨ੍ਹਾਂ ਦਾ ਰਾਂਝਾ ਰਾਜੀ ਐ ਬਸ ਏਸੇ ਗੱਲ ਦਾ ਸਬਰ ਐ। ਚੱਲ ਕੋਈ ਨੀ ਪੁੱਤਰਾ ਕਰਮਾਂ ਦੇ ਫਲ਼ ਨੇ ਏਹ ਭੁਗਤਣੇ ਪੈਣੇ ਨੇ।ਏਹ ਕਹਿੰਦਾ ਹੋਇਆ ਬਾਪੂ ਅਗਾਂਹ ਲੰਘ ਗਿਆ।
ਮਨ ਚ’ ਖਿਆਲ ਆਇਆ ਬਈ ਦੁਨੀਆਂ ਐਨੀ ਮਤਲਬੀ ਹੋ ਸਕਦੀ ਐ। ਬੁੱਢੇ ਬਾਪ ਨੂੰ ਉਵੇਂ ਤਾਂ ਨਹੀਂ ਪੁੱਛਣਾ ਬਿਮਾਰੀ ਵੇਲੇ ਤਾਂ ਪੁੱਛ ਈ ਸਕਦੇ ਆ।ਚਲੋ ਖੈਰ ਰੱਬ ਦੁਨੀਆਂ ਨੂੰ ਸਮੱਤ ਬਖਸ਼ੇ।
ਪਰ ਕਿਸੇ ਦਿਨ ਖੁਦ ਫੋਨ ਕਰਕੇ ਭੈਣ ਹੁਰਾਂ ਨੂੰ ਲਾਹਨਤਾਂ ਪਾਵਾਂਗਾ ਬਈ ਬਾਪੂ ਵਿਚਾਰੇ ਨੂੰ ਵੀ ਪੁੱਛ ਲਿਆ ਕਰੋ। ਤੁਸੀਂ ਸਾਰਾ ਟੱਬਰ ਕਨੇਡੇ ਕੱਠਾ ਹੋਇਆ ਬੈਠਾ ਤੇ ਏਥੇ ਓਹ ਵਿਚਾਰਾ ਕੱਲਾ ਜਿੰਦਗੀ ਨਾਲ ਲੜ ਰਿਹੈ। ਤੁਸੀਂ ਘੱਟੋ ਘੱਟ ਨਈਂ ਤਾਂ ਫੋਨ ਤੇ ਗੱਲ ਹੀ ਕਰ ਲਿਆ ਕਰੋ। ਏਨੇ ਨੂੰ ਕਈ ਦਿਨ ਬੀਤ ਗਏ।
ਇੱਕ ਦਿਨ ਬਾਪੂ ਫੇਰ ਆਉਂਦਾ ਦਿਖਿਐ। ਕਿਵੇਂ ਆਂ ਬਾਪੂ ? ਆਇਆ ਨੀ ਭੈਣ...
ਹੁਰਾਂ ਦਾ ਫੋਨ ਕਨੇਡੇ ਤੋਂ ?
ਓਹ ਪੁੱਤਰਾ ਕਿਉਂ ਤੂੰ ਵਾਰ ਵਾਰ ਜਖਮਾਂ ਤੇ ਲੂਣ ਛਿੜਕਦਾ ਰਹਿਨੈ? ਤੈਨੂੰ ਕਿਹਾ ਤਾਂ ਹੈ ਬਈ ਓਹ ਮੇਰੇ ਨਾਲ਼ ਗੱਲ ਨਹੀਂ ਕਰਦੀ ਨਾ ਮੇਰਾ ਫੋਨ ਚੁੱਕਦੀ ਆ।
ਲੈ ਆ ਬਾਪੂ ਅੱਜ ਤੇਰੇ ਨਾਲ ਗੱਲ ਕਰਾ ਈ ਦਿੱਨੈ। ਤੂੰ ਵੀ ਸਵਰਗਾਂ ਦਾ ਝੂਟਾ ਲੈਣ ਤੋਂ ਪਹਿਲਾਂ ਆਪਣੀ ਧੀ ਦਾ ਮੂੰਹ ਦੇਖ ਜਾ, ਨਹੀਂ ਤਾਂ ਐਵੇਂ ਉੱਪਰ ਜਾ ਕੇ ਰੱਬ ਨੂੰ ਕੋਸਦਾ ਰਹੇਂਗਾ।
ਅੱਛਾ। ਤੂੰ ਮੈਨੂੰ ਕਿਵੇਂ ਧੀ ਦਾ ਮੂੰਹ ਦਿਖਾ ਦੇਵੇਂਗਾ ? ਓਹ ਤਾਂ ਸੱਤ ਸਮੁੰਦਰੋਂ ਪਾਰ ਬੈਠੀ ਐ।
ਓਹੋ ਬਾਪੂ ਤੇਰੇ ਕੋਲ ਐ ਦੇਸੀ ਫੋਨ ਤੇ ਮੇਰੇ ਆਲਾ ਆ ਅੰਗਰੇਜੀ। ਏਹ ਅਵਾਜ ਛੱਡ ਸ਼ਕਲ ਵੀ ਦਿਖਾ ਦਿੰਦਾ। ਲਿਆ ਫੋਨ ਫੜਾ ਤੂੰ ਮੈਂ ਨੰਬਰ ਕੱਢ ਕੇ ਤੇਰੇ ਨਾਲ਼ ਵੀਡੀਓ ਕਾਲ ਕਰਾਵਾਂ।
ਨਾਲੇ ਭੈਣ ਨੂੰ ਪਤਾ ਵੀ ਨੀ ਲੱਗਣਾ ਬਈ ਬਾਪੂ ਦਾ ਫੋਨ ਐ। ਆਪਾਂ ‘ਸਰਪਰਾਈਜ’ ਦਿੰਦੇ ਆਂ ।
ਕੀ ਦਿੰਨੈ ਆਂ ? ਏਹ ‘ਸਰਪਰੈਜ’ ਕੀ ਹੁੰਦਾ ਪੁੱਤ ? ਬਾਪੂ ਏਹ ਅੰਗਰੇਜੀ ਤੇਰੀ ਸਮਝ ਨੀ ਆਉਣੀ। ਏਹ ‘ਸਰਪਰਾਈਜ’ ਹੁੰਦਾ ਵੀ ਜਿਵੇਂ ਕਿਸੇ ਨੂੰ ‘ਹੈਰਾਨ ਕਰਨਾ’। ਜਦੋਂ ਕੋਈ ਅਚਾਨਕ ਦੇਖੇ ਤਾਂ ਹੈਰਾਨ ਰਹਿਜੇ।
ਐਨੇ ਨੂੰ ਵੀਡੀਓ ਕਾਲ ਦੀ ਰਿੰਗ ਜਾਂਦੀ ਐ। ਲੈ ਬਾਪੂ ਘੰਟੀ ਤਾਂ ਵੱਜਣ ਲੱਗ ਗਈ । ਹੁਣ ਜਦੋਂ ਭੈਣ ਨੇ ਫੋਨ ਚੁਕਿੱਆ ਤਾਂ ਆਪਾਂ ਨਾਲ ਈ ਤੇਰੇ ਵੱਲ ਨੂੰ ਕਰ ਦੇਣਾ ਤੇਰਾ ਚਿਹਰਾ ਦੇਖ ਕੇ ਖਿੜ ਉੱਠੂਗੀ।
ਫੋਨ ਚੁੱਕਿਆ ਜਾਂਦਾ ਤਾਂ ਅੱਗੋਂ ਕੋਈ ਡਾਕਟਰਨੀ ਫੋਨ ਚੁੱਕਦੀ ਐ ਤੇ ਅੰਗਰੇਜੀ ਵਿੱਚ ਆਖਦੀ ਤੁਸੀਂ ਬਾਅਦ ਵਿੱਚ ਫੋਨ ਲਗਾ ਲਿਓ। ਰਣਜੀਤ ਕੌਰ ਜੀ ਦੀ ਹਾਲੇ ‘ਕੀਮੋ ਥੈਰੈਪੀ’ ਚੱਲ ਰਹੀ ਐ। ਏਹ ਗੱਲ ਸੁਣ ਕੇ ਹੱਥ ਕੰਬਣ ਲੱਗਿਐ ਸਰੀਰ ਤਾਂ ਬਸ ਜਿੱਦਾਂ ਸੁਣ ਕੇ ਇੱਕ ਦਮ ਸੁੰਨ ਹੋ ਗਿਆ ਤੇ ਫੋਨ ਆਪਣੇ ਆਪ ਕੱਟਿਆ ਗਿਐ।
ਬਾਪੂ ਕਹਿੰਦਾ ਪੁੱਤ ਕੀ ਹੋਇਆ? ਕੌਣ ਗੋਰੀ ਸੀ? ਆਪਣੀ ਰਾਣੋ ਨਾਲ ਕੰਮ ਕਰਦੀ ਆ? ਰਾਣੋ ਤਾਂ ਦਿਸੀ ਨੀ? ਤੂੰ ਤਾਂ ਕਹਿੰਦਾ ਸੀ ਸਰਪਰੈਜ ਦੇਣਾ।ਕੁਝ ਬੋਲ ਵੀ ਤੂੰ ਤਾਂ ਬੁੱਤ ਈ ਬਣ ਗਿਆਂ।
‘ਸਰਪਰੈਜ’ ਤਾਂ ਆਪਾਂ ਨੂੰ ਮਿਲ ਗਿਆ ਬਾਪੂ।ਹੁਣ ਪਤਾ ਲੱਗਿਐ, ਭੈਣ ਤੇਰੇ ਨਾਲ਼ ਕਿਉਂ ਨੀ ਗੱਲ ਕਰਦੀ? ਤੇ ਮਾਤਾ ਵੀ ਤੈਨੂੰ ਛੱਡ ਕੇ ਕਨੇਡੇ ਕਿਉਂ ਗਈ ਐ। ਮਨੋ ਮਨੀ ਆਖਿਆ।
ਬਾਪੂ ਨੇ ਹਲੂਣਾ ਮਾਰਿਆ ‘ਪੁੱਤਰਾ’। ਓਹੋ ਕੋਈ ਨੀ ਬਾਪੂ ਤੂੰ ਫਿਕਰ ਨਾ ਕਰ। ਆਪਾਂ ‘ਸਰਪਰਾਈਜ’ ਕਿਸੇ ਹੋਰ ਦਿਨ ਦੇ ਦਵਾਂਗੇ। ਅੱਜ ਭੈਣ ਕੰਮ ਤੇ ਬਿਜੀ ਸੀ ।ਗੋਰੀ ਕਹਿੰਦੀ ਤੁਸੀਂ ਫੇਰ ਫੋਨ ਕਰ ਲਿਓ।
ਤੇ ਬਾਪੂ ਦੇ ਜਾਣ ਬਾਅਦ ਮੇਰੇ ਅਲਫਾਜ ਸਨ:-
“ ਉੱਨੇ ਹੀ ਦੁੱਖ ਘੱਟ ਨੇ, ਜਿੰਨੇ ਰਿਹਾਂ ਤੂੰ ਦੇਖ,
ਤੇਰੇ ਲਿਖਿਓ ਦਾਤਿਆ, ਕੌਣ ਮਿਟਾਵੇ ਲੇਖ”।
ਲੇਖਿਕਾ- ਹਿੰਦੇ ਸੰਧੂ।