ਘਰ ਦੇ ਮਗਰ ਇੱਕ ਸ਼ੈਡ..ਕਈ ਵੇਰ ਸੋਚਿਆ ਢਾ ਦੇਵਾਂ ਪਰ ਨਿਆਣੇ ਮਨਾ ਕਰ ਦਿੰਦੇ ਅਖ਼ੇ ਇਥੇ ਚਿੜੀਆਂ ਰਹਿੰਦੀਆਂ..!
ਇਸ ਵੇਰ ਖੁਦ ਵੇਖਿਆ..ਮਨਫ਼ੀ ਪੈਂਤੀ ਡਿਗਰੀ ਵਿੱਚ ਵੀ ਚੜ੍ਹਦੀ ਕਲਾ ਵਿਚ ਵਿਚਰਦੀਆਂ ਮੋਟੀ ਚਮੜੀ ਅਤੇ ਸੰਘਣੇ ਖ਼ੰਬਾਂ ਵਾਲੀਆਂ ਚਿੜੀਆਂ..ਤਿੱਤਰ ਮਿੱਤਰ ਖ਼ੰਬਾਂ ਵਾਲੇ ਚਿੜੇ ਵੀ..ਇਸੇ ਸ਼ੈਡ ਵਿੱਚ ਇੱਕ ਬਿੱਲੀ ਵੀ ਰਹਿੰਦੀ..ਪਰ ਚਿੜੀਆਂ ਨੂੰ ਕੁਝ ਨੀ ਆਖਦੀ..!
ਇਸ ਵੇਰ ਕੁਝ ਬੋਟ ਵੀ ਧੁੱਪ ਸੇਕਦੇ ਵੇਖੇ..ਮਾਪਿਆਂ ਨੂੰ ਵੇਖ ਖੰਬ ਹਿਲਾ ਹਿਲਾ ਕੁਝ ਖਾਣ ਨੂੰ ਮੰਗਦੇ ਬੋਟ..!
ਇੱਕ ਨਿੱਕੇ ਬੇਰਾਂ ਦਾ ਰੁੱਖ ਵੀ ਕੋਲ ਹੀ..ਪਿਛਲੇ ਸਾਲ ਸੋਚਿਆ ਵੱਢ ਦਿਆਂ..ਇਸ ਦੀਆਂ ਜੜਾਂ ਨੀਹਾਂ ਖਰਾਬ ਕਰ ਦਿੰਦੀਆਂ..ਪਰ ਕੀ ਵੇਖਿਆ ਓਹੀ ਚਿੜੀਆਂ ਸਿਆਲ ਵਿਚ ਇਸ ਰੁੱਖ ਦੇ ਸੁੱਕੇ ਹੋਏ ਬੇਰ ਖਾ ਰਹੀਆਂ ਸਨ..!
ਦੋ ਖਰਗੋਸ਼ ਵੀ ਰਹਿੰਦੇ..ਇੱਕ ਵੇਰ ਕਾਰ ਹੇਠ ਆ ਕੇ ਕਿੰਨੀ ਦੇਰ ਨਿਢਾਲ ਪਿਆ ਰਿਹਾ..ਮੈਂ ਸੋਚਿਆ ਮਰ ਗਿਆ ਪਰ ਫੇਰ ਉੱਠ ਪਿਆ ਤੇ ਦੌੜ ਗਿਆ..!
ਕੱਲ ਦੋ ਪੁਰਾਣੀਆਂ ਗਾਜਰਾਂ ਬਾਹਰ ਸੁੱਟ ਦਿੱਤੀਆਂ..ਅੱਜ ਹਨੇਰੇ ਵਿਚ ਵੇਖਿਆ ਓਹੀ ਬਚ ਗਿਆ ਮਿੱਤਰ ਪਿਆਰਾ ਗਾਜਰ ਖਾ ਰਿਹਾ ਸੀ..ਕੋਲ ਗਿਆ ਤਾਂ ਦੌੜ ਗਿਆ..ਮਨ ਵਿਚ ਚੰਗਾ ਮੰਦਾ ਵੀ...
ਜਰੂਰ ਬੋਲਿਆ ਹੋਣਾ..!
ਆਪੋ ਆਪਣੇ ਇਲਾਕੇ ਵੰਡੇ ਹੁੰਦੇ..ਫੇਰ ਰਾਤੀ ਬਰਫ ਵਿਚ ਬਣਾਏ ਘੁਰਨੇ ਵਿੱਚ ਵੜ ਜਾਂਦੇ..ਪਤਾ ਨੀ ਕਿਹੜੀ ਤਾਕਤ ਏ ਏਨੀ ਠੰਡ ਵਿੱਚ ਵੀ ਜਿਉਂਦਾ ਰੱਖਦੀ..ਦੂਰ ਜੰਗਲਾਂ ਵਿੱਚ ਜਾਈਏ ਤਾਂ ਹਿਰਨ..ਲੂੰਬੜ..ਅਤੇ ਹੋਰ ਵੀ ਕਿੰਨਾ ਕੁਝ ਦਿਸ ਪੈਂਦਾ..!
ਪਰ ਨਾ ਕੁਝ ਇਕੱਠਾ ਕਰਦੇ ਨੇ ਤੇ ਨਾ ਹੀ ਕੱਲ ਜੋਗਾ ਕੁਝ ਬਚਾ ਕੇ ਹੀ ਰੱਖਦੇ..ਪੂਰਾ ਭਰੋਸਾ ਹੁੰਦਾ ਕੇ ਜਿਸ ਨੇ ਅੱਜ ਦਾ ਜੁਗਾੜ ਕੀਤਾ ਕੱਲ ਦਾ ਵੀ ਜਰੂਰ ਕਰੂ..ਦੂਜੇ ਪਾਸੇ ਅਸੀਂ ਧਾਰਮਿਕ ਬੇਇਤਬਾਰੇ..ਨਿੱਕੀ ਨਿੱਕੀ ਗੱਲ ਤੋਂ ਆਪੋ ਵਿੱਚ ਲੜਦੇ..ਈਰਖਾ ਕਰਦੇ..ਮੇਰਾ ਤੇਰਾ ਕਰਦੇ..ਫੇਰ ਇਹਨਾਂ ਚੱਕਰਾਂ ਵਿੱਚ ਪੈ ਕੇ ਉਮਰੋਂ ਪਹਿਲਾਂ ਹੀ ਮਰ ਜਾਂਦੇ ਤੇ ਫੇਰ ਮਗਰ ਛੱਡ ਜਾਂਦੇ ਓਹੀ ਸਭ ਕੁਝ ਜਿਸਦੇ ਪਿੱਛੇ ਲੜ ਲੜ ਸਾਰੀ ਉਮਰ ਲੰਘਾਈ ਹੁੰਦੀ..ਤਾਂ ਕੇ ਅਗਲੀ ਪੀੜੀ ਵੀ ਲੜ ਸਕੇ..!
ਫੇਰ ਆਪ ਹੀ ਦੱਸੋ..ਸਿਆਣਾ ਕੌਣ ਅਸੀ ਕੇ ਜਾਨਵਰ..!
ਹਰਪ੍ਰੀਤ ਸਿੰਘ ਜਵੰਦਾ