ਜਦੋਂ ਮੁੰਡੇ ਆਪਣਾ ਘਰ-ਬਾਰ ਛੱਡ ਪਰਦੇਸ ਜਾਂਦੇ ਨੇ ਕਿੰਨੀਆਂ ਹੀ ਆਪ ਬੀਤੀਆਂ, ਕਹਾਣੀਆਂ, ਕਵਿਤਾਵਾਂ… ਉਨ੍ਹਾਂ ਦੇ ਆਪਣੇ ਪਿੰਡ ਤੋਂ ਦੂਰ ਹੋਣ ਦੀ ਦਾਸਤਾਨ ਨੂੰ ਬੜੇ ਸੋਹਣੇ ਢੰਗ ਨਾਲ ਪੇਸ਼ ਕਰਦੀਆਂ ਨੇ…ਸੱਚ ਹੀ ਤਾਂ ਹੈ…ਆਪਣੇ ਪਿੰਡ,ਆਪਣੇ ਘਰ, ਆਪਣੇ ਮਾਂ ਬਾਪ ਨੂੰ ਛੱਡਣਾ ਕਿੱਥੇ ਸੋਖਾ ਹੁੰਦੈ…. ਜਿੱਥੇ ਤੁਸੀਂ ਪਲੇ ਹੋਵੋਂ, ਜਿੱਥੇ ਦੀ ਮਿੱਟੀ ਵਿੱਚ ਖੇਡੇ ਹੋਵੋਂ, ਉਹ ਸੁਰਗਾਂ ਵਰਗਾ ਘਰ ਤੁਹਾਡੇ ਧੁਰ ਅੰਦਰ ਵਸਿਆ ਹੁੰਦਾ ਹੈ,ਤੁਹਾਡੇ ਭੈਣ-ਭਰਾ, ਦੋਸਤ,ਜਮਾਤੀ, ਹਮ ਉਮਰ ਸਾਰੇ ਹੀ ਉਥੇ ਹੀ ਰਹਿ ਜਾਂਦੇ ਨੇ ਜਿਨ੍ਹਾਂ ਕੋਲ ਜਾਣ ਲਈ ਮਨ ਹਮੇਸ਼ਾ ਲੋਚਦਾ ਹੈ….
ਪਰ ਜੇ ਕਿਸੇ ਕੁੜੀ ਦਾ ਇਹ ਮੋਹ ਆਪਣੇ ਪੇਕਿਆਂ ਨਾਲ ਹੋਵੇ ਤਾਂ ਬਹੁਤਿਆਂ ਨੂੰ ਇਹ ਮੋਹ ਮੰਜੂਰ ਨਹੀਂ ਹੁੰਦਾ….ੳਹਨੂੰ ਤਰ੍ਹਾਂ ਤਰ੍ਹਾਂ ਦੇ ਨਾਵਾਂ ਨਾਲ ਨਿਵਾਜਿਆ ਜਾਂਦਾ ਏ….
ਕੁੜੀਆਂ ਨੇ ਵੀ ਤਾਂ ਗੁੱਡੀਆਂ-ਪਟੋਲੇ ਆਪਣੇ ਬਾਬਲ ਦੇ ਘਰ ਹੀ ਖੇਡੇ ਹੁੰਦੇ ਨੇ……ਉਥੇ ਹੀ ਹਾਣ ਦੀਆਂ ਸਹੇਲੀਆਂ ਨਾਲ ਪੀਂਘਾਂ ਪਾਈਆਂ ਹੁੰਦੀਆਂ ਨੇ…..ਮਾਂ ਨਾਲ ਮਿਲ ਕੇ ਇੰਨੇ ਸਾਲ ਉਹੀ ਘਰ ਸਜਾਇਆ ਸੰਵਾਰਿਆ ਹੁੰਦੇ …. ਫਿਰ ਉਹ ਕਿਵੇਂ ਉਸ ਘਰ ਨਾਲ ਮੋਹ ਦੀਆਂ ਤੰਦਾਂ ਤੋੜੇ…..
ਪਰ ਨਹੀਂ ਔਰਤ ਨੂੰ ਤਾਂ ਸਦਾ ਹੀ ਤਿਆਗ ਦੀ ਦੇਵੀ ਕਿਹਾ ਗਿਆ ਹੈ….ਉਸ ਤੋਂ ਉਮੀਦ ਕੀਤੀ ਜਾਂਦੀ...
ਹੈ ਕਿ ਉਹ ਸਭ ਪਿੱਛੇ ਛੱਡ ਕੇ ਸਹੁਰੇ ਘਰ ‘ਚ ਇਉਂ ਮਿਲ ਜਾਵੇ,ਜਿਵੇਂ ਏਥੋਂ ਦੀ ਹੀ ਹੋਵੇ…..ਤੇ ਬਹੁਤੀਆਂ ਕੁੜੀਆਂ ਕਰਦੀਆਂ ਵੀ ਓਹੀ ਨੇ….. ਉਸ ਘਰ ਨੂੰ ਆਪਣਾ ਮੰਨ ਕੇ ਉਥੋਂ ਦੀਆਂ ਹੋ ਜਾਂਦੀਆਂ ਨੇ….. ਇਹ ਬਹੁਤ ਚੰਗੀ ਗੱਲ ਹੈ….ਕੁਦਰਤ ਨੇ ਇਹ ਸ਼ਕਤੀ,ਇਹ ਜਿਗਰਾ ਇਕ ਔਰਤ ਨੂੰ ਹੀ ਦਿੱਤਾ ਹੈ ਜੋ ਉਹ ਇਕ ਨਵੇਂ ਘਰ ਨੂੰ ਆਪਣਾ ਸੰਸਾਰ ਮੰਨ ਕੇ ਚਾਈਂ ਚਾਈਂ ਆਪਣੀ ਪੂਰੀ ਜ਼ਿੰਦਗੀ ਉਹਦੇ ਲੇਖੇ ਲਾ ਦਿੰਦੀ ਹੈ….ਪਰ ਫੇਰ ਵੀ ਕਦੇ ਕਦੇ ਉਸਦਾ ਦਿਲ ਆਪਣੇ ਉਹੀ ਪੁਰਾਣੇ ਘਰ ਜਾਣ ਨੂੰ ਕਰਦੈ….ਓਥੋਂ ਦੀ ਬੇਫਿਕਰੀ ਮਾਨਣ ਨੂੰ ਕਰਦੈ….ਭੈਣਾਂ-ਭਰਾਵਾਂ ਨਾਲ ਬਹਿ ਕੇ ਉਹ ਹੀ ਬਚਪਨ ਜਿਉਣ ਦਾ ਜੀਅ ਕਰਦੈ….ਪਰ ਫੇਰ ਘਰ ਦੀਆਂ ਜ਼ਿੰਮੇਵਾਰੀਆਂ ਦੇਖ ਵਾਪਸ ਜਾਣ ਦਾ ਖਿਆਲ ਛੱਡ ਦਿੰਦੀ ਹੈ….
ਮੈਨੂੰ ਇਉਂ ਲੱਗਦਾ ਹੈ ਜਿਵੇਂ ਇੱਕ ਕੁੜੀ ਵੀ ਆਪਣਾ ਪੇਕਾ ਘਰ ਛੱਡਕੇ ਇਕ ਅਜਿਹੇ ਦੇਸ਼ ਆ ਵਸਦੀ ਹੈ…. ਜਿਥੇ ਆਪਣੇ ਦੇਸ਼ ਨੂੰ ਮੁੜ੍ਹਨ ਦਾ ਰਸਤਾ ਹੀ ਨਹੀਂ ਹੁੰਦਾ….. ਤੇ ਬੱਸ ਉਹ ਉਸ ਦੇਸ਼ ਨੂੰ ਯਾਦ ਕਰਦੀ ਹੈ ਆਪਣੇ ਗੀਤਾਂ ਵਿਚ… ਆਪਣੀਆਂ ਕਵਿਤਾਵਾਂ…. ਤੇ ਆਪਣੀਆਂ ਕਹਾਣੀਆਂ ਵਿਚ….
ਸ਼ਿਫਾਲੀ ਅਭਿਵਿਅਕਤੀ