ਮਿੰਨੀ ਕਹਾਣੀ…ਉਮੀਦ
————————–
ਸੰਜੈ ਦੇ ਵਿਆਹ ਤੋਂ ਬਾਅਦ ਮੈਂ ਅਤੇ ਰਾਜ ਬਹੁਤ ਖੁਸ਼ ਸੀ ਕਿ ਅਸੀਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ।
ਹੱਸੀ -ਖੁਸ਼ੀ ਬੀਤ ਰਹੇ ਜੀਵਨ ਵਿੱਚ ਇੱਕ ਦਿਨ ਅਜਿਹੀ ਹਨ੍ਹੇਰੀ ਆਈ, ਜਿਹੜੀ ਸਾਡੀਆਂ ਸਾਰੀਆਂ ਖੁਸ਼ੀਆਂ ਉਡਾ ਕੇ ਲੈ ਗਈ..ਕਿਉਂਕਿ ਸਾਡੀ ਨੂੰਹ ਜਯੋਤੀ ਕੁੱਝ ਛੋਟੀਆਂ ਛੋਟੀਆਂ ਘਰੈਲੂ ਗੱਲਾਂ ਦਾ ਬਹਾਨਾ ਬਣਾ ਕੇ..ਸਾਥੋਂ ਅੱਡ ਹੋਣ ਦਾ ਐਲਾਨ ਕਰ ਚੁੱਕੀ ਸੀ।
ਅਸੀਂ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ..ਵੇਖੋ ਬੇਟਾ, ਅੱਜੇ ਤੱਕ ਤਾਂ ਤੁਹਾਡੇ ਹੱਥਾਂ ਤੋਂ ਵਿਆਹ ਦੀ ਮੇਂਹਦੀ ਵੀ ਨਹੀਂ ਲੱਥੀ..ਨਾਲੇ ਛੋਟੇ-ਛੋਟੇ ਝਗੜੇ ਕਿਹੜੇ ਘਰਾਂ ਵਿੱਚ ਨਹੀਂ ਹੁੰਦੇ….ਸਮਾਜ ਕੀ ਕਹੇਗਾ?ਪਰੰਤੂ ਜਯੋਤੀ ਆਪਣਾ ਫੈਸਲਾ ਸੁਣਾ ਚੁੱਕੀ ਸੀ।
ਸੰਜੈ ਦੇ ਨਾ ਚਾਹੁਣ ਦੇ ਬਾਵਜੂਦ ਵੀ ਅਸੀਂ ਇਕਲੌਤੀ ਸੰਤਾਨ ਦੀ ਖੁਸ਼ੀ ਲਈ ਉਨ੍ਹਾਂ ਨੂੰ ਆਪਣੇ ਤੋ ਅੱਡ ਕਰ ਦਿੱਤਾ।ਅਤੇ ਹੁਣ ਉਹ ਦੋਵੇਂ ਸ਼ਹਿਰ ਦੇ ਦੂਜੇ ਮੁੱਹ੍ਹਲੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ ਸੀ।
ਉਸ ਰਾਤ ਮੈਂਨੂੰ ਅਤੇ ਰਾਜ ਨੂੰ ਨੀਂਦ ਨਹੀਂ ਆਈ…ਖਾਲੀ ਖਾਲੀ ਘਰ ਸਾਨੂੰ ਵੱਢ ਖਾਣ ਨੂੰ ਪੈਂਦਾ ਸੀ…ਜਯੋਤੀ ਦੇ ਮਿਹਣੇ ਬਣੇ ਤੀਰ ਸਾਡੇ ਕਾਲਜੇ ਨੂੰ ਛਲਣੀ ਕਰ ਚੁੱਕੇ ਸੀ…ਉਸ ਦੇ ਐਡੇ ਵੱਡੇ ਫੈਸਲੇ ਨਾਲ ਅਸੀਂ ਆਪਣੇ ਆਪ...
ਨੂੰ ਠੱਗਿਆ ਮਹਿਸੂਸ ਕਰਨ ਲਗੇ ਸੀ..ਹੁਣ ਯਾਦਾਂ ਤੋਂ ਇਲਾਵਾ ਸਾਡੇ ਕੋਲ ਕੁੱਝ ਬਾਕੀ ਨਹੀਂ ਬਚਿਆ ਸੀ!!!
ਮੈਨੂੰ ਯਾਦ ਹੈ,, ਉਹ ਛੋਟਾ ਜਿਹਾ ਸੰਜੂ ਜਦੋਂ ਪੂਰੇ ਦਿਨ ਦਫਤਰੋਂ ਕੰਮ ਤੋਂ ਬਾਅਦ ਥੱਕਿਆ ਮੈਂ ਘਰ ਪਰਤਦਾ ਸੀ..ਉਹ ਆਂਉਦੇ ਇੱਕ ਵਾਰ ਮੇਰੀ ਗੋਦੀ ਵਿੱਚ ਬਹਿੰਦਾ ਸੀ…ਤਾਂ ਪੂਰੇ ਦਿਨ ਦੀ ਥਕਾਵਟ ਮਿੰਟਾਂ ਸੰਕਿੰਟਾ ਵਿੱਚ ਕੋਹਾਂ ਦੂਰ ਚਲੀ ਜਾਂਦੀ ਸੀ…ਉਮੀਦਾਂ ਦੇ ਸਹਾਰੇ ਸੰਜੂ ਕਦੋਂ ਜਵਾਨ ਹੋ ਗਿਆ…ਪਤਾ ਹੀ ਨਹੀਂ ਲੱਗਾ।
ਅਸੀਂ ਸੋਚਿਆ ਕਰਦੇ ਸੀ…ਆਪਣੇ ਬੁਢਾਪੇ ਦੀ ਊਡਾਣ ਏਸੇ ਦੇ ਖੰਭਾਂ ਆਸਰੇ ਭਰਾਂਗੇ…ਪਰੰਤੂ ਸੰਜੈ ਅਤੇ ਜਯੋਤੀ ਆਪਣੇ ਫਰਜ਼ਾਂ ਤੋਂ ਦੂਰ ਭੱਜ ਗਏ ਸੀ…ਪੁੱਤਰ ਦੇ ਵਿਛੋੜੇ ਤੋਂ ਰਾਜ ਬਿਮਾਰ ਪੈ ਗਈ।…ਉਹ ਦੋਵੇਂ ਸਾਡੇ ਘਰੋਂ ਬੇਸ਼ੱਕ ਦੂਰ ਸਨ..ਪਰ ਸਾਡੇ ਦਿੱਲਾਂ ਤੋਂ ਦੂਰ ਨਹੀਂ ਹੋਏ।
ਆਪਣੀ ਗਲਤੀ ਨੂੰ ਸੁਧਾਰ ਕੇ ਉਹਨਾਂ ਦੀ ਵਾਪਸ ਘਰ ਪਰਤਣ ਦੀ ਉਮੀਦ ਦੇ ਸਹਾਰੇ ਹੁਣ ਸਾਡਾ ਇੱਕ ਇੱਕ ਪਲ ਘੱਟਦਾ ਜਾ ਰਿਹਾ ਸੀ!!✍️
ਸੁਨੀਲ ਕੁਮਾਰ