ਤਿੰਨ ਦਿਨਾਂ ਤੋਂ ਲੱਗੀ ਝੜੀ ਅੱਜ ਆਥਣੇ ਪਿਛਲੇ ਪਹਿਰ ਕੁਝ ਰੁਕੀ ਸੀ ,,,,
ਲਹਿੰਦੇ ਪਾਸਿਓਂ ਸੂਰਜ ਥੋੜਾ ਚਮਕਿਆ ,, ਚੜ੍ਹਦੇ ਵਾਲੇ ਪਾਸੇ ਬਣੀ ਬੁੱਢੀ ਮਾਈ ਦੀ ਸੱਤ ਰੰਗੀ ਪੀਂਘ ਜਿਵੇਂ ਗਾਮੂ ਦਾ ਮੂੰਹ ਚਿੜਾ ਰਹੀ ਸੀ ,,, ਗਾਮੂ ਦੀ ਹਾਲਤ ਤੇ ਹੱਸ ਰਹੀ ਸੀ , ਇੱਕ ਘੇਰਾ ਘੱਤਿਆ ਸੀ ,,, ਮੰਨੋ ਸਾਰੀ ਧਰਤੀ ਨਾਪ ਰਹੀ ਸੀ ,,,,
ਗਾਮੂ ਦਾ ਤਿੰਨ ਕੁ ਮਰਲਿਆਂ ਵਿੱਚ ਇੱਕ ਕੱਚਾ ਕੋਠਾ , ਤਿੰਨ ਸ਼ਤੀਰਾਂ ਤੇ ਚਾਰ ਖਣਾਂ ਦੀ ਸਰਕਾਨੇ ਦੀ ਛੱਤ , ਕੋਈ ਚਾਲੀ ਸਾਲ ਪੁਰਾਣਾ ,,, ਜਿਹੜਾ ਉਹਦੇ ਪਿਉ ਨੇ ਸਰਦਾਰਾਂ ਦੇ ਗੱਡੇ ਨਾਲ ਦਬੜੀਖਾਨੇ ਮੋਰਾਂ ਆਲੀ ਢਾਬ ਤੋਂ ਮਿੱਟੀ ਢੋਅ ਕੇ ,,, ਹੱਥੀਂ ਇੱਟਾਂ ਥੱਪ ਕੇ ਬੜੀ ਮੁਸ਼ੱਕਤ ਨਾਲ ਛੱਤਿਆ ਸੀ ,,, ਪਿਉ ਦੇ ਮਰਨ ਤੋਂ ਬਾਅਦ ਗਾਮੂ ਤੋਂ ਬੱਸ ਕੋਠੇ ਦੇ ਨਾਲ ਲਗਦਾ ਇੱਕ ਰਸੋਈ ਨੁਮਾ ਬਰਾਂਡਾ ਹੀ ਬਣਿਆ ,, ਉਹ ਵੀ ਸਰਦਾਰਾਂ ਦੇ ਰੋਹੀ ਵਾਲੇ ਖੇਤੋਂ ਕਿੱਕਰ ਪੱਟੀ ਸੀ ,,, ਜੀਹਦਾ ਇੱਕ ਟਾਹਣਾ ਗਾਮੂ ਮੰਗ ਲਿਆਇਆ ਸੀ ਤੇ ਉੱਤੇ ਡਰੇਨ ਤੋਂ ਵੱਢ ਕੇ ਸਰ ਕਾਹੀਂ ਪਾ ਦਿੱਤੀ ਸੀ ,,,, ਸਮੇਂ ਦੇ ਨਾਲ ਗਲੀਆਂ ਵਿੱਚ ਭਰਤ ਪੈਣ ਕਰਕੇ ਵਿਹੜਾ ਉੱਚਾ ਕਰਨਾ ਪਿਆ ਤੇ ਕੋਠੇ ਦਾ ਤਲਾ ਵੇਹੜੇ ਨਾਲੋਂ ਤਿੰਨ ਫੁੱਟ ਡੂੰਘਾ ਹੋ ਗਿਆ ਸੀ ,,, ਕਈ ਵਾਰ ਜਿਆਦਾ ਮੀਂਹ ਨਾਲ ਪਾਣੀ ਅੰਦਰ ਵੀ ਵੜ ਜਾਂਦਾ,,,, ਜੀਹਨੂੰ ਕੱਢਣ ਲਈ ਗਾਮੂ ਨੇ ਅੰਦਰਵਾਰ ਪੱਕਾ ਈ ਟੋਆ ਬਣਾਇਆ ਹੋਇਆ ਸੀ ,,, ਜਿਸ ਵਿੱਚ ਗਾਮੂ ਨੂੰ ਅੰਦਰੋਂ ਪਾਣੀ ਕੱਢਣਾ ਸੌਖਾ ਰਹਿੰਦਾ ,,,,,
ਬੱਸ ਐਨਕੀਂ ਸਰਦਾਰ ਨੂੰ ਕਹਿ ਕੇ ਆਹ ਕੱਚੇ ਆਲਾ ਕੋਹੜ ਵੀ ਕੱਢ ਦੇਣਾ ,,,,, ਗਾਮੂ ਨੇ ਗਾਰੇ ਪਾਣੀ ਨਾਲ ਲਿੱਬੜਿਆ ਝੱਗੇ ਦਾ ਅਗਲਾ ਪਾਸਾ ਨਚੋੜਦਿਆਂ ਘਰਾਆਲੀ ਪਾਰੋ ਦਾ ਮੂੜ ਬਦਲਣ ਲਈ ਇੱਕ ਝੂਠਾ ਜਿਹਾ ਦਿਲਾਸਾ ਦਿੱਤਾ ਜਾਂ ਫਿਰ ਆਪਣੇ ਅੰਦਰ ਦੱਬੀ ਚਿਰਾਂ ਦੀ ਰੀਝ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ ।
ਨਾ ਤੂੰ ਸਰਦਾਰ ਨੂੰ ਕਹਿ ਕੇ ਇੱਟਾਂ ਮੰਗਾ ਲੈ ,,,, ਭਰਾ ਮੇਰਾ ਪੂਰਾ ਮਿਸਤਰੀ ਤਾਂ ਹੈਗਾ ,,,, ਤੇ ਚਾਰ ਮੁੰਡੇ ਹੋਰ ਵੀ ਲੈ ਆਊ ,,, ਹੈਂਅ ਪਾਰੋ ਜਿਵੇਂ ਹੁਣੇ ਨਿਉਂ ਪੱਟਣ ਨੂੰ ਕਾਹਲੀ ਸੀ ,,, ਉਹਨੂੰ ਸਾਹਮਣੇ ਗਵਾਂਢੀਆਂ ਨਾਲੋਂ ਆਪਣਾ ਘਰ ਉੱਚਾ ਹੁੰਦਾ ਦਿਖਾਈ ਦਿੱਤਾ ।
ਗਾਮੂ ਜਿਉਂ ਦਾ ਜੰਮਿਆ ,,, ਆਪਣੇ ਪਿਉ ਨਾਲ ਸਰਦਾਰਾਂ ਦੀ ਹਵੇਲੀ ਹੀ ਪਲਿਆ ,,,, ਪਿਉ ਵਾਂਗੂੰ ਪੱਧਰ ਗਾਮੂ ਨੇ ਸਰਦਾਰ ਤੋਂ ਲੋੜ ਤੋਂ ਵੱਧ ਕਦੇ ਪੈਸੇ ਨਹੀਂ ਮੰਗੇ ਸੀ ,,, ਬੱਸ ਜੋ ਦਾਣਾ ਫੱਕਾ ਲੋੜ ਜੋਗਰਾ ਮਿਲ ਜਾਂਦਾ ,,,, ਨਾ ਕੋਈ ਹਿਸਾਬ ਨਾ ਕਿਤਾਬ ਕਦੇ ਉਹਨੇ ਕੀਤਾ ਸੀ ਤੇ ਨਾ ਸਰਦਾਰ ਨੇ ਕਦੇ ਲੋੜ ਸਮਝੀ ,,, ਜਿਵੇਂ ਬੱਸ ਗਾਮੂ ਸਰਦਾਰ ਦਾ ਕਾਲਾ ਬਲਦ ਸੀ ,,, ਜਾਂ ਫਿਰ ਗੁਲਾਮ ਸੀ ,,,, ਕੋਈ ਅਗਲੇ ਪਿਛਲੇ ਜਨਮ ਦਾ ਦੇਣਾ ਸੀ ,,,,,
ਸਾਲਾਂ ਦੇ ਸਾਲ ਲੰਘਦੇ ਗਏ ,,, ਕ ਈ ਵਾਰ ਗਾਮੂ ਨੇ ਸਰਦਾਰ ਕੋਲ ਘਰ ਪਾਉਣ ਦਾ ਘਿਣਾ ਪਾਇਆ ਪਰ ਸਰਦਾਰ ਅਗਲੇ ਸਾਲ ਦਾ ਕਹਿ ਟਾਲ ਦਿੰਦਾ ,,,,ਕਦੇ ਸਰਦਾਰ ਦਾ ਹੱਥ ਤੰਗ ਹੁੰਦਾ ,,, ਕਦੇ ਸਰਦਾਰ ਨੇ ਜਮੀਨ ਦਾ ਸੌਦਾ ਕਰ ਲਿਆ ਹੁੰਦਾ ,,,,,
ਗਾਮੂ ਸਬਰ ਕਰਦਾ ਪਰ ਉਸਨੂੰ ਆਸ ਜਰੂਰ ਸੀ ਕਿ ਸਰਦਾਰ ਇੱਕ ਦਿਨ ਉਹਦਾ ਪੱਕਾ ਘਰ ਜਰੂਰ ਪਵਾ ਕੇ ਦੇਵੇਗਾ ,,,
ਬੋਲਦਾ ਨੀ ,,,, ਨਾ ਹੁਣ ਤਾਂ ਸੁੱਖ ਨਾਲ ਆਪਣਾ ਮੇਲੂ ਵੀ ਸਰਦਾਰ ਦਾ ਟਰੈਗਟ ਵਾਹੁੰਦਾ ਐ ਸਾਰਾ ਦਿਨ ,,, ਤੂੰ ਸਰਦਾਰ ਨੂੰ ਕਹਿ ,,,, ਆਹ ਆਪਣੇ ਗਮਾਂਢੀ ਥਾਂ ਵੇਚਦੇ ਆ ,,,,, ਮੈਂ ਗੱਲ ਕਰੀ ਸੀ ਵੀ ਅਸੀਂ ਲੈ ਲਮਾਂਗੇ ਥਾਂ ,,,,, ਪੈਸੇ ਵੀ ਦੋ ਆਰਾਂ ਚ ਲੈ ਲੈਣਗੇ ,,, ਚਲ ਖਸਮਾਂ ਨੂੰ ਖਾਵੇ ,,,, ਥਾਂ ਤਾਂ ਭੋਰਾ ਖੁੱਲ੍ਹ ਜਾਊ ,,, ਪਾਰੋ ਨੇ ਗਾਮੂ ਕੋਲ ਸਕੀਮ ਰੱਖੀ ,,,,,
ਆਹੋ ਮੈਂ ਕਰਦਾਂ ਗੱਲ ਤੜਕੇ ,,, ਨਾਲੇ ਹੁਣ ਫਸਲ ਆਈ ਵੀ ਆ ,,, ਊਂਅ ਮੈਨੂੰ ਪਤਾ ਐ ,,,, ਸਰਦਾਰ ਮੇਰਾ ਕਿਹਾ ਨੀ ਮੋੜਦਾ ,,, ਨਾਲੇ ਹੁਣ ਲਗਦੇ ਹੱਥ ਦੋ ਕਮਰੇ ਪੱਕੇ ਛੱਤ ਹੀ ਲਵਾਂਗੇ ,,, ਤੂੰ ਸਕੀਮ ਲਾ ਬੀ ਕਮਰਿਆਂ ਦਾ ਮੂੰਹ ਕਿੱਧਰ ਰੱਖਣਾ ਆ ,,,, ਆਹ ਦੱਖਣ ਆਲੇ ਪਾਸੇ ਕਹਿੰਦੇ ਮਾੜਾ ਹੁੰਦਾ ,,,, ਆਪਾਂ ਚੜ੍ਹਦੇ ਨੂੰ ਈ ਰੱਖ ਲੈਨੇ ਆਂ ? ਗਾਮੂ ਨੇ ਬਕਲਕੱਤੀ ਜੀ ਚਾਹ ਦਾ ਸੜ੍ਹਾਕਾ ਮਾਰਦਿਆਂ ਨਾਲ ਈ ਮੁੱਛਾਂ ਜੀਆਂ ਪੂਝਦਾ ਪਾਰੋ ਦੇ ਮੂੰਹ ਵੱਲ ਝਾਕਿਆ ।
ਲੈ ਐਧਰੋਂ ਚੜ੍ਹਦੀ ਧੁੱਪ ਆਊ ,,,,, ਸਾਰਾ ਦਿਨ ਧੁੱਪੇ ਮੱਚਣਾ ਸੁੱਖਿਐ ? ਆਪਾਂ ਪਹਾੜ ਵੱਲ ਰੱਖਾਂਗੇ ,,,,, ਨਾਲੇ ਸੋਹਣਾ ਲੱਗੂ ,,,,ਨਾਲੇ ਗਲੀ ਵੱਲੋਂ ਪੜਦਾ ਹੋਜੂ ।
ਚੱਲ ਫੇਰ ਕੱਲ ਨੂੰ ਲੈ ਕੇ ਵਾਖਰੂ ਦਾ ਨਾਂ ,,, ਕਰਦੇਂ ਗੱਲ ਸਰਦਾਰ ਨਾਲ ,,,,,,
ਸਰਦਾਰ ਦੇ ਸਾਹਮਣੇ ਜਾ ਗਾਮੂ ਦਾ ਹੀਆ ਈ ਨਾ ਪੈਂਦਾ ਪੁੱਛਣ ਦਾ ,,,,, ਜੇ ਕਦੇ ਗੱਲ ਤੋਰਦਾ ਵੀ ਤਾਂ ਆਪ ਈ ਅਗਲੇ ਸਾਲ ਤੇ...
ਲੈ ਜਾਂਦਾ ।
ਸਰਦਾਰਾ ਫੇਰ ਲਾਈਏ ਸਕੀਮ ਸਮੇਂ ਨੂੰ ਘਰ ਦੀ ,,,, ਹੁਣ ਤਾਂ ਸੁੱਖ ਨਾਲ ਮੇਲੂ ਵਿਆਹਉਣ ਆਲਾ ਹੋ ਗਿਆ ਸਰਦਾਰ ਜੀ ,,, ਦੋ ਖੋਲੇ ਛੱਤ ਲਈਏ ,,,,, ਨਾਲੇ ਪੱਕੇ ਦਾ ਸੁਖ ਈ ਸੁਖ ਆ ,,, ਨਾ ਲਿੱਪਣਾ ਨਾ ਪੋਚਣਾ ,,,,
ਓ ਗਾਮੂਆ ਕੱਚਾ ਸਗੋਂ ਠੰਡਾ ਰਹਿੰਦਾ ,,,, ਆਹ ਆਪਣੀ ਹਵੇਲੀ ਦੀ ਪਿਛਲੀ ਸਬਾਤ ਚ ਵੇਖ ਜਾ ਕੇ ,,,, ਆਏਂ ਬਰਫ ਆਂਗੂੰ ਠੰਡੀ ਰਹਿੰਦੀ ਐ ਗਰਮੀਆਂ ‘ਚ ਤੇ ਸਿਆਲਾਂ ਚ ਗਰਮ ,,,,, ਮੈਂ ਤਾਂ ਕਮਲ ਮਾਰ ਗਿਆ ਸੀ ,,,, ਲੱਗਿਆ ਸੀ ਢਾਹੁਣ ਪਰ ਬੇਬੇ ਨੇ ਢਾਹੁਣ ਨੀ ਦਿੱਤੀ ,,,,,, ਕਹਿੰਦੀ ਪੁਰਖਿਆਂ ਦੀ ਨਿਸ਼ਾਨੀ ਆ ,,,, ਊਂਅ ਚੰਗਾ ਈ ਕੀਤਾ ,,, ਹੁਣ ਸੁਖ ਬੜਾ ਐ ,,,,,,,,
,,,,,, ਤੇ ਗਾਮੂ ਵਿਚਾਰਾ ਸਰਦਾਰ ਦਾ ਮੂੰਹ ਵੇਖਦਾ ਰਹਿ ਜਾਂਦਾ । ਹਾਂ ਇਹ ਤਾਂ ਹੈ ਸਰਦਾਰ ਜੀ ,,,, ਕੱਚਾ , ਕੱਚਾ ਈ ਹੁੰਦਾ ,,, ਗਾਮੂ ਸਰਦਾਰ ਦੀ ਹਾਂ ਚ ਹਾਂ ਰਲਾਉਂਦਾ ਪੱਠਿਆਂ ਵਾਲੀ ਪੱਲੀ ਚੱਲ ਪਸ਼ੂਆਂ ਵੱਲ ਨੂੰ ਹੋ ਤੁਰਦਾ ,,,,,,,
ਗਾਮੂ ਦਾ ਸੁਪਨਾ, ਸੁਪਨਾ ਹੀ ਰਿਹਾ ,,,,, ਨਾ ਸਰਦਾਰ ਨੇ ਕੌਡੀ ਦਿੱਤੀ ਤੇ ਨਾ ਗਾਮੂ ਦਾ ਪੱਕਾ ਪਿਆ ,,,,,, ਸਾਲਾਂ ਦੇ ਸਾਲ ਬੀਤਦੇ ਗ ਏ ,,,, ਗਾਮੂ ਬੁੜਾ ਹੋ ਗਿਆ ,,,, ਜਿੰਨਾਂ ਵੀ ਉਹਤੋਂ ਕੰਮ ਹੁੰਦਾ ਹਵੇਲੀ ਜਾ ਕੇ ਕਰਦਾ ਰਹਿੰਦਾ ,,,,, ਜਿਆਦਾਤਰ ਪੈ ਵੀ ਓਥੇ ਹੀ ਜਾਂਦਾ ,,, ਕਿਉਂਕਿ ਘਰੇ ਮੁੰਡੇ ਮੇਲੂ ਦਾ ਵਿਆਹ ਹੋ ਗਿਆ ਸੀ ,,,, ਨੂੰਹ ਆ ਗ ਈ ਸੀ ,,,, ਇੱਕੋ ਕਮਰਾ ਹੋਣ ਕਰਕੇ ਪੈਣ ਦਾ ਔਖਾ ਸੀ ,,,,, ਪਾਰੋ ਵੀ ਪੱਕੇ ਘਰ ਦੇ ਖੁਆਬ ਦੇਖਦੀ ਦੇਖਦੀ ਕਦੋਂ ਦੀ ਪੱਕੇ ਪੈ ਗਈ ਸੀ ,,,,,
ਤੇ ਫੇਰ ਇੱਕ ਦਿਨ ਆਇਆ ਗਾਮੂ ਸਰਦਾਰ ਦੀ ਘੋੜੀ ਤੇ ਖਰਖਰਾ ਮਾਰਦਾ ਮਾਰਦਾ ,,,,, ਅਚਾਣਕ ਥੱਲੇ ਡਿੱਗ ਪਿਆ ,,,, ਘੋੜੀ ਪਿਛਾਂਹ ਹਟ ਕੇ ਜੋਰ ਦੀ ਹਿਣਕੀ ,,,,, ਅਗਲੇ ਪੌੜ ਉਤਾਂਹ ਚੱਕ ਕੇ ਕ ਈ ਵਾਰ ਥੱਲੇ ਮਾਰੇ ,,,,, ਖੁਰ ਨਾਲ ਮਿੱਟੀ ਪੱਟੀ ,,,,,,
ਘੋੜੀ ਦੀ ਅਵਾਜ਼ ਸਮਝ ਸਰਦਾਰ ਅੰਦਰੋਂ ਬਾਹਰ ਨਿੱਕਲਿਆ ,,,, ਸਰਦਾਰ ਨੇ ਫੱਗਣ ਦੀ ਧੁੱਪ ਚ ਖੁੱਲ੍ਹੇ ਵਾਲ ਸੁਕਾ ਰਿਹਾ ਸੀ ,,,, ਸ਼ਾਇਦ ਕੇਸੀ ਨਹਾਤਾ ਸੀ ,,,,, ।
ਗਾਮੂ ਦੀ ਨਬਜ਼ ਖੜ੍ਹ ਗ ਈ ਸੀ ,,,, ਅੱਖਾਂ ਤਾੜੇ ਲੱਗੀਆਂ ਸਨ ,,,,, ਭੌਰ ਉਡਾਰੀ ਮਾਰ ਗਿਆ ਸੀ ,,,,,
ਸਰਦਾਰ ਨੇ ਦੂਜੇ ਕਾਮਿਆਂ ਨੂੰ ਅਵਾਜ਼ ਮਾਰੀ ,,,,, ਜੋ ਭੱਜੇ ਭੱਜੇ ਆਏ ,,,,,, ਗਾਮੂ ਨੂੰ ਚੱਕ ਕੇ ਮੰਜੇ ਤੇ ਪਾਇਆ ,,,,, ਵੇਹੜੇ ਚ ਖਬਰ ਘੱਲੀ ,,,,, ਸ਼ਰੀਕੇ ਕਬੀਲੇ ਵਾਲੇ ਆਏ ਜੋ ਮੰਜੀ ਸਮੇਤ ਚੱਕ ਕੇ ਗਾਮੂ ਨੂੰ ਓਹਦੇ ਘਰ ਲੈ ਗਏ ,,,,, ਮੁੰਡਾ ਮੇਲੂ ਖੇਤ ਟਰੈਕਟਰ ਤੇ ਪੱਠੇ ਲੈਣ ਗਿਆ ਸੀ ,,,, ਉਹਨੂੰ ਵੀ ਸੁਨੇਹਾ ਘੱਲ ਪਿੰਡ ਬੁਲਾ ਲਿਆ ,,,,,, ਸ਼ਸ਼ਕਾਰ ਦੀ ਤਿਆਰੀ ਹੋਣ ਲੱਗੀ ।
ਦੁਪਹਿਰ ਤੱਕ ਸ਼ਸ਼ਕਾਰ ਲਈ ਗਾਮੂ ਦੇ ਸ਼ਰੀਰ ਨੂੰ ਸਿਵਿਆਂ ਵਿੱਚ ਲੈ ਗਏ ,,,,,, ਸਰਦਾਰ ਵੀ ਜੀਪ ਤੇ ਪਹੁੰਚ ਗਿਆ ,,,,,
ਸਿਵਿਆਂ ਵਿੱਚ ਹੁਣੇ ਹੁਣੇ ਸ਼ਸ਼ਕਾਰ ਵਾਸਤੇ ਪੱਕੀਆਂ ਭੱਠੀਆਂ ਬਣੀਆਂ ਸਨ ,,,, ਜੀਹਦੇ ਵਿੱਚ ਬਾਲਣ ਵੀ ਘੱਟ ਲਗਦਾ ਸੀ ,,,, ਥੱਲਿਓਂ ਹਵਾ ਪੈਂਦੀ ਸੀ ,,,,, ਲੋਥ ਨੂੰ ਕੁੱਢਣ ਨਾਲ ਹਿਲਾਉਣਾ ਵੀ ਨਹੀਂ ਪੈਂਦਾ ਸੀ ,,,,, ਨਵੀਂ ਤਕਨੀਕ ਈਜਾਦ ਹੋਈ ਸੀ ,,,,
ਵਿਹੜੇ ਵਾਲੇ ਭੱਠੀ ਵਿੱਚ ਬਾਲਣ ਚਿਣਨ ਲੱਗੇ ਤਾਂ ਸਰਦਾਰ ਨੇ ਰੋਕ ਦਿੱਤਾ ,,,,,,,,, ਨਾ ਬਈ ਨਾ ਏਥੇ ਨਹੀਂ,,,,, ਓਧਰ ਵਿਹੜੇ ਵਾਲੇ ਪਾਸੇ ਹੀ ਅੰਗੀਠਾ ਬਣਾਉ , ,,,,, ਇਹ ਪਾਸਾ ਜਿਮੀਦਾਰਾਂ ਦਾ ਹੈ ,,,,, ਨਾਲੇ ਭੱਠੀਆਂ ਹਾਲੇ ਤਾਂ ਸੁੱਕੀਆਂ ਵੀ ਨੀ ਚੰਗੀ ਤਰਾਂ ,,,, ਤੈਨੂੰ ਚੰਗਾ ਭਲਾ ਤਾਂ ਪਤੈ ਐ ਗੁਰਿਆ ,,,,, ਫੇਰ ਕਮਲ ਕਿਉਂ ਮਾਰਦਾ ਹੁੰਨਾਂ ਹਰੇਕ ਥਾਂ ,,,,,, ਪਹਿਲਾਂ ਸੋਚਿਆ ਕਰ ,,,, ਐਵੇਂ ਮੈਨੂੰ ਕਿਉਂ ਬਲਾਉਣਾ ਹੁੰਨਾਂ ,,,,,, ਸਰਦਾਰ ਨੇ ਗੁਰੇ ਮਜਬੀ ਨੂੰ ਸਿਵਾ ਚਿਣਦੇ ਨੂੰ ਟੋਕਿਆ ,,,,,, ।
ਕਿਸੇ ਦੀ ਕੋਈ ਮਜਾਲ ਨਹੀਂ ਸੀ , ਸਰਦਾਰ ਮੂਹਰੇ ਕੋਈ ਬੋਲਦਾ ,,,,,, ਸਾਰੇ ਲੱਕੜਾਂ ਚੁੱਕ ਕੇ ਦੂਜੇ ਪਾਸੇ ਲਿਜਾਣ ਲੱਗੇ ,,,,
ਲਿਆਉ ਯਾਰ ਮੈਂ ਤਾਂ ਮੂੰਹ ਵੀ ਨੀ ਵੇਖਿਆ ਹਾਲੇ ਗੁਰਨਾਮ ਸਿਉਂ ਦਾ ,,,,, ਬਹੁਤ ਕੰਮ ਕੀਤਾ ਸਾਰੀ ਉਮਰ ਏਹਨੇ ,,,,, ਜਾ ਖਾਂ ਕਦੇ ਮੂਹਰਿਉਂ ਮੋੜ ਦਿੱਤਾ ਹੋਵੇ ! ਸਰਦਾਰ ਨੇ ਗੱਲ ਦਾ ਰੁਖ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕੀਤੀ ,,,,, ਤੇ ਗਾਮੂ ਦੀ ਲਾਸ਼ ਕੋਲ ਬਹਿ ਕੇ ਮੂੰਹ ਤੋਂ ਕੱਪੜਾ ਚੱਕ ਮੂੰਹ ਵੇਖਣ ਲੱਗਾ ,,,,,,,
ਮੀਚੀਆਂ ਅੱਖਾਂ ਤੋਂ ਗਾਮੂ ਜਿਵੇਂ ਸਰਦਾਰ ਨੂੰ ਕਹਿ ਰਿਹਾ ਹੋਵੇ
” ਕੰਜਰਾ ਮੱਚ ਤਾਂ ਪੱਕੇ ਲੈਣ ਦਿੰਦਾ ,,,, ਐਨਾ ਵੀ ਨਾ ਸਰਿਆ ਤੈਥੋਂ ”
ਰਾਜਿੰਦਰ ਢਿੱਲੋਂ ਬਾਜਾਖਾਨਾ