More Punjabi Kahaniya  Posts
ਮੈਂ ਕੁਝ ਨਹੀਂ ਸੁਣਿਆ


ਮੈਂ ਕੁਝ ਨਹੀਂ ਸੁਣਿਆ …ਕਹਾਣੀ
ਅੱਜ ਜਦੋੰ ਮੈਂ ਗੱਲ ਕਰ ਰਹੀਂ ਸਾਂ ਤਾਂ ਮੈਂ ਵੇਖਿਆ ਆਪਣੀ ਮਾਂ ਦੇ ਮੱਥੇ ਤੇ ਉੱਭਰੀਆਂ ਹੋਈਆਂ ਤਿਊੜੀਆਂ , ਗੁੱਸੇ ਨਾਲ ਫੜਫ਼ੜਾ ਰਹੇ ਬੁੱਲ ਅਤੇ ਉਨ੍ਹਾਂ ਦੀਆਂ ਮੈਨੂੰ ਲਗਾਤਾਰ ਘੂਰਦੀਆਂ ਅੱਖਾਂ ਜਿਵੇਂ ਕਹਿ ਰਹੀਆਂ ਹੋਣ ,” ਹਾਲੇ ਥੱਕੀ ਨਈ ਗੱਲ ਕਰਕੇ । ਹੋਰ ਕਿੰਨੀਆਂ ਕੁ ਗੱਲਾਂ ਰਹਿ ਗਈਆਂ ?” ਭਾਵੇਂ ਮੌਸਮ ਠੰਡਾ ਸੀ ਪਰ ਪਸੀਨੇ ਦੀਆਂ ਬੂੰਦਾਂ ਮੇਰੀ ਮਾਂ ਦੇ ਮੱਥੇ ਤੇ ਉੱਭਰ ਰਹੀਆਂ ਸਨ । ਆਪਣੇ ਮਾਂ ਪਿਓ ਦੇ ਅੱਜਕੱਲ੍ਹ ਬਦਲ ਰਹੇ ਵਤੀਰੇ ਨੂੰ ਵੇਖ ਮੇਰੀਆਂ ਸੋਚਾਂ ਵਿਚ ਵੀ ਅਜੀਬ ਜਿਹੀ ਹਲਚਲ ਮਚੀ ਹੋਈ ਹੈ ਜਿਹੜੀ ਮੈਨੂੰ ਰਾਤਾਂ ਨੂੰ ਚੱਜ ਨਾਲ ਸੌਣ ਵੀ ਨਹੀਂ ਦਿੰਦੀ । ਮੈਂਨੂੰ ਸਮਝ ਨਹੀਂ ਆ ਰਿਹਾ ਕਿ ਮੇਰੀ ਮਾਂ ‘ਚ ਅਚਾਨਕ ਇਹ ਬਦਲਾਅ ਕਿਉਂ ? ਅੱਗੇ ਤਾਂ ਕਦੇ ਮੈਨੂੰ ਫੋਨ ਤੇ ਗੱਲ ਕਰਨ ਤੋਂ ਨਹੀਂ ਸਨ ਰੋਕਦੇ । ਸਗੋਂ ਆਪ ਮੇਰੀ ਗੱਲ ਕਰਵਾਉੰਦੇ ਸਨ ਮੇਰੀ ਭੂਆ ਨਾਲ । ਉਹ ਤਾਂ ਬੇਚਾਰੀ ਪਹਿਲਾਂ ਹੀ ਦੁੱਖਾਂ ਦੀ ਭੰਨੀ ਹੋਈ ਹੈ ਤੇ ਹੁਣ ਅਸੀਂ ਵੀ ਉਸ ਤੋਂ ਪਾਸਾ ਵੱਟ ਲਈਏ ? ਮੈਨੂੰ ਤਾਂ ਕਦੇ ਕਦੇ ਆਪਣੇ ਪਿਓ ਤੇ ਵੀ ਬਹੁਤ ਗੁੱਸਾ ਆਉਂਦਾ ਇੰਜ ਲੱਗਦੈ ਜਿਵੇੰ ਉਹ ਵੀ ਕਤਰਾਉਂਦਾ ਏ ਮੇਰੀ ਭੂਆ ਨਾਲ ਗੱਲ ਕਰਨ ਤੋਂ । ਇਹ ਮੇਰੇ ਪਿਓ ਦੀ ਓਹੀ ਲਾਡਲੀ ਭੈਣ ਹੈ ਜਿਹਨੂੰ ਮੇਰਾ ਪਿਓ ਕਦੇ ਮੇਰੇ ਨਾਲੋਂ ਵੀ ਵੱਧ ਪਿਆਰ ਕਰਦਾ ਸੀ ਤੇ ਮੈਂ ਆਪਣੇ ਪਿਓ ਦਾ ਆਪਣੇ ਨਾਲੋੰ ਵੱਧ ਕਿਸੇ ਹੋਰ ਨਾਲ ਮੋਹ ਵੇਖ ਖਿੱਝ ਜਾਂਦੀ ਸਾਂ ਪਰ ਅੱਜ ਮੇਰੇ ਲਈ ਇਹ ਸਹਿਣਾ ਔਖਾ ਹੋਇਆ ਪਿਆ ਕਿ ਮੇਰੀ ਉਸ ਭੂਆ ਤੋ ਮੇਰੇ ਮਾਂ ਪਿਉ ਨੇ ਅਚਾਨਕ ਮੁੱਖ ਕਿਉਂ ਮੋੜ ਲਿਆ ? ਮੈਨੂੰ ਸਮਝ ਨਹੀਂ ਆਉਂਦਾ ਕਿ ਅਜਿਹਾ ਅਚਾਨਕ ਇਕਦਮ ਹੋ ਕੀ ਗਿਆ ? ਐਨੇ ਗੂੜ੍ਹੇ ਰਿਸ਼ਤਿਆਂ ਵਿੱਚ ਐਨੀ ਵਿੱਥ ਦਾ ਪੈ ਜਾਣਾ ? ਰੱਬ ਦੀ ਕਰੀ ਤਾਂ ਬੰਦਾ ਰੋ ਪਿੱਟ ਕੇ ਜਰ ਹੀ ਲੈਂਦਾ ਪਰ ਆਪਣਿਆਂ ਦਾ ਕੀਤਾ ਧੱਕਾ ਜਰਨਾ ਬਹੁਤ ਔਖਾ ਹੁੰਦੈ। ਮੈਂ ਬਹੁਤ ਹੈਰਾਨ ਹੁੰਦੀ ਆਪਣੀ ਭੂਆ ਦਾ ਜੇਰਾ ਵੇਖ ਕੇ ਕਿਵੇਂ ਜਰ ਗਈ ਸਾਰਾ ਕੁਝ ? ਜਦੋੰ ਮੈੰ ਭੂਆ ਦੀਆਂ ਅੱਖਾਂ ਵੱਲ ਵੇਖਦੀ ਤਾਂ ਮੈਨੂੰ ਭੂਆ ਦੀਆਂ ਅੱਖਾਂ ਵਿੱਚ ਆਪਣੇ ਲਈ ਬਹੁਤ ਮੋਹ ਤਰਦਾ ਨਜ਼ਰ ਆਉੰਦਾ । ਭਾਵੇਂ ਭੂਆ ਦੀਆਂ ਅੱਖਾਂ ‘ਚ ਉਹ ਪਹਿਲਾਂ ਵਾਲੀ ਚਮਕ ਨਹੀਂ ਰਹੀ ਜਿਹੜੀ ਚਮਕ ਲਾਲੀ ਵੀਰੇ ਦੇ ਹੁੰਦਿਆਂ ਹੁੰਦੀ ਸੀ। ਲਾਲੀ ਵੀਰੇ ‘ਚ ਭੂਆ ਦੀ ਜਾਨ ਵਸਦੀ ਸੀ । ਭੂਆ ਵੀ ਵੀਰੇ ਦੇ ਮਗਰ ਮਗਰ ਆ ਗਈ ਸੀ ਆਸਟ੍ਰੇਲੀਆ , ਇਹ ਸੋਚ ਕੇ ਕਿ ਵੀਰਾ ਖ਼ਬਰੇ ਰੋਟੀ ਖਾਂਦਾ ਵੀ ਹੈ ਚੱਜ ਨਾਲ ਕਿ ਨਹੀਂ ? ਕਹਿੰਦੀ ਸੀ ਆਪਣੇ ਹੱਥਾਂ ਨਾਲ ਪਕਾ ਕੇ ਦਿਆ ਕਰਾਂਗੀ ਗਰਮ ਗਰਮ ਰੋਟੀਆਂ ਪਰ ਉਹਨੂੰ ਕੀ ਪਤਾ ਸੀ ਜਿਹਨੂੰ ਗਰਮਾ ਗਰਮ ਰੋਟੀਆਂ ਦੇਣੀਆਂ ਉਹ ਤਾਂ ?
ਮੇਰੀ ਭੂਆ ਇੰਡੀਆ ਤੋਂ ਆਸਟ੍ਰੇਲੀਆ ਆਈ ਹੋਈ ਅੱਜਕੱਲ੍ਹ ਆਪਣੇ ਪੁੱਤ ਦੇ ਘਰ ਠਹਿਰੀ ਹੋਈ ਹੈ। ਪੁੱਤ ! ਉਹੀ ਪੁੱਤ ਜਿਹੜਾ ਕਦੋਂ ਦਾ ਸਿਵਿਆਂ ਦੀ ਰਾਖ਼ ‘ਚ ਰਲ਼ ਗਿਆ । ਇੱਕੋ ਇੱਕ ਪੁੱਤ ਸੀ ਮੇਰੀ ਭੂਆ ਦਾ । ਚੌਵੀਆਂ ਸਾਲਾਂ ਦਾ ਗੱਭਰੂ । ਮੇਰੀ ਭੂਆ ਨੇ ਤਾਂ ਆਪਣੀ ਸਾਰੀ ਉਮਰ ਹੀ ਆਪਣੇ ਉਸ ਪੁੱਤ ਬਾਰੇ ਸੋਚ ਸੋਚ ਕੇ ਕੱਢ ਦਿੱਤੀ । ਸੋਚਦੀ ਸੀ ਆਪਣੇ ਪੁੱਤ ਨੂੰ ਵਿਆਹ ਕੇ ਨੂੰਹ ਵਾਲੀ ਬਣ ਜਾਉੂ਼ਂਗੀ ਤੇ ਫੇਰ ਪੋਤੇ ਪੋਤੀਆਂ ‘ਚ ਖੇਡਦੀ ਖੇਡਦੀ ਆਪਣੇ ਹੰਢਾਏ ਦੁੱਖਾਂ ਨੂੰ ਕਿਹਨੇ ਚੇਤੇ ਰੱਖਣਾ ? ਪਰ ਬੇਚਾਰੀ ਨੂੰ ਕੀ ਪਤਾ ਸੀ ? ਐਨੀ ਮਾੜੀ ਤਾਂ ਰੱਬ ਕਿਸੇ ਦੁਸ਼ਮਣ ਨਾਲ ਵੀ ਨਾ ਕਰੇ । ਸੋਚ ਕੇ ਮੇਰੇ ਬੁੱਲ ਮੇਰੇ ਦੰਦਾਂ ਵਿੱਚ ਟੁੱਕੇ ਗਏ।
ਮੇਰੀ ਭੂਆ ਜਿਹੜੀ ਮਸਾਂ ਈ ਅਠਾਈ ਕੁ ਵਰ੍ਹਿਆਂ ਦੀ ਸੀ , ਜਦੋਂ ਉਹਦੇ ਨਾਲ ਲਾਵਾਂ ਲੈਣ ਵਾਲੇ ਦੀਆਂ ਸਾਹਾਂ ਦੀਆਂ ਤੰਦਾਂ ਟੁੱਟ ਗਈਆਂ । ਭੂਆ ਨੂੰ ਮਿੰਟ ਨਈ ਲੱਗਿਆ ਸੁਹਾਗਣ ਤੋਂ ਵਿਧਵਾ ਹੋਣ ‘ਚ । ਉਹ ਤਾਂ ਉੱਦਣ ਬੜੀ ਖੁਸ਼ ਸੀ ਕਿਉਂਕਿ ਪੰਜ ਵਰ੍ਹੇ ਜੋ ਹੋ ਗਏ ਸਨ ਭੂਆ ਨੂੰ ਫੁੱਫੜ ਦੇ ਲੜ ਲੱਗਿਆ । ਇਨ੍ਹਾਂ ਪੰਜ ਵਰ੍ਹਿਆਂ ‘ਚ ਉਹਨੇ ਆਪਣੇ ਪਤੀ ਨਾਲ ਕਦੇ ਲੜ ਕੇ ਨਹੀਂ ਸੀ ਵੇਖਿਆ । ਫੁੱਫੜ ਜੀ ਵੀ ਭੂਆ ਦੀ ਹਰ ਹਾਂ ‘ਚ ਹਾਂ ਮਿਲਾਉਂਦੇ । ਬਹੁਤ ਗੂੜ੍ਹਾ ਪਿਆਰ ਸੀ ਇਨ੍ਹਾਂ ਦੋਵਾਂ ‘ਚ । ਸ਼ਾਇਦ ਇੰਨਾ ਕੁ ਈ ਸੀ। ਉਸ ਸ਼ਾਮ ਭੂਆ ਉਡੀਕ ਰਹੀ ਸੀ ਆਪਣੀਆ ਖੁਸ਼ੀਆਂ ਨੂੰ , ਆਪਣੇ ਜੀਵਨ ਸਾਥੀ ਨੂੰ। ਪਰ ਭੂਆ ਨੂੰ ਕੀ ਪਤਾ ਸੀ ਕਿ ਇਹ ਉਡੀਕ ਉਮਰਾਂ ਦੀ ਉਡੀਕ ਬਣ ਜਾਣੀ। ਉਸ ਸ਼ਾਮ ਭੂਆ ਦੀ ਜ਼ਿੰਦਗੀ ‘ਚ ਅਜਿਹਾ ਹਨੇਰਾ ਪਸਰਿਆ ਜਿਹੜਾ ਭੂਆ ਦੀ ਜ਼ਿੰਦਗੀ ‘ਚ ਪੱਕੇ ਪੈਰ ਪਸਾਰ ਕੇ ਬੈਠ ਗਿਆ । ਉਸ ਦਿਨ ਘਰ ਫੁੱਫੜ ਜੀ ਨਹੀਂ ਆਏ ਉਨ੍ਹਾ ਦੀ ਲਾਸ਼ ਹੀ ਆਈ । ਲਾਸ਼ ਵੀ ਇਸ ਹਾਲਤ ਵਿੱਚ ਜਿਸ ਨੂੰ ਵੇਖਿਆ ਵੀ ਨਹੀਂ ਸੀ ਜਾ ਸਕਦਾ । ਕੋਈ ਟਰੱਕ ਵਾਲਾ ਦਰੜ ਕੇ ਚਲਿਆ ਗਿਆ ਸੀ ਭੂਆ ਦੀਆਂ ਖ਼ੁਸ਼ੀਆਂ,ਉਸ ਦੀਆਂ ਸੱਧਰਾਂ ਨੂੰ ਤੇ ਉਸ ਦੇ ਸੁਪਨਿਆਂ ਨੂੰ। ਫੁੱਫੜ ਜੀ ਦੇ ਤੁਰ ਜਾਣ ਮਗਰੋਂ ਭੂਆ ਜਿਵੇਂ ਪੱਥਰ ਦੀ ਬਣ ਗਈ ਹੋਵੇ । ਉਹਨੂੰ ਕੋਈ ਸੁੱਧ ਬੁੱਧ ਨਹੀਂ ਸੀ ਰਹਿੰਦੀ । ਬੀਬੀ ਦੱਸਦੀ ਹੁੰਦੀ ਉਦੋਂ ਭੂਆ ਦੀ ਕੁੜੀ ਮਹਿਕ ਮਸਾਂ ਹੀ ਡੇਢ ਕੁ ਸਾਲਾਂ ਦੀ ਸੀ ਤੇ ਲਾਲੀ ਵੀਰਾ ਚਾਰ ਕੁ ਸਾਲਾਂ ਦਾ । ਮੇਰੇ ਦਾਦਾ ਦਾਦੀ ਤੇ ਮੇਰੀ ਭੂਆ ਦੇ ਰੱਬ ਵਰਗੇ ਸੱਸ ਸਹੁਰੇ ਨੇ ਬਥੇਰਾ ਜ਼ੋਰ ਲਾਇਆ ਕਿ ਦੁਬਾਰਾ ਭੂਆ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਰੰਗ ਭਰੇ ਜਾਣ । ਪਰ ਭੂਆ ਹਮੇਸ਼ਾਂ ਆਖਦੀ ਜਦੋਂ ਇੱਕ ਵਾਰ ਜ਼ਿੰਦਗੀ ਦੇ ਰੰਗ ਉੱਡ ਜਾਣ ਤਾਂ ਫ਼ਿੱਕੇ ਹੋਏ ਰੰਗਾਂ ‘ਚ ਕੋਈ ਰੰਗ ਨਹੀਂ ਜੱਚਦਾ । ਫਿੱਕੇ ਰੰਗਾਂ ਨਾਲ ਸਾਂਝ ਪਾ ਕੇ ਹੀ ਮੈਂ ਆਪਣੀ ਜ਼ਿੰਦਗੀ ਕੱਢ ਲੈਣੀ । ਨਾਲੇ ਸੁੱਖ ਨਾਲ ਮੈਨੂੰ ਕਾਹਦਾ ਘਾਟਾ ? ਰੱਬ ਨੇ ਇੱਕ ਧੀ ਤੇ ਪੁੱਤ ਦਿੱਤਾ । ਉਨ੍ਹਾਂ ਨਾਲ ਹੀ ਮੇਰੀ ਜ਼ਿੰਦਗੀ ਦੇ ਰੰਗ ਭਰ ਜਾਣੇ ।
ਭੂਆ ਨੂੰ ਤਿੰਨ ਚਾਰ ਵਰ੍ਹੇ ਲੱਗ ਗਏ ਆਪਣੇ ਆਪ ਨੂੰ ਸੰਭਾਲਦਿਆਂ ਸੰਭਾਲਦਿਆਂ । ਉਦੋੰ ਤੱਕ ਮਹਿਕ ਵੀ ਸਕੂਲ ਜਾਣ ਲੱਗੀ ਤੇ ਲਾਲੀ ਵੀਰਾ ਵੀ ਤੀਜੀ ਜਮਾਤ ਵਿੱਚ ਹੋ ਗਿਆ । ਭੂਆ ਦੀ ਸੱਸ ਬਹੁਤ ਚੰਗੀ ਸੀ ਉਹਨੇ ਤਾਂ ਭੂਆ ਨੂੰ ਆਪਣੀ ਧੀਆਂ ਨਾਲੋਂ ਵੀ ਵੱਧ ਪਿਆਰਿਆ । ਭੂਆ ਦਾ ਦਿਓਰ ਦਰਾਣੀ ਵੀ ਭੂਆ ਦੀ ਬਹੁਤ ਇੱਜ਼ਤ ਕਰਦੇ । ਭੂਆ ਲਈ ਉਹ ਆਪਣੇ ਭੈਣ ਭਰਾਵਾਂ ਨਾਲੋਂ ਵੀ ਵੱਧ ਸਨ । ਚੰਗੀ ਪ੍ਰਾਪਰਟੀ ਬਣਾਈ ਹੋਈ ਸੀ ਫੁੱਫੜ ਜੀ ਨੇ । ਉਨ੍ਹਾਂ ਦਾ ਕੰਮ ਧੰਦਾ ਬਹੁਤ ਚੰਗਾ ਸੀ । ਪਰ ਦਿਓਰ ਨੇ ਕਦੇ ਵੀ ਉਨ੍ਹਾਂ ਦੀ ਕਿਸੇ ਵੀ ਪ੍ਰਾਪਰਟੀ ਤੇ ਹੱਕ ਨਹੀਂ ਜਤਾਇਆ । ਸ਼ਹਿਰ ਵਿਚ ਤਿੰਨ ਦੁਕਾਨਾਂ ਕਿਰਾਏ ਤੇ ਚੜ੍ਹਾਈਆਂ ਹੋਈਆਂ ਸਨ ਅਤੇ ਇੱਕ ਕੋਠੀ ਵੀ ਖ਼ਰੀਦੀ ਹੋਈ ਸੀ । ਕੋਠੀ ਵੀ ਕਿਰਾਏ ਤੇ ਚੜ੍ਹਾ ਦਿੱਤੀ ਗਈ । ਦੁਕਾਨਾਂ ਅਤੇ ਕੋਠੀ ਦੇ ਕਿਰਾਏ ਵੱਲ ਕਦੇ ਵੀ ਕਿਸੇ ਨੇ ਝਾਕ ਨਹੀਂ ਰੱਖੀ । ਉਹ ਰੁਪਏ ਆਏ ਮਹੀਨੇ ਭੂਆ ਦੇ ਹੱਥ ਤੇ ਧਰੇ ਜਾਂਦੇ ਸਨ । ਭੂਆ ਦੇ ਸਹੁਰੇ ਨੇ ਘਰ ਦਾ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਆਪੇ ਚੁੱਕਿਆ ਹੋਇਆ ਸੀ । ਭੂਆ ਨੂੰ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਇੱਕੋ ਕਮੀ ਸੀ ਜਿਹੜੀ ਕਦੇ ਪੂਰੀ ਨਹੀਂ ਸੀ ਹੋ ਸਕਦੀ ਕਿਉਂਕਿ ਜੀਆਂ ਦਾ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੁੰਦੈ।
ਭੂਆ ਹਾਲੇ ਜੀਣਾ ਸਿੱਖ ਹੀ ਰਹੀ ਸੀ ਮਹਿਕ ਅਤੇ ਲਾਲੀ ਨੂੰ ਵੇਖ ਵੇਖ । ਪਰ ਸ਼ਾਇਦ ਜ਼ਿੰਦਗੀ ਨੂੰ ਭੂਆ ਦਾ ਜਿਉਣ ਦਾ ਇਹ ਢੰਗ ਵੀ ਪਸੰਦ ਨਹੀਂ ਆਇਆ । ਇਕ ਹੋਰ ਚਿੰਗਿਆੜੀ ਬੈਠੀ ਹੋਈ ਸੀ ਭੂਆ ਦੇ ਲੇਖਾਂ ਕੋਲ , ਜਿਹੜੀ ਬੇਵਕਤ ਮੱਚ ਗਈ ਇੱਕ ਵਾਰ ਫੇਰ ਭੂਆ ਦੀਆਂ ਖੁਸ਼ੀਆਂ ਤੇ ਸੱਥਰ ਵਿਛਾਉਣ ਲਈ। ਇਸ ਵਾਰ ਕਿਸਮਤ ਨੇ ਭੂਆ ਦੇ ਲੇਖਾਂ ਵਿੱਚੋੰ ਧੀ ਨਾਂ ਦੀ ਲਕੀਰ ਵੱਢ ਪਰ੍ਹਾਂ ਸੁੱਟ ਦਿੱਤੀ । ਬਹੁਤ ਰੋਈ ਮੇਰੀ ਭੂਆ , ਧੀ ਲਈ ਬਹੁਤ ਤੜਪੀ, ਪਰ ਟੁੱਟੀਆਂ ਗੰਢਾਂ ਕਦੋੰ ਜੁੜਦੀਆਂ । ਮਹਿਕ ਦੇ ਸਾਹ ਵੀ ਪਲ਼ਾਂ ਵਿੱਚ ਧੋਖਾ ਦੇ ਗਏ ਭੂਆ ਨੂੰ । ਇੱਕ ਦਿਨ ਮਾੜਾ ਜਿਹਾ ਤਾਪ ਹੋਇਆ ਤੇ ਦੂਜੇ ਦਿਨ ਟੱਟੀਆਂ ਉਲਟੀਆਂ ਨੇ ਖਾ ਲਈ ਮਹਿਕ। ਡਾਕਟਰ ਨੇ ਮਿੰਟ ਲਾਇਆ ਨਾਂਹ ਵਿੱਚ ਸਿਰ ਮਾਰਨ ਨੂੰ । ਆਖਣ ਲੱਗਾ ,” ਹੁਣ ਕੁਝ ਨਈ ਬਚਿਆ ਇਹਦੇ ‘ਚ । ਲੈ ਜਾਓ ਘਰ ।” ਬਥੇਰਾ ਰੋਈ ਮੇਰੀ ਭੂਆ । ਡਾਕਟਰ ਦੇ ਮੁੂਹਰੇ ਹੱਥ ਜੋੜ ਤਰਲੇ ਮਿੰਨਤਾਂ ਕਰਨ ਲੱਗੀ ਕਿ ਮੇਰੀ ਧੀ ਨੂੰ ਬਚਾ ਲਓ ਤੇ ਡਾਕਟਰ ਆਖਣ ਲੱਗਾ ,”ਜੇ ਕੁਝ ਹੁੰਦਾ ਇਹਦੇ ਵਿੱਚ ਤਾਂ ਅਸੀਂ ਪੂਰੀ ਵਾਹ ਲਾ ਦਿੰਦੇ ਪਰ ਹੁਣ ਮਰੀ ਮੁੱਕੀ ‘ਚ ਸਾਹ ਕਿੱਥੋੰ ਭਰੀਏ ।” ਮੇਰੀ ਭੂਆ ਨੇ ਪਹਾੜ ਜਿੱਡਾ ਜੇਰਾ ਕਰ ਇਹ ਦੁੱਖ ਵੀ ਜਰ ਲਿਆ । ਹੁਣ ਉਹਦੀ ਰੂਹ ਦੀਆਂ ਤੰਦਾਂ ਉਹਦੇ ਪੁੱਤ ਨਾਲ ਬੱਝੀਆਂ ਰਹਿ ਗਈਆਂ ।
ਭੂਆ ਸੰਝ ਸਵੇਰ ਰੱਬ ਅੱਗੇ ਅਰਦਾਸਾਂ ਕਰਦੀ ਪੁੱਤ ਦੀਆਂ ਲੰਬੀਆਂ ਉਮਰਾਂ ਦੀ । ਹੋਰ ਬਚਿਆ ਵੀ ਕੀ ਸੀ ਉਹਦੇ ਕੋਲ ? ਇਕ ਪੁੱਤ ਹੀ ਤਾਂ ਸੀ । ਲਾਡਾਂ ਚਾਵਾਂ ਨਾਲ ਪੜ੍ਹਾਇਆ ਲਿਖਾਇਆ ਬਾਰ੍ਹਵੀਂ ਕਰਵਾਈ । ਪੁੱਤ ਹੁਣ ਉਡਾਰ ਹੋ ਗਿਆ ਸੀ ਤੇ ਆਪਣੀਆਂ ਮਨਮਰਜ਼ੀਆਂ ਕਰਨੀਆਂ ਵੀ ਉਹਨੇ ਸਿੱਖ ਲਈਆਂ ਸਨ । ਭੂਆ ਦੇ ਮਾਂ ਪਿਓ ਤੇ ਵੱਡਾ ਭਰਾ ਯਾਨੀ ਮੇਰਾ ਪਿਓ ਆਸਟ੍ਰੇਲੀਆ ਵੱਸਦੇ ਹਨ । ਲਾਲੀ ਦੇ ਮਨ ਵਿਚ ਵੀ ਰੀਝਾਂ ਉੱਗ ਪਈਆਂ ਆਸਟ੍ਰੇਲੀਆ ਆਉਣ ਦੀਆਂ । ਭਾਵੇਂ ਭੂਆ ਭੋਰਾ ਹੱਕ ਵਿੱਚ ਨਹੀਂ ਸੀ ਆਪਣਾ ਘਰ ਬਾਰ ਛੱਡ ਕੇ ਬਾਹਰ ਆਉਣ ਦੇ । ਪਰ ਜਵਾਨ ਪੁੱਤ ਦੀਆਂ ਰੀਝਾਂ ਮੁਹਰੇ ਬੇਵੱਸ ਹੋ ਕੇ ਹਾਮੀ ਭਰ ਦਿੱਤੀ । ਪਹਿਲਾਂ ਪੁੱਤ ਬਾਹਰ ਤੋਰਿਆ ਤੇ ਮਗਰ ਮਗਰ ਆਪ ਵੀ ਆ ਗਈ । ਜਦੋਂ ਲਾਲੀ ਸਾਡੇ ਕੋਲ ਆਇਆ ਉਦੋਂ ਮੇਰੇ ਮਾਂ ਪਿਓ ਬਹੁਤ ਖੁਸ਼ ਸਨ । ਉਦੋਂ ਹੀ ਕਿਉਂ ਉਸ ਤੋਂ ਪਹਿਲਾਂ ਵੀ ਮੇਰੇ ਮਾਂ ਪਿਉ ਮੇਰੀ ਭੂਆ ਨੂੰ ਬਹੁਤ ਮੋਹ ਕਰਦੇ ਸਨ । ਕੋਈ ਦਿਨ ਅਜਿਹਾ ਨਹੀਂ ਸੀ ਲੰਘਦਾ ਜਿੱਦਣ ਭੂਆ ਨਾਲ ਫ਼ੋਨ ਤੇ ਗੱਲ ਨਾ ਹੋਈ ਹੋਵੇ। ਜਦੋਂ ਵੀ ਅਸੀਂ ਇੰਡੀਆ ਜਾਂਦੇ ਮੇਰੀ ਮਾਂ ਭੂਆ ਲਈ ਵਧੀਆ ਤੋਂ ਵਧੀਆ ਤੋਹਫ਼ੇ ਲੈ ਕੇ ਜਾਂਦੀ। ਭੂਆ ਵੀ ਮੇਰੇ ਮਾਂ ਪਿਓ ਨੂੰ ਤੇ ਮੈਨੂੰ ਆਪਣੀਆਂ ਅੱਖਾਂ ਤੇ ਬਿਠਾ ਕੇ ਰੱਖਦੀ । ਮੈਨੂੰ ਤਾਂ ਬਹੁਤਾ ਹੀ ਲਾਡ ਲਡਾਓਂਦੀ । ਉਦੋਂ ਮੇਰੇ ਮਾਂ ਪਿਓ ਨੂੰ ਕਦੇ ਬੁਰਾ ਨਹੀਂ ਲੱਗਿਆ । ਹੁਣ ਪਤਾ ਨਹੀਂ ਕੀ ਹੋ ਗਿਆ ? ਹੁਣ ਜਦੋਂ ਮੇਰੀ ਭੂਆ ਮੇਰੇ ਨਾਲ ਲਾਡ ਨਾਲ ਗੱਲਾਂ ਕਰਦੀ ਤੇ ਮੈਂਨੂੰ ਵੀ ਉਹਦੇ ਤੇ ਮੋਹ ਆਉਂਦਾ ਤਾਂ ਮੇਰੇ ਮਾਂ ਪਿਓ ਦੀਆਂ ਅੱਖਾਂ ਵਿੱਚ ਮੈਨੂੰ ਅਜੀਬ ਜਿਹੇ ਡਰ ਦਾ ਪਰਛਾਵਾਂ ਨਜ਼ਰ ਆਉਣ ਲੱਗਦਾ...

। ਮੈੰ ਆਪਣੇ ਮਾਂ ਪਿਓ ਤੋਂ ਕਿੰਨੀ ਵਾਰ ਪੁੱਛ ਚੁੱਕੀ ਹਾਂ ਕਿ ਆਖਿਰ ਅਜਿਹਾ ਕੀ ਹੋ ਗਿਆ ? ਤੁਸੀਂ ਭੂਆ ਤੋਂ ਮੂੰਹ ਕਿਉਂ ਵੱਟ ਰਹੇ ਹੋ ? ਉਹ ਬੇਚਾਰੀ ਤਾਂ ਪਹਿਲਾਂ ਹੀ ਰੱਬ ਦੀ ਮਾਰੀ ਹੋਈ ਪਰ ਤੁਸੀ ਉਸ ਨਾਲੋਂ ਆਪਣਾ ਤੇ ਮੇਰਾ ਮੋਹ ਤੋੜ ਕੇ ਉਹਨੂੰ ਮੌਤ ਤੋਂ ਪਹਿਲਾਂ ਹੀ ਕਿਉਂ ਮਾਰਨਾ ਚਾਹੁੰਦੇ ਹੋ ? ਪਰ ਉਨ੍ਹਾਂ ਕੋਲ ਮੇਰੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ । ਜਵਾਬ ਤਾਂ ਬੀਬੀ ਤੇ ਬਾਪੂ ਜੀ ਕੋਲ ਵੀ ਨਹੀਂ ਫਿਰ ਕੀਹਨੂੰ ਪੁੱਛਾਂ ਮੈੰ ? ਮੈਨੂੰ ਕੁਝ ਸਮਝ ਨਹੀਂ ਆਉੰਦਾ ।
ਭੂਆ ਨੇ ਲਾਲੀ ਨੂੰ ਸਾਡੇ ਕੋਲ ਭੇਜਿਆ। ਪਰ ਛੇਤੀ ਹੀ ਲਾਲੀ ਨੂੰ ਪਾਪਾ ਨੇ ਵੱਖਰਾ ਘਰ ਲੈ ਦਿੱਤਾ । ਬੀਬੀ ਤੇ ਬਾਪੂ ਜੀ ਵੀ ਲਾਲੀ ਨਾਲ ਰਹਿਣ ਲੱਗੇ ਆਖ਼ਰ ਨਾਨਾ ਨਾਨੀ ਸਨ ਲਾਲੀ ਦੇ ਇੰਜ ਦੋਹਤੇ ਨੂੰ ਕਿਵੇਂ ‘ਕੱਲਾ ਛੱਡ ਸਕਦੇ ਸਨ ? ਤੇ ਭੂਆ ਵੀ ਆ ਗਈ ਆਪਣੇ ਪੁੱਤ ਕੋਲ । ਜ਼ਿੰਦਗੀ ਸੋਹਣੀ ਤੁਰ ਪਈ । ਭੂਆ ਦੇ ਦਿਓਰ ਦੇ ਪੁੱਤ ਦਾ ਵਿਆਹ ਵੀ ਆ ਗਿਆ । ਭੂਆ ਨੇ ਵਿਆਹ ‘ਚ ਸਾਂਝ ਪਾਉਣਾ ਆਪਣਾ ਫ਼ਰਜ਼ ਸਮਝਿਆ ਤੇ ਆਪਣੇ ਫ਼ਰਜ਼ ਨੂੰ ਨਿਭਾਉਣ ਲਈ ਆ ਗਈ ਇੰਡੀਆ । ਲਾਲੀ ਵੀ ਮੰਗਿਆ ਹੋਇਆ ਸੀ ਤੇ ਵਿਆਹ ਦੇ ਦਿਨ ਹਾਲੇ ਧਰਨੇ ਸਨ ਪਰ ਉਹਨੂੰ ਕੀ ਪਤਾ ਸੀ ਕਿ ਇਹ ਦਿਨ ਕਦੇ ਨਹੀਂ ਧਰੇ ਜਾਣੇ । ਭੂਆ ਨੂੰ ਇੰਡੀਆ ਆਏ ਦੋ ਦਿਨ ਹੀ ਹੋਏ ਸਨ ਕਿ ਨਾਲ ਹੀ ਖਬਰ ਆ ਗਈ ਕਿ ਲਾਲੀ ਦੇ ਸੱਟ ਲੱਗੀ । ਭੂਆ ਉਹਨੀ ਪੈਰੀਂ ਟਿਕਟ ਕਰਾ ਵਾਪਸ ਆ ਪਹੁੰਚੀ ਆਸਟ੍ਰੇਲੀਆ । ਇੱਕ ਵਾਰ ਫੇਰ ਮੌਤ ਜਿੱਤ ਗਈ ਤੇ ਜ਼ਿੰਦਗੀ ਹਾਰ ਗਈ । ਭੂਆ ਨੂੰ ਪੁੱਤ ਨਹੀਂ ਪੁੱਤ ਦੀ ਲਾਸ਼ ਹੀ ਮਿਲੀ । ਉਹ ਵੀ ਪਿਓ ਵਰਗੀ ਕਿਸਮਤ ਹੀ ਲਿਖਵਾ ਕੇ ਲਿਆਇਆ ਸੀ ਤੇ ਕਿਸਮਤ ‘ਚ ਲਿਖਿਆ ਹੋਇਆ ਸੀ ਐਕਸੀਡੈਂਟ ।
ਭੂਆ ਦਾ ਸਭ ਕੁਝ ਲੁੱਟਿਆ ਗਿਆ ਸੀ । ਨਾ ਪੁੱਤ ਬਚਿਆ ਨਾ ਧੀ । ਸੰਨਤਾਲੀਆਂ ਸਾਲਾਂ ਦੀ ਉਮਰ ਵਿੱਚ ਭੂਆ ਖ਼ਾਲੀ ਹੋ ਕੇ ਬੈਠ ਗਈ । ਭੂਆ ਦਾ ਕਿੱਧਰੇ ਦਿਲ ਨ੍ਹੀਂ ਸੀ ਲੱਗਦਾ । ਹੁਣ ਭੂਆ ਜੇ ਮੇਰੇ ਨਾਲ ਆਪਣੇ ਦੁੱਖ ਸੁੱਖ ਸਾਂਝਾ ਕਰਦੀ ਹੈ ਤਾਂ ਪਤਾ ਨਹੀਂ ਕਿਉਂ ਮੇਰੇ ਮੰਮੀ ਪਾਪਾ ਭੂਆ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਨੇ ਜਿਵੇਂ ਉਹ ਡਰਦੇ ਨੇ ਕਿ ਕਿਧਰੇ ਮੈਨੂੰ ਮੇਰੀ ਭੂਆ ਉਹਨਾਂ ਕੋਲੋਂ ਖੋਹ ਨਾ ਲਏ। ਮੈਨੂੰ ਤਰਸ ਆਉੰਦੈ ਆਪਣੇ ਮਾਂ ਪਿਓ ਦੀਆਂ ਇਨ੍ਹਾਂ ਅਜੀਬ ਗੱਲਾਂ ਤੇ । ਭਲਾ ਐਦਾਂ ਵੀ ਕਦੇ ਹੁੰਦੈ ? ਕੌਣ ਕਿਸੇ ਦੀ ਔਲਾਦ ਨੂੰ ਖੋਹ ਸਕਦਾ ? ਮੈੰ ਚਾਹੇ ਆਪਣੀ ਭੂਆ ਨਾਲ ਲਾਡ ਕਰਾਂ ਭਾਵੇਂ ਨਾ …ਧੀ ਤਾਂ ਆਪਣੇ ਮਾਪਿਆਂ ਦੀ ਹੀ ਰਹਾਂਗੀ । ਪਰ ਕਿੰਜ ਸਮਝਾਵਾਂ ਮੇਰੇ ਵਸ ਤੋਂ ਬਾਹਰੀ ਗੱਲ ਐ ਇਹ ਤਾਂ ।
ਮੇਰੇ ਮਾਂ ਪਿਓ ਦੇ ਰੁੱਖੇ ਵਤੀਰੇ ਤੋਂ ਦੁਖੀ ਹੋ ਭੂਆ ਇੰਡੀਆ ਚਲੀ ਗਈ । ‘ਕੱਲੀ ਜਾਨ ਘਰ ਵੱਢ ਖਾਣ ਨੂੰ ਆਵੇ । ਭੂਆ ਮੇਰੇ ਤਾਏ ਘਰ ਚਲੀ ਗਈ ਆਖ਼ਿਰ ਉਹਦਾ ਵੱਡਾ ਭਰਾ ਸੀ । ਭਰਾ ਵੀ ਬੜਾ ਮੋਹ ਦਿਖਾਉਂਦਾ ਸੀ ਕਿ ਭੈਣ ਥੋੜ੍ਹੇ ਦਿਨ ਸਾਡੇ ਘਰ ਆ ਕੇ ਰਹਿ ਤੇਰਾ ਮਨ ਬਦਲ ਜਾਊਂਗਾ। ਪਰ ਭੂਆ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੀ ਨੀਅਤ ਬਦਲ ਜਾਊਂਗੀ । ਉਨ੍ਹਾਂ ਭੂਆ ਨੂੰ ਹੱਥ ‘ਚ ਕਰ ਦੋ ਦੁਕਾਨਾਂ ਆਪਣੇ ਨਾਂ ਕਰਾਉਣ ਨੂੰ ਦੇਰ ਨਾ ਲਾਈ । ਜਦੋਂ ਦੁਕਾਨਾਂ ਉਨ੍ਹਾਂ ਦੇ ਨਾਂ ਹੋ ਗਈਆਂ ਤਾਂ ਆਪੇ ਭੂਆ ਨੂੰ ਉਹਦੇ ਘਰ ਛੱਡ ਆਏ । ਮੁੜ ਕੇ ਕੀਹਨੇ ਸਾਰ ਲੈਣੀ ਸੀ ? ਮੁੜ ਕਿਸੇ ਭਰਾ ਭਤੀਜੇ ਨਾ ਪੁੱਛਿਆ । ਹੁਣ ਤਾਂ ਨਾ ਭੂਆ ਦੀ ਸੱਸ ਸੀ ਨਾ ਸਹੁਰਾ ਉਹ ਤਾਂ ਕਦੋਂ ਦੇ ਮਰ ਮੁੱਕ ਗਏ ਸਨ । ਦਿਉਰ ਦਿਉਰਾਣੀ ਭਾਵੇਂ ਬਥੇਰੇ ਚੰਗੇ ਸਨ ਪਰ ਭੂਆ ਦਾ ਭਰੋਸਾ ਟੁੱਟ ਗਿਆ ਸੀ ਆਪਣੇ ਭਰਾ ਭਤੀਜੇ ਤੋਂ ਖਾਧੀ ਸੱਟ ਕਾਰਨ । ਐਧਰ ਬੀਬੀ ,ਬਾਪੂ ਜੀ ਨੂੰ ਆਪਣੀ ਧੀ ਦੀ ਫ਼ਿਕਰ ਸੀ ਉਨ੍ਹਾਂ ਭੂਆ ਨੂੰ ਆਪਣੇ ਲਾਡ ਦਾ ਵਾਸਤਾ ਦੇ ਆਪਣੇ ਕੋਲ ਵਾਪਸ ਸੱਦ ਲਿਆ।
ਜਦੋਂ ਬੀਜੀ ,ਬਾਪੂ ਜੀ ਨੇ ਭੂਆ ਨੂੰ ਵਾਪਸ ਸੱਦਿਆ ਉਦੋਂ ਵੀ ਸਾਡੇ ਘਰ ਬਹੁਤ ਕਲੇਸ਼ ਪਿਆ । ਬੀਜੀ ਤੇ ਬਾਪੂ ਜੀ ਵੀ ਹੁਣ ਤਾਂ ਹੀ ਸਾਡੇ ਘਰ ਘੱਟ ਵੱਧ ਹੀ ਆਉਂਦੇ । ਜਿਆਦਾਤਰ ਲਾਲੀ ਵੀਰੇ ਦੇ ਘਰ ਹੀ ਰਹਿੰਦੇ ਨੇ । ਉੰਜ ਵੀ ਲਾਲੀ ਵੀਰੇ ਦੀਆਂ ਯਾਦਾਂ ਵੱਸੀਆਂ ਹੋਈਆਂ ਨੇ ਉਸ ਘਰ ਵਿੱਚ । ਜਦੋਂ ਮੈਂ ਵੀ ਉਧਰ ਜਾਣ ਦੀ ਗੱਲ ਕਰਦੀ ਹਾਂ ਤਾਂ ਮੰਮੀ ਪਾਪਾ ਜਿਨ੍ਹਾਂ ਮੈਨੂੰ ਕਦੇ ਝਿੜਕ ਕੇ ਨਹੀਂ ਸੀ ਵੇਖਿਆ ਗੁੱਸੇ ਨਾਲ ਆਖਦੇ ,” ਕੀ ਕਰਨ ਜਾਣਾ ਉੱਧਰ ?” ਮੇਰਾ ਜੀਅ ਕਰਦਾ ਕਿ ਮੈਂ ਉਨ੍ਹਾਂ ਨੂੰ ਪੁੱਛਾਂ ਕਿ ਆਖਰ ਗੱਲ ਕੀ ਹੈ ? ਪਰ ਉਨ੍ਹਾਂ ਦੇ ਉਤਰੇ ਚਿਹਰੇ ਵੇਖ ਮੇਰੇ ਮਨ ਵਿੱਚ ਆਏ ਅਨੇਕਾਂ ਪ੍ਰਸ਼ਨ ਮੇਰੇ ਗਲੇ ਵਿੱਚ ਹੀ ਡੁੱਬ ਜਾਂਦੇ। ਮੈਂ ਚੁੱਪੀ ਵੱਟ ਲੈਂਦੀ । ਕਦੀ ਕਦੀ ਮੈਂ ਸੋਚਦੀ ਕਿ ਮੇਰੇ ਤਾਏ ਵੱਲੋਂ ਭੂਆ ਤੋਂ ਹਥਿਆਈਆਂ ਦੋ ਦੁਕਾਨਾਂ ਕਾਰਨ ਹੀ ਤਾਂ ਨਹੀਂ ਵਿੱਥ ਪੈ ਗਈ ਰੂਹਾਂ ‘ਚ ? ਫਿਰ ਸੋਚਦੀ ਨਹੀਂ ਮੇਰੇ ਮਾਂ ਪਿਓ ਨੂੰ ਕਿਹੜੇ ਪੈਸੇ ਦਾ ਘਾਟਾ ? ਬਥੇਰੀ ਪ੍ਰਾਪਰਟੀ ਉਨ੍ਹਾਂ ਕੋਲ। ਉਹ ਤਾਂ ਆਪ ਤਾਏ ਨਾਲ ਨਾਰਾਜ਼ ਨੇ ਕਿ ਉਹਨੇ ਭੈਣ ਨਾਲ ਬੇਈਮਾਨੀ ਕੀਤੀ । ਕਿੱਥੇ ਲੈ ਕੇ ਜਾਣੀ ਜ਼ਮੀਨ ਜਾਇਦਾਦ ਕਿਸੇ ਦਾ ਦਿਲ ਦੁਖਾ ਕੇ ? ਐਨਾ ਤਾਂ ਮੈਨੂੰ ਵੀ ਭਰੋਸਾ ਆਪਣੇ ਮਾਂ ਪਿਓ ਤੇ ਕਿ ਉਹ ਕਿਸੇ ਨਾਲ ਵੀ ਬੇਈਮਾਨੀ ਨਹੀਂ ਕਰ ਸਕਦੇ । ਪਰ ਮੈਂ ਆਪਣੇ ਸੋਚਾਂ ਦੀਆਂ ਤੰਦਾਂ ਨੂੰ ਕੀ ਕਰਾਂ ? ਜਿਨ੍ਹਾਂ ਵਿਚ ਮੈਂ ਦਿਨ ਰਾਤ ਉਲਝਦੀ ਜਾ ਰਹੀ ਹਾਂ ।
ਅੱਜ ਮੈਂ ਬਿਨਾਂ ਕਿਸੇ ਨੂੰ ਦੱਸਿਆਂ ਬੀਬੀ ਬਾਪੂ ਜੀ ਨੂੰ ਮਿਲਣ ਜਾਣ ਬਾਰੇ ਸੋਚ ਰਹੀ ਸੀ । ਕਦੇ ਸੋਚਦੀ ਜਾਵਾਂ ਫਿਰ ਸੋਚਦੀ ਛੱਡ ਪਰ੍ਹਾਂ…ਘਰ ਵਿੱਚ ਕਲੇਸ਼ ਹੋਊਂਗਾ …ਕੀ ਫ਼ਾਇਦਾ ? ਫਿਰ ਸੋਚਿਆ ਜ਼ਰੂਰੀ ਦੱਸਣਾ ਕਿ ਬੀਬੀ ਬਾਪੂ ਜੀ ਕੋਲ ਜਾ ਰਹੀ ਹੈ ? … ਕਹਿ ਦਿਆਂਗੀ ਆਪਣੀ ਸਹੇਲੀ ਦੇ ਘਰ ਚੱਲੀ ਹੈ । ਮੈਂ ਆਪਣੇ ਮਨ ਦੀ ਗੱਲ ਮੰਨ ਲਈ ਅਤੇ ਆਪਣੀ ਮੰਮੀ ਨੂੰ ਦੱਸਿਆ ਕਿ ਮੈਂ ਆਪਣੀ ਸਹੇਲੀ ਹਰਜੋਤ ਨੂੰ ਮਿਲਣ ਜਾ ਰਹੀ । ਮੈਂ ਬੀਬੀ ਬਾਪੂ ਜੀ ਕੋਲ ਪਹੁੰਚ ਗਈ । ਭੂਆ ਜੀ ਕੋਲ ਲਾਲੀ ਵੀਰੇ ਦੀ ਮੰਗੇਤਰ ਆਈ ਹੋਈ ਸੀ । ਮੈਂ ਦੋ ਕੁ ਮਿੰਟ ਉਨ੍ਹਾਂ ਕੋਲ ਬੈਠੀ ਮੇਰਾ ਮਨ ਭਰ ਆਇਆ । ਮੈਂ ਸੋਚਿਆ ਬੀਜੀ ਬਾਪੂ ਜੀ ਕੋਲ ਜਾ ਕੇ ਬੈਠਦੀ ਹਾਂ । ਮੈਂ ਉਨ੍ਹਾਂ ਨੂੰ ਸਰਪ੍ਰਾਈਜ਼ ਦੇਣ ਦੇ ਇਰਾਦੇ ਨਾਲ ਦਰਵਾਜ਼ੇ ਦੇ ਬਾਹਰ ਹੀ ਖੜ੍ਹ ਗਈ ਤੇ ਸੋਚਣ ਲੱਗੀ ਕਿ ਕੀ ਕਹਾਂ ? ਮੈਂ ਬੀਜੀ ਬਾਪੂ ਜੀ ਦੀਆਂ ਜਿਹੜੀਆਂ ਗੱਲਾਂ ਸੁਣੀਆਂ ਉਨ੍ਹਾਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ । ਮੇਰੀਆਂ ਸੋਚਾਂ ਦੀਆਂ ਤੰਦਾਂ ਮੇਰੇ ਦਿਲ ਦਿਮਾਗ ਨਾਲ ਉਲਝ ਪਈਆਂ । ਮੈਨੂੰ ਇੰਜ ਲੱਗਿਆ ਜਿਵੇਂ ਮੇਰੇ ਪੈਰਾਂ ਥੱਲਿਓਂ ਕਿਸੇ ਨੇ ਜ਼ਮੀਨ ਖਿੱਚ ਲਈ । ਮੈਂ ਪਛਤਾ ਰਹੀ ਸਾਂ ਉਸ ਘੜੀ ਨੂੰ ਜਦੋਂ ਮੈਂ ਘਰੋਂ ਤੁਰੀ ਸਾਂ । ਮੇਰੇ ਸਾਹਮਣੇ ਮੇਰੀ ਜ਼ਿੰਦਗੀ ਦਾ ਇਕ ਬਹੁਤ ਵੱਡਾ ਭੇਤ ਖੁੱਲ੍ਹ ਗਿਆ ਸੀ । ਜਿਸ ਦਾ ਹਮੇਸ਼ਾਂ ਭੇਤ ਬਣਿਆ ਰਹਿਣਾ ਹੀ ਸ਼ਾਇਦ ਸਭ ਲਈ ਚੰਗਾ ਸੀ । ਮੈਨੂੰ ਅੱਜ ਸਮਝ ਆ ਗਈ ਸੀ ਆਪਣੇ ਮਾਂ ਬਾਪ ਦੀਆਂ ਅੱਖਾਂ ਵਿਚਲੇ ਡਰ ਦੀ । ਉਨ੍ਹਾਂ ਦਾ ਡਰ ਸੱਚਾ ਸੀ । ਉਹ ਡਰਦੇ ਸਨ ਮੇਰੇ ਤੇ ਉਸ ਔਰਤ ਵਿਚਲੇ ਵਧ ਰਹੇ ਪਿਆਰ ਨੂੰ ਵੇਖ ਕੇ ਕਿ ਮੈਂ ਕਿਤੇ ਉਸ ਔਰਤ ਕੋਲ ਹੀ ਨਾ ਚਲੀ ਜਾਵਾਂ ਕਿਉਂਕਿ ਉਹ ਔਰਤ ਮੇਰੀ ਭੂਆ ਨਹੀਂ ਮੈਨੂੰ ਆਪਣੀ ਕੁੱਖੋਂ ਜੰਮਣ ਵਾਲੀ ਮੇਰੀ ਮਾਂ ਹੈ । ਅੱਜ ਮੇਰੀਆਂ ਸੋਚਾਂ ਮਹਿਕ ਕੋਲ਼ ਜਾ ਖੜ੍ਹੀਆਂ ਕਿ ਮੇਰੇ ਬਚਪਨ ਦੀਆ ਫੋਟੋਆਂ ਵਿਚਲੀ ਮੇਰੀ ਸ਼ਕਲ ਮਹਿਕ ਦੀਆਂ ਫੋਟੋਆਂ ਨਾਲ ਇੰਨ ਬਿੰਨ ਕਿਵੇਂ ਮਿਲ ਸਕਦੀ ਹੈ ? ਮੈਂ ਕਦੇ ਨਹੀਂ ਸੀ ਸੋਚਿਆ ਕਿ ਮਹਿਕ ਮੇਰੀ ਭੂਆ ਦੀ ਕੁੜੀ ਨਹੀਂ ਬਲਕਿ ਮੇਰੀ ਸਕੀ ਭੈਣ ਹੈ। ਉਫ਼!ਹੁਣ ਵੀ ਮੈਂ ਗਲਤ ਕਹਿ ਰਹੀ ਹਾਂ । ਮਹਿਕ ਮੇਰੀ ਸਕੀ ਭੈਣ ਤਾਂ ਸੀ ਪਰ ਇਹ ਔਰਤ ਮੇਰੀ ਭੂਆ ਨਹੀਂ ਮੇਰੀ ਮਾਂ ਹੈ । ਕਿੱਡਾ ਜਿਗਰਾ ਇਸ ਔਰਤ ਦਾ ! ਇਸ ਔਰਤ ਨੇ ਆਪਣੇ ਬੇਔਲਾਦ ਭਰਾ ਨੂੰ ਔਲਾਦ ਦਾ ਮਾਣ ਬਖ਼ਸ਼ਿਆ ਤੇ ਕਦੇ ਹੱਕ ਨਹੀਂ ਜਤਾਇਆ ਆਪਣੀ ਇੱਕੋ ਇੱਕ ਬਚੀ ਔਲਾਦ ਤੇ । ਅੱਜ ਮੈਂ ਸੁਣ ਲਈਆਂ ਆਪਣੀ ਕਿਸਮਤ ਨਾਲ ਜੁੜੀਆਂ ਸਾਰੀਆਂ ਗੱਲਾਂ । ਮੇਰੇ ਪਿਓ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਕਦੇ ਬਾਪ ਨਈ ਬਣ ਸਕਦਾ । ਪਰ ਮੇਰੀ ਇਸ ਮਾਂ ਨੇ ਜਦੋਂ ਪਤਾ ਲੱਗਿਆ ਕਿ ਉਸ ਦੀ ਕੁੱਖ ਵਿੱਚ ਜੁੜਵਾ ਬੱਚੇ ਨੇ … ਆਪਣੇ ਭਰਾ ਨੂੰ ਇੱਕ ਬੱਚਾ ਦੇਣ ਦਾ ਵਚਨ ਦਿੱਤਾ ਤੇ ਪੁਗਾਇਆ । ਕਿਸੇ ਨੂੰ ਕੰਨੋ ਕੰਨ ਖ਼ਬਰ ਵੀ ਨਾ ਹੋਣ ਦਿੱਤੀ । ਮੈਂ ਵੀ ਹਮੇਸ਼ਾ ਹੈਰਾਨ ਹੁੰਦੀ ਸਾਂ ਕਿ ਮਹਿਕ ਦਾ ਤੇ ਮੇਰਾ ਜਨਮ ਦਿਨ ਇਕੋ ਦਿਨ ਆਉਂਦਾ ਹੈ । ਮੈਨੂੰ ਕੀ ਪਤਾ ਸੀ ਕਿ ਕਿਉਂ ਇੱਕੋ ਦਿਨ ਆਉੰਦੈ ਹੈ ? ਪਰ ਅੱਜ ਪਤਾ ਲੱਗ ਗਿਆ । ਪਰ ਹੁਣ ਮੈਂ ਕੀ ਕਰਾਂ ? ਆਪਣੀ ਇਸ ਮਾਂ ਨੂੰ ਵੇਖਾਂ ਜਿਹਨੇ ਮੈਨੂੰ ਨੌਂ ਮਹੀਨੇ ਆਪਣੀ ਕੁੱਖ ਵਿੱਚ ਰੱਖਿਆ ਜਾਂ ਉਸ ਮਾਂ ਨੂੰ ਜੀਹਨੇ ਮੇਰੀਆਂ ਅੱਖਾਂ ਵਿੱਚ ਕਦੇ ਅੱਥਰੂ ਨਈ ਆਉਣ ਦਿੱਤੇ ਜਾਂ ਉਸ ਪਿਓ ਨੂੰ ਜਿਹੜਾ ਮੇਰੇ ਇੱਕ ਝਰੀਟ ਵੱਜਣ ਤੇ ਆਪਣੇ ਸਾਰੇ ਕੰਮ ਕਾਰ ਛੱਡ ਦਿਨ ਰਾਤ ਮੇਰੇ ਕੋਲ ਬੈਠਣ ਲਈ ਤਿਆਰ ਹੋ ਜਾਂਦੈ । ਉਨ੍ਹਾਂ ਦੀ ਦੁਨੀਆਂ ਤਾਂ ਮੇਰੇ ਦੁਆਲੇ ਹੀ ਘੁੰਮਦੀ ਹੈ । ਮੈਂ ਉਨ੍ਹਾਂ ਨੂੰ ਕਿਵੇਂ ਛੱਡ ਸਕਦੀ ਹਾਂ ? ਅੱਜ ਮੇਰੇ ਹੱਥ ਵੱਸ ਕੁਝ ਨਹੀਂ ਹੈ । ਮੈਂ ਸਭ ਕੁਝ ਕਿਸਮਤ ਤੇ ਛੱਡ ਰਹੀ ਹੈ । ਪਰ ਮੈਂ ਆਪਣੇ ਆਪ ਨਾਲ ਇਕ ਵਾਅਦਾ ਵੀ ਕਰ ਰਹੀ ਹਾਂ ਕਿ ਮੈਂ ਇਸ ਔਰਤ ਨੂੰ ਭਾਵੇਂ ਕਦੀ ਮਾਂ ਨਾ ਕਹਾਂ ਪਰ ਹਮੇਸ਼ਾ ਇਸ ਔਰਤ ਨੂੰ ਵੀ ਆਪਣੀ ਉਸ ਮਾਂ ਵਾਂਗੂੰ ਆਦਰ ਮਾਣ ਦਿਆਂਗੀ ਜਿਸ ਨੇ ਮੈਨੂੰ ਦੁਨੀਆ ‘ਚ ਵਿਚਰਨਾ ਸਿਖਾਇਆ। ਮੈਂ ਆਪਣੇ ਮਨ ਨੂੰ ਪੱਕਾ ਕਰ ਲਿਆ ਕਿ ਮੈਂ ਕੁਝ ਨਹੀਂ ਸੁਣਿਆ … ਮੈਨੂੰ ਕੁਝ ਨਹੀਂ ਪਤਾ … ਬੀਜੀ ਬਾਪੂ ਜੀ ਕੀ ਗੱਲਾਂ ਕਰ ਰਹੇ ਨੇ ? ਮੈਂ ਜ਼ਰੂਰੀ ਫ਼ੋਨ ਕਾਲ ਦਾ ਬਹਾਨਾ ਲਾ ਕੇ ਆਪਣੀ ਭੂਆ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਘਰ ਵੱਲ ਤੁਰ ਪਈ।
ਮਨਦੀਪ ਰਿੰਪੀ …ਰੂਪਨਗਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)