ਕਰ ਆਈ ਸਵੇਰ ਦੀ ਸੈਰ ”
ਹਰ ਘਰ ਵਿੱਚ ਪਤੀ ਪਤਨੀ ਦੀ ਨੋਕ-ਝੋਕ ਚਲਦੀ ਰਹਿੰਦੀ ਹੈ ।ਉੱਤੋਂ ਕਰੋਨਾ ਵਰਗੀ ਮਹਾਮਾਰੀ ਨੇ ਚਾਰੋਂ ਪਾਸੇ ਤਣਾਅ ਫੈਲਾ ਦਿੱਤਾ ਹੈ ।ਜਿਹਨਾਂੱ ਨੂੰ “ਰੱਬ ਦੀ ਗਊ” ਕਹਿੰਦੇ ਸਾਂ,ਉਹਨਾਂ ਦੇ ਵੀ ਸਿੰਗ ਨਿਕਲ ਆਏ ਹਨ ।ਜਿੱਥੇ ਘਰਾਂ ਵਿੱਚ ਛੋਟੇ ਬੱਚੇ ਹਨ,ਬੱਚਿਆਂ ਨਾਲ ਹੀ ਮਾਂ-ਪਿਓ , ਦਾਦਾ-ਦਾਦੀ ਤੇ ਨਾਨਾ ਨਾਨੀ ਦਾ ਮਨ ਪਰਚਿਆ ਰਹਿੰਦਾ ਹੈ ।ਜਿੱਥੇ ਸਿਰਫ ਪਤੀ -ਪਤਨੀ ਰਹਿੰਦੇ ਹੋਣ,ਬੱਚੇ ਦੂਰ -ਦੁਰਾਡੇ ਰਹਿੰਦੇ ਹੋਣ ਤਾਂ ਪਤੀ ਦਾ ਸਾਰਾ ਗੁੱਸਾ ਪਤਨੀ ਉੱਤੇ ਤੇ ਜਦੋਂ ਪਤਨੀ ਦਾ ਦਾਅ ਲੱਗੇ ਤਾਂ ਉਹ ਵੀ ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕੱਢ ਲੈਂਦੀ ਹੈ ।
ਇੱਕ ਦਿਨ ਸ਼ਾਮੀਂ ਕਿਸੇ ਗੱਲ ਤੋਂ ਮੇਰੀ ਤੇ ਮੇਰੇ ਪਤੀ ਦੀ ਸਾਡੀ ਆਪਸ ਵਿੱਚ ਨੋਕ -ਝੋਕ ਹੋ ਗਈ । ਪਤੀ ਦੇਵ ਮੂੰਹ ਫੁਲਾ ਕੇ ਬੈਠ ਗਏ ।ਰਾਤ ਦੀ ਰੋਟੀ ਦਿੱਤੀ, ਤਾਂ ਵੀ ਚੁੱਪਚਾਪ ਖਾ ਲਈ ।ਸਵੇਰੇ ਉੱਠੇ ਤਾਂ ਮੈਂ ਸੋਚਿਆ ਕਿ ਚਲੋ ਰਾਤ ਗਈ,ਬਾਤ ਗਈ ।ਮੈਂ ਰੋਜ਼ਾਨਾ ਦੀ ਤਰ੍ਹਾਂ ਸੈਰ ਜਾਣ ਦੀ ਤਿਆਰੀ ਵੱਟ ਲਈ ।ਮੈਂ ਪਤੀ ਨੂੰ ਕਿਹਾ,” ਸ਼੍ਰੀ ਮਾਨ ਜੀ, ਤਿਆਰ ਹੋ ਜਾਓ,ਸੈਰ ਨੂੰ ਚੱਲੀਏ ।”ਰਾਤ ਦਾ ਵੱਟ ਅਜੇ ਉਤਰਿਆ ਨਹੀਂ ਸੀ ।ਕਹਿੰਦੇ ਮੈਂ ਤਾਂ ਨਈਂ ਜਾਣਾ,ਤੂੰ ਜਾਣਾ ਜਾਹ।”ਮੈਂ ਬੋਲੀ ਕੁੱਝ ਨਾ ਤੇ ਦਿਲ ਵਿੱਚ ਸੋਚਿਆ, ਨਾਂਹ ਸਹੀ,ਮੈਂ ਕਿਹੜਾ ਇਹਨਾਂ ਦੇ ਮੋਢਿਆਂ ਤੇ ਚੜ੍ਹ ਕੇ ਜਾਨੀਂ ਆਂ।ਮੈਂ ਕੱਲੀ ਈ ਚਲੀ ਜਾਨੀਂ ਆਂ ,ਚਾਨਣਾ ਤਾਂ ਹੋਇਆ ਪਿਆ ।
ਮੈਂ ਰੋਜ਼ਾਨਾ ਵਾਲੇ ਰੂਟ ਤੇ ਸੈਰ ਨੂੰ ਚੱਲ ਪਈ।ਅਜੇ ਥੋੜ੍ਹੀ ਦੂਰ ਹੀ ਗਈ ਸੀ, ਅੱਗੇ ਆਉਂਦੇ ਜਾਣਕਾਰ ਡਾਕਟਰ ਸਾਹਿਬ ਮਿਲੇ ਤੇ ਬੋਲੇ,ਕਿਉਂ ਜੀ,ਅੱਜ ਕੱਲੇ ਈ—–?ਮੈਂ ਹੱਸ ਕੇ ਪਿੱਛੇ ਵੱਲ ਇਸ਼ਾਰਾ ਕਰਦੀ ਬੋਲੀ,ਪਿੱਛੇ ਪਿੱਛੇ ਆਉਂਦਾ— ਮੇਰੀ ਪੈੜ ਵੇਂਹਦਾ ਆਈਂ—–।ਹਾਹਾਹਾਹਾ—-ਠੀਕ ਆ।ਫਿਜ਼ਾ ਵਿੱਚ ਹਾਸਾ ਗੂੰਜਣ ਲੱਗਿਆ।ਉਹ ਤੁਰਦੇ ਬਣੇਂ—-ਆਪੇ ਲੱਭੀ ਜਾਣ ਪਿੱਛੇ ਚੀਰੇ ਵਾਲਾ ਕਿੱਥੇ ਆ...
ਰਿਹੈ ।ਹੁਣ ਮੈਨੂੰ ਪਤਾ ਲੱਗ ਗਿਆ ਕਿ ਸਵੇਰੇ ਰੋਜ਼ਾਨਾ ਮਿਲਣ ਵਾਲਾ ਹਰੇਕ ਬੰਦਾ-ਬੰਦੀ ਸੁਆਲ ਕਰੂ।ਅਜੇ ਮਸੀਂ ਚਾਰ ਸੌ ਗਜ਼ ਚੱਲੀ ਸੀ ਕਿ ਅੱਗੋਂ ਰੋਜ਼ਾਨਾ ਮਿਲਦੀ ਜੋੜੀ ਇਕੱਠੀ ਬੋਲੀ, ਕਿਉਂ–ਕੀ ਗੱਲ ਅੱਜ ਕੱਲੇ ਈ—?ਮੈਂ ਫਿਰ ਪਿੱਛੇ ਨੂੰ ਇਸ਼ਾਰਾ ਕਰਕੇ ਬੋਲੀ—ਹਾਂ ਜੀ—ਕੋਰੋਨਾ ਕਰਕੇ ਸੋਸ਼ਲ ਡਿਸਟੈਂਸ ਜਰੂਰੀ ਆ।ਹੱਸਦੇ ਹੋਏ ਬੋਲੇ ਪਰ ਏਨਾਂ ਵੀ ਨਹੀਂ ਕਿ ਬੰਦਾ ਦੂਰ ਤੱਕ ਦਿਖੇ ਈ ਨਾ—ਹਾਹਾਹਾ—।
ਅਜੇ ਦੋ ਸੌ ਗਜ਼ ਚੱਲੀ ਸੀ ਕਿ ਇੱਕ ਹੋਰ ਜਾਣਕਾਰ ਟੋਲੀ ਆਉਂਦੇ ਦਿੱਸੀ ।ਸਵੇਰੇ ਸਵੇਰੇ ਮਾਨਸਿਕ ਤਣਾਓ ਤੋਂ ਮੁਕਤ ਹੋਣ ਦੀ ਬਜਾਏ ਬੌਂਦਲ ਗਈ।ਪਹਿਲਾਂ ਹੀ ਜੁਆਬ ਤਿਆਰ ਰੱਖਣਾ ਪੈਂਦਾ ।ਜਦੋਂ ਕੋਲ ਆਏ ਤਾਂ ਉਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਬੋਲ ਪਈ,ਦੇਖੋ ਭਰਾਵੋ, ਕੋਰੋਨਾ ਬਹੁਤ ਫੈਲ ਗਿਆ ।ਤੁਸੀਂ ਕਿਸੇ ਨੇ ਵੀ ਮਾਸਕ ਨਹੀਂ ਪਾਇਆ ।ਦੋ ਗਜ਼ ਦੀ ਦੂਰੀ—ਮਾਸਕ ਜਰੂਰੀ। ਕਹਿ ਕੇ ਮੈਂ ਅੱਗੇ ਤੁਰ ਪਈ।ਹੁਣ ਤਾਂ ਏਦਾਂ ਲੱਗ ਰਿਹਾ ਸੀ ਕਿ ਪਤਾ ਨਹੀਂ ਮੈਂ ਕਿਹੜਾ ਇਮਤਿਹਾਨ ਦੇ ਕੇ ਦਿਮਾਗੀ ਤੌਰ ਤੇ ਥੱਕ ਚੁੱਕੀ ਹਾਂ ।ਹੋਰ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਹਿੰਮਤ ਨਾ ਬਚੀ।ਉਥੋਂ ਹੀ ਵਾਪਸ ਮੁੜਨ ਦੀ ਸੋਚੀ।
ਘਰ ਪਹੁੰਚ ਕੇ ਵੇਖਿਆ, ਪਤੀ ਦੇਵ ਅਰਾਮ ਨਾਲ ਟੀ ਵੀ ਵੇਖ ਰਹੇ ਹਨ ।ਮੈਂ ਆਪਣੀ ਹਿੰਡ ਚਾਹ ਦੀ ਪਤੀਲੀ ਵਿੱਚ ਉਬਾਲ ਕੇ ਚਾਹ ਬਣਾਈ।ਦੋ ਕੱਪਾਂ ਵਿੱਚ ਚਾਹ ਪਾ ਕੇ ਪਤੀ ਨੂੰ ਫੜਾਉਂਦਿਆਂ ਕਿਹਾ, “ਸ਼੍ਰੀ ਮਾਨ ਜੀ, ਗਰਮਾ-ਗਰਮ ਚਾਹ—।ਪਤੀ ਨੇ ਮੁਸਕਰਾ ਕੇ ਚਾਹ ਦਾ ਕੱਪ ਫੜਿਆ ਤੇ ਚਾਹ ਦੀਆਂ ਚੁਸਕੀਆਂ ਲੈਣ ਲੱਗੇ।ਮੈਨੂੰ ਜਾਪਿਆ , ਜਿਵੇਂ ਪੁੱਛ ਰਹੇ ਹੋਣ—ਕਿਉਂ—ਕਰ ਆਈ ਸਵੇਰ ਦੀ ਸੈਰ——।
ਕੈਲਾਸ਼ ਠਾਕੁਰ
ਨੰਗਲ ਟਾਊਨ ਸ਼ਿਪ ।