ਮਿੱਤਰ ਪਿਆਰਾ ਦੁਖੀ ਸੀ..ਅਖ਼ੇ ਰਾਤੀ ਸੜਕ ਪਾਰੋਂ ਇੱਕ ਖਰਗੋਸ਼ ਆਉਂਦਾ..ਸਾਰੇ ਫੁੱਲ ਬੂਟੇ ਖਾ ਜਾਂਦਾ..ਇੱਕ ਦਿਨ ਦੋਸਤ ਦਾ ਨਿੱਕਾ ਜਿਹਾ ਪੁੱਤ ਆਖਣ ਲੱਗਾ ਅੰਕਲ ਜਿਹੜਾ ਬੰਨੀ ਸਾਡੇ ਫੁੱਲ ਖਾ ਜਾਂਦਾ ਸੀ ਉਹ ਅੱਜ ਮਰ ਗਿਆ..ਸੜਕ ਪਾਰ ਕਰਦਾ ਹੋਇਆ ਕਿਸੇ ਵਾਹਨ ਹੇਠ ਆ ਗਿਆ..!
ਸੜਕ ਤੇ ਚੜਿਆ ਤਾਂ ਵੇਖਿਆ ਉਹ ਵਾਕਿਆ ਹੀ ਸੜਕ ਦੇ ਐਨ ਵਿਚਕਾਰ ਇਕੱਠਾ ਹੋਇਆ ਪਿਆ ਸੀ..ਰਾਹੀ ਗੱਡੀਆਂ ਹੌਲੀ ਕਰਕੇ ਲੰਘਾ ਰਹੇ ਸਨ..!
ਅਗਲੇ ਦਿਨ ਓਸੇ ਥਾਂ ਤੋਂ ਲੰਘਿਆ..ਕੀ ਵੇਖਿਆ ਧੁੱਪ ਗਰਮੀ ਕਾਵਾਂ ਅਤੇ ਉੱਪਰੋਂ ਲੰਘਦੀਆਂ ਕਾਰਾਂ ਮੋਟਰਾਂ ਕਰਕੇ ਹੋਰ ਸੁੰਗੜ ਗਿਆ ਸੀ..ਅੱਜ ਕੋਈ ਵੀ ਆਪਣੀ ਗੱਡੀ ਹੌਲੀ ਨਹੀਂ ਸੀ ਕਰ ਰਿਹਾ..!
ਸਬੱਬੀਂ ਤੀਜੇ ਦਿਨ ਫੇਰ ਓਥੋਂ ਹੀ ਲੰਘਿਆ ਤਾਂ ਓਥੇ ਸਿਰਫ ਇੱਕ ਹਲਕਾ ਜਿਹਾ ਨਿਸ਼ਾਨ ਹੀ ਬਾਕੀ ਸੀ..!
ਓਸ਼ੋ ਦੀ ਕਹਾਣੀ ਚੇਤੇ ਆ ਗਈ..ਤੁਰੇ ਜਾਂਦੇ ਹਾਥੀ ਦੇ ਲੱਕ ਤੇ ਇੱਕ ਮੱਖੀ ਆਣ ਬੈਠੀ..ਅੱਗੇ ਇੱਕ ਪੁਲ ਆਇਆ ਸੋਚਣ ਲੱਗੀ ਘੜੀ ਦੀ ਘੜੀ ਉੱਡ ਜਾਵਾਂ ਕਿਧਰੇ ਮੇਰੇ ਭਾਰ ਨਾਲ ਪੁਲ ਹੀ ਨਾ ਟੁੱਟ ਜਾਵੇ..ਫੇਰ ਅੱਗਿਓਂ ਨਦੀ ਆ ਗਈ..ਹਾਥੀ ਨੂੰ ਹੌਲੀ ਜਿਹੀ ਵਾਜ ਮਾਰੀ ਵੇ ਹਾਥੀਆਂ ਪਾਰ ਕਰ ਲਵੇਂਗਾ ਕੇ ਹੇਠਾਂ ਉੱਤਰ ਜਾਵਾਂ..ਅੱਗਿਉਂ ਜੁਆਬ ਨਹੀਂ ਆਇਆ ਤਾਂ ਇਹ ਸੋਚ ਇੱਕ ਵੇਰ ਫਿਰ ਉੱਡ ਗਈ..ਕਿਧਰੇ ਕਮਲਾ ਡੁੱਬ ਹੀ ਨਾ ਜਾਵੇ..!
ਫੇਰ ਅੱਗੇ ਜਾ ਕੇ ਹਾਥੀ ਨਾਲ ਗਿਲਾ ਕਰਨ ਲੱਗੀ ਅਖ਼ੇ ਤੂੰ ਤੇ ਮੇਰੀ ਗੱਲ ਹੀ ਨਹੀਂ ਸੀ ਗੌਲੀ..ਫੇਰ ਵੀ ਮੇਰਾ ਇਹਸਾਨ ਮੰਨ..ਮੈਂ ਤੈਨੂੰ ਪੁਲ ਤੋਂ ਡਿੱਗਣੋਂ ਅਤੇ ਪਾਣੀ ਵਿਚ ਡੁੱਬਣੋਂ ਬਚਾ ਲਿਆ..!
ਹਾਥੀ ਹੱਸ ਪਿਆ ਅਖ਼ੇ ਬੀਬੀ ਮੈਨੂੰ ਤੇ ਤੇਰੀ ਕੋਈ ਗੱਲ ਸੁਣੀ ਹੀ ਨਹੀਂ ਸੀ..!
ਇਰਾਨੀ...
ਲੇਖਕ ਖਲੀਲ ਜਿਬਰਾਨ ਲਿਖਦਾ ਕੇ ਜੰਗਲ ਵਿਚ ਤੁਰੀ ਜਾਂਦੀ ਭੁੱਖੀ ਲੂੰਬੜੀ ਨੂੰ ਆਪਣਾ ਲੰਮਾ ਪਰਛਾਵਾਂ ਵੇਖ ਵਹਿਮ ਹੋ ਗਿਆ ਕੇ ਮੇਰਾ ਐਡਾ ਵੱਡਾ ਵਜੂਦ..ਮੈਨੂੰ ਜਰੂਰ ਕੋਈ ਹਾਥੀ ਖਾਣਾ ਪਊ..ਤਾਂ ਮੇਰੀ ਭੁੱਖ ਮਿਟੇਗੀ..ਹਾਥੀ ਲੱਭਦਿਆਂ ਦੁਪਹਿਰਾਂ ਪੈ ਗਈਆਂ..ਕੁਝ ਨਾ ਮਿਲਿਆ..ਫੇਰ ਖੁਦ ਦਾ ਪਰਛਾਵਾਂ ਨਿੱਕਾ ਹੋ ਗਿਆ..ਇਸ ਵੇਰ ਸੋਚਣ ਲੱਗੀ ਹੁਣ ਤੇ ਜੇ ਇੱਕ ਨਿੱਕਾ ਜਿਹਾ ਸਿਹਾ ਹੀ ਮਿਲ ਜਾਵੇ ਤਾਂ ਮੇਰੀ ਤ੍ਰਿਪਤੀ ਹੋ ਸਕਦੀ ਏ..ਇਸੇ ਚੱਕਰ ਵਿਚ ਤਰਕਾਲਾਂ ਪੈ ਗਈਆਂ..ਨਾ ਹਾਥੀ ਮਿਲਿਆਂ ਤੇ ਨਾ ਖਰਗੋਸ਼!
ਕਈ ਵੇਰ ਇਹਸਾਸ ਹੁੰਦਾ..ਅਸੀਂ ਵੀ ਤੇ ਮੱਖੀਆਂ ਵਰਗੇ ਹੀ ਹਾਂ..ਹਾਥੀ ਤੋਂ ਵੀ ਵੱਡੇ ਉਸ ਸਿਰਜਣਹਾਰ ਤੇ ਹਰ ਵੇਲੇ ਇਹਸਾਨ ਕਰਦੇ ਹੋਏ..ਮੈਂ ਮਹਾਨ ਲੇਖਕ ਕਾਰੋਬਾਰੀ ਸਮਾਜ ਸਵੇਕ ਲੀਡਰ ਅਫਸਰ ਦਾਨਿਸ਼ਵਰ..ਜੇ ਮੈਂ ਇੰਜ ਨਾ ਕਰਦਾ ਤਾਂ ਤੇਰੀ ਦੁਨੀਆ ਵਿਚ ਇੰਝ ਹੋ ਜਾਂਦਾ ਓੰਜ ਹੋ ਜਾਂਦਾ..ਪਰਛਾਵੇਂ ਵੇਖ ਆਪਣੀ ਭੁੱਖ ਦਾ ਪੱਧਰ ਤਹਿ ਕਰਦੀ ਉਸ ਲੂੰਬੜੀ ਵਾਂਙ..ਕਿਸੇ ਸਰਦੇ ਪੁੱਜਦੇ ਦੇ ਵਿਆਹ ਵਿਚ ਜਾ ਕੇ ਕਰੋੜਾ ਅਰਬਾਂ ਦੀ ਗੱਲ ਸੋਚਦੇ ਹੋਏ ਅਚਾਨਕ ਕੋਈ ਗਰੀਬ ਹਮਾਤੜ ਵੇਖ ਆਪਣੀਆਂ ਲੋੜਾਂ ਦਾ ਦਾਇਰਾ ਨਿੱਕਾ ਕਰਨ ਵਾਲੇ ਲੋਕਾਂ ਵਾਂਙ..!
ਪਰ ਅਕਸਰ ਭੁੱਲ ਜਾਂਦੇ ਹਾਂ ਕੇ ਹਰ ਰੋਜ ਸਾਰੀ ਦੁਨੀਆ ਨੂੰ ਆਪਣੇ ਕਲਾਵੇ ਵਿਚ ਲੈ ਲੈਣ ਦੀ ਭੱਜ ਦੌੜ ਵਿਚ ਜਿਸ ਦਿਨ ਖਰਗੋਸ਼ ਵਾਂਙ ਮਰ ਮੁੱਕ ਗਏ ਤਾਂ ਤੀਜੇ ਦਿਨ ਤੱਕ ਨਾਮੋ ਨਿਸ਼ਾਨ ਤੱਕ ਵੀ ਮਿਟ ਜਾਣਾ..!
ਹਰਪ੍ਰੀਤ ਸਿੰਘ ਜਵੰਦਾ