ਡਿਪ੍ਰੈਸ਼ਨ ਦਾ ਸਤਾਇਆ ਇੱਕ ਬਾਂਦਰ ਖ਼ੁਦਕੁਸ਼ੀ ਕਰਨ ਤੁਰ ਪਿਆ..
ਰਾਹ ਵਿਚ ਸੁੱਤੇ ਪਏ ਸ਼ੇਰ ਨੂੰ ਦੇਖ ਉਸਨੂੰ ਇੱਕ ਇੱਲਤ ਸੁੱਝ ਗਈ..ਸੁੱਤੇ ਪਏ ਦਾ ਕੰਨ ਖਿੱਚ ਦਿੱਤਾ!
ਉਹ ਗੁੱਸੇ ਵਿਚ ਲਾਲ ਪੀਲਾਂ ਹੁੰਦਾ ਕੱਚੀ ਨੀਂਦਰੇ ਉੱਠ ਖਲੋਤਾ..
ਭਿਆਨਕ ਜਿਹੀ ਦਹਾੜ ਮਾਰੀ..ਓਏ ਕਿਸਦੀ ਮੌਤ ਆਈ ਏ..ਕਿਸਨੇ ਪੰਗਾ ਲਿਆ ਏ ਜੰਗਲ ਦੇ ਰਾਜੇ ਨਾਲ?
ਲੁਕਿਆ ਬੈਠਾ ਬਾਂਦਰ ਆਖਣ ਲੱਗਾ “ਜਨਾਬ ਅਣਜਾਣੇ ਗਲਤੀ ਹੋ ਗਈ ਹੁਣ ਭਾਵੇਂ ਮਾਰ ਦਿਓ ਤੇ ਜਾਂ ਫੇਰ ਬੋਟੀ ਬੋਟੀ ਕਰ ਦਿਓ..ਕੋਈ ਪ੍ਰਵਾਹ ਨਹੀਂ..ਵੈਸੇ ਵੀ ਜਿੰਦਗੀ ਤੋਂ ਅੱਕ ਚੁਕਾ ਹਾਂ..ਮਰਨ ਹੀ ਚਲਿਆਂ ਸਾਂ..”!
ਬਾਂਦਰ ਦੀ ਏਨੀ ਦਲੇਰੀ ਅਤੇ ਖੁਲਦਿੱਲੀ ਦੇਖ ਸ਼ੇਰ ਬੜਾ ਪ੍ਰਭਾਵਿਤ ਹੋਇਆ..
ਉਸਨੇ ਉਸਨੂੰ ਸੈਨਤ ਮਾਰ ਕੋਲ ਸੱਦ ਲਿਆ ਤੇ ਪੁੱਛਣ ਲੱਗਾ “ਗੱਲ ਤਾਂ ਦੱਸ..ਜਦੋਂ ਮੇਰਾ ਕੰਨ ਪੁੱਟ ਰਿਹਾ ਸੈਂ..ਕਿਸੇ ਵੇਖਿਆ ਤਾਂ ਨਹੀਂ”?
ਅੱਗੋਂ ਆਖਣ ਲੱਗਾ “ਜਨਾਬ ਕਿੱਦਾਂ ਦੀਆਂ ਗੱਲਾਂ ਕਰਦੇ ਓ..ਤੁਸੀਂ ਜੰਗਲ ਦੇ ਰਾਜੇ..ਕਿਸੇ ਦੀ ਕੀ ਮਜਾਲ ਲਾਗੇ ਵੀ ਫੜਕ ਜਾਵੇ..ਟੈਨਸ਼ਨ ਹੀ ਨਾ ਲਵੋ..ਕਿਸੇ ਨਹੀਂ ਦੇਖਿਆ”
ਅੱਗੋਂ ਤਰਲੇ ਜਿਹੇ ਨਾਲ ਆਖਣ ਲੱਗਾ “ਚੰਗਾ ਫੇਰ ਵੀਰ ਬਣਕੇ ਆਹ ਦੂਜਾ ਕੰਨ ਵੀ ਪੁੱਟ ਜਾ..ਬੜਾ ਹੀ ਚੰਗਾ ਲੱਗਾ ਜਦੋਂ ਤੂੰ ਪਹਿਲਾਂ ਪੱਟਿਆ ਸੀ..
ਸੱਚ ਪੁਛੇਂ ਤਾਂ ਮੈਂ ਵੀ ਕੱਲਾ ਜਿਹਾ ਹੀ ਰਹਿ ਗਿਆ ਹਾਂ..ਜੰਗਲ ਵਿਚ ਕੋਈ ਜਨੌਰ ਲਾਗੇ ਨਹੀਂ ਲੱਗਦਾ..ਜੁਆਨੀ ਵਾਲੀ ਉਹ ਗੱਲ ਵੀ ਨਹੀਂ ਰਹੀ..ਹੱਡ-ਪੈਰ ਦੁਖਦੇ ਰਹਿੰਦੇ..ਸ਼ਿਕਾਰ ਮਗਰ ਨੱਸਿਆ ਵੀ ਨਹੀਂ ਜਾਂਦਾ..ਰਹੀ ਗੱਲ ਆਹ ਬੜਕ ਦੀ..ਇਹ ਤਾਂ ਬੱਸ ਜੁਆਨੀ ਵੇਲੇ ਦਾ ਬਣਾਇਆ ਹੋਇਆ ਮਾੜਾ ਮੋਟਾ ਦਬਕਾ ਹੀ ਸੀ ਜਿਸ ਆਸਰੇ ਰੋਟੀ ਪਾਣੀ ਚੱਲੀ ਜਾਂਦਾ”..ਫੇਰ ਸ਼ੇਰ ਕਿੰਨੀ ਦੇਰ ਆਪਣਾ ਢਿਡ੍ਹ ਫਰੋਲਦਾ ਗਿਆ ਤੇ ਬਾਂਦਰ ਚੁੱਪਚਾਪ ਸੁਣਦਾ ਗਿਆ!
ਸੋ ਦੋਸਤੋ ਇਹ ਲਿਖਣ ਮਗਰੋਂ ਜ਼ਿਹਨ ਵਿਚ ਉਭਰ ਆਈਆਂ ਕੁਝ ਗੱਲਾਂ ਸਾਂਝੀਆਂ ਕਰਦਾ ਹਾਂ…
ਦੌਲਤੀ ਅੰਬਾਰ ਹੁਸਨ ਜਵਾਨੀ ਤਾਕਤ ਰੁਤਬੇ ਅਹੁਦੇ ਸਰਦਾਰੀਆਂ ਬਾਦਸ਼ਾਹੀਆਂ ਵਾਕਫ਼ੀਆਂ ਤਖਤੋ-ਤਾਜ ਤੇ ਹੋਰ ਬਹੁਤ ਸਾਰਾ ਕੁਝ ਅਸਲ ਵਿਚ ਬੱਸ ਕੁਝ ਕੂ ਸਾਲਾਂ ਦੀ ਹੀ ਖੇਡ ਹੁੰਦੀ ਏ..ਫੇਰ ਵਾਜ ਪਈ ਤੇ ਹਰੇਕ ਨੂੰ ਭਰਿਆ ਮੇਲਾ ਛੱਡਣਾ ਹੀ ਪੈਂਦਾ...
ਏ..ਖਾਲੀ ਹੱਥ ਕਿਸੇ ਅਗਿਆਤ ਮੰਜਿਲ ਦੇ ਪਾਂਧੀ ਬਣ ਇਥੋਂ ਕੂਚ ਕਰਨਾ ਹੀ ਪੈਂਦਾ ਏ..ਤੇ ਮਗਰੋਂ ਰਹਿ ਜਾਂਦੀ ਏ ਬੱਸ ਥੋੜੀ ਜਿੰਨੀਂ ਮੁੱਠੀ ਭਰ ਸਵਾਹ..!
ਸੋ ਆਜੋ ਇਹਨਾਂ ਵਕਤੀ ਸਰਮਾਇਦਾਰੀਆਂ ਅਤੇ ਥੋੜ-ਚਿਰੇ ਹੰਕਾਰ ਦੀਆਂ ਤੰਦਾਂ ਨਾਲ ਬੁਣੇ ਹੋਏ ਇਸ ਤਲਿੱਸਮੀਂ ਮਾਇਆ ਜਾਲ ਵਿਚੋਂ ਬਾਹਰ ਨਿੱਕਲ ਆਪਣੇ ਆਸ ਪਾਸ ਵਿਚਰਦੇ ਹੋਏ ਜਿਉਂਦੇ ਜਾਗਦੇ ਆਮ ਜਿਹੇ ਇਨਸਾਨਾਂ ਨਾਲ ਖੇਡਣਾ ਮੱਲਣਾ ਸਿੱਖੀਏ..
ਕਿਤੇ ਇੰਜ ਨਾ ਹੋ ਜਾਵੇ ਕੇ ਇਕ ਦਿਨ ਜਿਉਂਦੀ ਲਾਸ਼ ਬਣ ਏਨੇ ਕੱਲੇ-ਕਾਰੇ ਰਹਿ ਜਾਈਏ ਕੇ ਕਿਸੇ ਤੁਰੇ ਜਾਂਦੇ ਬਾਂਦਰ ਨੂੰ ਹੀ ਸਾਡਾ ਕੰਨ ਖਿੱਚ ਸਾਨੂੰ ਸਾਡੇ ਜਿਉਂਦੇ ਹੋਣ ਦਾ ਇਹਸਾਸ ਕਰਵਾਉਣਾ ਪਵੇ!
ਆਜੋ ਹੁਣ ਉੱਪਰ ਦਿੱਤੀ ਫੋਟੋ ਤੇ ਚਾਨਣਾ ਪਾਉਂਦੇ ਹਾਂ..
ਅੱਜ ਸੌ ਕਿਲੋਮੀਟਰ ਦੂਰ ਇੱਕ ਖੂਬਸੂਰਤ ਜਿਹੀ ਝੀਲ ਦੇ ਕੰਢੇ ਤੇ ਗੱਡੀ ਖਲਿਆਰ ਲਈ..
ਓਥੇ ਕੋਈ ਵੀ ਨਹੀਂ ਸੀ..ਪੱਸਰੀ ਹੋਈ ਸੁੰਞ-ਮਸਾਣ ਦੇਖ ਇੰਝ ਲੱਗਿਆ ਜਿੱਦਾਂ ਸਾਰਾ ਕੁਝ ਬੱਸ ਆਪਣਾ ਹੀ ਹੋਵੇ..
ਹੁਣ ਜਦ ਸਾਰਾ ਕੁਝ ਆਪਣਾ ਮੰਨ ਹੀ ਲਿਆ ਸੀ ਤਾਂ ਅਚਾਨਕ ਹੀ ਇੱਕ ਫੁਰਨਾ ਜਿਹਾ ਫੁਰਿਆ..ਗਿੱਲੀ ਰੇਤ ਤੇ ਆਪਣੇ ਬੂਟਾਂ ਦੇ ਨਿਸ਼ਾਨ ਲਾ ਦਿੱਤੇ ਤੇ ਨਾਲ ਹੀ ਵੱਡੇ ਅੱਖਰਾਂ ਵਿਚ ਆਪਣਾ ਨਾਮ ਵੀ ਲਿਖ ਦਿੱਤਾ..
ਓਸੇ ਵੇਲੇ ਕੁਦਰਤ ਦੇ ਨਿਜ਼ਾਮ ਨੇ ਇੱਕ ਖੇਡ ਜਿਹੀ ਵਰਤਾਅ ਦਿੱਤੀ..
ਪਾਣੀ ਦੀ ਇੱਕ ਵੱਡੀ ਸਾਰੀ ਲਹਿਰ ਆਈ ਤੇ ਮੇਰੇ ਵੇਖਦਿਆਂ ਵੇਖਦਿਆਂ ਹੀ ਸਾਰਾ ਕੁਝ ਆਪਣੇ ਨਾਲ ਵਹਾ ਕੇ ਲੈ ਗਈ..ਹੁਣ ਨਾ ਓਥੇ ਮੇਰੇ ਪੈਰਾਂ ਦੇ ਨਿਸ਼ਾਂਨ ਹੀ ਰਹੇ ਅਤੇ ਨਾ ਹੀ ਧਰਤੀ ਦੀ ਹਿੱਕ ਤੇ ਉੱਕਰਿਆ ਹੋਇਆ ਮੇਰਾ ਨਾਮੋਂ-ਨਿਸ਼ਾਨ ਹੀ..!
ਸੱਚ ਜਾਣਿਓ ਜਿੰਦਗੀ ਵਿਚ ਪਹਿਲੀ ਵਾਰ ਮਿੱਟੀ ਤੇ ਰੇਤ ਵਿਚ ਰਲਗੱਡ ਹੋ ਕੇ ਖਤਮ ਹੁੰਦੀ ਜਾ ਰਹੀ ਖੁਦ ਦੀ ਪਹਿਚਾਣ ਖੁਦ ਆਪਣੀਆਂ ਅੱਖਾਂ ਨਾਲ ਵੇਖੀ !
ਹਰਪ੍ਰੀਤ ਸਿੰਘ ਜਵੰਦਾ