ਨਿੱਕੀ ਭੈਣ ਨੇ ਕਿਸੇ ਗੱਲੋਂ ਖਹਿਬੜ ਪਏ ਵੱਡੇ ਵੀਰ ਨੂੰ ਠਿੱਬੀ ਲਾ ਕੇ ਥੱਲੇ ਸੁੱਟ ਲਿਆ ਤੇ ਫੇਰ ਦੋਹਾਂ ਬਾਹਵਾਂ ਤੇ ਗੋਡੇ ਰੱਖ ਪੁੱਛਣ ਲੱਗੀ ਹੁਣ ਦੱਸ ਬੋਲੇਂਗਾ ਏਦਾਂ ਮੁੜਕੇ..!
ਦਾਦੀ ਭੂਆ ਦੌੜੀਆਂ ਆਈਆਂ..”ਹਾਇ-ਹਾਏ ਹੁਣ ਮਾਰ ਹੀ ਸੁੱਟਣਾ ਈ ਮੁੰਡੇ ਨੂੰ”
“ਬੀਜੀ ਇਸਨੇ ਮੈਨੂੰ ਬੁਰੀ ਗੱਲ ਆਖੀ ਏ..”
“ਫੇਰ ਕੀ ਹੋਇਆ ਆਖੀ ਏ ਤਾਂ..ਵੀਰ ਤੇ ਆਖਦੇ ਹੀ ਹੁੰਦੇ ਨੇ..”
“ਫੇਰ ਕੱਲ ਜਦੋਂ ਸਕੂਲੋਂ ਕਿਸੇ ਵੱਲੋਂ ਕੱਢੀ ਗਾਹਲ ਤੇ ਇਹ ਉਸਨੂੰ ਕੁੱਟ ਕੇ ਆਇਆ ਸੀ ਤਾਂ ਸ਼ਾਬਾਸ਼ੀ ਕਿਓਂ ਦੇ ਰਹੇ ਸੋ..”?
“ਇਹ ਤੇ ਮੁੰਡਾ ਏ ਪਰ ਤੂੰ ਤੇ ਕੁੜੀ ਏ ਨਾ..ਕੱਲ ਨੂੰ ਸਹੁਰੇ ਵੀ ਜਾਣਾ..ਓਥੇ ਕਈ...
ਗੱਲਾਂ ਸਹਿਣੀਆਂ ਪੈਣੀਆਂ ਨੇ..ਓਥੇ ਵੀ ਇੰਝ ਹੀ ਕਰਿਆ ਕਰੇਂਗੀ?”
“ਹਾਂ ਹਾਂ ਇੰਝ ਹੀ ਕਰੇਗੀ ਜੇ ਲੋੜ ਪਈ ਤਾਂ..ਹੁਣ ਮੰਗ ਮੁਆਫੀ ਭੈਣ ਤੋਂ..ਨਹੀਂ ਤੇ ਹੋਰ ਕੁੱਟ ਖਾਵੇਂਗਾ..”
ਇਹਨਾਂ ਮੌਕਿਆਂ ਤੇ ਅੱਗੇ ਅਕਸਰ ਹੀ ਚੁੱਪ ਰਹਿ ਜਾਂਦੀ ਮਾਂ ਕੁੱਟ ਖਾ ਰਹੇ ਆਪਣੇ ਪੁੱਤ ਨੂੰ ਸੰਬੋਧਨ ਹੁੰਦੀ ਹੋਈ ਅੱਜ ਆਪਣੀ ਧੀ ਦਾ ਭਵਿੱਖ ਅਤੇ ਆਪਣਾ ਗੁਜਰ ਗਿਆ ਅਤੀਤ ਸਾਫ ਸਾਫ ਵੇਖ ਰਹੀ ਸੀ!
ਹਰਪ੍ਰੀਤ ਸਿੰਘ ਜਵੰਦਾ