ਲੋਹੜੀ ਵਾਲੇ ਦਿਨ ਕਿੰਨੇ ਵਰ੍ਹਿਆਂ ਬਾਅਦ ਜਦੋਂ ਬਾਹਰਲੇ ਮੁਲਕੋਂ ਪੰਜਾਬ ਅੱਪੜੀ ਤਾਂ ਪਿੰਡ ਦੀ ਨੁਹਾਰ ਬਿਲਕੁਲ ਹੀ ਬਦਲੀ ਜਿਹੀ ਲੱਗੀ..!
ਨਵੇਂ ਪੱਕੇ ਘਰ,ਮਹਿੰਗੀਆਂ ਕਾਰਾਂ,ਵਧੀਆ ਗੁਸਲਖਾਨੇ,ਘਰ ਘਰ ਏ.ਸੀ,ਪੱਕੀਆਂ ਗਲੀਆਂ..ਅਤੇ ਉਚੇ ਪੱਕੇ ਚੁਬਾਰਿਆਂ ਤੇ ਪਤੰਗਾ ਚੜਾਉਂਦੇ ਟਾਵੇਂ ਟਾਵੇਂ ਲੋਕ..!
ਇੱਕ ਅਜੀਬ ਜਿਹੀ ਗੱਲ ਇਹ ਲੱਗੀ ਕੇ ਘਰਾਂ ਵਿਚ ਸਹੂਲਤਾਂ ਅਤੇ ਰਹਿਣ ਸਹਿਣ ਦਾ ਪੱਧਰ ਭਾਵੇਂ ਕਾਫੀ ਉੱਚਾ ਹੋ ਗਿਆ ਸੀ ਪਰ ਘਰਾਂ ਵਿਚ ਰਹਿਣ ਵਾਲੇ ਜੀ ਬਹੁਤ ਘਟ ਗਏ ਸਨ!
ਵੱਡੇ ਵੱਡੇ ਘਰਾਂ ਵਿਚ ਸਰਫ਼ੇ ਦੇ ਸਿਰਫ ਦੋ ਚਾਰ ਜੀ..
ਨਾਲ ਤੁਰੀ ਜਾਂਦੀ ਬੀਜੀ ਦੱਸਣ ਲੱਗੀ ਕੇ ਕੁਝ ਤਾਂ ਮੇਰੇ ਵਾਂਙ ਬਾਹਰ ਚਲੇ ਗਏ ਤੇ ਕੁਝ ਸ਼ਹਿਰ ਸ਼ਿਫਟ ਹੋ ਗਏ..ਤੇ ਬਾਕੀ ਰਹਿੰਦਿਆਂ ਨੇ ਵੱਖ ਹੋ ਕੇ ਅੱਡਰੇ ਘਰ ਬਣਾ ਲਏ ਸਨ!
ਲੰਬੜਾਂ ਦੇ ਬਾਹਰ ਰਹਿੰਦੇ ਪੋਤਰੇ ਵੱਲੋਂ ਭੇਜੀ ਜਰੂਰੀ ਕਾਗਜ ਪੱਤਰਾਂ ਵਾਲੀ ਇੱਕ ਫਾਈਲ ਦੇਣ ਗਲੀ ਵਿਚ ਨਿਕਲੀ ਤਾਂ ਮਾਤਾ ਪਿਆਰ ਕੌਰ ਦੇ ਬੂਹੇ ਅੱਗੋਂ ਲੰਗਦਿਆਂ ਅੱਜ ਫੇਰ ਕਿੰਨੇ ਵਰੇ ਪਹਿਲਾਂ ਵਾਲੀ ਓਹੀ ਪੂਰਾਣੀ ਜਿਹੀ ਖੁਸ਼ਬੋ ਜ਼ਿਹਨ ਤੇ ਮਹਿਸੂਸ ਕਰਕੇ ਸਰੂਰ ਜਿਹਾ ਆ ਗਿਆ!
ਮੁੜ ਮੁਹਾਰਾਂ ਮਲੋ-ਮੱਲੀ ਹੀ ਓਧਰ ਨੂੰ ਮੁੜ ਗਈਆਂ ਤੇ ਅਸੀਂ ਅੰਦਰ ਲੰਘ ਗਏ..
ਬਿਲਕੁਲ ਓਹੀ ਘਰ..ਓਹੀ ਮਾਹੌਲ..ਓਹੀ ਕੱਚਾ ਵੇਹੜਾ..ਓਹੀ ਚੁੱਲ੍ਹਾ ਚੌਂਕਾ..ਓਹੀ ਧਰੇਕ ਓਹੀ ਹੱਥ ਵਾਲਾ ਨਲਕਾ ਤੇ ਵੇਹੜੇ ਵਿਚ ਤੁਰੇ ਫਿਰਦੇ ਕਿੰਨੇ ਸਾਰੇ ਜੀ..ਸਾਰਾ ਕੁਝ ਉਂਝ ਦਾ ਉਂਝ ਹੀ ਸੀ ਤੇ ਕੁਝ ਵੀ ਤੇ ਨਹੀਂ ਸੀ ਬਦਲਿਆ..
ਮੈਨੂੰ ਅਜੇ ਵੀ ਯਾਦ ਏ ਮੂੰਹ ਦੀ ਕੌੜੀ ਹੋਣ ਕਾਰਨ ਨਿੱਕੇ ਹੁੰਦਿਆਂ ਅਸੀਂ ਉਸਨੂੰ ਅੰਗਿਆਰ...
ਕੌਰ ਆਖ ਭੱਜ ਜਾਇਆ ਕਰਦੀਆਂ ਸਾਂ..
ਉਸ ਨੇ ਵੀ ਅੱਗਿਓਂ ਕਦੀ ਗੁੱਸਾ ਨਹੀਂ ਸੀ ਕੀਤਾ..ਤੇ ਨਾ ਹੀ ਕਦੀ ਉਲਾਹਮਾਂ ਹੀ ਦਿੱਤਾ!
ਗੱਲਾਂ ਗੱਲਾਂ ਵਿਚ ਹੀ ਮੰਜੇ ਤੇ ਬੈਠੀ ਮਾਤਾ ਪਿਆਰ ਕੌਰ ਨੂੰ ਪੁੱਛ ਲਿਆ ਕੇ ਤੁਹਾਨੂੰ ਸਾਰਾ ਪਿੰਡ ਅੰਗਿਆਰ ਕੌਰ ਆਖ ਸੱਦਦਾ ਹੁੰਦਾ ਸੀ..ਤੁਹਾਨੂੰ ਗੁੱਸਾ ਕਿਓਂ ਨਹੀਂ ਸੀ ਲੱਗਦਾ?
ਅਗਿਓਂ ਹੱਸ ਪਈ..ਫੇਰ ਸਹਿ ਸੁਭਾਅ ਹੀ ਮੇਰੇ ਹੱਥੋਂ ਕਾਗਜਾਂ ਵਾਲੀ ਫਾਈਲ ਫੜ ਵਰਕੇ ਫਰੋਲਣ ਲੱਗ ਪਈ..!
ਫੇਰ ਕਾਗਜਾਂ ਨੂੰ ਲੱਗੀ ਪਿੰਨ ਵੱਲ ਇਸ਼ਾਰਾ ਕਰਦੀ ਹੋਈ ਆਖਣ ਲੱਗੀ ਧੀਏ ਮੈਂ ਵੀ ਲੋਹੇ ਦੀ ਇਹੋ ਪਿੰਨ ਹੀ ਹਾਂ..ਇਹ ਕਰਮਾਂ ਵਾਲੀ ਕਾਗਜਾਂ ਨੂੰ ਇੱਕੱਠਿਆਂ ਰੱਖਦੀ ਤੇ ਮੈਂ ਹੁਣ ਤਕ ਆਪਣਾ ਪਰਿਵਾਰ ਇਕੱਠਾ ਰਖਿਆ..ਇਹ ਵੱਖਰੀ ਗੱਲ ਏ ਕੇ ਜੇ ਇਹੋ ਪਿੰਨ ਕਦੀ ਕਦੀ ਉਂਗਲ ਵਿਚ ਖੁੱਬ ਜਾਵੇ ਤਾਂ ਪੀੜ ਦੇ ਨਾਲ ਨਾਲ ਲਹੂ ਵੀ ਜਰੂਰ ਵਗਾ ਦਿੰਦੀ ਏ..ਪਰ ਵੇਹੜੇ ਵਿਚ ਕਦੀ ਖਲਾਰਾ ਨਹੀਂ ਪੈਣ ਦਿੰਦੀ!
ਹੋਰ ਗੱਲਾਂ ਅਤੇ ਢੇਰ ਸਾਰੇ ਦੁੱਖ ਸੁਖ ਫਰੋਲਣ ਮਗਰੋਂ ਆਥਣ ਵੇਲੇ ਜਦੋਂ ਘਰ ਨੂੰ ਪਰਤਣ ਲੱਗੀਆਂ ਤਾਂ ਉਚੇ ਆਸਮਾਨ ਵਿਚ ਉੱਡਦੀਆਂ ਫਿਰਦੀਆਂ ਕਿੰਨੀਆਂ ਸਾਰੀਆਂ ਪਤੰਗਾ ਅੱਜ ਬਿਨਾ ਪਿੰਨ ਵਾਲੀ ਓਸੇ ਫਾਈਲ ਦੇ ਉੱਡਦੇ ਫਿਰਦੇ ਕਾਗਜ ਪੱਤਰ ਲੱਗੇ ਜਿਸਦਾ ਜਿਕਰ ਬੇਬੇ ਪਿਆਰ ਕੌਰ ਘੜੀ ਕੂ ਪਹਿਲਾਂ ਹੀ ਕਰ ਕੇ ਹਟੀ ਸੀ!
ਹਰਪ੍ਰੀਤ ਸਿੰਘ ਜਵੰਦਾ