ਬਲਵਿੰਦਰ ਸਿੰਘ ਭੁੱਲਰ
ਚੋਣਾਂ ਨੇੜੇ ਆ ਗਈਆਂ ਤਾਂ ਸਿਆਸੀ ਆਗੂਆਂ ਦਾ ਦਲਬਦਲੀਆਂ ਦਾ ਦੌਰ ਸੁਰੂ ਹੋ ਗਿਆ। ਇੱਕ ਪਾਰਟੀ ਦੇ ਉੱਚ ਅਹੁਦਿਆਂ ਤੇ ਬਿਰਾਜਮਾਨ ਇੱਕ ਆਗੂ ਨੇ ਆਪਣੀ ਪਤਨੀ ਨੂੰ ਹੋਰ ਪਾਰਟੀ ਵਿੱਚ ਭੇਜ ਦਿੱਤਾ, ਕਿ ਆਪਣੀ ਪਾਰਟੀ ਨੇ ਤਾਂ ਟਿਕਟ ਤੋਂ ਜਵਾਬ ਦੇ ਹੀ ਦਿੱਤੈ ਸ਼ਾਇਦ ਦੂਜੀ ਪਾਰਟੀ ਨਾਲ ਰਲ ਕੇ ਹੀ ਕੁਰਸੀ ਹਾਸਲ ਹੋ ਜਾਵੇ। ਇੱਕ ਹੋਰ ਆਗੂ ਆਪਣੀ ਮਾਂ ਪਾਰਟੀ ਤੋਂ ਸਦਾ ਲਈ ਦੂਰ ਹੋ ਕੇ ਉਸ ਪਾਰਟੀ ਵਿੱਚ ਜਾ ਸ਼ਾਮਲ ਹੋਇਆ, ਜਿਸਦੇ ਮੁਖੀ ਨੂੰ ਉਹ ਆਪਣੇ ਬਾਪ ਦਾ ਕਾਤਲ ਦੱਸਿਆ ਕਰਦਾ ਸੀ। ਹਰ ਗਲੀ ਮੁਹੱਲੇ ਹੱਟੀ ਭੱਠੀ ਤੇ ਅਜਿਹੇ ਆਗੂਆਂ ਦੀ ਚਰਚਾ ਹੋ ਰਹੀ ਸੀ।
ਚੋਣਾਂ ਹੋਈਆਂ ਸਰਕਾਰ ਦੂਜੀ ਪਾਰਟੀ ਦੀ ਬਣ ਗਈ। ਫਰੀਦਕੋਟ ਦੇ ਰਸਤੇ ’ਚ ਇੱਕ ਬੋਹੜ ਦੇ ਦਰਖਤ ਹੇਠ ਬਣੇ ਥੜੇ ਤੇ ਸਟੋਵ ਰੱਖ ਕੇ ਚਾਹ ਬਣਾ ਰਹੇ ਸਾਧੇ ਕੋਲ ਅਸੀਂ ਚਾਹ ਪੀਣ ਲਈ ਰੁਕ ਗਏ। ਬੋਹੜ ਦੇ ਤਣੇ ਤੇ ਉਸਨੇ ਪਹਿਲਾਂ ਵਾਲੇ ਮੁੱਖ ਮੰਤਰੀ ਦੀ ਤਸਵੀਰ ਵਾਲਾ ਬੈਨਰ ਲਾਇਆ ਹੋਇਆ ਸੀ।
‘‘ਸਰਕਾਰ ਬਦਲ ਗਈ ਐ, ਸਾਧਿਆ! ਹੁਣ ਮੁੱਖ ਮੰਤਰੀ ਦੂਜੀ ਪਾਰਟੀ ਦਾ ਬਣ ਗਿਐ, ਤੂੰ ਆਹ ਬੈਨਰ ਲਾਹ ਦੇ’’ ਚਾਹ ਪੀਣ ਲਈ ਰੁਕੇ ਇੱਕ ਸੱਜਣ ਨੇ ਸੁਝਾਅ ਦਿੱਤਾ।
‘‘ਬੋਰਡ ਲਾਹੁਣ ਨੂੰ ਦਿਲ ਜਾ ਨਹੀਂ ਮੰਨਦਾ, ਆਪਾਂ ਤਾਂ ਉਹਦੇ ਨਾਲ ਹੀ...
ਖੜੇ ਹਾਂ।’’ ਸਾਧੇ ਨੇ ਆਪਣੀ ਵਿਸਵਾਸਪਾਤਰੀ ਤੇ ਮੋਹਰ ਲਾਈ।
‘‘ਤੈਨੂੰ ਹੁਣ ਵਾਲੇ ਤੰਗ ਕਰਨਗੇ, ਬਾਕੀ ਤੇਰੀ ਮਰਜੀ।’’ ਉਸ ਸੱਜਣ ਨੇ ਰਾਇ ਦਿੱਤੀ।
‘‘ਤੰਗ ਨੂੰ ਭਾਈ ਸਾਹਿਬ ਮੇਰੀ ਕੀ ਫੈਕਟਰੀ ਬੰਦ ਕਰ ਦੇਣਗੇ, ਆਪਣੀ ਮਹਿੰ ਦਾ ਦੁੱਧ ਲਿਆ ਕੇ ਚਾਹ ਬਣਾ ਕੇ ਆਪਣਾ ਗੁਜਾਰਾ ਕਰੀਦੈ, ਇੱਥੋਂ ਠਾਅ ਦੇਣਗੇ ਤਾਂ ਕਿਤੇ ਹੋਰ ਜਾ ਬੈਠ ਜੂੰ।’’ ਸਾਧੇ ਨੇ ਦਲੇਰੀ ਨਾਲ ਜੁਆਬ ਦਿੱਤਾ।
‘‘ਤੇਰੀ ਮਰਜੀ ਐ ਸਾਧਿਆ! ਪਰ ਵੱਡੇ ਵੱਡੇ ਲੋਕ ਤਾਂ ਮੌਕਾ ਵੇਖ ਕੇ ਸੱਤ੍ਹਾ ਵਾਲੀ ਪਾਰਟੀ ’ਚ ਹੀ ਜਾ ਰਲਦੇ ਨੇ।’’ ਸੱਜਣ ਨੇ ਲੋਕ ਚਰਚਾ ਵੱਲ ਧਿਆਨ ਦਿਵਾਇਆ।
‘‘ਜਾਂਦੇ ਨੀ, ਭਾਈ ਸਾਹਿਬ! ਵਿਕਦੇ ਨੇ। ਗਰੀਬ ਦਾ ਕੋਈ ਕਰੈਕਟਰ ਹੁੰਦੈ, ਕੋਈ ਸਟੈਂਡ ਹੁੰਦੈ, ਉਹ ਵਿਕਦਾ ਨਈਂ। ਪੈਸੇ ਕੁਰਸੀ ਸੋਹਰਤ ਲਈ ਜੇ ਵਿਕਦੇ ਨੇ ਤਾਂ, ਵੱਡੇ ਬੰਦੇ ਹੀ ਵਿਕਦੇ ਨੇ। ਇਹੀ ਫ਼ਰਕ ਐ ਵੱਡੇ ਛੋਟੇ ਦਾ, ਬੇਈਮਾਨ ਦਲਬਦਲੂ।’’ ਸਾਧੇ ਨੇ ਸੱਚ ਫੋੜੇ ਵਾਂਗ ਉਚੇੜ ਦਿੱਤਾ, ਜਿਸਦਾ ਕਿਸੇ ਕੋਲ ਜੁਆਬ ਨਹੀਂ ਸੀ।
ਬਠਿੰਡਾ। ਮੋਬਾ: 098882-75913