More Punjabi Kahaniya  Posts
ਉਮੀਦਾਂ ਵਾਲੇ ਚਿਰਾਗ


ਗੁਰਮਲਕੀਅਤ ਸਿੰਘ ਕਾਹਲੋਂ
ਕੁਝ ਸਾਲ ਪਹਿਲਾਂ ਮੈਂ ਆਪਣੇ ਨਾਨਕੇ ਪਿੰਡ ਬੀਜੇ ਗਿਆ ਸੀ। ਮੇਰੇ ਨਾਨਾ ਜੀ ਦੇ ਘਰ ਤਕ ਜਾਣ ਵਾਲੀ ਗਲੀ ਭੀੜੀ ਹੈ। ਆਪਣੀ ਕਾਰ ਗਲੀ ਦੇ ਬਾਹਰਵਾਰ ਖਾਲੀ ਥਾਂ ਤੇ ਖੜਾਕੇ ਤੁਰਨ ਈ ਲਗਾ ਸੀ ਕਿ ਸੱਜੇ ਪਾਸਿਓਂ ਅਵਾਜ ਆਈ। “ਕਾਕਾ ਠਹਿਰੀਂ”, ਮੈਂ ਹੈਰਾਨੀ ਜਿਹੀ ਨਾਲ ਵੇਖਿਆ, ਬਜੁਰਗ ਔਰਤ ਕਾਹਲੀ ਕਦਮ ਪੁਟਦਿਆਂ ਨੇੜੇ ਆ ਰਹੀ ਸੀ। ਕੋਲ ਆਕੇ ਉਹ ਬੋਲੀ,
“ਤੂੰ ਚਾਚੀ ਮਨਜੀਤ ਕੌਰ ਦਾ ਦੋਹਤਾ ਏਂ ਨਾ ਰਾਮਪੁਰ ਤੋਂ। ਮੈਂ ਤੇਰੀ ਮਾਸੀ ਲਗਦੀ ਆਂ। ਤੇਰੀ ਮੰਮੀ ਮੇਰੀ ਬੜੀ ਪੱਕੀ ਸਹੇਲੀ ਹੁੰਦੀ ਸੀ ਵਿਆਹ ਤੋਂ ਪਹਿਲਾਂ। ਪਿਛਲੇ ਸਾਲ ਮੈਨੂੰ ਖੰਨੇ ਮਿਲੀ ਸੀ ਉਹ। ਉਸਨੇ ਈ ਦਸਿਆ ਸੀ ਕਿ ਤੂੰ ਦੋਰਾਹੇ ਕਾਲਜ ਵਿਚ ਲੈਕਚਰਾਰ ਲਗ ਗਿਆਂ।” ਉਸਨੇ ਮੇਰੀ ਹੈਰਾਨਗੀ ਤਾੜਦਿਆਂ ਆਪਣੀ ਸਾਰੀ ਪਹਿਚਾਣ ਕਰਵਾ ਕੇ ਇਹ ਵੀ ਦਸ ਦਿਤਾ ਕਿ ਇਥੇ ਉਸਦੇ ਪੇਕੇ ਨੇ ਤੇ ਸਹੁਰੇ ਨਾਲਦੇ ਪਿੰਡ ਨੇ।
ਸਿਰ ਤੇ ਲਈ ਚਿੱਟੀ ਚੁੰਨੀ ਹੇਠ ਸੰਵਰੇ ਵਾਲ ਤੋ ਬੋਲੀ ਦੇ ਸਲੀਕੇ ਚੋਂ ਉਸਦੀ ਸੁਘੜ ਸਿਆਣੀ ਔਰਤ ਵਾਲੀ ਸਖਸ਼ੀਅਤ ਝਲਕਦੀ ਸੀ। ਬਚਪਨ ਤੋਂ ਈ ਚੰਗੇ ਲੋਕਾਂ ਦੀ ਜਿੰਦਗੀ ਉਤੇ ਝਾਤ ਪਾਉਣੀ ਮੇਰਾ ਸ਼ੌਕ ਹੈ। ਸਿਰ ਪਲੋਸਣ ਲਈ ਉਠੇ ਉਸਦੇ ਹੱਥਾਂ ਦੀ ਛੂਹ ਲਈ ਮੈਂ ਉਸਦੇ ਪੈਰਾਂ ਵਲ ਝੁਕਿਆ। ਹੋਰ ਕਿੰਨੀਆਂ ਸਾਰੀਆਂ ਅਸੀਸਾਂ ਅਤੇ ਮੇਰੀ ਮੰਮੀ ਨਾਲ ਆਪਣੇ ਸਹੇਲਪੁਣੇ ਦੀਆਂ ਕੁਝ ਯਾਦਾਂ ਮੇਰੇ ਨਾਲ ਸਾਂਝੀਆਂ ਕਰਕੇ ਅਤੇ ਵਾਪਸੀ ਵੇਲੇ ਉਸਦੇ ਘਰੋ ਹੋਕੇ ਜਾਣ ਦਾ ਸੱਦਾ ਦੇਕੇ ਉਹ ਖੱਬੇ ਪਾਸੇ ਨੂੰ ਤੁਰ ਪਈ ਤੇ ਮੈਂ ਆਪਣੇ ਨਾਨਕਿਆਂ ਵਾਲੀ ਗਲੀ ਵਲ ਤੁਰ ਪਿਆ।
ਨਾਨਕੇ ਘਰ ਜਾਕੇ ਨਾਨੀ ਤੋਂ ਉਸਦੇ ਬਾਰੇ ਮਿਲੀ ਜਾਣਕਾਰੀ ਅੱਖਾਂ ਖੋਲਣ ਵਾਲੀ ਸੀ। ਉਮਰ ਪੱਖੋਂ ਤਾਂ ਉਹ ਮੇਰੀ ਮੰਮੀ ਤੋਂ ਥੋੜੀ ਵਡੀ ਸੀ, ਪਰ ਸ਼ਰੀਕੇ ਵਿਚੋਂ ਮੰਮੀ ਦੀ ਭੂਆ ਲਗਦੀ ਸੀ। ਸਮੇਂ ਦੇ ਨਾਲ ਪਿੰਡ ਦੇ ਸਾਰੇ ਛੋਟੇ ਵਡੇ ਉਸਨੂੰ ਭੂਆ ਕਹਿਕੇ ਦੁਆ ਸਲਾਮ ਕਰਨ ਅਤੇ ਅਸ਼ੀਰਵਾਦ ਲੈਂਣ ਲਗ
ਪਏ। ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਉਸਦੇ ਮੂੰਹੋ ਨਿਕਲੀ ਗਲ ਸੱਚ ਹੋ ਜਾਂਦੀ ਐ। ਇਲਾਕੇ ਵਿਚ ਕੋਈ ਉਸਦੀ ਗਲ ਨਹੀਂ ਮੋੜਦਾ ਤੇ ਨਾ ਹੀ ਉਹ ਕਿਸੇ ਨੂੰ ਅਜਿਹਾ ਕੁਝ ਕਹਿੰਦੀ ਸੀ ਕਿ ਅਗਲੇ ਕੋਲ ਨਾਂਹ ਕਹਿਣ ਦੀ ਗੁੰਜਾਇਸ਼ ਬਚਦੀ ਹੋਏ। ਮੇਰੇ ਨਾਨੀ ਜੀ ਦਸਦੇ ਸੀ ਕਿ 16 ਸਾਲਾਂ ਦੀ ਸੀ ਅੰਬੋ ਜਦ ਉਸਦਾ ਵਿਆਹ ਹੋ ਗਿਆ। ਉਦੋਂ ਚੰਗੇ ਮੁੰਡੇ ਦੀ ਦਸ ਪੈਂਦੇ ਈ ਕੁੜੀ ਦੇ ਮਾਪੇ ਅਨੰਦ ਕਾਰਜ ਕਰਕੇ ਇਕ ਤਰਾਂ ਨਾਲ ਮੁੰਡੇ ਨੂੰ ਜਵਾਈ ਵਾਲਾ ਬੰਨ ਮਾਰ ਲੈਂਦੇ ਸਨ। 2-4 ਸਾਲਾਂ ਬਾਦ ਕੁੜੀ ਨੂੰ ਗ੍ਰਹਿਸਥੀ ਦੀ ਸਮਝ ਆਉਦੀ ਤਾਂ ਮੁਕਲਾਵਾ ਤੋਰਕੇ ਉਸਦੀ ਵਿਦਾਈ ਕਰ ਦਿਤੀ ਜਾਂਦੀ।
ਪਿਛੋਕੜ ਯਾਦ ਕਰਦਿਆਂ ਨਾਨੀ ਨੇ ਦਸਿਆ ਕਿ ਵਿਆਹ ਤੋਂ ਤਿੰਨ ਸਾਲ ਬਾਦ ਜਦ ਉਸਦਾ (ਨਾਨੀ ਦੀ) ਮੁਕਲਾਵਾ ਹੋਇਆ ਤਾਂ ਭੂਆ ਨਿਕੀ ਜਿਹੀ ਹੁੰਦੀ ਸੀ। ਸਹੁਰੇ ਘਰ ਜਦ ਨਾਨੀ ਦਾ ਆਂਢ ਗੁਆਂਢ ਦਾ ਮੇਲ ਮਿਲਾਪ ਹੋਣ ਲਗਿਆ ਤਾਂ ਭੂਆ ਸਕੂਲੇ ਜਾਣ ਲਗ ਪਈ ਸੀ। ਪੰਜਵੀਂ ਪਾਸ ਕੀਤੀ ਤਾਂ ਭੂਆ ਦੇ ਮਾਪਿਆਂ ਨੂੰ ਕੁੜੀ ਦੇ ਰਿਸ਼ਤੇ ਦੀ ਫਿਕਰ ਹੋਣ ਲਗ ਪਈ ਸੀ। ਭੂਆ ਅਕਸਰ ਮੇਰੀ ਨਾਨੀ ਕੋਲ ਆਣ ਬਹਿੰਦੀ। ਉਸਨੇ ਆਪ ਈ ਦਸਿਆ ਸੀ ਕਿ ਨਾਨੀ ਦੇ ਡੋਲੇ ਤੋਂ ਸੁੱਟੇ ਗਏ ਤਾਂਬੇ ਵਾਲੇ ਪੈਸੇ ਚੁਗ ਚੁਗ ਕੇ ਉਸਨੇ ਬੁਗਨੀ ਭਰੀ ਹੋਈ ਸੀ। ਉਦੋਂ ਮਿੱਟੀ ਦੀਆਂ ਬੁਗਨੀਆਂ ਸਾਰੇ ਨਿਆਣਿਆਂ ਕੋਲ ਹੁੰਦੀਆਂ ਸੀ। ਸਿਆਣੀਆਂ ਮਾਵਾਂ ਬੱਚਿਆਂ ਨੂੰ ਬੱਚਤ ਦੀ ਆਦਤ ਪਾਉਣ ਲਈ ਉਨ੍ਹਾਂ ਦਾ ਬੁਗਨੀਆਂ ਨਾਲ ਮੋਹ ਪਾ ਦੇਂਦੀਆਂ ਸੀ। ਨਾਨੀ ਵਲੋਂ ਇਹ ਗਲ ਦਸਣ ਤੋਂ ਬਾਦ ਹੀ ਮੈਨੂੰ ਯਾਦ ਆਇਆ ਕਿ ਮੰਮੀ ਨੇ ਮੈਨੂੰ ਚਾਬੀ ਨਾਲ ਖੁਲਣ ਵਾਲਾ ਸਟੀਲ ਦਾ ਮਨੀ ਬੌਕਸ ਇਸੇ ਆਦਤ ਲਈ ਲਿਆਕੇ ਦਿਤਾ ਹੋਊ।
ਨਾਨੀ ਦਸਦੇ ਗਏ ਕਿ ਭੂਆ ਦੇ ਮਾਪਿਆਂ ਨਾਲਦੇ ਪਿੰਡ ਦਾ ਫੌਜੀ ਮੁੰਡਾ ਲਭਕੇ ਉਸਦਾ ਵਿਆਹ ਕਰ ਦਿਤਾ ਤੇ ਅਗਲੇ ਸਾਲ ਜਦ ਫੌਜੀ ਛੁੱਟੀ ਆਇਆ ਤਾਂ ਭੂਆ ਦੇ ਸਹੁਰੇ ਜੋਰ ਪਾਕੇ ਉਸਦਾ ਮੁਕਲਾਵਾ ਲੈ ਗਏ। ਫੌਜੀ ਦੀ ਛੁੱਟੀ ਦੇ ਦੋ ਮਹੀਨਿਆਂ ਦਾ ਅਜੇ ਅੱਧ ਟੱਪਿਆ ਸੀ ਕਿ ਉਸਨੂੰ ਵਾਪਸ ਆਉਣ ਦੀ ਤਾਰ ਆ ਗਈ। ਨਾਲ ਲਗਦੇ ਕਿਸੇ ਟਾਪੂ ਤੋਂ ਪੁਰਤਗੇਜਾਂ ਦਾ ਕਬਜਾ ਛੁਡਾਉਣ
ਲਈ ਫੌਜੀ ਐਕਸ਼ਨ ਕਰਨਾ ਪੈ ਰਿਹਾ ਸੀ ਭਾਰਤ ਸਰਕਾਰ ਨੂੰ। ਛਾਉਣੀ ਵਾਪਸ ਪੁਜਦਿਆਂ ਹੀ ਫੌਜੀ ਦੀ ਯੂਨਿਟ ਲਾਮ ਨੂੰ ਤੋਰ ਦਿਤੀ ਗਈ। ਕਹਿੰਦੇ ਫੌਜੀ ਨੂੰ ਖੰਨੇ ਤੋਂ ਗੱਡੀ ਚੜਾਉਣ ਲਈ ਭੂਆ ਆਪਣੀ ਸੱਸ ਦੇ ਨਾਲ ਗਈ ਤੇ ਘਰ ਆਕੇ ਬੜਾ ਰੋਈ ਸੀ। ਨਿਆਣੀ ਉਮਰੇ ਘਰ ਵਾਲੇ ਨਾਲ ਏਡੇ ਮੋਹ ਦੀਆਂ ਲੋਕ ਮਿਸਾਲਾਂ ਦੇਣ ਲਗ ਪਏ ਸਨ ਉਦੋਂ।
ਫੌਜੀ ਨੂੰ ਵਾਪਸ ਗਿਆਂ ਅਜੇ ਹਫਤਾ ਕੁ ਹੋਇਆ ਸੀ ਕਿ ਡਾਕੀਆ ਤਾਰ ਲੈਕੇ ਆ ਗਿਆ। ਉਦੋਂ ਤਾਰ ਦਾ ਨਾਂਅ ਈ ਖਤਰੇ ਦੀ ਘੰਟੀ ਹੁੰਦਾ ਸੀ। ਮੰਨਿਆ ਜਾਂਦਾ ਸੀ ਤਾਰ ਵਿਚ ਹਮੇਸ਼ਾਂ ਮਾੜੀ ਖਬਰ ਹੁੰਦੀ ਆ। ਪਤਾ ਨਹੀਂ ਡਾਕੀਏ ਨੂੰ ਪੜਨੀ ਨਹੀਂ ਸੀ ਆਈ ਜਾਂ ਉਹ ਜਾਣ ਬੁਝਕੇ ਟਾਲ ਗਿਆ ਸੀ। ਭੂਆ ਦਾ ਸਹੁਰਾ ਅਵਤਾਰ ਸਿੰਘ ਥਾਲ ਵਿਚ ਪਈ ਰੋਟੀ ਵਿਚੇ ਛਡ, ਕਾਹਲੇ ਪੈਂਰੀਂ ਪਾਰਲੇ ਪਾਸੇ ਵਾਲੇ ਮਾਸਟਰ ਰਸ਼ਪਾਲ ਸਿੰਘ ਦੇ ਘਰ ਵਲ ਹੋ ਤੁਰਿਆ ਸੀ। ਤਾਰ ਵੇਖਦੇ ਈ ਮਾਸਟਰ ਦਾ ਮੱਥਾ ਠਣਕਿਆ ਸੀ। ਅਜੇ ਕਲ ਈ ਤੇ ਉਸੇ ਲੜਾਈ ਵਿਚ ਈਸੜੂ ਪਿੰਡ ਦੇ ਕਿਸੇ ਫੌਜੀ ਦੀ ਸ਼ਹੀਦੀ ਦੀ ਖਬਰ ਉਸਨੇ ਰੇਡੀਓ ਤੋਂ ਸੁਣੀ ਸੀ। ਮਾਸਟਰ ਨੇ ਅਵਤਾਰ ਸਿੰਘ ਦੇ ਕੰਬਦੇ ਹੱਥਾਂ ਚੋਂ ਤਾਰ ਫੜਕੇ ਅੱਖਰਾਂ ਤੇ ਨਜਰ ਮਾਰੀ ਤੇ ਮੱਥੇ ਤੇ ਹੱਥ ਮਾਰਿਆ। ਮਾਸਟਰ ਦਾ ਚਿਹਰਾ ਉਤਰਦਿਆਂ ਈ ਅਵਤਾਰ ਸਿਉਂ ਸਮਝ ਗਿਆ ਕਿ ਜਰੂਰ ਕੋਈ ਭਾਣਾ ਵਰਤ ਗਿਐ। ਹੌਸਲਾ ਜਿਹਾ ਕਰਦਿਆਂ ਮਾਸਟਰ ਦੇ ਮੂੰਹੋ ਮਸਾਂ ਈ ਨਿਕਲਿਆ ਕਿ ਅਵਤਾਰ ਸਿੰਆਂ ਆਪਣਾ ਫੌਜੀ ਦੇਸ਼ ਲਈ ਕੁਰਬਾਨ ਹੋ ਗਿਆ। ਪੁੱਤਰ ਦੀ ਮੌਤ ਸੁਣਕੇ ਉਸ ਦੀਆਂ ਅੱਖਾਂ ਅਗੇ ਹਨੇਰ ਛਾ ਗਿਆ ਸੀ। ਭਾਦੋਂ ਦੇ ਚਮਾਸੇ ਵਾਲੇ ਦਿਨਾਂ ਚ ਵੀ ਉਸਨੂੰ ਕੰਬਣੀ ਜਿਹੀ ਛਿੜ ਗਈ ਸੀ। ਮਾਸਟਰ ਦੀ ਘਰਵਾਲੀ ਪਾਣੀ ਦਾ ਗਲਾਸ ਲੈ ਆਈ। ਮਾਸਟਰ ਨੇ ਗਲਾਸ ਉਸਦੇ ਮੂੰਹ ਨੂੰ ਲਾਕੇ ਉਸਨੂੰ ਆਪਣੇ ਆਪ ਵਿਚ ਲਿਆਉਣ ਦਾ ਯਤਨ ਕੀਤਾ। ਉਹ ਅਵਤਾਰ ਸਿੰਘ ਨੂੰ ਘਰ ਛਡਕੇ ਆਉਣ ਲਈ ਉਸਦੇ ਨਾਲ ਹੀ ਤੁਰ ਪਿਆ, ਮਤੇ ਰਸਤੇ ਵਿਚ ਕਿਸੇ ਕੰਧ ਨਾਲ ਈ ਨਾ ਟੱਕਰ ਮਾਰ ਲਏ। ਮਾਸਟਰ ਨੂੰ ਯਾਦ ਸੀ ਆਪਣੇ ਪਿਉ ਦੀ ਹਾਲਤ ਜਦ ਵਡੀ ਸੜਕ ਪਾਰ ਕਰਦਿਆਂ ਉਸਦੇ ਭਰਾ ਨੂੰ
ਕੋਈ ਗੱਡੀ ਮਿੱਧ ਗਈ ਸੀ। ਬਾਪ ਲਈ ਕਿੰਨਾ ਔਖਾ ਹੁੰਦਾ ਆਪਣੇ ਲਹੂ ਮਾਸ ਨੂੰ ਆਪਣੇ ਮੋਢਿਆਂ ਤੇ ਚੁਕਣਾ। ਭਲੇ ਲੋਕ ਤਾਂ ਦੁਆ ਕਰਦੇ ਨੇ ਕਿ ਰੱਬ ਇਹੋ ਜਿਹਾ ਦਰਦ ਕਿਸੇ ਦੁਸ਼ਮਣ ਨੂੰ ਨਾ ਵਿਖਾਵੇ।
ਦੋ ਦਿਨ ਬਾਦ ਮਿਲਟਰੀ ਦੇ ਟਰੱਕ ਉਤੇ ਲੱਕੜ ਦੇ ਡੱਬੇ ਵਿਚ ਪਈ ਹੋਈ ਫੌਜੀ ਦੀ ਲਾਸ਼ ਪਿੰਡ ਪਹੁੰਚ ਗਈ। ਫੌਜੀ ਰਸਮਾਂ ਕੀਤੀਆਂ ਗਈਆਂ। ਹਵਾ ਚ ਗੋਲੀਆਂ ਚਲਾ ਕੇ ਸਲਾਮੀ ਦੀ ਰਸਮ ਹੋਈ । ਸਸਕਾਰ ਮੌਕੇ ਭੂਆ ਨੂੰ ਬਲਦੀ ਚਿਤਾ ਤੋਂ ਪਾਸੇ ਰਖਣ ਲਈ ਔਰਤਾਂ ਨੂੰ ਬੜੀ ਔਖ ਆਈ। ਉਸਦੀ ਇਕੋ ਰੱਟ ਸੀ ਕਿ ਉਸਦੇ ਬਾਝੋਂ ਮੈਂ ਹੁਣ ਜਿਉਂ ਕੇ ਕੀ ਕਰਨਾ। ਭੂਆ ਦੀਆਂ ਦਰਦ ਵਿੰਨੀਆਂ ਚੀਕਾਂ ਮੂਹਰੇ ਪੱਥਰ ਦਿਲ ਲੋਕਾਂ ਦੇ ਰੁਮਾਲ ਭਿਜਣ ਲਗ ਪਏ ਸਨ। ਹਫਤੇ ਕੁ ਬਾਦ ਭੂਆ ਪਹਿਚਾਣੀ ਨਾ ਜਾਇਆ ਕਰੇ। ਕੁਝ ਦਿਨ ਪਹਿਲਾਂ ਤਕ ਸੰਦੂਰੀ ਅੰਬ ਦਾ ਭੁਲੇਖਾ ਪਾਉਂਦਾ ਭੂਆ ਦਾ ਚਿਹਰਾ ਪੀਲਾ ਭੂਕ ਹੋ ਗਿਆ ਸੀ। ਕਹਿੰਦੇ ਨੇ ਨਾ ਕਿ ਰੰਗ ਵੀ ਖੁਸ਼ੀਆਂ ਨਾਲ ਈ ਸੋਂਹਦੇ ਨੇ। ਜਿਥੋਂ ਕਿਸੇ ਖੁਸ਼ੀ ਦੀ ਉਮੀਦ ਹੀ ਖਤਮ ਹੋਜੇ, ਉਸ ਥਾਂ ਨਾਲ ਰੰਗਾਂ ਦਾ ਕੀ ਮੇਲ। ਚਿੱਟੀ ਚੁੰਨੀ ਨੂੰ ਵਿਧਵਾ ਨਾਲ ਸ਼ਾਇਦ ਇਸੇ ਕਾਰਣ ਜੋੜਿਆ ਗਿਆ ਹੋਊ। ਭੂਆ ਦਾ ਤਾਂ ਸੰਸਾਰ ਵਸੇਬੇ ਦੀ ਸ਼ੁਰੂਆਤ ਦੇ ਦਿਨਾਂ ਵਿਚ ਈ ਉਜੜ ਗਿਆ ਸੀ।
ਫੌਜੀ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਿਆ । ਗ੍ਰੰਥੀ ਨੇ ਗਲ ਵਿਚ ਪੱਲਾ ਪਾਕੇ ਗੁਰੂ ਚਰਨਾਂ ਵਿਚ ਅੰਤਮ ਅਰਦਾਸ ਸ਼ੁਰੂ ਕੀਤੀ। ਭਾਈ ਜੀ ਅਜੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਦੀ ਅਰਜੋਈ ਤਕ ਪਹੁੰਚੇ ਸੀ ਕਿ ਔਰਤਾਂ ਵਾਲੇ ਪਾਸਿਓਂ ਕਿਸੇ ਦੇ ਧੜੱਮ ਡਿਗਣ ਦੀ ਅਵਾਜ ਆਈ। ਇਹ ਭੂਆ ਸੀ। ਉਹ ਭਰ ਜੋਬਨ ਮੁਟਿਆਰ ਜਿਸਦੀਆਂ ਲੱਤਾਂ ਵੀ ਉਸਦਾ ਭਾਰ ਚੁਕਣ ਤੋਂ ਜਵਾਬ ਦੇ ਗਈਆਂ ਸਨ। ਔਰਤਾਂ ਉਸਨੂੰ ਚੁੱਕ ਕੇ ਅੰਦਰ ਲੈ ਗਈਆਂ।
ਫੌਜੀ ਨੂੰ ਸ਼ਰਧਾਂਜਲੀਆਂ ਦਿਤੀਆਂ ਜਾਣ ਲਗੀਆਂ। ਉਸਦੀ ਬਹਾਦਰੀ ਦੀ ਵਾਹ ਵਾਹ ਕੀਤੀ ਗਈ। ਦੁਸ਼ਮਣ ਦੇ ਸਿਪਾਹੀਆਂ ਨਾਲ ਲੋਹਾ ਲੈਣ ਦੇ ਕਾਰਨਾਮੇ ਗਿਣਾਏ ਗਏ। ਗੋਲੀ ਪਿੱਠ ਚ ਨਹੀਂ, ਹਿੱਕ ਤੇ ਖਾਣ ਵਾਲਾ ਬਹਾਦਰ
ਜਵਾਨ ਤੇ ਦੇਸ਼ ਭਗਤ ਦਸਿਆ ਗਿਆ। ਪੰਜਾਬ ਸਰਕਾਰ ਵਲੋਂ ਪ੍ਰਵਾਰ ਨੂੰ ਰਿਆਇਤਾਂ ਦੇ ਐਲਾਨ ਹੋਏ । ਉਦੋਂ ਵਾਲਾ ਮੁੱਖ ਮੰਤਰੀ ਆਪਣੇ ਬੋਲ ਪੁਗਾਉਂਦਾ ਹੁੰਦਾ ਸੀ। ਜੋ ਐਲਾਨ ਕਰਨਾ, ਉਸ ਉਤੇ ਹੋਏ ਅਮਲ ਬਾਰੇ ਉਹ ਅਫਸਰਾਂ ਤੋਂ ਜਾਣਕਾਰੀ ਲੈਂਦਾ ਰਹਿੰਦਾ ਸੀ। ਉਸ ਵਲੋਂ ਫੌਜੀ ਦੇ ਪਰਵਾਰ ਲਈ ਵਿਸ਼ੇਸ਼ ਪੱਤਰ ਭੇਜਿਆ ਸੀ ਜਿਸ ਵਿਚ ਸਰਕਾਰੀ ਐਲਾਨ ਸੀ ਕਿ ਪਰਵਾਰ ਤੇ ਆਈ ਕਿਸੇ ਬਿਪਤਾ ਮੌਕੇ ਸਰਕਾਰ ਉਸਦਾ ਹੱਲ ਕਰੇਗੀ। ਬਹੁਤ ਸਾਲਾਂ ਬਾਦ ਉਸ ਪੱਤਰ ਦੀ ਲੋੜ ਉਸ ਪਰਵਾਰ ਨੂੰ ਪਈ ਸੀ।
ਫੌਜੀ ਦਾ ਯੂਨਿਟ ਵਿਚ ਪਿਆ ਕੁਝ ਸਮਾਨ ਉਸਦੇ ਘਰ ਪੁਜਦਾ ਕੀਤਾ ਗਿਆ। ਸਮਾਨ ਕੀ ਹੋਣਾ ਸੀ। ਦੋ ਬੈਗਾਂ ਵਿਚੋਂ ਇਕ ਵਿਚ ਕਪੜੇ ਤੇ ਦੂਜੇ ਵਿਚ ਛੋਟਾ ਮੋਟਾ ਨਿੱਕ ਸੁੱਕ ਤੇ ਕੁਝ ਕਿਤਾਬਾਂ ਕਾਪੀਆਂ। ਹੋਰ ਕਿਹੜਾ ਫੌਜੀਆਂ ਕੋਲ ਗਿਫਟ ਆਈਟਮਾਂ ਹੁੰਦੀਆਂ। ਬੈਗ ਵਿਚ ਅੰਬੋ ਦੇ ਨਾਂਅ ਲਿਖੀ ਅਧੂਰੀ ਚਿੱਠੀ ਵੀ ਸੀ, ਜਿਸਨੂੰ ਪੂਰਾ ਕਰਕੇ ਡਾਕ ਚ ਪਾਉਣ ਦਾ ਸਮਾਂ ਈ ਸ਼ਾਇਦ ਫੌਜੀ ਨੂੰ ਨਹੀਂ ਸੀ ਮਿਲਿਆ। ਉਹ ਚਿੱਠੀ ਭੂਆ ਨੇ ਅਜੇ ਤਕ ਸੋਨੇ ਦੇ ਗਹਿਣੇ ਤੇ ਫੌਜੀ ਦੀ ਅਮਾਨਤ ਵਾਂਗ ਸੰਭਾਲੀ ਹੋਈ ਸੀ।
ਫੌਜੀ ਇਕਲਾ ਭਰਾ ਸੀ। ਵਡੀ ਭੈਣ ਤੋਂ 10 ਸਾਲ ਛੋਟਾ । ਭੈਣ ਦੇ ਵਿਆਹ ਮੌਕੇ 8 ਕੁ ਸਾਲਾਂ ਦਾ ਸੀ। ਆਪਣੇ ਜੀਜੇ ਦੀ ਫੌਜੀ ਵਰਦੀ ਵਾਲਾ ਟੌਅਰ ਉਸਦੇ ਮਨ ਚ ਘਰ ਕਰ ਗਿਆ। ਉਹ ਵਰਦੀ ਦਾ ਸ਼ੌਕੀਨ ਹੋ ਗਿਆ। ਜੀਜੇ ਨੇ ਛੁੱਟੀ ਆਉਂਣਾ ਹੁੰਦਾ ਤਾਂ ਉਸਨੂੰ ਵਰਦੀ ਨਾਲ ਲੈਕੇ ਆਉਣ ਦੀ ਚਿੱਠੀ ਲਿਖ ਭੇਜਦਾ। ਸਤਵੀਂ ਅੱਠਵੀ ਵਿਚ ਹੁੰਦਾ ਸੀ, ਜਦ ਜੀਜੇ ਦੀ ਵਰਦੀ ਵਾਲੀ ਕਮੀਜ ਪਾਕੇ ਫੁਲਿਆ ਨਾ ਸਮਾਉਂਦਾ। ਮਾਂ ਦੇ ਰੋਕਣ ਦੇ ਬਾਵਜੂਦ ਸਾਰੇ ਪਿੰਡ ਦਾ ਗੇੜਾ ਕੱਢਦਾ । ਵਰਦੀ ਦੀ ਜੇਬ ਤੇ ਲਿਖੇ ਜੀਜੇ ਦੇ ਨਾਂਅ ਉਤੇ ਕਾਗਜ ਦੀ ਚੇਪੀ ਲਾ ਲੈਂਦਾ ਪਿੰਡ ਵਿਚ ਜਾਣ ਲਗਿਆਂ। ਭੈਣ ਦਾ ਮਨ ਇਸ ਅਹਿਸਾਸ ਨਾਲ ਤਸੱਲੀ ਤੇ ਖੁਸ਼ੀ ਨਾਲ ਭਰ ਜਾਂਦਾ ਕਿ ਉਸਦੇ ਬਾਪ ਦੇ ਜਵਾਈ ਦੇ ਨਾਲ ਨਾਲ ਉਸਦਾ ਪੁੱਤਰ ਵੀ ਦੇਸ਼ ਦਾ ਰਖਵਾਲਾ ਹੋਵੇਗਾ। ਦਸਵੀਂ ਕਰਦਿਆਂ ਉਸਨੇ ਅਜੇ ਬਾਲਗੀ ਵਿਚ ਪੈਰ ਨਹੀਂ ਸੀ ਧਰਿਆ ਕਿ ਕੱਦ ਕਾਠ
ਚੰਗਾ ਹੋਣ ਕਰਕੇ ਭਰਤੀ ਵਾਲਿਆਂ ਦੀ ਨਜਰੇ ਚੜ ਗਿਆ। ਉਦੋਂ ਕੱਦ ਕਾਠ ਵਾਲੇ ਮੁੰਡਿਆਂ ਦੀ ਕਦਰ ਸੀ ਹੁੰਦੀ ਸੀ ਫੌਜ ਲਈ।
ਫੌਜੀ ਦੀ ਸ਼ਹੀਦੀ ਨੂੰ ਤਿੰਨ ਮਹੀਨੇ ਬੀਤ ਗਏ ਸਨ। ਲੰਘਦੇ ਦਿਨਾਂ ਦੇ ਨਾਲ ਨਾਲ ਅਮਰਜੀਤ ਵੀ ਫੌਜੀ ਦੇ ਗਮ ਚੋਂ ਬਾਹਰ ਨਿਕਲ ਰਹੀ ਸੀ। ਉਹ ਆਪਣੀ ਰਹਿੰਦੀ ਜਿੰਦਗੀ ਦੇ ਅਕੀਦੇ ਮਿਥਣ ਲਗ ਪਈ। ਉਸਦੀ ਸੱਸ ਸਹੁਰੇ ਦੀ ਇਹ ਉਮੀਦ ਵੀ ਝੂਠੀ ਪੈ ਚੁੱਕੀ ਸੀ ਕਿ ਸ਼ਹੀਦੀ ਤੋਂ ਪਹਿਲਾਂ ਛੁੱਟੀ ਆਇਆ ਉਨ੍ਹਾਂ ਦਾ ਪੁੱਤਰ ਸ਼ਾਇਦ ਖਾਨਦਾਨ ਦੀ ਜੜ੍ਹ ਲਾ ਗਿਆ ਹੋਏ। ਕੁੜੀ ਦੀ ਪਹਾੜ ਜਿਡੀ ਜਿੰਦਗੀ ਪੱਖੋਂ ਫਿਕਰਮੰਦ ਹੋਏ ਆਪਣੇ ਮਾਪਿਆਂ ਨੂੰ ਅਮਰਜੀਤ ਨੇ ਸਾਫ ਕਹਿ ਦਿਤਾ ਸੀ ਕਿ ਜਿਸ ਘਰ ਵਿਚ ਉਸਦੀ ਡੋਲੀ ਆਈ ਹੈ, ਅਰਥੀ ਵੀ ਉਥੋਂ ਈ ਉਠੇਗੀ। ਉਸਨੇ ਇਹ ਕਹਿਕੇ ਸੱਸ ਸਹੁਰੇ ਦੇ ਭਰੋਸੇ ਤੇ ਵੀ ਮੋਹਰ ਲਾ ਦਿਤੀ ਸੀ ਕਿ ਉਹ ਫੌਜਣ ਬਣਕੇ ਇਸ ਘਰ ਆਈ ਸੀ ਤੇ ਆਖਰੀ ਸਾਹ ਫੌਜਣ ਵਜੋਂ ਹੀ ਲਏਗੀ। ਉਂਜ ਉਸਨੇ ਇਹ ਕਹਿਕੇ ਮਾਪਿਆਂ...

ਦਾ ਮਾਣ ਰਖ ਲਿਆ ਕਿ ਵਿਚ ਵਾਰ ਉਹ ਮਾਪਿਆਂ ਕੋਲ ਰਹਿ ਆਇਆ ਕਰੇਗੀ। ਦੋਵੇਂ ਪਿੰਡ ਨੇੜੇ ਨੇੜੇ ਹੀ ਸਨ।
ਥੋੜੇ ਦਿਨਾਂ ਨੂੰ ਵਿਸਾਖੀ ਆਉਣ ਵਾਲੀ ਸੀ। ਫੌਜਣ ਨੇ ਸੱਸ ਸਹੁਰੇ ਕੋਲ ਸ਼੍ਰੀ ਅਨੰਦਪੁਰ ਜਾਣ ਦੀ ਇਛਾ ਪ੍ਰਗਟਾਈ। ਬਜੁਰਗਾਂ ਨੂੰ ਤਸੱਲੀ ਹੋਈ ਕਿ ਕੁੜੀ ਘਰ ਦੇ ਕੰਮਾਂ ਵਿਚ ਰੁਝਣ ਲਗ ਪਈ ਹੈ। ਵਹੁਟੀ ਤੋਂ ਵਿਧਵਾ ਬਣੀ ਫੌਜਣ ਨੇ ਆਂਢ ਗੁਆਂਢ ਦੀਆਂ ਔਰਤਾਂ ਦੇ ਮਨਾਂ ਵਿਚ ਆਪਣੇ ਲਈ ਮੋਹ ਦੇ ਦੀਵੇ ਬਾਲ ਲਏ ਸੀ । ਉਹ ਤਰਸ ਵੀ ਕਰਦੀਆਂ ਤੇ ਰੱਬ ਨੂੰ ਉਲਾਭੇ ਦੇ ਨਾਲ ਫੌਜਣ ਦੇ ਹੌਸਲੇ ਦੀ ਦਾਦ ਦੇਣੋਂ ਨਾ ਰਹਿ ਸਕਦੀਆਂ। ਉਸਨੇ ਆਪਣੀ ਰੀਝ ਦੀਆਂ ਲੋੜਾਂ ਤੇ ਨਿਭਾਅ ਬਾਰੇ ਆਨੇ ਬਹਾਨੇ ਉਨ੍ਹਾਂ ਔਰਤਾਂ ਤੋਂ ਜਾਣਕਾਰੀ ਲੈ ਲਈ ਸੀ। ਉਹ ਵਿਸਾਖੀ ਵਾਲੇ ਦਿਨ ਦੀ ਉਡੀਕ ਕਰਨ ਲਗੀ । ਜਿੰਵੇ ਜਿੰਵੇ ਵਿਸਾਖੀ ਵਾਲੇ ਦਿਨ ਦੀ ਉਡੀਕ ਘਟ ਰਹੀ ਸੀ, ਉਵੇਂ ਉਵੇਂ ਕੁੜੀ ਦਾ ਨਿਸ਼ਚਾ ਪੱਕਾ ਹੋਈ ਜਾ ਰਿਹਾ ਸੀ।
ਸੱਸ ਸਹੁਰੇ ਨੂੰ ਨਾਲ ਲੈਕੇ ਵਿਸਾਖੀ ਤੋਂ ਪਹਿਲੇ ਦਿਨ ਦੀ ਸ਼ਾਮ ਤਕ ਉਹ
ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਈ। ਗੁਰਦੁਆਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਮੌਕੇ ਫੌਜਣ ਨੇ ਬਰਛੇ ਵਾਲੇ ਸੇਵਾਦਾਰ ਤੋਂ ਕਲ ਵਾਲੇ ਪ੍ਰੋਗਰਾਮ ਦੀ ਜਾਣਕਾਰੀ ਲਈ। ਸੇਵਾਦਾਰ ਵਲੋਂ ਸਮਝਾਏ ਦਫਤਰ ਜਾਕੇ ਉਸਨੇ ਆਪਣਾ ਨਾਂਅ ਲਿਖਵਾ ਦਿਤਾ। ਸੇਵਾਦਾਰ ਤੋਂ ਪੁੱਛ ਗਿਛ ਦੌਰਾਨ ਸੱਸ ਸਹੁਰੇ ਨੂੰ ਪਤਾ ਲਗ ਗਿਆ ਕਿ ਕੁੜੀ ਕਲ ਨੂੰ ਸਿੰਘਣੀ ਸੱਜੇਕੇ ਗੁਰੂ ਵਾਲੀ ਬਣ ਜਾਏਗੀ। ਸਰਾਂ ਦੇ ਕਮਰੇ ਵਿਚ ਲੇਟਿਆਂ ਨੀਂਦ ਦੀ ਥਾਂ ਉਹ ਸਾਰੀ ਰਾਤ ਕਲਗੀਆਂ ਵਾਲੇ ਦਾ ਸ਼ੁਕਰਾਨਾ ਕਰਦੇ ਰਹੇ। ਉਨ੍ਹਾਂ ਨੂੰ ਆਪਣੀ ਨੂੰਹ ਉਤੇ ਧੀ ਤੋਂ ਵਧ ਫਖਰ ਮਹਿਸੂਸ ਹੋ ਰਿਹਾ ਸੀ। ਉਨ੍ਹਾਂ ਦੇ ਮਨੋਂ ਅਵਾਜ ਆ ਰਹੀ ਸੀ ਕਿ ਕੁੜੀ ਦੇ ਸਰੀਰ ‘ਚ ਦੋ ਰੂਹਾਂ ਦਾ ਵਾਸਾ ਹੋ ਗਿਆ ਹੈ। ਨੂੰਹ ਵਿਚੋਂ ਉਨ੍ਹਾਂ ਨੂੰ ਆਪਣੇ ਪੁੱਤਰ ਦਾ ਝੌਲਾ ਪੈਣ ਲਗ ਪਿਆ ਸੀ। ਉਨ੍ਹਾਂ ਨੂੰ ਪਿੰਡ ਦੇ ਗੁਰਦੁਆਰੇ ਆਏ ਕਿਸੇ ਕਥਾ ਵਾਚਕ ਦੀ ਕਹੀ ਗਲ ਯਾਦ ਆਈ “ਅਖੇ ਗੁਰੂ ਦੇ ਲੜ ਲਗਣ ਵਾਲੇ ਆਪਣੇ ਬੋਲ ਵੀ ਪੁਗਾਉਂਦੇ ਨੇ ਤੇ ਸਿਦਕ ਤੋਂ ਵੀ ਨਹੀਂ ਥਿੜਕਦੇ।”
ਅਗਲੇ ਦਿਨ ਸ਼ਾਮ ਵੇਲੇ ਜਦ ਉਹ ਘਰ ਮੁੜੇ ਤਾਂ ਅੰਬੋ ਤੋਂ ਬਣੀ ਅਮਰਜੀਤ ਕੌਰ ਨੂੰ ਖਾਲਸਾਈ ਰੂਪ ਵਿਚ ਵੇਖ ਕੇ ਪਿੰਡ ਵਾਲੇ ਹੈਰਾਨ। ਹੁਣ ਉਨ੍ਹਾਂ ਨੂੰ ਸਮਝ ਆਈ ਕਿ ਫੌਜਣ ਇੰਜ ਦੀ ਪੁੱਛ ਪੜਤਾਲ ਕਿਉਂ ਕਰਦੀ ਹੁੰਦੀ ਸੀ। ਸੱਸ ਨੂੰ ਪੁੱਛ ਪੁੱਛ ਕੇ ਕੰਮ ਕਰਨ ਵਾਲੀ ਅਮਰਜੀਤ ਕੁਝ ਕਰਨ ਲਈ ਸੱਸ ਨੂੰ ਨਾਲ ਤੋਰਨ ਲਗ ਪਈ। ਉਹ ਪਿੰਡ ਦੇ ਸਾਂਝੇ ਕੰਮਾਂ ਵਿਚ ਹਿੱਸੇਦਾਰ ਬਣਨ ਲਗ ਪਈ। ਚੰਗੇ ਕੰਮ ਕਰਨ ਦੀ ਸ਼ੁਰੂਆਤ ਉਸਨੇ ਰੁੱਖ ਲਾਉਣ ਤੋਂ ਕੀਤੀ। ਉਸਨੇ ਆਪ ਕਹੀ ਫੜ ਲਈ। ਪਹਿਲਾ ਬੋਹੜ ਦਾ ਬੂਟਾ ਉਸਨੇ ਆਪਣੇ ਖੂਹ ਵਾਲੇ ਖੇਤ ਦੇ ਕੋਨੇ ਵਿਚ ਲਾਇਆ ਤੇ ਫਿਰ ਪਿੰਡ ਦੀ ਫਿਰਨੀ ਦੇ ਚਾਰੇ ਮੋੜਾਂ ਉਤੇ ਪਿੱਪਲ ਤੇ ਬੋਹੜ ਲਵਾਏ। ਫਾਲਤੂ ਬੇਰੀਆਂ ਦੀਆਂ ਟਾਹਣੀਆਂ ਕਟਕੇ ਉਹ ਲਾਏ ਬੂਟਿਆਂ ਦੁਆਲੇ ਵਾੜ ਕਰਦੀ ਤੇ ਹਰ ਤੀਜੇ ਚੌਥੇ ਦਿਨ ਪਾਣੀ ਪਾਉਂਦੀ। ਥੋੜੇ ਦਿਨਾਂ ਬਾਦ ਬਰਸਾਤ ਆਈ ਤਾਂ ਪਿੰਡ ਦੇ ਸਕੂਲ ਦੀ ਬਾਹਰਲੀ ਕੰਧ ਦੇ ਨਾਲ ਨਾਲ ਅੰਬਾਂ ਦੇ 10-12 ਬੂਟੇ ਲਵਾ ਦਿਤੇ ਤੇ ਦੋ ਦੋ ਤਿੰਨ ਤਿੰਨ ਬੂਟੇ ਹਰੇਕ ਜਮਾਤ ਦੇ ਮੁੰਡਿਆਂ ਨੂੰ ਸੰਭਾਲ ਕਰਨ ਲਈ ਵੰਡ ਦਿਤੇ।
ਉਸਨੇ ਬੱਚਿਆਂ ਦੇ ਮਨਾਂ ਵਿਚ ਬੂਟਿਆਂ ਦੀ ਲੋੜ ਤੇ ਸੰਭਾਲ ਦੇ ਚਾਅ ਵਾਲੇ ਦੀਵਾ ਬਾਲ ਦਿਤੇ ।
ਅੰਬਾਂ ਦੇ ਬੂਟਿਆਂ ਨਾਲ ਬੱਚਿਆਂ ਨੂੰ ਮੋਹ ਹੋ ਗਿਆ ਸੀ। ਬੱਚੇ ਸਕੂਲ ਆਕੇ ਆਪਣੇ ਆਪਣੇ ਬੂਟਿਆਂ ਕੋਲ ਗੇੜੀ ਜਰੂਰ ਲਾਉਂਦੇ। ਵਾੜ ਦੇ ਵਿਚ ਦੀ ਹੱਥ ਪਾਕੇ ਪੱਤਿਆਂ ਨੂੰ ਸਹਿਲਾਉਂਦੇ ਤੇ ਛੇਤੀ ਛੇਤੀ ਵਡਾ ਹੋਣ ਲਈ ਕਹਿੰਦੇ। ਉਨ੍ਹਾਂ ਚੋਂ ਕਿਸੇ ਦੇ ਮਨਾਂ ਚ ਆਪਣੇ ਬੂਟੇ ਦੀਆਂ ਅੰਬੀਆਂ ਖਾਣ ਦੀ ਲਾਲਸਾ ਜਾਗਦੀ ਤੇ ਕਿਸੇ ਦੇ ਮਨ ਛਾਵੇਂ ਬਹਿਣ ਦੀ। ਬੂਟਿਆਂ ਨੂੰ ਵੀ ਬੱਚਿਆਂ ਨਾਲ ਪਿਆਰ ਹੋ ਗਿਆ, ਉਹ ਹਰ ਤੀਜੇ ਦਿਨ ਨਵਾਂ ਪੱਤਾ ਕਢ ਲੈਂਦੇ। ਬੱਚੇ ਆਪਣੇ ਬੂਟੇ ਦੇ ਬਦਾਮੀ ਰੰਗ ਦੇ ਨਵੇਂ ਪੱਤੇ ਨੂੰ ਹੱਥ ਲਾ ਲਾ ਕੇ ਟੋਂਹਦੇ। ਛੁੱਟੀਆਂ ਹੁੰਦੀਆਂ ਤਾਂ ਵੀ ਬੱਚੇ ਆਪਣੇ ਅੰਬਾਂ ਨੂੰ ਪਾਣੀ ਦੇਣ ਆਉਂਦੇ। ਅਮਰਜੀਤ ਨੇ ਹਰ ਐਤਵਾਰ ਸਵੇਰ ਦਾ ਟਾਈਮ ਮਿਥ ਦਿਤਾ ਪਾਣੀ ਪਾਉਣ ਤੇ ਗੋਡੀ ਕਰਨ ਲਈ। ਉਸ ਸਮੇਂ ਉਹ ਆਪ ਆਕੇ ਥੋੜੀ ਦੇਰ ਲਈ ਸਕੂਲ ਦਾ ਗੇਟ ਖੋਲ ਦੇਂਦੀ। ਬੱਚਿਆਂ ਦੇ ਬੂਟਿਆਂ ਨਾਲ ਮੋਹ ਵੇਖ ਅਮਰਜੀਤ ਦਾ ਮਨ ਨੂੰ ਤਸੱਲੀ ਨਾਲ ਭਰ ਦਿੰਦਾ। ਉਸਦੇ ਪੇਕੇ ਪਿੰਡ ਬੀਜੇ ਦੇ ਲੋਕਾਂ ਉਤੇ ਵੀ ਉਸਦੀ ਦੀ ਸੋਚ ਦਾ ਅਸਰ ਹੋਇਆ। ਉਥੋਂ ਦੇ ਲੋਕ ਵੀ ਰੁੱਖ ਲਾਉਣ ਲਗ ਪਏ।
ਸਾਲ ਚੜਦੇ ਤੇ ਬੀਤਦੇ ਗਏ। ਪਿੰਡ ਦੇ ਈਰਖਾਲੂ ਸੁਭਾਅ ਵਾਲੇ ਲੋਕਾਂ ਵਲੋਂ ਉਸ ਵਿਰੁਧ ਬਣਾਈਆਂ ਜਾਂਦੀਆਂ ਝੂਠੀਆਂ ਗਲਾਂ ਨੂੰ ਕਿਸੇ ਵਲੋਂ ਕਦੇ ਗੌਲਿਆ ਨਾ ਜਾਂਦਾ। ਹਰ ਸਾਲ ਪਿੰਡ ਵਿਚ ਛਾਂ ਵਾਲੇ ਤੇ ਫਲਦਾਰ ਰੁੱਖਾਂ ਦੀ ਗਿਣਤੀ ਵਧਦੀ ਗਈ। ਸਕੂਲ ਵਿਚ ਲਾਏ ਅੰਬਾਂ ਕਾਰਣ ਬੱਚੇ ਅਮਰਜੀਤ ਨੂੰ ਫੌਜਣ ਚਾਚੀ ਦੀ ਥਾਂ ਅੰਬੋ ਚਾਚੀ ਕਹਿਣ ਲਗ ਪਏ। ਕੁਝ ਸਾਲਾਂ ਬਾਦ ਸਕੂਲ ਵਾਲੇ ਅੰਬਾਂ ਨੂੰ ਭਰਵਾਂ ਫਲ ਪੈਣ ਲਗ ਪਿਆ। ਅੰਬ ਪੱਕਣ ਤਕ ਉਨ੍ਹਾਂ ਨੂੰ ਕੋਈ ਤੋੜਦਾ ਨਾ। ਇਹਨਾਂ ਸਾਲਾਂ ਵਿਚ ਅੰਬੋ ਨੇ ਘਰੇ ਪੜਕੇ ਦਸਵੀਂ ਤੇ ਫਿਰ ਬਾਰਵੀਂ ਜਮਾਤ ਪਾਸ ਕਰ ਲਈ ਸੀ। ਉਹ ਕਾਲਜ ਦੀ ਡਿਗਰੀ ਵਾਲੀਆਂ ਦੋ ਜਮਾਤਾਂ ਪਾਸ ਕਰ ਚੁੱਕੀ ਸੀ ਤੇ ਆਖਰੀ ਸਾਲ ਦੀ ਤਿਆਰੀ ਕਰ ਰਹੀ ਸੀ। ਪਿੰਡ ਦੇ ਸਰਕਾਰੀ ਸਕੂਲ ਵਿਚ ਦੇ ਤਿੰਨ ਵਿਚੋਂ ਦੋ ਮਾਸਟਰ ਅਗੜ ਪਿਛੜ ਰਿਟਾਇਰ
ਹੋ ਗਏ। ਸਰਕਾਰ ਨੇ ਉਨ੍ਹਾਂ ਦੀ ਥਾਂ ਕੋਈ ਨਵਾਂ ਮਾਸਟਰ ਨਾ ਭੇਜਿਆ। ਸਮੱਸਿਆ ਪੈਦਾ ਹੋ ਗਈ। ਪੰਜਾਂ ਜਮਾਤਾਂ ਦੇ ਸਵਾ ਸੌ ਬੱਚਿਆਂ ਨੂੰ ਇਕ ਮਾਸਟਰ ਸੰਭਾਲੇ ਕਿ ਪੜਾਵੇ? ਮਾਪਿਆਂ ਨੂੰ ਚਿੰਤਾ ਹੋਣੀ ਸੁਭਾਵਕ ਸੀ। ਇਸ ਲੋੜ ਉਤੇ ਚਰਚਾ ਕਰਨ ਲਈ ਪੰਚਾਇਤ ਦਾ ਅਜਲਾਸ ਸੱਦਿਆ ਗਿਆ। ਸਰਪੰਚ ਨੇ ਦਸਿਆ ਕਿ ਸਿਖਿਆ ਅਫਸਰ ਨੂੰ ਕਿਹਾ ਸੀ, ਪਰ ਉਸਨੇ ਕੋਈ ਪੱਲਾ ਨਹੀਂ ਫੜਾਇਆ। ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਸਰਕਾਰ ਵਲੋਂ ਨਵੇਂ ਮਾਸਟਰ ਭੇਜੇ ਜਾਣ ਤਕ ਪੰਚਾਇਤੀ ਖਰਚੇ ਤੇ ਆਰਜੀ ਮਾਸਟਰ ਰਖ ਲਿਆ ਜਾਏ। ਸਰਪੰਚ ਦੇ ਕੋਲ ਬੈਠੇ ਪੰਚਾਇਤ ਸੈਕਟਰੀ ਨੇ ਫੰਡਾਂ ਤੋਂ ਨਾਂਹ ਕਰਕੇ ਸਾਰਿਆਂ ਨੂੰ ਨਿਰਾਸ਼ ਕਰਤਾ। ਪੰਚ ਹੋਣ ਕਰਕੇ ਅਮਰਜੀਤ ਕੌਰ ਵੀ ਪੰਚਾਇਤ ਵਿਚ ਬੈਠੀ ਹੋਈ ਸੀ। ਉਸਨੇ ਖੜੀ ਹੋਕੇ ਬਿਨਾਂ ਤਨਖਾਹ ਪੜਾਉਣ ਦੀ ਪੇਸ਼ਕਸ਼ ਕਰਤੀ । ਸਾਰਿਆਂ ਦੇ ਹੱਥ ਖੜੇ ਹੋਏ ਤੇ ਤਾੜੀਆਂ ਦੀ ਗੁੰਜ ਦੂਰ ਤਕ ਸੁਣਾਈ ਦਿਤੀ। ਸੈਕਟਰੀ ਤੋਂ ਬਿਨਾਂ ਸਾਰਿਆਂ ਦੇ ਮਨ ਚੋਂ ਉਸ ਲਈ ਦੁਆਵਾਂ ਨਿਕਲੀਆਂ। ਬਾਦ ਵਿਚ ਸੈਕਟਰੀ ਦੇ ਫੰਡ ਦੀ ਨਾਂਹ ਵਾਲਾ ਭੇਦ ਖੁਲਿਆ ਕਿ ਉਸਨੇ ਕਿਸੇ ਹੋਰ ਨਾਲ ਹਿੱਸੇਦਾਰੀ ਕਰਕੇ ਫਿਟ ਕਰਾਉਣਾ ਸੀ।
ਅਗਲੇ ਦਿਨ ਉਹ ਅੰਬੋ ਚਾਚੀ ਤੋਂ ਅੰਬੋ ਭੈਣ ਜੀ ਬਣਕੇ ਸਕੂਲ ਵਿਚ ਬੱਚਿਆਂ ਨੂੰ ਪੜਾਉਣ ਲਗ ਪਈ। ਮੁੱਖ ਅਧਿਆਪਕ ਨੇ ਉਸਨੂੰ ਦੂਜੀ ਤੇ ਤੀਜੀ ਜਮਾਤ ਦਾ ਇੰਚਾਰਜ ਬਣਾ ਦਿਤਾ। ਛੇ ਕੁ ਮਹੀਨੇ ਹੋਏ ਸੀ ਅੰਬੋ ਭੈਣ ਜੀ ਨੂੰ ਪੜਾਉੰਦਿਆਂ ਕਿ ਸਲਾਨਾ ਇਮਤਿਹਾਨਾਂ ਵਾਲਾ ਮਹੀਨਾ ਆ ਗਿਆ। ਅੱਧੀ ਛੁੱਟੀ ਵੇਲੇ ਤੀਜੀ ਜਮਾਤ ਵਾਲੇ ਸਾਰੇ ਮੁੰਡੇ ਕੁੜੀਆਂ ਮੁੱਖ ਅਧਿਆਪਕ ਵਾਲੇ ਕਮਰੇ ਵਲ ਹੋ ਤੁਰੇ। ਅਖੇ ਜੀ ਸਾਨੂੰ ਪਾਸ ਨਾ ਕਰਿਓ, ਅਸੀਂ ਤੀਜੀ ਚ ਰਹਿਣਾ। ਮਾਸਟਰ ਹੈਰਾਨ, ਇਹ ਕੀ ਸਵਾਲ ਹੋਇਆ। ਲੋਕ ਤਾਂ ਪਾਸ ਕਰਨ ਲਈ ਹਾੜੇ ਕਢਦੇ ਨੇ। ਭੇਦ ਖੁਲਾ ਕਿ ਉਹ ਅੰਬੋ ਭੈਣ ਜੀ ਤੋਂ ਈ ਪੜਨਾ ਚਾਹੰਦੇ ਨੇ, ਚੌਥੀ ਨੂੰ ਉਸਨੇ ਪੜਾਉਣਾ ਨਹੀਂ ਸੀ। ਅਗਲੇ ਦਿਨ ਮਾਸਟਰ ਨੇ ਕਹਿਤਾ ਕਿ ਅਗਲੀ ਵਾਰ ਦੂਜੀ ਜਮਾਤ ਮੈਂ ਲੈ ਲਊਂ ਤੇ ਚੌਥੀ ਨੂੰ ਅਮਰਜੀਤ ਪੜਾਏਗੀ। ਤੀਜੀ ਵਾਲਿਆਂ ਦੇ ਮਾਪੇ ਮਾਸਟਰ ਲਈ ਤੋਹਫੇ ਚੁਕੀ ਆਉਣ, ਅਖੇ ਜੀ ਸਾਡੇ
ਬੱਚਿਆਂ ਦਾ ਸਾਲ ਬਚਾਤਾ। ਗਲ ਹਲਕੇ ਦੇ ਮੰਤਰੀ ਕੋਲ ਪਹੁੰਚੀ ਤਾਂ ਉਸਨੇ ਫੌਜੀ ਦੀ ਦੇਸ਼ ਲਈ ਸਹਾਦਤ ਦੇ ਵਾਲੇ ਮੁੱਖ ਮੰਤਰੀ ਵਲੋਂ ਦਿਤੇ ਪੱਤਰ ਦੇ ਹਵਾਲੇ ਨਾਲ ਅਮਰਜੀਤ ਕੌਰ ਦਾ ਨਾਂਅ ਪੱਕੇ ਅਧਿਆਪਕਾਂ ਵਾਲੀ ਸੂਚੀ ਵਿਚ ਪਵਾ ਦਿਤਾ। ਉਸਨੂੰ ਸਰਕਾਰੀ ਤਨਖਾਹ ਮਿਲਣ ਲਗੀ। ਕੁਝ ਮਹੀਨੇ ਬਾਦ ਮੰਤਰੀ ਕਿਸੇ ਸਮਾਗਮ ਕਾਰਣ ਪਿੰਡ ਆਇਆ। ਪਹਿਲਾਂ ਇੰਜ ਦੇ ਸਮਾਗਮ ਸਕੂਲਾਂ ਵਿਚ ਈ ਕਰਦੇ ਹੁੰਦੇ ਸੀ। ਪਿੰਡ ਦੇ ਲੋਕਾਂ ਮੰਤਰੀ ਨੂੰ ਅਮਰਜੀਤ ਭੈਣ ਜੀ ਬਾਰੇ ਦਸਿਆ ਕਿ ਉਸਨੇ ਸਕੂਲ ਨੂੰ ਕਿੰਨਾ ਚੰਗਾ ਬਣਾ ਦਿਤਾ ਹੈ। ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਸੇ ਕਹਾਣੀ ਵਿਚਲੀ ਭੂਆ ਦੀ ਗਲ ਕਰਦਿਆਂ ਕਿਹਾ ਕਿ ਉਸੇ ਵਰਗੀ ਇਕ ਹੋਰ ਭੂਆ ਇਸ ਪਿੰਡ ਵਿਚ ਵੀ ਹੈਗੀ ਏ ਤੇ ਨਾਲ ਹੀ ਉਸ ਅਮਰਜੀਤ ਭੈਣ ਜੀ ਵਲ ਇਸ਼ਾਰਾ ਕਰਤਾ। ਬੈਠਿਆਂ ਵਿਚੋਂ ਕੋਈ ਵੀ ਤਾੜੀ ਮਾਰਨੋ ਨਾ ਰਹਿ ਸਕਿਆ। ਉਸ ਦਿਨ ਤੋਂ ਉਹ ਭੈਣ ਜੀ ਤੋਂ ਅਮਰਜੀਤ ਭੂਆ ਜੀ ਬਣ ਗਈ।
ਫੌਜਣ ਚਾਚੀ ਨੇ ਅੰਬੋ ਚਾਚੀ, ਅੰਬੋ ਭੈਣ ਜੀ ਤੋਂ ਅਮਰਜੀਤ ਭੂਆ ਤਕ ਦਾ ਸਫਰ ਤੈਅ ਲਿਆ, ਪਰ ਰੁੱਖ ਲਵਾਉਣੇ ਉਸਦਾ ਸ਼ੌਕ ਬਣੇ ਰਹੇ। ਉਸਨੂੰ ਕਿੰਨੀ ਖੁਸ਼ੀ ਤੇ ਤਸੱਲੀ ਹੁੰਦੀ, ਜਦ ਉਸਦੇ ਸਕੂਲ ਵਿਚ ਉਸੇ ਵਲੋਂ ਲਾਏ ਅੰਬਾਂ ਦੇ ਰੁੱਖ ਹਰ ਸਾਲ ਫਲ ਨਾਲ ਲੱਦੇ ਹੋਏ ਜਮੀਨ ਵਲ ਝੁਕਦੇ। ਉਸਨੂੰ ਗੁਰਬਾਣੀ ਦੀ ਤੁਕ ਸਸਕਾਰ ਰੂਪ ਵਿਚ ਦਿਸਣ ਲਗਦੀ, !ਜਿਵ ਜਿਵ ਭਿਜੈ ਕੰਬਲੀ, ਤਿਵ ਤਿਵ ਭਾਰੀ ਹੋ ।” ਸਕੂਲ ਵਾਲੇ ਅੰਬਾਂ ਦੇ 14 ਰੁੱਖਾਂ ਦੇ ਫਲ ਦਾ ਹਰ ਸਾਲ ਠੇਕਾ ਦਿਤਾ ਜਾਂਦਾ। ਵਿਕਰੀ ਦੀ ਰਕਮ ਉਸੇ ਪੰਚਾਇਤ ਦੇ ਖਾਤੇ ਵਿਚ ਜਾਂਦੀ, ਜਿਸਦੇ ਸੈਕਟਰੀ ਕੋਲ ਕਦੇ ਇਕ ਆਰਜੀ ਅਧਿਆਪਕ ਨੂੰ ਤਨਖਾਹ ਦੇਣ ਲਈ ਫੰਡ ਨਹੀਂ ਸੀ। ਅਮਰਜੀਤ ਦੇ ਸੱਸ ਸਹੁਰੇ ਕੋਲ ਗੁਜਾਰੇ ਲਈ ਕਾਫੀ ਜਮੀਨ ਸੀ। ਉਨਾਂ ਦੇ ਕਹਿਣ ਤੇ ਅਮਰਜੀਤ ਆਪਣੀ ਤਨਖਾਹ ਦਾ ਬਹੁਤਾ ਹਿੱਸਾ ਸਕੂਲ ਦੇ ਲੋੜਵੰਦ ਬੱਚਿਆਂ ਤੇ ਖਰਚ ਕਰ ਦੇਂਦੀ। ਜੋ ਬੱਚੇ ਪੜਾਈ ਵਿਚ ਕਮਜੋਰ ਹੁੰਦੇ ਜਾਂ ਜੋ ਛੁੱਟੀਆਂ ਵਿਚ ਪੜਨਾ ਚਾਹੁੰਦੇ, ਉਨ੍ਹਾਂ ਲਈ ਅਮਰਜੀਤ ਟਿਊਸ਼ਨ ਵਾਂਗ ਆਪਣੇ ਘਰ ਵਿਚ ਕਲਾਸ ਲਾ ਲੈਂਦੀ। ਚੜੇ ਮਹੀਨੇ ਉਹ ਗਿਣਤੀ ਮਿਣਤੀ ਸ਼ੁਰੂ
ਕਰ ਦੇਂਦੀ ਕਿ ਅਗਲੀ ਤਨਖਾਹ ਵਿਚੋਂ ਕਿਸ ਮੁੰਡੇ ਜਾਂ ਕੁੜੀ ਨੂੰ ਕੀ ਕੀ ਲੈਕੇ ਦੇਣਾ। ਲੋੜਵੰਦਾਂ ਤੇ ਖਰਚਾ ਕਰਕੇ ਉਸਦਾ ਮਨ ਤਸੱਲੀ ਤੇ ਖੁਸ਼ੀ ਨਾਲ ਭਰ ਜਾਂਦਾ। ਉਸਨੂੰ ਮਨੋਂ ਵਿਸਰ ਈ ਗਿਆ ਸੀ ਕਿ ਉਸਦਾ ਕੋਈ ਬੱਚਾ ਨਹੀਂ। ਸਾਰੇ ਬੱਚੇ ਉਸਨੂੰ ਆਪਣੇ ਲਗਦੇ। ਉਸਦੇ ਪੇਕੇ ਪਿੰਡ ਦੇ ਬੱਚੇ ਮਾਪਿਆਂ ਨਾਲ ਜਿਦ ਕਰਕੇ ਉਸਦੇ ਸਕੂਲ ਦਾਖਲ ਹੋਣ ਲਗ ਪਏ। ਪਿੰਡ ਦੀ ਧੀ ਹੋਣ ਕਰਕੇ ਉਹਨਾਂ ਦੇ ਮੂੰਹੋਂ ਭੂਆ ਸੁਣਨਾ ਅਮਰਜੀਤ ਨੂੰ ਹੋਰ ਵੀ ਚੰਗਾ ਲਗਦਾ।
ਉਹ ਆਪਣੀਆਂ ਘਰੇਲੂ ਜਿੰਮੇਵਾਰੀਆਂ ਵੀ ਖੂਬ ਨਿਭਾਉੰਦੀ। ਸੱਸ ਸਹੁਰੇ ਨੂੰ ਮਾਂ ਬਾਪ ਵਾਲਾ ਸਤਿਕਾਰ ਤਾਂ ਉਹ ਉਸ ਘਰ ਆਉਂਦਿਆਂ ਈ ਦੇਣ ਲਗ ਪਈ ਸੀ, ਪਰ ਜਿੰਵੇ ਜਿੰਵੇ ਉਹ ਬਜੁਰਗ ਹੁੰਦੇ ਗਏ, ਅਮਰਜੀਤ ਉਨ੍ਹਾਂ ਦੀ ਹਰ ਲੋੜ ਦਾ ਧਿਆਨ ਰਖਦੀ। ਉਨ੍ਹਾਂ ਦੀ ਕਿਸੇ ਜਿੱਦ ਮੂਹਰੇ ਉਹ ਜਰਾ ਦੀ ਮੱਥੇ ਵੱਟ ਨਾ ਪਾਉਂਦੀ। ਕਈ ਵਾਰ ਬਜੁਰਗ ਹੈਰਾਨ ਵੀ ਹੁੰਦੇ ਕਿ ਉਨ੍ਹਾਂ ਦੀ ਲੋੜ ਦਾ ਪਤਾ ਅਮਰਜੀਤ ਨੂੰ ਬਿਨਾਂ ਕਹੇ ਕਿੰਜ ਲਗ ਜਾਂਦਾ। ਛੁੱਟੀਆਂ ਹੁੰਦੀਆਂ ਉਹ ਦੋਹਾਂ ਨੂੰ ਕਿਸੇ ਧਾਰਮਿਕ ਸਥਾਨ ਦਾ ਗੇੜਾ ਕਢਵਾ ਲਿਆਉਂਦੀ। ਅਮਰਜੀਤ ਦੇ ਸੁਭਾਅ ਅਤੇ ਲਗਨ ਦੀਆਂ ਗਲਾਂ ਦੂਰ ਦੂਰ ਤਕ ਹੋਣ ਲਗੀਆਂ। ਸਟੇਜਾਂ ਤੋਂ ਬੋਲਦਿਆਂ ਔਖੇ ਹਲਾਤਾਂ ਨਾਲ ਸਿਝਣ ਦੀ ਸਮਝ ਵਾਲੀ ਮਿਸਾਲ ਦੇਣ ਲਗਿਆਂ ਉਸਦਾ ਨਾਂਅ ਲਿਆ ਜਾਂਦਾ। ਉਸਨੇ ਦੇਸ਼ ਦੇ ਰਾਸ਼ਟਰਪਤੀ ਤੋਂ ਸਨਮਾਨ ਪੱਤਰ ਪ੍ਰਾਪਤ ਕੀਤਾ। ਸਰਕਾਰ ਵਲੋਂ ਤਰੱਕੀ ਦੀ ਪੇਸ਼ਕਸ਼ ਉਸਨੇ ਇਸ ਕਰਕੇ ਠੁਕਰਾ ਦਿਤੀ ਤਾਂ ਕਿ ਬੱਚਿਆਂ ਨਾਲੋਂ ਉਸਦਾ ਨਾਤਾ ਨਾ ਟੁੱਟ ਜਾਏ। ਸਤਾਈ ਸਾਲ ਪਿੰਡ ਵਾਲੇ ਸਕੂਲ ਵਿਚ ਪੜਾਉਂਦਿਆਂ,ਅਣਗਿਣਤ ਬੱਚਿਆਂ ਦੇ ਮਨਾਂ ਉਤੇ ਆਪਣੀ ਹੋਂਦ ਵਾਲਾ ਠੱਪਾ ਲਾਕੇ ਉਹ ਸਕੂਲ ਚੋਂ ਰਿਟਾਇਰ ਹੋ ਗਈ। ਪਰ ਉਹ ਲੋਕਾਂ ਨੂੰ ਨਿਰਾਸ਼ਾ ਚੋਂ ਕਢਕੇ ਉਨ੍ਹਾਂ ਦੇ ਮਨਾਂ ਵਿਚ ਉਮੀਦਾਂ ਵਾਲੇ ਚਿਰਾਗ ਬਾਲਕੇ ਸਫਲਤਾ ਵਾਲੇ ਰਸਤੇ ਤੋਰਨ ਦਾ ਆਪਣੇ ਆਪ ਨਾਲ ਕੀਤਾ ਅਹਿਦ ਅੱਜ ਤਕ ਨਿਭਾ ਰਹੀ ਹੈ। ॥
ਸੰਪਰਕ +16044427676

...
...



Related Posts

Leave a Reply

Your email address will not be published. Required fields are marked *

One Comment on “ਉਮੀਦਾਂ ਵਾਲੇ ਚਿਰਾਗ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)