More Punjabi Kahaniya  Posts
ਤਨਖਾਹ ਵਾਲੇ ਦਿਨ


ਤਨਖਾਹ ਵਾਲੇ ਦਿਨ..
ਬੀਜੀ ਅਕਸਰ ਹੀ ਦਾਰ ਜੀ ਨਾਲ ਲੜ ਪਿਆ ਕਰਦੀ..
ਆਖਿਆ ਕਰਦੀ..”ਉੱਪਰ ਦੀ ਹੇਰਾਫੇਰੀ ਵਾਲੀ ਦੀ ਮੈਨੂੰ ਕੋਈ ਲੋੜ ਨੀ ਪਰ ਖੂਨ ਪਸੀਨੇ ਵਾਲੀ ਤਨਖਾਹ ਤੇ ਘੱਟੋ ਘੱਟ ਪੂਰੀ ਘਰੇ ਲੈ ਆਇਆ ਕਰੋ..”
ਅੱਗੋਂ ਹੱਸ ਪਿਆ ਕਰਦੇ..
ਆਖਦੇ ਪਿਆਰ ਕੁਰੇ..ਕੋਈ ਲੋੜਵੰਦ ਸਿੰਘ ਟੱਕਰ ਗਿਆ ਸੀ..ਮੈਥੋਂ ਨਾਂਹ ਨਾ ਹੋਈ..!
ਫੇਰ ਦਿਲਾਸਾ ਦਿੰਦੇੇ..ਘਬਰਾਵੀਂ ਨਾ..ਰੋਟੀ ਟੁੱਕ ਦਾ ਜੁਗਾੜ ਕਰਾਉਣ ਵਾਲਾ ਬੈਠਾ ਉੱਪਰ..ਰਹੀ ਗੱਲ ਦੋ ਧੀਆਂ ਦੀ..ਇਹਨਾਂ ਜੋਗੀ ਮੇਰੀ ਪੈਨਸ਼ਨ ਵਾਧੂ..!
ਹੌਲਦਾਰ ਬੰਤ ਸਿੰਘ..
ਮਹਿਕਮਾਂ ਭਾਵੇਂ ਪੁਲਸ ਦਾ ਸੀ ਪਰ ਲੋਕ ਅਤੇ ਨਾਲਦੇ ਅਕਸਰ ਧਾਰਨ ਕੀਤੇ ਹੋਏ ਗਾਤਰੇ ਕਰਕੇ ਗਿਆਨੀ ਬੰਤ ਸਿੰਘ ਆਂਖ ਬੁਲਾਇਆ ਕਰਦੇ!
ਸਬਜੀ ਵਾਲਾ..ਜੂਸ ਵਾਲਾ..ਰੇਹੜੀ ਵਾਲਾ ਤੇ ਜਾਂ ਕੋਈ ਦੁਕਾਨਦਾਰ ਕਦੀ ਪੈਸੇ ਲੈਣ ਤੋਂ ਨਾਂਹ ਕਰਦਾ ਤਾਂ ਅੱਗੋਂ ਲੜ ਪਿਆ ਕਰਦੇ..
ਅਖ਼ੇ ਗੁਰਮੁਖਾ ਮੇਰੀ ਗਲ਼ ਪਈ ਵਰਦੀ ਵੱਲ ਨਾ ਵੇਖ ਇਸਦੇ ਹੇਠ ਦਸਮ ਪਿਤਾ ਦਾ ਬਖਸ਼ਿਆ ਹੋਏ ਗਾਤਰਾ ਵੇਖ..!
ਸੁਭਾਅ ਕਰਕੇ ਅਕਸਰ ਛੇਤੀ ਹੀ ਤਬਾਦਲਾ ਹੋ ਜਾਇਆ ਕਰਦਾ..
ਫੇਰ ਵੀ ਖਿੜੇ ਮੱਥੇ ਪ੍ਰਵਾਨ!
ਪਰ ਓਥੋਂ ਤੁਰਨ ਲੱਗੇ ਰੁੱਖ ਜਰੂਰ ਲਾ ਜਾਇਆ ਕਰਦੇ..
ਕੋਈ ਮਖੌਲ ਕਰਦਾ ਤਾਂ ਆਖਦੇ ਭਾਈ ਅਗਲੀਆਂ ਪੀੜੀਆਂ ਛਾਵੇਂ ਬਿਹਾ ਕਰਨਗੀਆਂ!
ਏਨੇ ਵਰ੍ਹਿਆਂ ਬਾਅਦ..
ਭਾਵੇਂ ਬੀਜੀ ਬਾਪੂ ਤੇ ਰਹੇ ਨਹੀਂ ਸਨ ਫੇਰ ਵੀ ਉਸ ਦਿਨ ਜੀ ਕੀਤਾ ਪਿੰਡ ਵੇਖ ਜਾਵਾਂ..!
ਸਿਆਲੀ ਛੋਟੇ ਦਿਨ ਅਤੇ ਸੜਕ ਦੇ ਐਨ ਵਿਚਕਾਰ ਕਾਰ ਖਰਾਬ ਹੋ ਗਈ..
ਬੇਬਸ ਜਿਹੇ ਦਿਸਦੇ ਡਰਾਈਵਰ ਦੀ ਬੱਸ ਹੋ ਗਈ!
ਸੈੱਲ ਫੋਨ ਤੇ ਹੋਇਆ ਨਹੀਂ ਸਨ ਕਰਦੇ..
ਫੇਰ ਵੀ ਸਾਈਕਲ ਤੇ ਲੋਈ ਦੀ ਬੁੱਕਲ ਮਾਰੀ ਪੈਡਲ ਮਾਰੀ ਜਾਂਦੇ ਬਜ਼ੁਰਗ ਕੋਲ ਖਲੋ ਗਏ..!
ਹਾਲ ਪੁੱਛਿਆ..ਹੋਰਨਾਂ ਗੱਲਾਂ ਤੋਂ ਇਲਾਵਾ...

ਜਦੋਂ ਰਾਮਪੁਰ ਵਾਲੇ ਗਿਆਨੀ ਬੰਤ ਸਿੰਘ ਵੱਲੋਂ ਸੁਣਿਆ ਤਾਂ ਸਾਈਕਲ ਸੁੱਟ ਮੈਨੂੰ ਕਲਾਵੇ ਵਿਚ ਲੈ ਲਿਆ..ਨਾਲ ਹੀ ਅੱਖੀਆਂ ਵਿਚੋਂ ਹੰਜੂ ਵਹਿ ਤੁਰੇ..!
ਆਖੀ ਜਾਵਣ ਧੀਏ ਮਹਿਕਮੇਂ ਵਿਚ ਏਡਾ ਸੰਤ ਮਸਕੀਨ ਬੰਦਾ ਫੇਰ ਕਦੀ ਨੀ ਆਉਣਾ..
ਕਾਲੀਆਂ ਹਨੇਰੀਆਂ ਵੇਲੇ ਮੇਰੇ ਕੱਲੇ ਪੁੱਤ ਨੂੰ ਮੌਤ ਦੇ ਮੂਹੋਂ ਕੱਢਿਆ ਸੀ..
ਸਾਰਾ ਮਹਿਕਮਾਂ ਇੱਕ ਪਾਸੇ ਤੇ ਗਿਆਨੀ ਬੰਤ ਸਿੰਘ ਇੱਕ ਪਾਸੇ..
ਬੱਸ ਅੜ੍ਹ ਗਿਆ ਗੁਰੂ ਦਾ ਸਿੰਘ..
ਨਹੀਂ ਤੇ ਪਤਾ ਨੀ ਗੋਲੀ ਮਾਰ ਕਿਸ ਦਰਿਆ ਵਿਚ ਰੋੜ ਦਿੱਤਾ ਹੁੰਦਾ..!
ਗੱਲੀ ਲੱਗੀ ਨੂੰ ਪਤਾ ਹੀ ਨੀ ਲੱਗਾ ਕਦੋ ਮਕੈਨਿਕ ਆਇਆ ਤੇ ਕਦੋਂ ਕਾਰ ਠੀਕ ਵੀ ਹੋ ਗਈ!
ਬਾਪੂ ਹੁਰਾਂ ਨੇ ਵੀ ਸੇਵਾ ਵਾਲੀ ਅੱਤ ਕਰਵਾ ਦਿੱਤੀ..ਇੰਝ ਲੱਗੇ ਜਿੱਦਾਂ ਅਰਸ਼ਾਂ ਵਿਚੋਂ ਬਾਬਲ ਦਾ ਵੇਹੜਾ ਖੁਦ ਆਪ ਪ੍ਰਕਟ ਹੋ ਗਿਆ ਹੋਵੇ!
ਅਗਲੇ ਦਿਨ ਪਿੰਡੋਂ ਵਾਪਿਸ ਪਰਤਣ ਨੂੰ ਜੀ ਨਾ ਕਰੇ..
ਫੇਰ ਵੀ ਅਣਮੰਨੇ ਮਨ ਨਾਲ ਮੁੜਦੀ ਹੋਈ ਨੂੰ ਇੰਝ ਲੱਗੇ ਜਿੱਦਾਂ ਦਾਰ ਜੀ ਕੀਤੀ ਹੋਈ ਨੇਕ ਕਮਾਈ ਵਾਲੀ ਪੈਨਸ਼ਨ ਅਜੇ ਵੀ ਨਿਰੰਤਰ ਜਾਰੀ ਏ ਅਤੇ ਉਸ ਮੂਲ ਉੱਤੇ ਲੱਗ ਚੁੱਕਾ ਢੇਰ ਸਾਰਾ ਵਿਆਜ ਅਜੇ ਤੱਕ ਵੀ ਅਸੀਸਾਂ ਦੁਆਵਾਂ ਦਾ ਮੀਂਹ ਬਣ ਵਜੂਦ ਤੇ ਲਗਾਤਾਰ ਪਈ ਜਾ ਰਿਹਾ ਸੀ..!
ਵਾਕਿਆ ਹੀ ਕਿਸੇ ਨੇਕ ਰੂਹ ਦੀ ਕੀਤੀ ਹੋਈ ਨੇਕ ਕਮਾਈ ਵਿਚ ਅਗਲੀਆਂ ਕਈ ਪੀੜੀਆਂ ਤੇ ਬਰਕਤਾਂ ਦਾ ਮੀਂਹ ਵਰਾਉਣ ਦੀ ਰੂਹਾਨੀ ਤਾਕਤ ਹੁੰਦੀ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)