More Punjabi Kahaniya  Posts
ਸਬਰ ਦਾ ਇਮਤਿਹਾਨ


ਕੋਠੇ ਚੜ ਨੱਚਦਾ ਹੋਇਆ ਇੱਕ ਸੱਚ..!
ਉਹ ਪੜਿਆ ਲਿਖਿਆ ਘੱਟ ਸੀ..ਕਨੇਡਾ ਆ ਕੇ ਬੜੀ ਮੇਹਨਤ ਕਰਨੀ ਪਈ..!
ਹਮਾਤੜ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ…ਕਦੀ ਸਟੋਰਾਂ ਦੀ ਸਫਾਈ ਕਦੀ ਕਾਰਾਂ ਦੀ ਰਿਪੇਅਰ ਕਦੀ ਫੈਕਟਰੀ ਵਿਚ ਰਾਤ ਦੀ ਸ਼ਿਫਟ ਤੇ ਕਦੀ ਪੀਜਾ ਡਿਲੀਵਰੀ!
ਨਿਆਣੇ ਨਿੱਕੇ ਸਨ..ਕੱਲਾ ਹੀ ਕੰਮ ਕਰਿਆ ਕਰਦਾ..ਨਾਲਦੀ ਨੂੰ ਅਕਸਰ ਹੀ ਆਖਿਆ ਕਰਦਾ..ਕੇ ਘੱਟ ਖਾ ਲਵਾਂਗੇ ਤੂੰ ਬੱਸ ਬੱਚੇ ਸੰਭਾਲ..ਇਹੋ ਅਸਲੀ ਸਰਮਾਇਆ ਨੇ..ਬਾਕੀ ਜੋ ਹੋਊ ਆਪੇ ਦੇਖੀ ਜਾਊ..!
ਕਿਸੇ ਨਾਲ ਵੀ ਨਿੱਕੇ ਪੈਸੇ ਦੀ ਹੇਰਾ ਫੇਰੀ ਨੀ..ਇਥੋਂ ਤੱਕ ਕੇ ਗੌਰਮਿੰਟ ਨੂੰ ਟੈਕਸ ਵੀ ਪੂਰਾ ਭਰਿਆ ਕਰਦਾ!
ਮਗਰ ਪੰਜਾਬ ਵਿਚ ਥੋੜੀ-ਬਹੁਤ ਹਿੱਸੇ ਆਉਂਦੀ ਸ਼ਰੀਕਾਂ ਨੇ ਏਨੀ ਗੱਲ ਆਖ ਦੱਬ ਲਈ ਕੇ ਡਾਲਰ ਕਮਾਉਂਦੇ ਓ ਥੋਨੂ ਕਾਹਦੀ ਲੋੜ ਜਮੀਨ ਦੀ..ਪਰ ਫੇਰ ਵੀ ਇਹ ਨਾਇਨਸਾਫੀ ਨਾ ਤੇ ਦਿਲ ਤੇ ਹੀ ਲਾਈ ਤੇ ਨਾ ਮਾਸਾ ਝੋਰਾ ਹੀ ਕੀਤਾ!
ਕਨੇਡਾ ਵਿਚ ਵਿਆਹਾਂ ਸ਼ਾਦੀਆਂ,ਪਾਰਟੀਆਂ ਅਤੇ ਹੋਰ ਇੱਕਠਾਂ ਵਿੱਚ ਲੋਕ ਅਕਸਰ ਹੀ ਨਹੁੰਆਂ ਵਿਚ ਫਸੀ ਹੋਈ ਗ੍ਰੀਸ ਅਤੇ ਗਲ਼ ਪਾਏ ਸਧਾਰਨ ਕੱਪੜੇ ਵੇਖ ਮਖੌਲ ਕਰਿਆ ਕਰਦੇ..ਚੋਬਾਂ ਲਾਉਂਦੇ..ਓਏ ਵੇਖ ਲੈ ਤੈਥੋਂ ਮਗਰੋਂ ਆਇਆਂ ਨੇ ਵੱਡੇ ਵੱਡੇ ਘਰ ਲੈ ਲਏ ਪਰ ਤੂੰ ਅਜੇ ਵੀ ਕਿਰਾਏ ਦੀਆਂ ਬੇਸਮੈਂਟਾਂ ਵਿਚ ਧੱਕੇ ਖਾ ਰਿਹਾਂ!
ਅਖੀਰ ਦੋਹਾਂ ਜੀਆਂ ਨੇ ਸਲਾਹ ਕੀਤੀ..ਪਾਰਟੀਆਂ ਅਤੇ ਇੱਕਠਾਂ ਤੇ ਜਾਣਾ ਘੱਟ ਕਰ ਦਿੱਤਾ..ਬਸ ਓਸੇ ਨਾਲ ਹੀ ਥੋੜਾ ਬਹੁਤ ਮੇਲ ਜੋਲ ਰਖਿਆ ਜਿਸਦੇ ਨਾਲ ਸੋਚ ਮਿਲਦੀ ਸੀ..!
ਫੇਰ ਇੱਕ ਦਿਨ ਬਾਬੇ ਨੇ ਮੇਹਰ ਕਰ ਹੀ ਦਿੱਤੀ..ਕੀਤੀ ਭਗਤੀ ਅਸਰਦਾਇਕ ਹੋ ਗਈ..ਵੱਡਾ ਕਾਕਾ ਸਰਕਾਰੀ ਵਜੀਫੇ ਤੇ ਡਾਕਟਰ ਬਣ ਗਿਆ..ਦੁਨੀਆਂ ਹੈਰਾਨ ਪ੍ਰੇਸ਼ਾਨ ਰਹਿ ਗਈ..ਸਾੜੇ ਈਰਖਾ ਦੀ ਅੱਗ ਦੀਆਂ ਲਪਟਾਂ ਅਸਮਾਨ ਛੂਹਣ ਲੱਗੀਆਂ..ਅਨਪੜ ਇਨਸਾਨ ਦਾ ਮੁੰਡਾ ਇੰਝ ਦਾ ਕਿੱਦਾਂ ਬਣ ਸਕਦਾ..ਨਾ ਕਦੀ ਕਿਸੇ ਪਾਰਟੀ ਵਿਚ ਤੇ ਨਾ ਹੀ ਕਿਸੇ ਫ਼ੰਕਸ਼ਨ ਵਿਚ ਇਸਦੀ ਸ਼ਕਲ ਵੇਖੀ..ਫੇਰ ਡਾਕਟਰ ਕਿਹੜੇ ਵੇਲੇ ਬਣ ਗਿਆ!
ਵੱਡੇ ਭਰਾ ਦੀ ਪਾਏ ਪੂਰਨਿਆਂ ਤੇ ਤੁਰਦਾ ਨਿੱਕਾ ਪੁੱਤ ਵੀ ਡੰਗਰ ਡਾਕਟਰ ਬਣਨ ਵਾਲੇ ਰਾਹ ਵੱਲ ਤੁਰ ਪਿਆ..ਨਹੁੰਆਂ ਵਿਚ ਫਸੀ ਮੈਲ ਅਤੇ ਪਾਟੀਆਂ ਜੈਕਟਾਂ ਨੇ ਅਖੀਰ ਨੂੰ ਮੁੱਲ ਮੋੜ ਹੀ ਦਿੱਤਾ..ਪੈਰ...

ਪੈਰ ਤੇ ਕੀਤੇ ਸਰਫ਼ਿਆਂ ਤੇ ਕਿਰਸਾਂ ਨੇ ਵੀ ਰੰਗ ਵਿਖਾ ਦਿੱਤਾ!
ਜਿਹੜੇ ਅਕਸਰ ਮਖੌਲ ਕਰ ਕਰ ਗੱਲ ਗੱਲ ਤੇ ਨੀਵਾਂ ਦਿਖਾਉਂਦੇ ਹੁੰਦੇ ਸਨ ਹੁਣ ਅਕਸਰ ਹੀ ਫੋਨ ਕਰ ਨਿਆਣਿਆਂ ਦੇ ਰਿਸ਼ਤਿਆਂ ਦੀ ਗੱਲ ਤੋਰ ਲਿਆ ਕਰਦੇ ਨੇ..!
ਪਰ ਉਸ ਉਚੀ ਸੋਚ ਦੇ ਮਾਲਕ ਇਨਸਾਨ ਨੇ ਨਿਆਣਿਆਂ ਨੂੰ ਸਾਫ ਸਾਫ ਆਖ ਦਿੱਤਾ ਕੇ ਭਾਈ ਤੁਸੀਂ ਸਾਰੀ ਉਮਰ ਸਾਡੇ ਨਾਲ ਤੰਗੀਆਂ-ਤੁਰਸ਼ੀਆਂ ਕੱਟਦੇ ਹੋਏ ਕਦੀ ਮੱਥੇ ਵੱਟ ਨੀ ਪਾਇਆ..ਸੋ ਹੁਣ ਥੋਨੂੰ ਜਿੰਦਗੀ ਦਾ ਹਰ ਫੈਸਲਾ ਲੈਣ ਦੀ ਪੂਰੀ ਖੁੱਲ ਏ..ਪਰ ਫੈਸਲਾ ਲੈਣ ਲੱਗਿਆਂ ਆਪਣੇ ਵੱਡੇ ਵਡੇਰੇ ਇੱਕ ਵੇਰ ਜਰੂਰ ਯਾਦ ਕਰ ਲਿਆ ਜੇ..!
ਉਹ ਦੱਸਦਾ ਏ ਕੇ ਜਿੰਦਗੀ ਵਿਚ ਅਨੇਕਾਂ ਵਾਰ ਕਈ ਐਸੇ ਮੋੜ ਵੀ ਆਏ ਕੇ ਬੰਦ ਕਮਰੇ ਦੇ ਹਨੇਰੇ ਵਿੱਚ ਕਲਿਆਂ ਅਥਰੂ ਵੀ ਵਹਾਏ ਪਰ ਨਿਆਣਿਆਂ ਸਾਹਵੇਂ ਹਮੇਸ਼ਾਂ ਹੀ ਖਿੜੇ ਮੱਥੇ ਹੀ ਆਇਆ..ਕਦੀ ਵੀ ਵਿੱਤੋਂ ਬਾਹਰ ਜਾ ਕੇ ਕਿਸੇ ਦੀ ਰੀਸ ਨੀ ਕੀਤੀ ਤੇ ਨਾ ਹੀ ਬੇਲੋੜੀਆਂ ਖਾਹਸ਼ਾਂ ਨੂੰ ਦਿਮਾਗ ਤੇ ਹਾਵੀ ਹੋਣ ਦਿੱਤਾ!
ਦੋਸਤੋ ਆਪਣੇ ਮੰਜਿਲ ਹਾਸਿਲ ਕਰਨ ਲਈ ਆਪਣਾ ਮਨ ਮੈਦਾਨ ਕਰਨਾ ਪੈਂਦਾ ਏ..ਤਕੜਾ ਕਰਨਾ ਪੈਂਦਾ..ਦੁਨੀਆਂ ਹਰ ਵੇਲੇ ਬੱਸ ਏਹੀ ਚਾਹੁੰਦੀ ਏ ਕੇ ਤੁਸੀਂ ਆਪਣੀ ਸੋਚ ਅਤੇ ਰਾਹ ਛੱਡ ਉਸਦੇ ਮਗਰ ਲੱਗੋ..ਜੇ ਤੁਸੀਂ ਆਪਣੀ ਸੋਚ ਨਹੀਂ ਛੱਡਦੇ ਤਾਂ ਤੁਹਾਨੂੰ ਬੇਇੱਜਤ ਅਤੇ ਜਲੀਲ ਕੀਤਾ ਜਾਂਦਾ..ਮਹਿਫ਼ਿਲਾਂ ਵਿੱਚ ਮਖੌਲ ਉਡਾਏ ਜਾਂਦੇ..ਇੰਝ ਦੇ ਇਨਸਾਨ ਦਾ ਪੈਰ ਪੈਰ ਤੇ ਲਿਆ ਜਾਂਦਾ ਸਬਰ ਦਾ ਇਮਤਿਹਾਨ ਮੈਂ ਖੁਦ ਆਪਣੇ ਅਖੀਂ ਵੇਖਿਆ..!
ਆਪਣੇ ਆਸੇ ਵਿੱਚ ਪੱਕਾ ਇਨਸਾਨ ਕਦੇ ਨਹੀਂ ਟੁੱਟਦਾ..ਵਕਤੀ ਤੌਰ ਤੇ ਹਾਰ ਜਰੂਰ ਜਾਂਦਾ ਪਰ ਦਿਲੋਂ ਹਾਰ ਕਦੇ ਨਹੀਂ ਮੰਨਦਾ..!
ਮੈਨੂੰ ਉਸ ਵੀਰ ਦੀ ਵਿਥਿਆ ਸੁਣ ਕਿਸੇ ਦੀ ਕਹੀ ਗੱਲ ਯਾਦ ਆ ਗਈ..
ਸੁਵੇਰ ਦੀਆਂ ਖਾਹਸ਼ਾਂ ਸ਼ਾਮਾਂ ਤੀਕ ਟਾਲਦੇ ਗਏ..ਤੇ ਬੱਸ ਏਦਾਂ ਹੀ ਖਿੱਲਰਦੀ ਹੋਈ ਜਿੰਦਗੀ ਸੰਭਾਲਦੇ ਗਏ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਸਬਰ ਦਾ ਇਮਤਿਹਾਨ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)