ਤਿੱਥ ਤਿਉਹਾਰ ਤਾਹੀਂ ਸੋਂਹਦੇ ਨੇ ਜੇ ਆਵਦੇ ਨਾਲ ਹੋਣ । ਕੋਈ ਵਿਆਹ ਰੋਕਾ ਕਰਨ ਵੇਲੇ ਅਸੀਂ ਦਿਨ ਸਮਾਂ ਵਿਚਾਰਦੇ ਹਾਂ ਤੇ ਜਿਸ ਮਹੀਨੇ ਕੋਈ ਆਵਦਾ ਰੱਬ ਨੂੰ ਪਿਆਰਾ ਹੋਇਆ ਹੋਵੇ, ਉਸ ਮਹੀਨੇ ਤੋਂ ਸਾਨੂੰ ਡਰ ਲੱਗਣ ਲੱਗ ਜਾਂਦਾ ਜਿਵੇਂ ਜਿਵੇਂ ਮਹੀਨਾ ਨੇੜੇ ਆਵੇ । ਭਾਵੇਂ ਸਾਰੀ ਉਮਰ ਨਹੀਂ ਭੁੱਲਦੇ ਸਕੇ ਪਰ ਜਿਸ ਦਿਨ ਕੋਈ ਆਵਦਾ ਵਿਛੜਿਆ ਹੁੰਦਾ ਉਹ ਦਿਨ ਵਿਹੁ ਵਰਗਾ ਲੱਗਦਾ । ਦਾਦੀ ਪੂਰੇ ਹੋਏ ਤਾਂ ਇੰਝ ਜੇਹੇ ਲੱਗਾ ਜਿਵੇਂ ਕੋਈ ਸਰੀਰ ਦਾ ਕੋਈ ਹਿੱਸਾ ਕਿਸੇ ਤੋੜ ਦਿੱਤਾ ਹੋਵੇ । ਹੁਣ ਵੀ ਜਦੋਂ ਕਦੇ ਉਹ ਦਿਨ ਯਾਦ ਆਵੇ ਤਾਂ ਕਾਂਬਾ ਛਿੜ ਜਾਂਦਾ । ਕੁੱਝ ਸਮਾ ਪਹਿਲਾਂ ਦਾਦੀ ਦਾ ਅਫ਼ਸੋਸ ਕਰ ਹਰ ਇੱਕ ਨੇ ਐਂਵੇ ਕਹਿਣਾ ਕਿ ਬਥੇਰੀ ਉਮਰ ਸੀ , ਅੱਸੀ ਟੱਪ ਗਏ ਸੀ ਤੇ ਤੁਰਦੇ ਫਿਰਦੇ ਚਲੇ ਗਏ ਪਰ ਆਵਦੇ ਮਨ ਨੇ ਬਥੇਰੇ ਵਾਰ ਸੋਚਣਾ ਕਿ 4 ਕੁ ਸਾਲ ਹੀ ਹੋਰ ਰੁਕ ਜਾਂਦੇ , ਕਿੰਨੀਆਂ ਗੱਲਾਂ ਕਰਨੀਆਂ ਸੀ ਹਾਲੇ । ਕੀ ਕਰ ਸਕਦੇ ਹਾਂ । ਹੁਣ ਮੈਂ ਸੋਚਦਾ ਹੁੰਨਾ ਆ ਕਿ ਮੈਨੂੰ ਉਹਨਾਂ ਦੀਆਂ ਕਿੰਨੀਆਂ ਸਾਰੀਆਂ ਤਸਵੀਰਾਂ ਕਰਨੀਆਂ ਚਾਹੀਦੀਆਂ ਸੀ ਤਾਂ ਜੋ ਹੁਣ ਤਸਵੀਰਾਂ ਦੇਖ ਕੇ ਮਨ ਨੂੰ ਸ਼ਾਂਤੀ ਮਿਲਦੀ । ਫੋਟੋ ਕਰਾਉਣਾ ਦਾ ਖਾਸਾ ਸ਼ੌਕ ਸੀ ਉਹਨਾਂ ਨੂੰ ।
ਮੇਰੇ ਬਚਪਨ ਤੋਂ ਲੈ ਕੇ ਸੁਰਤ ਸੰਭਲਣ ਤੀਕ ਦਾਦੀ ਦਾ ਇੱਕ ਬਾਹਲਾ ਵਧੀਆ ਜੇਹਾ ਕਰੈਕਟਰ ਮਨ ਚ ਰਿਹਾ । ਕਦੇ ਕਦੇ ਉਹ ਝੋਰਾ ਵੀ ਕਰਦੇ ਸੀ ਇਸ ਗੱਲ ਦਾ । ਦੂਜਾ, ਕਿੰਨੇ ਜੁਆਕ ਸੀ ਤੇ ਸਾਰਿਆਂ ਨੂੰ ਸੰਭਾਲਣ ਲਈ...
ਸਖ਼ਤ ਹੋਣਾ ਪੈਂਦਾ ਸੀ ਉਹਨਾਂ ਨੂੰ । ਦਾਦੀ ਅੰਦਰ ਵੀ ਸ਼ਾਇਦ ਘੁਟਣ ਸੀ ਕਿਉਂਕਿ ਜਦੋਂ ਤੋਂ ਵਿਆਹੇ ਆਏ ਸੀ ਉਹਨਾਂ ਨੇ ਘਰ ਜੋੜਨ ਲਈ ਬਹੁਤ ਮਿਹਨਤ ਕੀਤੀ ਤੇ ਉਪਰੋਂ ਜੁਵਾਕਾ ਦੀ ਦੇਖ ਰੇਖ ਕੀਤੀ । ਦਾਦੀ ਕਹਿੰਦੇ ਹੁੰਦੇ ਸੀ ਜੇ ਮੈਂ ਨਾ ਬੋਲਦੀ ਤਾਂ ਕਦੋਂ ਦੇ ਪੱਟ ਦਿੰਦੇ ਲੋਕ ਆਪਾਂ ਨੂੰ । ਬਹੁਤ ਸਾਰੇ ਹਾਲਾਤ ਐਂਵੇ ਦੇ ਰਹੇ ਹੋਣਗੇ ਕਿ ਦਾਦੀ ਨੂੰ ਖਾੜੂਸ ਬਣਨਾ ਪਿਆ ਹੋਊ ਪਰ ਉਮਰ ਜਹੀ ਢਲਣ ਤੋਂ ਬਾਅਦ ਉਹ ਜਮ੍ਹਾ ਬਦਲ ਗਏ ਸੀ । ਰਚ ਮਿਚ ਗਏ ਸੀ ਪਰਿਵਾਰ ਨਾਲ , ਮੇਰੇ ਨਾਲ ਤੇ ਸਭ ਨਾਲ । ਕਿਸੇ ਨੂੰ ਕੁਛ ਨਹੀਂ ਸੀ ਕਹਿੰਦੇ । ਚੁੱਪ ਚਾਪ ਬੈਠ ਕੇ ਪਾਠ ਕਰੀ ਜਾਣਾ ਜਾਂ ਫਿਰ ਹਾਸਾ ਠੱਠਾ ਕਰ ਲੈਣਾ । ਦਾਦੀ ਉਦੋਂ ਘਰ ਚ ਮੇਰੇ ਪਸੰਦੀਦਾ ਬਣ ਗਏ ਸੀ। ਮੈਨੂੰ ਹਮੇਸ਼ਾ ਅੱਗੇ ਵੱਧਣ ਦਾ ਹੋਂਸਲਾ ਦੇਣਾ ,ਕਦੇ ਕਿਸੇ ਚੀਜ ਦੀ ਲੋੜ ਪੈਣੀ ਪੈਸੇ ਧੇਲੇ ਦੀ ਤਾਂ ਦਾਦੀ ਮੁਹਰੇ ਹੱਥ ਕਰ ਦੇਣੇ ਦਾਦੀ ਨੂੰ ਵੀ ਚਾਅ ਚੜ ਜਾਂਦਾ…ੳਹ ਕਹਿੰਦੇ ਨੇ ਨਾ ਮੂਲ ਨਾਲੋ ਵਿਆਜ ਪਿਆਰਾ ਬਸ ੳਹੀ ਸਾਬ ਜਿਹਾ ਸੀ ਬਾਹਾਲਾ ਪਿਆਰ ਕਰਦੇ ਸੀ ਮੈਨੂੰ ਤਾਂ
ਬਹੁਤ ਗੱਲਾਂ ਨੇ ਜੋ ਯਾਦ ਆਉਂਦੀਆੰ ਤੇ ਏਹ ਗੱਲਾਂ ਨੇ ਜੋ ਉਹਨਾਂ ਨਾਲ ਜੋੜੀ ਬੈਠੀਆਂ ਤੇ ਰਹਿੰਦੀ ਉਮਰ ਤੀਕ ਨਾਲ ਰਹਿਣਗੀਆਂ ।