ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਸੀ ਤਾਂ ਮੇਰੀ ਵੱਡੀ ਭੈਣ ਦੀ ਇੱਕ ਸਹੇਲੀ ਸਾਡੀ ਪਿਛਲੀ ਗਲੀ ਵਿਚ ਰਹਿੰਦੀ ਸੀ। ਕਈ ਵਾਰੀ ਉਹ ਭੈਣ ਨੂੰ ਮਿਲਣ ਆਉਂਦੀ ਅਤੇ ਆਪਣੇ ਘਰ ਦੀਆਂ ਗੱਲਾਂ ਖੂਬ ਸੁਣਾਉਂਦੀ। ਭਾਵੇਂ ਅਸੀਂ ਪਿੰਡ ਤਾਂ ਮੱਝ ਰੱਖੀ ਹੋਈ ਸੀ ਪਰ ਸ਼ਹਿਰ ਨਹੀਂ ਸੀ ਰੱਖੀ। ਉਹਨਾਂ ਨੇ ਮੱਝ ਰੱਖੀ ਹੋਈ ਸੀ।
ਅਸੀਂ ਰੋਜ਼ ਛੋਲਿਆਂ ਦੀਆਂ ਬਕੱਲੀਆਂ ਖਾਂਦੇ ਹਾਂ ਤੇ ਨਾਲੇ ਛੋਲਿਆਂ ਦਾ ਸੂਪ। ਇੱਕ ਦਿਨ ਉਸਨੇ ਸਾਡੇ ਘਰੇ ਸਿਕੰਜਵੀ ਪੀਂਦੀ ਹੋਈ ਨੇ ਦੱਸਿਆ।
ਅੰਟੀ ਮੈਂ ਕੱਲ੍ਹ ਨੂੰ ਤੁਹਾਡੇ ਲਈ ਵੀ ਛੋਲਿਆਂ ਦਾ ਸੂਪ ਲੈ ਕੇ ਆਵਾਂਗੀ। ਉਸ ਨੇ ਮੇਰੀ ਮਾਂ ਨੂੰ ਕਿਹਾ।
ਅਸੀਂ ਸੂਪ ਦਾ ਨਾਮ ਤਾਂ ਸੁਣਿਆ ਸੀ ਪਰ ਕਦੇ ਵੇਖਿਆ ਯ ਪੀਤਾ ਨਹੀਂ ਸੀ। ਉਦੋਂ ਕਿਸੇ ਘਰੇ ਸੂਪ ਨਹੀਂ ਸੀ ਬਣਦਾ ਤੇ ਨਾਲ ਹੀ ਡੱਬਵਾਲੀ ਸ਼ਹਿਰ ਵਿਚ ਕਿਸੇ ਹੋਟਲ ਤੇ ਯ ਰੇਹੜੀ ਤੇ ਮਿਲਦਾ ਸੀ। ਸੂਪ ਦੀ ਸਾਨੂੰ ਵੀ ਤਲਬ ਜਿਹੀ ਹੋਗੀ। ਅਗਲੇ ਦਿਨ ਉਹ ਡੋਲੂ ਵਿੱਚ ਕਾਲੇ ਰੰਗ ਦਾ ਨਮਕੀਨ ਪਾਣੀ ਜਿਹਾ ਲੈ ਆਈ। ਕਾਹਲੀ ਨਾਲ ਅਸੀਂ ਸਾਰਿਆਂ ਨੇ ਆਪਣੀ ਆਪਣੀ ਕੋਲੀ ਵਿੱਚ ਪਾ ਲਿਆ। ਉਸਦੇ ਕਹਿਣ ਤੇ...
ਕਿ ਇਹ ਗਰਮ ਗਰਮ ਹੀ ਪੀਣਾ ਹੁੰਦਾ ਹੈ। ਅਸੀਂ ਚਮਚ ਨਾਲ ਪੀਣਾ ਸ਼ੁਰੂ ਕਰ ਦਿੱਤਾ। ਇਹ ਬੇਸੁਆਦਾ ਜਿਹਾ ਸੀ ਜਿਸ ਨੂੰ ਅੱਖਾਂ ਵੀ ਨਹੀਂ ਸੀ ਪੀਂਦੀਆਂ।
ਬੇਟਾ ਕਿਵੇ ਬਣਾਉਂਦੇ ਹੋ ਤੁਸੀਂ ਇਹ ਸੂਪ। ਮੇਰੀ ਮਾਂ ਨੇ ਉਸ ਨੂੰ ਪੁੱਛਿਆ।
ਅੰਟੀ ਅਸੀਂ ਮੱਝ ਨੂੰ ਪਾਉਣ ਲਈ ਜੋ ਛੋਲੇ ਉਬਾਲਦੇ ਹਾਂ ਤਾਂ ਸ਼ਾਮੀ ਉਸ ਵਿਚੋਂ ਕੁਝ ਛੋਲੇ ਕੱਢਕੇ ਨਮਕ ਲਾ ਕੇ ਖਾਂਦੇ ਹਾਂ। ਤੇ ਉਸ ਪਾਣੀ ਨੂੰ ਬੱਠਲ ਵਿਚੋਂ ਕੱਢਕੇ ਘਿਓ ਦਾ ਤੜਕਾ ਲਾਕੇ ਨਮਕ ਮਿਰਚ ਪਾਂ ਦਿੰਦੇ ਹਾਂ। ਤੇ ਸੂਪ ਤਿਆਰ ਹੋ ਜਾਂਦਾ ਹੈ। ਉਸ ਨੇ ਸਮਝਾਇਆ।
ਮੱਝਾਂ ਵਾਲੇ ਛੋਲੇ ਬੱਠਲ ਆਦਿ ਸੁਣ ਕੇ ਚਮਚ ਚਮਚ ਪੀਤਾ ਵੀ ਬਾਹਰ ਨੂੰ ਲੱਗਿਆ। ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਉਲਟੀ ਆਉਣ ਲੱਗੀ। ਅਸੀਂ ਉਹ ਤਰਲ ਪਦਾਰਥ ਵਿਚਾਲੇ ਛੱਡ ਦਿੱਤਾ।ਤੇ ਉਸ ਦੇ ਜਾਣ ਦਾ ਇੰਤਜ਼ਾਰ ਕਰਨ ਲੱਗੇ।
ਮੁੜ ਮੁੜ ਚੇਤੇ ਆਉਂਦੀਆਂ ਗੱਲਾਂ ਵਿਚੋਂ।
#ਰਮੇਸ਼ਸੇਠੀਬਾਦਲ