ਮੈਂ ਅੱਠਵੀਂ ਵਿਚ ਤੇ ਵੱਡੀ ਭੈਣ ਦਸਵੀਂ ਵਿਚ ਸੀ..
ਸਾਡੇ ਸਕੂਲ ਨਾਲ ਨਾਲ ਹੀ ਸਨ..ਮੈਨੂੰ ਕੱਲੇ ਸਾਈਕਲ ਤੇ ਘਰੇ ਆਉਣਾ ਪਸੰਦ ਸੀ..!
ਅਤੇ ਉਸਨੂੰ ਸਹੇਲੀਆਂ ਨਾਲ ਤੁਰ ਕੇ ਵਾਪਿਸ ਆਉਣਾ ਚੰਗਾ ਲੱਗਦਾ..!
ਘਰੋਂ ਸਖਤ ਹਿਦਾਇਤ ਸੀ ਕੇ ਕੱਠੇ ਇੱਕੋ ਸਾਈਕਲ ਤੇ ਹੀ ਵਾਪਿਸ ਮੁੜਨਾ ਏ..ਭਾਵੇਂ ਕੁਝ ਵੀ ਹੋ ਜਾਵੇ!
ਉਸਨੂੰ ਮੈਥੋਂ ਅੱਧਾ ਘੰਟਾ ਪਹਿਲੋਂ ਛੁੱਟੀ ਹੋ ਜਾਂਦੀ ਸੀ..
ਉਹ ਗੇਟ ਦੇ ਬਾਹਰ ਖਲੋਤੀ ਮੈਨੂੰ ਉਡੀਕਦੀ ਰਹਿੰਦੀ..ਮੈਂ ਸਾਰੀ ਛੁੱਟੀ ਮਗਰੋਂ ਕਾਹਲੀ ਨਾਲ ਸਭ ਤੋਂ ਪਹਿਲੋਂ ਸਾਈਕਲ ਕੱਢਦਾ ਤੇ ਉਸਨੂੰ ਛੇਤੀ ਨਾਲ ਪਿੱਛੇ ਬਿਠਾ ਕੇ ਹਵਾ ਹੋ ਜਾਂਦਾ..
ਸ਼ਾਇਦ ਮਨ ਵਿਚ ਡਰ ਰਹਿੰਦਾ ਕੇ ਕੋਈ ਮਜਾਕ ਵਗੈਰਾ ਹੀ ਨਾ ਕਰ ਦੇਵੇ!
ਇੱਕ ਵਾਰ ਇਸੇ ਕਾਹਲੀ ਵਿਚ ਹੀ ਸਾਈਕਲ ਸਿੱਧਾ ਟੋਭੇ ਵਿਚ ਜਾ ਡਿੱਗਾ..!
ਕੱਪੜੇ ਬਸਤੇ ਕਿਤਾਬਾਂ ਸਭ ਕੁਝ ਗਿੱਲੇ ਹੋ ਗਏ..ਉਸਦੀ ਇੱਕ ਜੁੱਤੀ ਪਾਣੀ ਵਿਚ ਗਵਾਚ ਗਈ..ਬਥੇਰੀ ਲੱਭੀ ਪਰ ਗੱਲ ਨਾ ਬਣੀ..!
ਸਾਰੇ ਰਾਹ ਕੋਸਦੀ ਆਈ..ਤੈਥੋਂ ਸਾਈਕਲ ਵੀ ਚੱਜ ਨਾਲ ਨਹੀਂ ਚੱਲਦਾ..ਖੋਤੇ ਜਿੱਡਾ ਹੋ ਗਿਆ ਏਂ..!
ਮੈਂ ਬ੍ਰੇਕ ਮਾਰ ਸਾਈਕਲ ਸੁੱਟ ਦਿੱਤਾ..ਆਖਿਆ ਤੂੰ ਆਪੇ ਚਲਾ ਲੈ ਜੇ ਚੱਲਦਾ ਏ ਤਾਂ..
ਦੋਵੇਂ ਤਕਰੀਬਨ ਅੱਧਾ ਘੰਟਾ ਜ਼ਿਦ ਫੜੀ ਓਥੇ ਬੈਠੇ ਰਹੇ..ਏਨੇ ਨੂੰ ਪਿਤਾ ਜੀ ਸਾਨੂੰ ਲੱਭਦੇ ਸਾਈਕਲ ਤੇ ਆਉਂਦੇ ਦਿਸ ਪਾਏ..!
ਮੈਂ ਛੇਤੀ ਨਾਲ ਸਾਈਕਲ ਚੁੱਕਿਆ ਤੇ ਤਰਲਾ ਕੀਤਾ ਕੇ ਹੁਣ ਪਿੱਛੇ ਬੈਠ ਜਾ..ਪਰ ਬਾਪੂ ਹੁਰਾਂ ਨੂੰ ਕੁਝ ਨਾ ਦਸੀਂ..ਮੈਨੂੰ ਪਤਾ ਸੀ ਕੇ ਭਾਵੇਂ ਖਰਬੂਜਾ ਹੋਵੇ ਤੇ ਭਾਵੇਂ ਛੁਰੀ..ਨੁਕਸਾਨ ਖਰਬੂਜੇ ਦਾ ਹੀ ਹੋਣਾ ਸੀ..!
ਪਰ ਉਹ ਉਸ ਦਿਨ ਬਦਲਾ ਲੈਣ ਦੇ ਪੂਰੇ ਮੂਡ ਵਿਚ ਸੀ..ਛੇਤੀ ਨਾਲ ਸਾਰੀ ਗੱਲ ਦੱਸ ਦਿੱਤੀ..ਬਾਪੂ ਹੁਰਾਂ ਜੂੜਿਓਂ ਫੜ ਥੱਲੇ ਸੁੱਟ ਲਿਆ ਤੇ ਜੁੱਤੀ ਲਾਹ ਲਈ..ਫੇਰ ਪੁੱਛੋਂ ਨਾ ਕੀ ਹੋਇਆ!
ਘਰੇ ਆ ਕੇ ਮੈਂ ਕਿੰਨੇ...
ਦਿਨ ਉਸ ਨਾਲ ਗੱਲ ਨਾ ਕੀਤੀ..ਫੇਰ ਜਦੋਂ ਥੋੜੀ ਬਹੁਤ ਬੋਲ ਚਾਲ ਸ਼ੁਰੂ ਹੋਈ ਤਾਂ ਉਸਨੂੰ ਇੱਕੋ ਗੱਲ ਆਖੀ ਗਿਆ ਕੇ ਇੱਕ ਵਾਰ ਬੱਸ ਤੇਰਾ ਵਿਆਹ ਹੋ ਜਾਵੇ..ਸਹੁੰ ਗੁਰੂ ਦੀ ਜੇ ਤੇਰੇ ਕਦੀ ਮੱਥੇ ਲੱਗ ਗਿਆ ਤਾਂ..!
ਉਸਨੇ ਵੀ ਅੱਗਿਓਂ ਹੱਸਦੀ ਹੋਈ ਨੇ ਟਿਚਕਰ ਕਰ ਦੇਣੀ ਕੇ ਜਦੋਂ ਵਿਆਹ ਹੋਊ ਉਦੋਂ ਦੀ ਓਦੋਂ ਦੇਖੀ ਜਾਊ..ਤੂੰ ਹੁਣ ਇਹ ਦੱਸ ਮੇਰੀ ਗਵਾਚੀ ਜੁੱਤੀ ਕਦੋਂ ਲੱਭ ਕੇ ਦੇਣੀ..!
ਮੈਂ ਗੁੱਸੇ ਵਿਚ ਪਾਗਲ ਹੋ ਜਾਂਦਾ..ਆਖਦਾ ਕੱਲੀ ਨਿੱਕਲ ਬਾਹਰ ਮਜਾ ਚਖਾਉਂਦਾ ਤੈਨੂੰ..ਉਹ ਭੱਜ ਕੇ ਜਾ ਬਾਪੂ ਹੁਰਾਂ ਦੀ ਬੁੱਕਲ ਵਿਚ ਵੜ ਜਾਂਦੀ..!
ਅੱਜ ਤਕਰੀਬਨ ਪੰਝੀਆਂ ਸਾਲਾਂ ਬਾਅਦ ਬੇਬੇ ਬਾਪੂ ਤੇ ਰਹੇ ਨਹੀਂ..
ਜੀਜੇ ਹੁਰਾਂ ਦੀ ਬਦਲੀ ਸਾਡੇ ਸ਼ਹਿਰ ਰੇਲਵੇ ਟੇਸ਼ਨ ਤੇ ਹੀ ਹੋ ਗਈ..ਹਰੇਕ ਖੁਸ਼ੀ ਗਮੀਂ ਚੰਗੇ ਮਾੜੇ ਵੇਲੇ ਕੋਲ ਰਹਿੰਦੀ ਭੈਣ ਹੀ ਚੇਤੇ ਆਉਂਦੀ ਏ..!
ਸਵੇਰ ਵੇਲੇ ਅਕਸਰ ਹੀ ਕਲੋਨੀ ਦੀ ਪਾਰਕ ਵਿਚ ਸੈਰ ਕਰਦੀ ਜਦੋਂ ਅਗਿਓਂ ਆਉਂਦੀ ਦਿਸ ਪੈਂਦੀ ਤਾਂ ਦੂਰੋਂ ਹੀ ਨਿੰਮਾਂ-ਨਿੰਮਾਂ ਮੁਸਕੁਰਾਉਣ ਲੱਗ ਜਾਂਦੀ ਏ..!
ਸ਼ਾਇਦ ਬਿਨਾ ਕੁਝ ਬੋਲਿਆਂ ਹੀ ਏਨੀ ਗੱਲ ਜਤਾ ਰਹੀ ਹੁੰਦੀ ਕੇ ਦੇਖ ਲੈ ਨਿੱਕਿਆ ਤੇਰੀ ਵਰ੍ਹਿਆਂ ਪਹਿਲਾਂ ਗੁਰੂ ਦੇ ਨਾਉਂ ਤੇ ਪਾਈ ਸਹੁੰ ਹੁਣ ਹਰ ਰੋਜ ਝੂਠੀ ਪੈ ਰਹੀ ਏ..ਰੋਜ ਮੱਥੇ ਲੱਗਦੀ ਆ ਓਹੀ ਭੈਣ..!
ਵਾਕਿਆ ਹੀ ਵੱਡੀ ਭੈਣ ਵਿਚ ਸਾਰੀ ਉਮਰ ਮਾਂ ਬਣਕੇ ਵਿਚਰਨ ਦੀ ਸਮਰਥਾ ਹੁੰਦੀ ਏ ਬਸ਼ਰਤੇ ਧੰਨ ਦੌਲਤ ਆਕੜ ਅਤੇ ਵਕਤੀ ਗੁੱਸੇ ਨਰਾਜਗੀਆਂ ਹਿਮਾਲਿਆ ਪਰਬਤ ਬਣ ਰਾਹ ਦਾ ਰੋੜਾ ਨਾ ਬਣ ਜਾਵਣ!
ਹਰਪ੍ਰੀਤ ਸਿੰਘ ਜਵੰਦਾ