ਛੋਟੇ ਹੁੰਦਿਆਂ ਇੱਕ ਗਾਲ ਸੁਣੀ ਸੀ,, ਤੈਨੂੰ ਕਫਨ ਨਾ ਹੋਵੇ, ਚੰਦਰਿਆਂ ਤੇਰਾ ਮੁਰਦਾ ਖ਼ਰਾਬ ਹੋ ਜਾਏ।
ਬਚਪਨਾ ਸੀ। ਸਮਝ ਨਹੀਂ ਸੀ, ਕੀ ਇਸ ਦਾ ਅਰਥ। ਸਮਝ ਤੋਂ ਬਾਹਰ ਸੀ। ਔਰਤ ਨੇ ਮਰ ਜਾਣਾ ਤਾਂ ਜਿੰਨਾ ਚਿਰ ਉਹਦੇ ਪੇਕਿਆਂ ਵਲੋਂ ਕਫਨ ਤਿਆਰ ਹੋ ਕੇ ਨਾ ਆਉਂਦਾ ਤਾਂ ਤਿਆਰੀ ਨਹੀਂ ਸੀ ਕੀਤੀ ਜਾਂਦੀ।
ਹੁਣ ਕਿਹੋ ਜਿਹਾ ਸਮਾਂ ਆ ਗਿਆ ਹੈ, ਨਾ ਕੋਈ ਪੇਕਿਆਂ ਨੂੰ ਉਡੀਕਦਾ ਹੈ, ਨਾ ਕੋਈ ਕਫਨ ਦੀ ਜਰੂਰਤ ਸਮਝਦਾ ਹੈ। ਨਾ ਹੁਣ ਭਰਾਵਾਂ,ਭਤੀਜਿਆਂ ਨੂੰ ਵੀ ਲੱਜੋ, ਕਲੱਜੋ ਜਾਣ ਦੀ ਜਰੂਰਤ ਪੈਂਦੀ ਹੈ।
ਪਿਛਲੇ ਹਫ਼ਤੇ ਰਿਸ਼ਤੇਦਾਰੀ ਵਿੱਚੋਂ ਲੱਗਦੇ ਭਰਾ ਨੇ ਫੋਨ ਤੇ ਹੀ ਦੱਸਿਆ ਕਿ ਉਸਦੀ ਆਪਣੀ ਸੱਕੀ ਭੈਣ ਕਰੋਨਾ ਨਾਲ ਪੂਰੀ ਹੋ ਗਈ ਹੈ।,
ਚਲੋ ਸਸਕਾਰ ਤੇ ਨਹੀਂ ਜਾ ਸਕੇ, ਭੋਗ ਤੇ ਹੀ ਜਾ ਆਵਾਂਗੇ, ਉਹਦੇ ਧੀਆਂ, ਪੁੱਤਰ, ਭਰਾਵਾਂ,ਭਰਜਾਈਆਂ ਦੇ ਵੀ ਅਫਸੋਸ ਕਰ ਆਵਾਂਗੇ, ਜਦੋਂ ਭੋਗ ਬਾਰੇ ਪੁੱਛਿਆ ਤਾਂ...
ਕਹਿਣ ਲੱਗਾ, ਭੋਗ ਫੁੱਲਾਂ ਦੀ ਰਸਮ ਕਰਕੇ, ਨੇੜੇ ਵਗਦੀ ਨਹਿਰ ਵਿੱਚ ਪਰਵਾਹ ਦਿੱਤੇ ਸਨ, ਉਸੇ ਦਿਨ ਗੁਰਦੁਆਰਾ ਸਾਹਿਬ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਭੋਗ ਵੀ ਪਾ ਦਿੱਤਾ ਗਿਆ ਹੈ।। ਰਿਸ਼ਤੇਦਾਰੀ ਵਿੱਚੋਂ ਸਿਰਫ਼ ਇੱਕ ਭਰਾ ਤੇ ਇੱਕ ਉਹਦਾ ਪੁੱਤਰ, ਪਤੀ ਵੀ ਨਹੀਂ ਪਹੁੰਚਿਆ, ਕਿਉਂਕਿ ਉਹ ਵੀ ਕਰੋਨਾ ਕਰਕੇ ਹਸਪਤਾਲ ਦਾਖਲ ਸੀ।
ਦਿਲ ਬੜਾ ਰੋਇਆ, ਕੁਰਲਾਇਆ। ਕਿਹੋ ਜਿਹਾ ਸਮਾਂ ਆ ਗਿਆ ਹੈ, ਆਪਣੇ ਵਿਛੜਿਆ ਨੂੰ ਖੁੱਲੇ ਦਿਲ ਨਾਲ ਇੱਕ ਦੂਜੇ ਦੇ ਗਲੇ ਲੱਗ ਕੇ ਦਿਲ ਵੀ ਨਹੀਂ ਹੌਲਾ ਕਰ ਸਕਦੇ।
ਕਹਿੰਦੇ ਹਨ, ਦੁੱਖ ਵੰਡਾਇਆ ਦੁੱਖ ਘਟਦਾ ਹੈ।।
ਪਰ ਹੁਣ ਇਹ ਦੁੱਖ ਦਿਲਾਂ ਵਿੱਚ ਦੱਬ ਕੇ, ਸੁਲਗਦੇ ਰਹਿਣਗੇ।।।।