ਜੇਠ ਦੀ ਪਿੰਡਾ ਲੂਹ ਲੈਣ ਵਾਲੀ ਗਰਮੀ ਵਿੱਚ ਚੰਦਰੀ ਨੀਂਦ ਵੀ ਬਹੁਤੀ ਸੋਹਣੀ ਆਉਦੀ ਆ। ਸਾਝਰੇ ਸਾਝਰੇ ਕੰਮ ਨਿਬੇੜ, ਮੈਂ ਬਾਹਰਲੀ ਬੈਠਕ ਦਾ ਬੂਹਾ ਖੋਲ ਅੰਦਰ ਪੈ ਗਈ। ਬੱਤੀ ਤਾਂ ਅੱਜ ਫੇਰ ਗੁੱਲ ਸੀ, ਨਿੱਤ ਦਾ ਹੀ ਕੰਮ ਹੋ ਗਿਆ ਹੁਣ ਤਾਂ। ਸ਼ੁਕਰ ਆ ਹਵਾ ਸੋਹਣੀ ਚੱਲਦੀ ਪਈ ਸੀ ਤੇ ਸਾਹ ਸੌਖਾ ਆ ਰਿਹਾ। ਸੂਤੀ ਚੁੰਨ੍ਹੀ ਨਾਲ ਮੂੰਹ ਸਿਰ ਢੱਕ ਅਜੇ ਪਈ ਹੀ ਸੀ ਕਿ ਨੀਂਦ ਨੇ ਘੇਰਾ ਪਾ ਲਿਆ। ਥੌੜੀ ਚਿਰ ਬਾਅਦ ਹਵਾ ਵੀ ਰੁਕ ਗਈ। ਮੈਂ ਵੀ ਪਾਸਾ ਵੱਟ ਘੇਸਲ ਮਾਰ ਕੇ ਪਈ ਹੀ ਰਹੀ। ਸਾਰਾ ਸਰੀਰ ਮੁੜ੍ਹਕੋ-ਮੁੱੜਕੀ ਹੋਣ ਲੱਗਾ। ਫੇਰ ਕਿੱਧਰੋ ਇੱਕ ਬੁੱਲਾ ਆਇਆ ਤੇ ਸਾਰਾ ਸਰੀਰ ਠੰਡਾ ਸਾਰ ਕਰ ਦਿੱਤਾ। ਸੋਚਿਆਂ ਸ਼ਾਇਦ ਕਿਸੇ ਨੇਕ ਬੰਦੇ ਦੀ ਰੱਬ ਨੇ ਡਿਊਟੀ ਲਾ ਦਿੱਤੀ ਆ।
ਕੁੱਝ ਚਿਰ ਬਾਅਦ ਬਲਦਾਂ ਦੀਆਂ ਟੱਲੀਆਂ ਅਤੇ ਗੱਡੇ ਦੀ ਆਵਾਜ ਆਉਣ ਲੱਗੀ। ਮੈਂ ਮਨ ਹੀ ਮਨ ਸੋਚਿਆ ਕਿ ਬਿੰਦਰੀ ਹੋਊ, ਅੱਜ ਪੱਠਿਆਂ ਨੂੰ ਕੁਵੇਲਾ ਕਰ ਬੈਠਾ ਹੋਣਾ। ਤੇ ਫੇਰ ਬਿੰਦਰੀ ਤੇ ਤਾਈ ਪ੍ਰਸ਼ਿੰਨੀ ਦੇ ਉੱਚੀ ਉੱਚੀ ਹੱਸਣ ਦੀਆਂ ਆਵਾਜਾਂ ਆਉਣ ਲੱਗੀਆਂ। ਤਾਈ ਵੀ ਕਿਹੜਾ ਕਦੇ ਟਿਕਦੀ ਆ ਤੇ ਨਾ ਕੁੜੀ ਨੂੰ ਟਿਕਣ ਦਿੰਦੀ ਆ। ਹੁਣ ਨਿੱਕੀ ਡੱਬੀ ਵਾਲੇ ਖੇਸ ਲਾਈ ਬੈਠੀਆਂ। ਤਾਈ ਜਦੋਂ ਨਾਲ ਵਗਾਉਦੀ ਆ ਤਾਂ ਇੰਜ ਲੱਗਦਾ ਜਿਵੇਂ ਬੇੜੀ ਪਾਣੀ ਉੱਤੇ ਤਰ ਰਹੀ ਹੋਵੇ। ਬਿੰਦਰੀ ਤਾਂ ਲੱਗਾ ਤੁਰ ਗਿਆ ਸੀ ਪਰ ਤਾਈ ਦੀ ਖੱਡੀ ਦੀ ਚੱਕ-ਨੱਪ ਦੀ ਆਵਾਜ ਅਤੇ ਹੱਥੇ ਨਾਲ ਬੰਨ੍ਹੇ ਘੁੰਗਰੂ, ਟਿਕੀ ਦੁਪਹਿਰ ਵਿੱਚ ਇੱਕ ਵੱਖਰਾ ਹੀ ਸੰਗੀਤ ਪੇਸ਼ ਕਰ ਰਹੇ ਸਨ।
ਹੁਣ ਕੁੱਤੇ ਪਤਾ ਨਹੀ ਕਿੱਥੋਂ ਟਊਂ-ਟਊਂ ਕਰਨ ਲੱਗ ਪਏ ਆ। ਜ਼ਰੂਰ ਕਿਸੇ ਅਣਜੱਕੇ ਜਵਾਕ ਨੇ ਰੋੜਾ ਮਾਰਿਆ ਹੋਊ। ਪਤਾ ਨਹੀ ਕੀ ਮਿਲਦਾ ਜਵਾਕਾਂ ਨੂੰ ਵੀ ਦਰਵੇਸ਼ਾ ਨੂੰ ਦੁੱਖੀ ਕਰ ਕੇ। ਫੇਰ ਕੁੱਝ ਚਿਰ ਬਾਅਦ ਭੌਕਦੇ ਭੌਕਦੇ ਕੁੱਤੇ ਚੁੱਪ ਕਰ ਗਏ। ਜ਼ਰੂਰ ਹੀ ਸੱਥ ਵਿੱਚ ਤਾਸ਼ ਖੇਡਦਾ ਬਾਬਾ ਰੋਡੂ ਉੱਠਿਆ ਹੋਊ। ਉਹਨੇ ਆਵਦੇ ਡੋਲੂ ਵਿੱਚੋਂ ਬੱਚੀ-ਖੁੱਚੀ ਲੱਸੀ ਪਾ ਦਿੱਤੀ ਹੋਊ। ਕੀ ਪਤਾ ਇੱਕ ਅੱਧੀ ਰੋਟੀ ਵੀ ਹੋਵੇ। ਬਾਬੇ ਦਾ ਵੀ ਪੱਕਾ ਨੇਮ ਆ, ਸਵੇਰੇ ਹੀ ਸੱਥ ਵਿੱਚ ਆ ਬੈਠਦਾ ਤੇ ਆਥਣੇ ਰੋਟੀ ਵੇਲੇ ਘਰੇ ਵੜਦਾ। ਹਰ ਸਵੇਰੇ...
ਵੱਡਾ ਡੋਲੂ ਲੱਸੀ ਦਾ ਤੇ ਰੋਟੀਆਂ ਦਰਵੇਸ਼ਾ ਲਈ ਲੈ ਕੇ ਤੁਰਦਾ। ਬਾਕੀ ਘਰੇ ਕਿਸੇ ਬੰਦੇ ਨੂੰ ਲੱਸੀ ਮਿਲੇ ਨਾ ਮਿਲੇ ਪਰ ਬਾਬਾ ਸੱਥ ਵਿੱਚ ਰੱਖੇ ਕੂੰਡਿਆਂ ਵਿੱਚ ਲੱਸੀ ਪਉਣੀ ਨੀ ਭੁਲਦਾ।
ਅਜੇ ਕੁੱਝ ਚਿਰ ਸ਼ਾਤੀ ਨਾਲ ਅੱਖ ਲੱਗੀ ਹੀ ਸੀ ਕਿ ਮੇਲੋ ਤੇ ਬੰਤੀ ਦੇ ਲੜਣ ਦੀਆ ਆਵਾਜਾਂ ਕੰਨੀ ਪੈਣ ਲੱਗੀਆਂ। ਅੱਜ ਫੇਰ ਪਾਥੀਆਂ ਕਰਕੇ ਹੀ ਲੜੀਆਂ ਹੋਣ ਗਈਆਂ। ਇੱਕ ਦੂਜੇ ਦੀਆਂ ਪਾਥੀਆਂ ਤੇ ਦੋਵੇਂ ਦਾਅ ਲਾਉਣ ਤੋਂ ਬਾਜ ਨਹੀ ਅਉਦੀਆਂ, ਤਾਂਹੀ ਤਿੱਖੜ ਦੁਪਹਿਰੇ ਪੱਥਕਣ ਵਿੱਚ ਗੇੜੇ ਮਾਰਦੀਆਂ ਰਹਿੰਦੀਆਂ। ਕੋਈ ਪੁੱਛਣ ਵਾਲਾ ਹੋਵੇ ਕਿ ਏਵੇਂ ਕਿ ਘਰ ਜੌੜ ਲਊ ਗੀਆਂ। ਪਰ ਕੌਣ ਭੂੰਡਾਂ ਦੀ ਖੱਖਰ ਵਿੱਚ ਹੱਥ ਪਾਵੇ। ਚੱਲ ਮਨਾਂ ਉੱਠ ਹੀ ਖੜ੍ਹ ਅੱਜ ਨੀਂਦ ਨਹੀ ਤੇਰੇ ਕਰਮਾਂ ਵਿੱਚ। ਪਰ ਅੱਖਾਂ ਕਿੱਥੇ ਸਾਥ ਦਿੰਦੀਆਂ। ਪਤਾ ਨਹੀ ਕਿ ਘੂਕੀ ਚੜ੍ਹੀ ਆ ਕਿ ਖੁੱਲਦੀਆਂ ਹੀ ਨਹੀ।
ਅਜੇ ਉਹਨਾਂ ਦੇ ਲੜਣ ਦੀਆਂ ਆਵਾਜਾਂ ਮੱਧਮ ਵੀ ਨਹੀ ਹੋਈਆਂ ਸਨ ਕਿ ਇਹ ਮੇਰੇ ਸਿਰ ਕੋਲ ਪਤਾ ਨਹੀ ਕਿ ਟਣ-ਟਣ ਹੋਈ ਜਾਂਦੀ ਆ। ਪਾਸਾ ਪਰਤ ਕੇ ਸਾਰੀਆਂ ਆਵਾਜਾਂ ਦੱਬਣ ਦੀ ਕੋਸ਼ਿਸ਼ ਕੀਤੀ ਪਰ ਟਣ-ਟਣ ਤਾਂ ਬੰਦ ਹੋਣ ਦਾ ਨਾਮ ਹੀ ਨਹੀ ਲੈ ਰਹੀ। ਸੂਤ ਦਾ ਮੰਜਾ ਵੀ ਅੱਜ ਤਾਂ ਨਰਮ ਨਰਮ ਲੱਗੀ ਜਾਂਦਾ। ਆਖਰ ਹੱਥ ਮਾਰ ਕੇ ਟੋਲ਼ਣ ਲੱਗੀ ਕਿ ਇਹ ਕੀ ਸ਼ੈਅ ਆ, ਚੁੱਪ ਹੀ ਨਹੀ ਹੁੰਦੀ। ਹੱਥ ਵਿੱਚ ਮੋਬਾਇਲ ਆ ਗਿਆ। ਹੈਂਅ ਆਹ ਕੀ, ਨਾ ਤਾਂ ਪਿੰਡ ਸੀ ਨਾ ਬੈਠਕ, ਨਾ ਕੋਈ ਤਿੱਖੜ ਗਰਮੀ, ਨਾ ਬਿੰਦਰੀ ਨਾ ਤਾਈ ਤੇ ਨਾ ਹੀ ਕੋਈ ਆਵਾਜ। ਇਹ ਤਾਂ ਦੇਸ਼ ਵੀ ਨਹੀ ਦੂਰ ਪ੍ਰਦੇਸ਼ ਹੈ ਤੇ ਮੈਂ ਹਾਂ, ਅੱਜ ਕੁੱਝ ਧੀਮੀ ਰਫਤਾਰ ਵਿੱਚ ਜਿਉ ਰਹੀ, ਹਫਤੇ ਦੇ ਆਖਰੀ ਦਿਨਾਂ ਦਾ ਅਨੰਦ ਲੈਂਦੀ ਹੋਈ।
ਇੰਜ ਜਾਪਿਆ ਜਿਵੇਂ ਮੇਰੀ ਰੂਹ ਪਿਛਲੀ ਸਦੀ ਵਿੱਚ ਗੇੜਾ ਮਾਰ ਆਈ। ਅਜਿਹੀ ਦੁਪਹਿਰ ਤਾਂ ਹੁਣ ਪਿੰਡਾਂ ਵਿੱਚ ਵੀ ਹੈ ਨਹੀ।
(ਨੋਟ- ਅੱਜ ਦੀ ਨੀਂਦ ਵਿੱਚ ਆਏ ਵਿਚਾਰ)
✍🏻✍🏻ਹਰਪ੍ਰੀਤ ਬਰਾੜ ਸਿੱਧੂ