More Punjabi Kahaniya  Posts
ਅਨੋਖਾ ਬਚਪਨ


ਅਨੋਖਾ ਬਚਪਨ
(ਵਿਅੰਗਮਈ ਵਾਰਤਾ)
ਬਚਪਨ ਹਰ ਇਨਸਾਨ ਦੀ ਜਿੰਦਗੀ ਦਾ ਰੰਗੀਨ ਪਹਿਲੂ ਹੁੰਦਾ ਹੈ।ਉਸ ਸਮੇਂ ਕੋਈ ਵੀ ਕੰਮ ਐਸਾ ਨਹੀਂ ਜਾਪਦਾ ਜੋ ਨਾ ਕੀਤਾ ਜਾ ਸਕਦਾ ਹੋਵੇ।ਹਰ ਇਕ ਕੰਮ ਦੇ ਪ੍ਰਤੀ ਸਾਕਾਰਤਮਿਕਤਾ ਦਾ ਪੱਧਰ ਬਹੁਤ ਪ੍ਰਬਲ ਹੁੰਦਾ ਹੈ।ਭਾਵੇਂ ਕੋਈ ਝੂਠਾ ਕਾਰਨਾਮਾ ਵੀ ਪੇਸ਼ ਕਰ ਦੇਵੇ ਬਚਪਨ ਉਸਨੂੰ ਵੀ ਆਪਣੀ ਕਲਪਨਾ ਦਾ ਜਾਮਾ ਪਹਿਨਾਉਣ ਲੱਗ ਪੈਂਦਾ ਹੈ।ਕੁਝ ਕੁ ਬਚਪਨ ਦੇ ਐਸੇ ਕਿੱਸੇ ਹਰ ਇਨਸਾਨ ਦੀ ਜਿੰਦਗੀ ਵਿੱਚ ਹੁੰਦੇ ਹਨ।
ਬਚਪਨ ਦੇ ਦਿਨਾਂ ਵਿੱਚ ਮੈਂ ਕਿਸੇ ਕੋਲੋਂ ਸੁਣਿਆ ਸੀ ਕਿ ਰੇਲ ਗੱਡੀ ਦੀ ਪਟੜੀ ਤੇ ਪੰਜਾਹ ਪੈਸੇ ਦਾ ਸਿੱਕਾ ਰੱਖਣ ਨਾਲ ਜਦੋਂ ਉਤੋਂ ਰੇਲ ਗੱਡੀ ਗੁਜ਼ਰੇਗੀ ਤਾਂ ਪੰਜਾਹ ਪੈਸੇ ਦਾ ਸਿੱਕਾ ਪੰਜ ਰੁਪਏ ਦਾ ਠੀਪਾ ਬਣ ਜਾਵੇਗਾ।ਉਦੋਂ ਪੰਜ ਰੁਪਏ ਦੀ ਸਮੋਸੇ ਛੋਲੇ ਦੀ ਪਲੇਟ ਆ ਜਾਂਦੀ ਸੀ ਉਹ ਵੀ ਫੁਲ ਪਲੇਟ।ਬਸ ਫਿਰ ਕੀ ਸੀ ਮੇਰੇ ਸੁਪਨਿਆਂ ਚ ਵੀ ਸਮੋਸੇ ਆਉਣ ਲੱਗ ਪਏ।ਮੈਂ ਪੰਜਾਹ ਪੰਜਾਹ ਪੈਸੇ ਇਕੱਠੇ ਕਰਨ ਦੇ ਕਾਰਜ ਵਿੱਚ ਜੁਤ ਗਿਆ।
ਹਫਤਾ ਕੁ ਲੱਗਾ ਹੋਵੇਗਾ ਸ਼ਾਇਦ ਪੰਜਾਹ ਪੰਜਾਹ ਪੈਸੇ ਇਕੱਠੇ ਕਰਨ ਲਈ।ਤਕਰੀਬਨ ਦਰਜਨ ਕੁ ਸਿੱਕੇ ਮੈਂ ਏਧਰੋਂ ਉਧਰੋਂ ਗੋਲਕਾਂ ਬੁਗਣੀਆਂ ਝਾੜ ਕੇ ਅਤੇ ਘਰਵਾਲਿਆਂ ਦੇ ਮੰਗਵਾਏ ਕਰਿਆਨੇ ਵਾਲਿਆਂ ਪੈਸਿਆਂ ਚੋਂ ਟਾਂਕੇ ਲਾ ਕੇ ਇਕੱਠੇ ਕਰ ਲਏ।ਇਹ ਕੰਮ ਕਾਫੀ ਜੋਖਿਮ ਭਰਿਆ ਰਹਿਆ ਸੀ ਅਤੇ ਮੈਂ ਆਪਣੇ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਅਚਨਚੇਤ ਪੈਂਦੀ ਫੈਂਟੀ ਦਾ ਸ਼ਿਕਾਰ ਵੀ ਹੋਇਆ ਸੀ।
ਹੋਇਆ ਇਸ ਤਰ੍ਹਾਂ ਇਕ ਬਜ਼ੁਰਗ ਬਾਪੂ ਰਿਸ਼ਤੇਦਾਰੀ ਚੋ ਪਿਤਾ ਜੀ ਦੇ ਫੁਫੜ ਲਗਦੇ ਸਨ।ਉਹ ਅਕਸਰ ਜਦੋ ਵੀ ਆਉਂਦੇ ਸੀ ਤਾਂ ਜਾਣ ਲੱਗੇ ਮੈਨੂੰ ਇਕ ਦੋ ਰੁਪਈਏ ਦੇ ਜਾਂਦੇ ਸੀ।ਇੱਕ ਦਿਨ ਚੜ੍ਹਦੀ ਦੁਪਿਹਰੇ ਉਹ ਘਰ ਆਏ ਹੋਏ ਸਨ ਤੇ ਮੈਂ ਭੂੰਡ ਦੀ ਤਰ੍ਹਾਂ ਉਹਨਾਂ ਦੇ ਅੱਗੇ ਪਿੱਛੇ ਮੰਡਰਾ ਰਿਹਾ ਸੀ।ਜਦੋਂ ਉਹ ਜਾਣ ਲੱਗੇ ਤਾਂ ਮੇਰੇ ਪੈਰ ਭੁੰਜੇ ਨਹੀਂ ਸਨ ਲੱਗ ਰਹੇ।ਪਰ ਉਸ ਦਿਨ ਉਹ ਮਾਤਾ ਨਾਲ ਗੱਲਾਂ ਕਰਦੇ ਕਰਦੇ ਪੈਸੇ ਦੇਣੇ ਹੀ ਭੁਲ ਗਏ ਅਤੇ ਉਹਨਾਂ ਸਾਇਕਲ ਉਤੋਂ ਦੀ ਲੱਤ ਦੇਤੀ।
ਜਦੋਂ ਮੈਨੂੰ ਮੇਰੀ ਪੇਮੈਂਟ ਮਰਦੀ ਦਿਸੀ ਤਾਂ ਮੇਰੇ ਕੋਲ਼ੋਂ ਰਿਹਾ ਨਾ ਗਿਆ ਅਤੇ ਮੇਰੇ ਮੂੰਹੋਂ ਇਹ ਲਫ਼ਜ਼ ਨਿੱਕਲ ਗਏ,”ਬਾਪੂ ਮੇਰੇ ਪੈਸੇ ਤਾਂ ਦੇਹ ਜਾ ਮੈਂ ਕਦੋਂ ਦਾ ਖੜਾ।ਬਸ ਇੰਨਾ ਕਹਿਣ ਦੀ ਹੀ ਦੇਰੀ ਸੀ ਬੇਸ਼ੱਕ ਮੇਰੀ ਪੇਮੈਂਟ ਹਰੀ ਹੋ ਗਈ ਸੀ ਪਰ ਅਗਲੇ ਈ ਮਿੰਟ ਮੈਂ ਮਾਤਾ ਦੇ ਗੋਡਿਆਂ ਥੱਲੇ ਸੀ ਤੇ ਮੇਰੇ ਜੂਤ ਫਿਰਦਾ ਲੱਗਭੱਗ ਅੱਧੇ ਪਿੰਡ ਨੇ ਬਨੇਰਿਆਂ ਤੇ ਖੜ ਖੜ ਦੇਖਿਆ ਸੀ।ਦੋ ਕ ਦਿਨ ਮੈਨੂੰ ਸੂਤ ਹੋਣ ਨੂੰ ਲੱਗ ਗਏ।ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਮੈਂ ਸਫਲਤਾ ਦਾ ਪਹਿਲਾ ਸੰਘਰਸ਼ ਭਰਿਆ ਪੜਾਅ ਪਾਰ ਕਰ ਲਿਆ ਹੋਵੇ।
ਇੰਤਜ਼ਾਰ ਦੀਆਂ ਘੜੀਆਂ ਸਮਾਪਤ ਹੋਈਆਂ ਤੇ ਮਾਤਾ ਦਾ ਨਾਨਕੇ ਜਾਣ ਦਾ ਪ੍ਰੋਗਰਾਮ ਬਣ ਗਿਆ।ਕੁਦਰਤੀ ਤੌਰ ਤੇ ਦਾਸ ਵੀ ਛੁੱਟੀਆਂ ਤੇ ਚੱਲ ਰਿਹਾ ਸੀ। ਪੂਰੀ ਪਲੈਨਿੰਗ ਤਹਿਤ ਮੈਂ ਸਕੂਲ ਦਾ ਸਾਰਾ ਕੰਮ ਕਰਨ ਦਾ ਸੌਦਾ ਇੱਕ ਰੁਪਈਏ ਚ’ ਆਪਣੇ ਇਕ ਜਮਾਤੀ ਨਾਲ ਮਾਰ ਲਿਆ ਸੀ ਤੇ ਆਪ ਮੈਂ ਉਸ ਠੇਕੇਦਾਰ ਦੀ ਤਰਾਂ ਸੁਰਖ਼ਰੂ ਮਹਿਸੂਸ ਕਰ ਰਿਹਾ ਸੀ ਜੋ ਸਬ ਕੰਟਰੈਕਟ ਤੇ ਕੰਮ ਦੇ ਕੇ ਆਪ ਕਿਸੇ ਹੋਰ ਦੀ ਖੁਰਲੀ ਬਣਾਉਣ ਦਾ ਠੇਕਾ ਫੜ ਲੈਂਦਾ ਹੈ।ਨਾਨਕੇ ਪਹੁੰਚ...

ਕੇ ਘੜੀ ਵਿਉਂਤਬੰਦੀ ਤਹਿਤ ਉਥੋਂ ਅੱਗੇ ਸ਼ਹਿਰ ਰਹਿੰਦੀ ਮਾਸੀ ਘਰ ਜਾਣ ਦਾ ਪ੍ਰੋਗਰਾਮ ਬਣਾ ਲਿਆ ਗਿਆ ਅਤੇ ਸ਼ਾਮ ਢਲਦੇ ਨੂੰ ਮੈਂ ਢੋਲੇ ਦੀਆਂ ਲਾਉਂਦਾ ਮਾਸੀ ਦੇ ਘਰ ਬਹੁੜ ਗਿਆ।
ਅਗਲੇ ਦਿਨ ਉਹ ਇਤਿਹਾਸਿਕ ਘੜੀ ਆ ਗਈ ਜਿਸ ਦਾ ਸੁਪਨਾ ਮੈਂ ਬੜੇ ਲੰਬੇ ਸਮੇਂ ਤੋਂ ਵੇਖ ਰਿਹਾ ਸੀ।ਨਹਾ ਧੋਅ ਕੇ ਇਕ ਚੇਪੀ ਤੇ ਆਪਣੀ ਜਮ੍ਹਾਂ ਪੂੰਜੀ ਲੈ ਕੇ ਆਪਾ ਇਤਿਹਾਸ ਸਿਰਜਣ ਲਈ ਰੇਲ ਦੀ ਪਟੜੀ ਤੇ ਪਹੁੰਚ ਗਏ।ਤਕਰੀਬਨ ਦੋ ਦੋ ਫੁੱਟ ਦੀ ਦੂਰੀ ਤੇ ਇੱਕ ਇੱਕ ਸਿੱਕਾ ਰੱਖ ਕੇ ਉਤੋਂ ਕੱਸ ਕੇ ਚੇਪੀ ਲਾਈ ਗਈ।ਇਸ ਕੰਮ ਵਿੱਚ ਮੇਰਾ ਸਾਥ ਮੇਰੇ ਮਾਸੀ ਦੇ ਬੇਟੇ ਨੇ ਦਿੱਤਾ ਜਿਸਨੂੰ ਮੈਂ ਪੂਰੀ ਪੇਮੈਂਟ ਦੀ ਵਸੂਲੀ ਹੋਣ ਤੋਂ ਬਾਹਦ 10% ਕਮਿਸ਼ਨ ਤੇ ਰਾਜ਼ੀ ਕੀਤਾ ਹੋਇਆ ਸੀ।ਪੌਣਾ ਘੰਟਾ ਧੁੱਪ ਚ ਸੜਨ ਤੋਂ ਬਾਹਦ ਟ੍ਰੇਨ ਦਾ ਭੋਂਪੂ ਸੁਣਾਈ ਦਿੱਤਾ ਤੇ ਮੇਰੇ ਗੁਰਦਿਆਂ ਚ ਕੁਤ ਕੁਤਾੜੀਆਂ ਹੋਣ ਲੱਗ ਪਈਆਂ।ਟ੍ਰੇਨ ਬੁੱਕਦੀ ਤੁਰੀ ਆਉਂਦੀ ਸੀ।ਡਰਦੇ ਮਾਰੇ ਆਪਾਂ ਦੋਵੇਂ ਜਣੇ ਭੱਜ ਕੇ ਕੰਧ ਪਿੱਛੇ ਲੁੱਕ ਗਏ।
ਟ੍ਰੇਨ ਗੁਜ਼ਰਨ ਤੋਂ ਬਾਹਦ ਮੈਂ ਬੀਜੇ ਬੀਜ ਦਾ ਫ਼ਲ ਲੁੱਟਣ ਲਈ ਸਿਰ ਤੇ ਪੈਰ ਰੱਖ ਕੇ ਪਟੜੀ ਵੱਲ ਨੂੰ ਦੌੜਿਆ ਤੇ ਚਾਈਂ ਚਾਈਂ ਪੰਜਾਂ ਪੰਜਾਂ ਦੇ ਠੀਪੇ ਲੱਭਣ ਡਹਿ ਪਿਆ।ਕਿੰਨਾ ਚਿਰ ਲੱਭਦੇ ਰਹੇ ਪਰ ਪੰਜਾਂ ਪੰਜਾਂ ਦੇ ਠੀਪੇ ਛੱਡੋ ਆਪਣੇ ਰੱਖੇ ਹੋਏ ਵੀ ਕਿਧਰੇ ਨਜ਼ਰ ਨਾ ਆਉਣ।ਪੰਜਾਂ ਸੱਤਾਂ ਮਿੰਟਾਂ ਮਗਰੋਂ ਜਦੋਂ ਧਿਆਨ ਨਾਲ ਦੇਖਿਆ ਤਾਂ ਮੇਰੀਆਂ ਅੱਖਾਂ ਪਾਟੀਆਂ ਰਹਿ ਗਈਆਂ। ਚੇਪੀਆਂ ਨਾਲ ਲੱਗੇ ਪੰਜਾਹ ਪੰਜਾਹ ਪੈਸੇ ਦੇ ਢਊਏ ਖੱਗਿਆਂ ਜਿੱਡੇ ਹੋਏ ਪਏ ਸਨ।ਨਾਲ ਖੜਾ ਮੇਰਾ ਕਜਨ ਕਹਿੰਦਾ,”ਮੈਨੂੰ ਲਗਦਾ ਦਸ ਦਸ ਰੁਪਏ ਦੇ ਠੀਪੇ ਬਣਾਤੇ ਰੇਲ ਨੇ ਗਲਤੀ ਨਾਲ।ਇਹ ਸੁਣਦੇ ਸਾਰ ਮੇਰੀਆਂ ਅੱਖਾਂ ਚ ਆਸ ਦੀ ਚਮਕ ਆ ਗਈ।ਅਸੀਂ ਸਾਰਾ ਕੁਝ ਇਕੱਠਾ ਕਰ ਕੇ ਡੌਰ ਭੌਰ ਹੋਏ ਭਾਈਆ ਜੀ ਦੀ ਹੱਟੀ ਤੇ ਜਾ ਪਹੁੰਚੇ।
ਮੈਂ ਬੜੇ ਰੋਹਬ ਨਾਲ ਜਾ ਕੇ ਕਿਹਾ,”ਪੰਜਾਂ ਦੀਆਂ ਟੌਫੀਆਂ ਦੇਦੇ ਤੇ ਪੰਜ ਰੁਪਏ ਮੋੜ ਕੇ ਦੇਦੇ।ਮੈਂ ਜਿਵੇਂ ਹੀ ਸੌਦਾ ਫੜ ਕੇ ਢਊਆ ਅੱਗੇ ਕੀਤਾ ਤਾਂ ਲੱਗਭੱਗ ਸੱਤਰ ਸਾਲ ਦੇ ਬਜ਼ੁਰਗ ਨੇ ਡੂਢ ਸੋ ਦੀ ਸਪੀਟ ਨਾਲ ਧੌੜੀ ਦੀ ਜੁੱਤੀ ਚਲਾ ਕੇ ਮਾਰੀ ਜੋ ਸਿੱਧੀ ਮੇਰੀ ਪਿੱਠ ਤੇ ਲੈਂਡ ਕੀਤੀ।ਮੇਰਾ ਹਲ਼ਕ ਬਾਹਰ ਆ ਗਿਆ ਤੇ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਆਖਿਰ ਇਹ ਬਣਿਆ ਕੀ??ਹਾਲੇ ਮੈਂ ਸੋਚ ਈ ਰਿਹਾ ਸੀ ਕਿ ਪ੍ਰਚੰਡ ਹੋਏ ਬਜ਼ੁਰਗ ਨੇ ਦੂਜੀ ਜੁੱਤੀ ਵੀ ਲਾਹ ਲਈ।ਖ਼ਤਰੇ ਨੂੰ ਭਾਂਪਦਿਆ ਜਿਓਂ ਈ ਮੈਂ ਅੱਡੀਆਂ ਨੂੰ ਚਾਬੀ ਦਿੱਤੀ ਤੇ ਪਿੱਛੇ ਮੁੜ ਕੇ ਵੇਖਿਆ ਕਜ਼ਨ ਉੱਥੇ ਹੈ ਈ ਨਹੀਂ ਸੀ।ਉਹ ਪਤੰਦਰ ਧੌੜੀ ਦੀ ਆਵਾਜ਼ ਸੁਣ ਕੇ ਪਹਿਲਾਂ ਈ ਸੇਫ ਜ਼ੋਨ ਚ ਪਹੁੰਚ ਗਿਆ ਸੀ।ਹੁਣ ਭੱਜਣ ਦੀ ਵਾਰੀ ਮੇਰੀ ਸੀ ਬਸ ਫਿਰ ਕੀ ਸੀ ਮੇਰੇ ਖਿਆਲ ਤੋਂ ਉਦੋਂ ਐਨੇ ਜਿਆਦਾ ਕੈਮਰੇ ਨਹੀਂ ਹੁੰਦੇ ਸਨ ਨਹੀਂ ਸ਼ਾਇਦ ਮਿਲਖਾ ਸੂ ਦਾ ਦੌੜ ਵਾਲਾ ਰਿਕਾਰਡ 1994 ਚ ਹੀ ਮੇਰੇ ਨਾਮ ਹੋ ਜਾਣਾ ਸੀ।
✒️ਸੰਜੀਵ ਸਿੰਘ ਝੱਜ

...
...



Related Posts

Leave a Reply

Your email address will not be published. Required fields are marked *

One Comment on “ਅਨੋਖਾ ਬਚਪਨ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)