More Punjabi Kahaniya  Posts
ਨਸ਼ੇ ਕੰਨੀਓਂ ਪੰਜਾਬ ਦੇ ਹਾਲਾਤ


ਨਸ਼ੇ ਕੰਨੀਓਂ ਪੰਜਾਬ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾਂਦੇ ਐ। ਰੋਜ਼ ਤਲਵੰਡੀ ਸਾਬੋ ਜਾਈਦੈ। ਸਰਕਾਰੀ ਹਸਪਤਾਲ ਕੋਲੇ “ਜੀਭ ਆਲੀਆਂ ਗੋਲੀਆਂ” ਲੈਣ ਆਲਿਆਂ ਦੀ ਭੀੜ ਐਂ ਲੱਗੀ ਹੁੰਦੀ ਐ ਜਿਵੇਂ ਡੀਪੂ ਤੋਂ ਕਣਕ ਲੈਣ ਆਏ ਹੋਣ। ਉਨ੍ਹਾਂ ‘ਚ ਬਹੁ-ਗਿਣਤੀ ਉਨ੍ਹਾਂ ਦੀ ਹੁੰਦੀ ਐ, ਜਿਹੜੇ ਦਿਹਾੜੀਦਾਰ ਪਰਿਵਾਰਾਂ ‘ਚੋਂ ਆਉਂਦੇ ਐ ਜਾਂ ਛੋਟੀ-ਮੋਟੀ ਦੁਕਾਨਦਾਰੀ ਕਰਦੇ ਐ। ਪਹਿਲਾਂ ਰੋਜ਼ ਤਲਵੰਡੀਓਂ ਗੋਲੀ ਲਿਆਉਣੀ ਤੇ ਫਿਰ ਵਾਪਸ ਆ ਕੇ ਵੱਡੇ ਦਿਨ ਚੜ੍ਹੇ ਦੁਕਾਨ ਖੋਲ੍ਹਣੀ। ਇਨ੍ਹਾਂ ਦੇ ਪਰਿਵਾਰਾਂ ਦਾ ਜਿਹੜਾ ਹਾਲ ਹੁੰਦੈ, ਸਭ ਨੂੰ ਪਤਾ ਈ ਐ। ਇਹ ਤਾਂ ਚਲੋ ਆਮ ਬੰਦੇ ਆ ਜਾਂਦੇ ਐ, ਜਿਹੜੇ ਦੂਜਿਆਂ ਦੀ ਦੇਖਾ-ਰੇਖੀ ਜਾਂ ਸ਼ੌਕ ਵਜੋਂ ਨਸ਼ੇ ਤੇ ਲੱਗ ਜਾਂਦੇ ਐ ਪਰ ਬਾਅਦ ‘ਚ ਕੰਮ ਵਧਦਾ ਵਧਦਾ ਵਧ ਜਾਂਦੈ।
ਅੱਜ ਜਦੋਂ ਤਲਵੰਡੀ ਸਾਬੋ ਗਿਆ ਤਾਂ “ਖੰਡਾ ਚੌਂਕ” ‘ਚ ਧਰਨਾ ਲੱਗਿਆ ਹੋਣ ਕਰਕੇ ਮਸ਼ੀਨਰੀ ਡੈਅਰੀਆਂ ਆਲੀ ਗਲੀ ਵਿਚਦੀ ਜਾਂਦੀ ਸੀ। ਬਾਅਦ ‘ਚ ਪਤਾ ਲੱਗਿਆ ਵੀ ਧਰਨਾ ਲਾਉਣ ਦਾ ਕਾਰਨ ਇੱਕ ਬੌਕਸਰ ਮੁੰਡੇ ਦੀ ਚਿੱਟਾ ਲਾਉਣ ਕਰਕੇ ਹੋਈ ਮੌਤ ਐ। ਬੜੀ ਹੈਰਾਨੀ ਹੋਈ ਇਸ ਗੱਲ ਦੀ ਕਿ ਦੋ ਗੋਲਡ ਮੈਡਲਾਂ ਸਮੇਤ ਬੌਕਸਿੰਗ ‘ਚ ਪੰਜ ਵਾਰ ਮੈਡਲ ਜਿੱਤਣ ਵਾਲਾ ਮੁੰਡਾ ਇਸ ਲੈਨ ‘ਚ ਕਿਵੇਂ ਪੈ ਗਿਆ? ਜੀਹਨੇ ਪਤਾ ਈ ਨੀ ਕਿੱਥੋਂ ਤੱਕ ਪਹੁੰਚਣਾ ਸੀ, ਉਹ ਚਿੱਟੇ ਦੀ ਭੇਂਟ ਚੜ੍ਹ ਗਿਆ। ਜਦੋਂ ਮੈਡਲ ਜਿੱਤੇ ਹੋਣਗੇ ਤਾਂ ਗਰੀਬੀ ‘ਚ ਘੁਲਦੇ ਮਾਂ-ਪਿਓ ਦੇ ਦਿਲ ‘ਚ ਆਸ ਦੀ ਕਿਰਨ ਜਾਗੀ ਹੋਊ ਕਿ ਸਾਡਾ ਪੁੱਤ ਕੱਟੂ ਸਾਡੀ ਗਰੀਬੀ, ਪਰ ਜੋ ਹੋਇਆ, ਉਹ ਤਾਂ ਉਨ੍ਹਾਂ ਨੇ ਸੁਪਨੇ ‘ਚ ਵੀ ਨੀ ਸੋਚਿਆ ਹੋਣਾ। ਕੀ ਪਤਾ ਇਸ ਮੁੰਡੇ ਨੇ ਵੱਡਾ ਹੋ ਕੇ ਕੀਹਦਾ-ਕੀਹਦਾ ਰਿਕਾਰਡ ਤੋੜਨਾ ਸੀ ਪਰ ਇੱਕ ਸਰਿੰਜ ਦੀ ਸੂਈ...

ਉਹਦੇ ਸਾਹਾਂ ਦੀ ਲੜੀ ਤੋੜਗੀ।
ਪਿੱਛੇ ਜੇ ਇੱਕ ਕਬੱਡੀ ਖਿਡਾਰੀ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਹੜਾ ਕਿਸੇ ਸਮੇਂ ਚੋਟੀ ਦਾ ਖਿਡਾਰੀ ਸੀ ਪਰ ਹੁਣ ਨਸ਼ੇ ਦੀ ਦਲਦਲ ‘ਚ ਫਸਿਆ ਫਿਰਦੈ।
ਆਖ਼ਰ ਕਦੋਂ ਤੱਕ ਇਹ ਸਭ ਚਲਦਾ ਰਹੂ? ਕਿੰਨਾ ਚਿਰ ਨਸ਼ਾ ਬੰਦ ਕਰਨ ਦਾ ਲਾਰਾ ਲਾ ਕੇ ਹਾਕਮ ਕੁਰਸੀਆਂ ਲੈਂਦੇ ਰਹਿਣਗੇ ਤੇ ਫਿਰ ਕੁਰਸੀ ਤੇ ਬਹਿ ਕੇ ਸੱਤਾ ਦੇ ਨਸ਼ੇ ‘ਚ ਕੀਤੇ ਵਾਅਦਿਆਂ ਨੂੰ ਹਵਾ ‘ਚ ਉਡਾਉਂਦੇ ਰਹਿਣਗੇ? ਕਿੰਨਾ ਚਿਰ ਮਾਂ-ਬਾਪ ਆਵਦੇ ਜਵਾਨ ਪੁੱਤਾਂ ਦੀਆਂ ਅਰਥੀਆਂ ਨੂੰ ਮੋਢਾ ਦੇ ਕੇ ਖਾਲੀ ਘਰਾਂ ਦੀਆਂ ਕੰਧਾਂ ਕੰਨੀ ਝਾਕ-ਝਾਕ ਕੇ ਕੀਰਨੇ ਪਾਉਂਦੇ ਰਹਿਣਗੇ?
ਜੇ ਇਹ ਸਭ ਕੁਛ ਐਂ ਈ ਚਲਦਾ ਰਿਹਾ ਤਾਂ ਆਉਣ ਆਲੇ ਸਮੇਂ ‘ਚ ਲੋਕ ਕਿਤਾਬਾਂ ‘ਚ ਪੜ੍ਹਿਆ ਕਰਨਗੇ ਕਿ ਕਿਸੇ ਸਮੇਂ ਇੱਕ “ਸੋਨੇ ਦੀ ਚਿੜੀ” ਹੁੰਦੀ ਸੀ, ਜਿਹਦੀ ਖ਼ੂਬਸੂਰਤੀ ਤੇ ਬਹਾਦਰੀ ਦੀ ਚਮਕ ਪੂਰੀ ਦੁਨੀਆਂ ‘ਚ ਪੈਂਦੀ ਸੀ। ਜੀਹਦੀ ਧਰਤੀ ਤੇ ਬੜੇ ਗੁਰੂ, ਪੀਰ-ਫ਼ਕੀਰ ਤੇ ਯੋਧੇ ਹੋਏ। ਉਸ ਚਿੜੀ ਤੇ ਬਾਹਰਲੇ ਕਾਵਾਂ ਨੇ ਬਥੇਰੇ ਹਮਲੇ ਕੀਤੇ ਪਰ ਉਹਦੇ ਨਾਲ ਪੰਗਾ ਲੈ ਕੇ ਕਿਸੇ ਨੂੰ ਭੱਜਣ ਨੂੰ ਥਾਂ ਨੀ ਥਿਆਉਂਦੀ ਸੀ। ਫਿਰ ਸਮਾਂ ਪਾ ਕੇ ਉਹਦੇ ਆਵਦੇ ਈ ਬੇਈਮਾਨ ਹੋਗੇ ਤੇ ਉਨ੍ਹਾਂ ਨੇ ਅਸਮਾਨ ਤੋਂ ਵੀ ਉੱਚਾ ਉੱਡਣ ਵਾਲੀ ਚਿੜੀ ਦੇ ਖੰਭ ਕੁਰਸੀ ਦੇ ਲਾਲਚ ‘ਚ ਆ ਕੇ ਕੱਟ ਸਿੱਟੇ। ਅਖੀਰ ਜ਼ਖਮੀ ਹੋ ਕੇ ਡਿੱਗਿਆ ਹੁਸਨ ਤੇ ਬਹਾਦਰੀ ਦਾ ਸੁਮੇਲ ਸਹਿਕਦਾ-ਸਹਿਕਦਾ ਦਮ ਤੋੜ ਗਿਆ ….
ਗੁਰਵਿੰਦਰ ਮਲਕਾਣਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)