More Punjabi Kahaniya  Posts
ਇੱਕ ਨਜ਼ਰ (ਭਾਗ ਦੂਜਾ) ਗੁਰਦੀਪ ਰੱਖੜਾ


ਇੱਕ ਨਜ਼ਰ (ਇਬਾਦਤ-ਏ-ਨੂਰ)

ਜਿੱਥੇ ਹਵਾਵਾਂ ਵਗਣ ਪਿਆਰ ਦੀਆਂ
ਉਹ ਸ਼ਹਿਰ ਸੁਣੀਦਾ ਓਹਦਾ ਏ,
ਜਦ ਇਬਾਦਤ ਹੁੰਦੀ ਇਸ਼ਕੇ ਦੀ
ਉਹ ਪਹਿਰ ਸੁਣੀਦਾ ਓਹਦਾ ਏ,
ਜਿੱਥੇ ਰਾਂਝੇ ਮਰਦੇ ਹੀਰਾਂ ਦੇ
ਉਹ ਕਹਿਰ ਸੁਣੀਦਾ ਓਹਦਾ ਏ,
ਜਿੱਥੇ ਫੁੱਲ ਲੱਗਦੇ ਮੁਹੱਬਤਾਂ ਦੇ
ਉਹ ਸ਼ਹਿਰ ਸੁਣੀਦਾ ਓਹਦਾ ਏ ।

ਗੁਰਦੀਪ ਰੱਖੜਾ

ਭਾਗ – ਦੂਜਾ

ਸੂਰਜ ਦੀ ਤਪਸ਼ ਨਾਲੋਂ ਤੇਜ਼ ਨੇ
ਨਜ਼ਰਾਂ ਮੁਟਿਆਰ ਦੀਆਂ,
ਪਤਾ ਨੀ ਕੌਣ ਏ ਤੇ ਕਿੱਥੋਂ ਆਈ ਏ
ਕਦੇ ਜਾਪੇ ਚਿੱਟੇ ਬੱਦਲਾਂ ਵਰਗੀ
ਕਦੇ ਲੱਗਦੀ ਪਰੀਆਂ ਦੀ ਪਰਛਾਈ ਏ,
ਜਿਵੇਂ ਕੋਈ ਫਰਿਸ਼ਤਾ ਆਣ
ਛੇੜੇ ਬਾਤਾਂ ਯਾਰ ਦੀਆਂ,
ਸੂਰਜ ਦੀ ਤਪਸ਼ ਨਾਲੋਂ ਤੇਜ਼ ਨੇ
ਨਜ਼ਰਾਂ ਮੁਟਿਆਰ ਦੀਆਂ

ਜਿਵੇਂ ਉਹ ਰੱਬ ਨੇ ਅੱਜ ਹੀ ਉਤਾਰੀ ਏ
ਤੱਕ ਤੱਕ ਲੋਰ ਚੜੇ ਜਿਸਨੂੰ
ਅਜੀਬ ਜਿਹੀ ਇੱਕ ਚੜ੍ਹੀ ਖੁਮਾਰੀ ਏ
ਦੇਖ ਲਵੇ ਜੇ ਇੱਕ ਨਜ਼ਰ ਭਰ
ਨੇ ਜਾਨੋਂ ਮਾਰ ਦੀਆਂ
ਸੂਰਜ ਦੀ ਤਪਸ਼ ਨਾਲੋਂ ਤੇਜ਼ ਨੇ
ਨਜ਼ਰਾਂ ਮੁਟਿਆਰ ਦੀਆਂ

ਕੋਈ ਵੇਦ ਹਕੀਮ ਦੇ ਨਾ ਸਮਝ ਆਈ
ਜੋ ਹੋਈ ਮੈਂਨੂੰ ਬੀਮਾਰੀ ਏ
ਉਹਦੇ ਤੋਂ ਸ਼ੁਰੂ ਹੋ ਮੁੱਕਦੀ
ਉਹਦੇ ਤੇ ਗੱਲ ਸਾਰੀ ਏ
ਸਾਰਿਆਂ ਤੋਂ ਉਹ ਸੋਹਣੀ ਜਾਪੇ
ਜਿੰਨੀਆਂ ਕੀਮਤੀ ਚੀਜ਼ਾਂ ਨੇ ਸੰਸਾਰ ਦੀਆਂ
ਸੂਰਜ ਦੀ ਤਪਸ਼ ਨਾਲੋਂ ਤੇਜ਼ ਨੇ
ਨਜ਼ਰਾਂ ਮੁਟਿਆਰ ਦੀਆਂ

ਮੇਰੀ ਕਲਮ ਵੀ ਹੁਣ ਮੇਰੇ ਵੱਸ ਨਾ ਰਹੀ
ਚਾਹੁੰਦੀ ਤਾਰੀਫ਼ ਬਸ ਓਸੇ ਦੀ ਲਿਖਣਾ ਜੀ
ਇੰਨਾ ਸੋਹਣਾ ਹੁਸਨ ਨਾ ਕਦੀ ਦੇਖਿਆ
ਤੇ ਨਾ ਕਦੇ ਦਿਸਣਾ ਜੀ
ਮੇਰੇ ਵੀ ਸਮਝ ਨਾ ਆਵੇ ਹੁਣ
ਜੋ ਕਰਦੀ ਗੱਲਾਂ ਪਾਰ ਦੀਆਂ,
ਸੂਰਜ ਦੀ ਤਪਸ਼ ਨਾਲੋਂ ਤੇਜ਼ ਨੇ
ਨਜ਼ਰਾਂ ਮੁਟਿਆਰ ਦੀਆਂ।

…….. ਅਜੇ ਨਾਮ ਦੱਸਣ ਹੀ ਲੱਗੀ ਸੀ ਕਿ ਇਸ ਤੋਂ ਪਹਿਲਾਂ ਬੱਸ ਨੇ ਆਪਣੇ ਅਗਲੇ ਬੱਸ ਸਟਾਪ ਤੇ ਜਾਕੇ ਬ੍ਰੇਕ ਮਾਰੀ ਤੇ ਓਥੇ ਕਈ ਨਵੀਂਆਂ ਸਵਾਰੀਆਂ ਬੱਸ ਚੜ੍ਹ ਗਈਆਂ। ਜਿਨ੍ਹਾਂ ਵਿੱਚ ਇੱਕ ਆਦਮੀ ਬਹੁਤ ਬਜ਼ੁਰਗ ਜਿਆ ਸੀ, ਉਸ ਤੋਂ ਠੀਕ ਤਰੀਕੇ ਨਾਲ ਖੜਿਆ ਵੀ ਨਹੀਂ ਸੀ ਜਾ ਰਿਹਾ…. ਤੇ ਬੱਸ ਵਿੱਚ ਹੋਰ ਕੋਈ ਬੈਠਣ ਲਈ ਸੀਟ ਖ਼ਾਲੀ ਵੀ ਨਹੀਂ ਸੀ… ਇਸੇ ਲਈ ਮੈਂ ਆਪਣੇ ਆਲੀ ਸੀਟ ਖ਼ਾਲੀ ਕਰ ਦਿੱਤੀ ਤੇ ਉਹਨਾਂ ਨੂੰ ਬੈਠਣ ਲਈ ਕਹਿ ਦਿੱਤਾ…..

ਹੁਣ ਸਾਰੇ ਰਾਸਤੇ ਮੇਰੀ ਉਸ ਕੁੜੀ ਨਾਲ ਹੋਰ ਕੋਈ ਵੀ ਗੱਲ ਨਾ ਹੋਈ… ਤੇ ਪਟਿਆਲੇ ਬੱਸ ਸਟੈਂਡ ਤੇ ਪਹੁੰਚ ਗਏ…. ਬੱਸ ਚੋਂ ਉੱਤਰ ਉਹ ਸਿੱਧਾ ਮੇਰੇ ਕੋਲ ਆਈ ਤੇ ਮੈਂਨੂੰ ਪੁੱਛਣ ਲੱਗੀ…. ਤੁਸੀਂ ਮੈਂਨੂੰ ਪੰਜਾਬੀ ਯੂਨੀਵਰਸਿਟੀ ਦਾ ਰਸਤਾ ਦੱਸ ਦੇਵੋ ਗੇ….

ਮੈਂ :- ਹਾਂ ਜੀ ਜਰੂਰ… ਜੇ ਕਹੋ ਤਾਂ ਛੱਡ ਵੀ ਆਊਂਗਾ….

ਓਹ ਬੋਲੀ :- ਨਾ.. ਜੀ ਧੰਨਵਾਦ…. ਵੈਸੇ ਤਾਂ ਮੈਂਨੂੰ ਪਤਾ ਵੀ ਕਿੱਥੇ ਕੁ ਆ… ਬਸ ਇੰਨਾ ਕੇ ਦੱਸ ਦੋ ਕਿ ਕੋਈ ਆਟੋ ਜਾ ਬੱਸ ਕਿੱਥੋਂ ਮਿਲੂ… ਓਥੇ ਜਾਣ ਵਾਸਤੇ…..

ਮੈਂ ਉਸ ਨੂੰ ਸਾਰਾ ਰਸਤਾ ਸਮਝਾ ਦਿੱਤਾ ਤੇ ਅੱਗਿਓਂ ਮੈਂ ਉਸ ਬਾਰੇ ਦੁਬਾਰਾ ਤੋਂ ਕੁਝ ਪੁੱਛਦਾ ਇੰਨੇ ਨੂੰ ਉਹ ਖੁਦ ਹੀ ਬੋਲੀ ਜੀ ਚਲੋ ਮੈਂ ਚੱਲਦੀ ਆ… ਮੈਂਨੂੰ ਦੇਰੀ ਹੋ ਰਹੀ ਹੈ….।

ਮੈਂ :- ਠੀਕ ਐ ਜੀ….

ਉਹ ਵੀ ਚਲੀ ਗਈ ਤੇ ਮੈਂ ਵੀ ਛੋਟੀ ਬਾਰਾਦਰੀ ਵੱਲ ਆਪਣੇ ਕੰਮ ਨੂੰ ਨਿਕਲ ਆਇਆ…..

ਮੈਂ ਆਪਣੇ ਆਪ ਨੂੰ ਕੋਸੀ ਵੀ ਜਾ ਰਿਹਾ ਸੀ ਕਿ ਇੰਨਾਂ ਵਧੀਆ ਮੌਕਾ ਸੀ ਅੱਜ, ਉਸ ਨਾਲ ਗੱਲ ਕਰਨ ਦਾ ਪਰ ਜਮਾਂ ਵੀ ਗੱਲ ਨਾ ਹੋਈ… ਗੱਲ ਤਾਂ ਦੂਰ ਉਸਦਾ ਨਾਮ ਵੀ ਨਾ ਪਤਾ ਲੱਗਾ…. ਬਾਕੀ ਇਸ ਗੱਲ ਦੀ ਖੁਸ਼ੀ ਵੀ ਸੀ ਕਿ ਜਿੰਨੀ ਵੀ ਹੋਈ.. ਪਰ ਗੱਲ ਤਾਂ ਹੋਈ ਹੀ ਹੈ…..

ਮੈਂ ਇਹ ਵੀ ਸੋਚ ਰਿਹਾ ਸੀ ਕਿ ਹੋ ਸਕਦਾ ਉਹ ਮੈਂਨੂੰ ਸ਼ਾਮੀਂ ਵੀ ਵਾਪਿਸ ਮਿਲੇ…. ਜਾਂ ਫ਼ੇਰ ਸਵੇਰੇ ਫ਼ੇਰ ਤੋਂ ਮੇਰੇ ਨਾਲ ਬੱਸ ਆਵੇ… ਕੁਝ ਵੀ ਹੋ ਸਕਦਾ… ਮੈਂ ਕਿਉਂ ਇੰਨਾ ਸੋਚੀ ਜਾ ਰਿਹਾ… ਪਤਾ ਨ੍ਹੀ… ਲੱਗਦਾ ਪਾਗਲ ਹੋ ਜਾਣਾ ਮੈਂ….
ਸੋਚਦਾ ਸੋਚਦਾ ਕੰਮ ਤੇ ਜਾ ਰਿਹਾ ਸੀ…. ਤੁਰਦਾ ਤੁਰਦਾ ਇਹ ਵੀ ਭੁੱਲ ਗਿਆ ਸੀ ਕਿ ਮੈਂ ਪਟਿਆਲਾ ਮੇਨ ਸੜਕ ਤੇ ਤੁਰ ਰਿਹਾ…. ਸਾਹਮਣੇ ਤੋਂ ਮੋਟਰਸਾਈਕਲ ਵਾਲੇ ਨੇ ਮੇਰੇ ਵਿੱਚ ਮੋਟਰਸਾਈਕਲ ਮਾਰਨਾ ਸੀ…. ਬਾਲ ਬਾਲ ਬਚਿਆ….

ਓਏ ਦੇਖ ਕੇ ਨ੍ਹੀ ਤੁਰਿਆ ਜਾਂਦਾ ਤੇਰੇ ਤੋਂ…… ਮਰ ਜਾਣਾ ਸੀ ਥੱਲੇ ਆਕੇ ਹੁਣ..
ਉਸ ਮੋਟਰਸਾਇਕਲ ਸਵਾਰ ਨੇ ਮੈਂਨੂੰ ਬਹੁਤੇ ਗੁੱਸੇ ਵਿੱਚ ਕਿਹਾ ਤੇ ਮੈਂ ਅੱਗਿਓਂ ਉਸ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ.. ਕਿਉਂ ਕਿ ਗ਼ਲਤੀ ਵੀ ਮੇਰੀ ਹੀ ਸੀ…..

ਸ਼ਾਮੀਂ ਫ਼ੇਰ ਕੰਮ ਤੋਂ ਘਰ ਜਾ ਉਹੀ ਕੁਝ… ਮੈਂ ਭੱਜ ਛੱਤ ਤੇ ਚਲਾ ਗਿਆ ਤੇ ਉਸ ਕੁੜੀ ਦਾ ਇੰਤਜ਼ਾਰ ਕਰਨ ਲੱਗਾ, ਪਰ ਉਹ ਨਾ ਆਈ…..

ਅਗਲੇ ਦਿਨ ਸਵੇਰੇ ਵੀ ਛੱਤ ਤੇ ਨਾ ਆਈ….ਪਰ ਕਿਸਮਤ ਨੇ ਮੇਰਾ ਸਾਥ ਅੱਜ ਫ਼ੇਰ ਦਿੱਤਾ ਉਹ ਮੈਂਨੂੰ ਅੱਜ ਵੀ ਮਿਲੀ ਓਥੇ ਹੀ ਬੱਸ ਅੱਡੇ ਤੇ…. ਅੱਜ ਮੈਂ ਪੂਰਾ ਹੌਂਸਲਾ ਕਰ ਲਿਆ ਸੀ ਕਿ ਕੁਝ ਵੀ ਹੋ ਜਾਵੇ ਅੱਜ ਉਸ ਨਾਲ ਸਾਰੀ ਗੱਲ ਕਰਨੀ ਹੀ ਆ….

ਬੱਸ ਵਿੱਚ ਬੈਠ ਗਏ ਤੇ ਮੈਂ ਬੈਠਣ ਸਾਰ ਹੀ ਉਸਦਾ ਹਾਲ ਪੁੱਛ ਲਿਆ ਤੇ ਅੱਗਿਓਂ ਉਸਨੇ ਵੀ ਵਧੀਆ ਚ ਜਵਾਬ ਦਿੱਤਾ ਤੇ ਫ਼ੇਰ ਮੈਂ ਪੁੱਛਿਆ ਕਿ ਉਹ ਉਸ ਨਾਲ ਨਰਾਜ ਤਾਂ ਨ੍ਹੀ…

ਅੱਗਿਓਂ ਉਸਨੇ ਜਵਾਬ ਦਿੱਤਾ….

ਉਹ :- ਨਰਾਜ…! ਕਿਉਂ..? ਮੈਂ ਥੋਡੇ ਤੋਂ ਨਰਾਜ ਕਿਉਂ ਹੋਣਾ….

ਮੈਂ ਜਵਾਬ ਦਿੱਤਾ..

ਮੈਂ :- ਉਹ ਮੈਂ ਕੱਲ੍ਹ ਥੋਨੂੰ ਸਾਡੇ ਘਰ ਦੀ ਛੱਤ ਤੋਂ ਖੜ੍ਹ ਕੇ ਹੱਥ ਮਾਰਿਆ ਸੀ ਤੇ ਮੈਂਨੂੰ ਲੱਗਿਆ ਕਿ ਥੋਨੂੰ ਮੇਰੀ ਹਰਕਤ ਵਧੀਆ ਨਾ ਲੱਗੀ ਹੋਵੇ ਤੇ ਕਿਤੇ ਗੁੱਸਾ ਕਰ ਗਏ ਹੋਵੋ …..

ਅੱਗਿਓਂ ਉਹਨੇ ਜਵਾਬ ਦਿੱਤਾ…ਅੱਛਾ.. ਜੀ….. ਉਹ ਤੁਸੀਂ ਹੀ ਸੀ…? ਮੈਂ ਨ੍ਹੀ ਧਿਆਨ ਦਿੱਤਾ…

ਮੈਂ ਜੋ ਕਿ ਸੱਤਵੇਂ ਅਸਮਾਨ ਤੇ ਉੱਡ ਦਾ ਫਿਰਦਾ ਸੀ ਦੋ ਚਾਰ ਦਿਨਾਂ ਤੋਂ… ਜਿਵੇਂ ਉਸਨੇ ਜ਼ੋਰ ਨਾਲ ਥੱਲੇ ਨੂੰ ਮਾਰ ਸੁਟਿਆ ਹੋਵੇ…. ਮੇਰਾ ਜਿਵੇਂ ਦਿਲ ਹੀ ਤੋੜ ਦਿੱਤਾ ਹੋਵੇ ਉਸਨੇ ਇਹ ਗੱਲ ਕਹਿ ਕੇ.. ਕਿ ਉਸਨੇ ਤਾਂ ਮੇਰੇ ਵੱਲ ਧਿਆਨ ਹੀ ਨ੍ਹੀ ਦਿੱਤਾ….. ਮੈਂ ਉਈਂ ਪਤਾ ਨ੍ਹੀ ਕੀ ਕੀ ਸੋਚੀ ਜਾ ਰਿਹਾ ਸੀ….

ਅੱਗਿਓਂ ਉਹ ਬੋਲੀ :- ਕਿਉਂ ਥੋਡਾ ਰੰਗ ਕਿਉਂ ਫਿੱਕਾ ਜਿਆ ਪੈ ਗਿਆ….?

ਮੈਂ :- ਨਾ ਜੀ…. ਉਂਝ ਹੀ ਲੱਗਦਾ ਥੋਨੂੰ….

~
ਮੇਰਾ ਦਿਲ ਲੁੱਟਿਆ ਏ
ਜਿਵੇਂ ਕਾਗਜ਼ ਫਾੜ ਸੁੱਟਿਆ ਏ
ਮੈਂ ਹਾਲ ਕਿਸਨੂੰ ਸੁਣਾਵਾਂ ਜੀ
ਮੈਂ ਕਿਹੜੇ ਰਾਹੇ ਜਾਵਾਂ ਜੀ
ਜਿਵੇਂ ਸਾਰੀ ਕਾਇਨਾਤ ਨੇ
ਮੇਰੇ ਤੋਂ ਪਾਸਾ ਵੱਟਿਆ ਏ
ਮੇਰਾ ਦਿਲ ਲੁੱਟਿਆ ਏ
ਜਿਵੇਂ ਕਾਗਜ਼ ਫਾੜ ਸੁੱਟਿਆ ਏ।

~

ਉਹ :- ਹਾ.. ਹਾ.. ਲੱਗਦਾ ਜੀ ਪਤਾ ਉਹ ਤੇ…..ਵੈਸੇ ਤੁਸੀਂ ਪਹਿਲੇ ਨੀ ਓ… ਮੈਂ ਤਾਂ ਛੋਟੀ ਤੋਂ ਵੱਡੀ ਹੀ ਇਹੋ ਕੁਝ ਦੇਖਦੀ ਹੋਈ ਆ… ਮੈਂ ਹੀ ਨੀ ਬਲਕਿ ਬਹੁਤ ਕੁੜੀਆਂ ਨਾਲ ਏਹੋ ਕੁਝ ਤੇ ਹੁੰਦਾ ਏ.. ਜਿੱਥੇ ਕੋਈ ਕੱਲੀ ਕੁੜੀ ਦਿਸੀ ਨੀ ਕਿ ਕਈ ਮੁੰਡੇ ਉਸਨੂੰ ਆਪਣਾ ਮੌਕਾ ਸਮਝਣ ਲੱਗ ਪੈਂਦੇ ਨੇ…..

ਮੈਂ :- ਅੱਛਾ ਜੀ ਮਾਫ਼ ਕਰਦੋ… ਗ਼ਲਤੀ ਹੋਗੀ…. ਮੈਂ ਅੱਜ ਤੱਕ ਕਦੀ ਵੀ ਨ੍ਹੀ ਏਹੋ ਜਿਹਾ ਕੁਝ ਕੀਤਾ ਸੀ… ਇਹ ਗ਼ਲਤੀ ਮੇਰੇ ਤੋਂ ਪਹਿਲੀ ਵਾਰ ਹੋਈ ਏ.. ਮਾਫ਼ ਕਰਦੋ ਜੀ….
ਮੈਂਨੂੰ ਨੀ ਪਤਾ ਸੀ ਕਿ ਥੋਨੂੰ ਇੰਨਾਂ ਬੁਰਾ ਲੱਗਣਾ….

ਅੱਗਿਓਂ ਉਹ ਬੋਲੀ….
ਉਹ :- ਕੋਈ ਨ੍ਹੀ ਜੀ… ਨਾਲੇ ਇਹ ਕਿਹੜਾ ਥੋਡੀ ਕੋਈ ਲਿਖੀ ਕਹਾਣੀ ਏ ਜਿਸਨੂੰ ਜਿਵੇਂ ਮਰਜ਼ੀ ਲਿਖ ਦੇਵੋ ਗੇ… ਇਹ ਤਾਂ ਅਸਲ ਜ਼ਿੰਦਗੀ ਏ… ਏਥੇ ਫ਼ਰਕ ਪੈਂਦਾ ਏ ਹਰ ਉਸ ਸ਼ਖਸ ਨੂੰ ਜੋ ਥੋਡੇ ਨਾਲ ਜੁੜਿਆ ਹੋਇਆ ਏ..ਤੇ ਛੋਟੀ ਤੋਂ ਛੋਟੀ ਚੀਜ਼ ਦਾ ਸਾਹਮਣੇ ਆਲੇ ਤੇ ਫ਼ਰਕ ਪੈਂਦਾ ਹੈ……

ਮੈਂਨੂੰ ਉਸ ਦੀ ਇਸ ਗੱਲ ਨੇ ਇੱਕ ਅਚੰਭੇ ਵਿਚ ਫ਼ਸਾ ਦਿੱਤਾ ਸੀ,, ਕਿ ਅਜੇ ਅਸੀਂ ਮਿਲੇ ਹੀ ਦੋ ਵਾਰ ਆ… ਤੇ ਸਾਡੀ ਇੰਨੀ ਗੱਲ ਵੀ ਨ੍ਹੀ ਹੋਈ… ਮੈਂਨੂੰ ਤੇ ਅਜੇ ਤੱਕ ਉਸਦਾ ਨਾਮ ਤੱਕ ਨ੍ਹੀ ਪਤਾ… ਤੇ ਇਸ ਨੂੰ ਇਹ ਕਿਵੇਂ ਪਤਾ ਲੱਗਾ ਕਿ ਮੈਂ ਕਹਾਣੀਆਂ ਲਿਖਦਾ ਹਾਂ…

ਮੈਂ ਉਸ ਨੂੰ ਪੁੱਛਿਆ…
ਮੈਂ :- ਵੈਸੇ ਥੋਨੂੰ ਕਿਵੇਂ ਪਤਾ ਜੀ ਕਿ ਮੈਂ ਲਿਖਦਾ ਹਾਂ….

ਅੱਗਿਓਂ ਜਵਾਬ ਆਇਆ:- ਬਸ ਜੀ ਪਤਾ….

ਮੈਂ :- ਪਰ ਕਿਵੇਂ ਮੈਂਨੂੰ ਤੇ ਥੋਡਾ ਨਾਮ ਵੀ ਨ੍ਹੀ ਪਤਾ.. ਤੇ ਤੁਸੀਂ ਮੇਰੇ ਬਾਰੇ ਕਿਵੇਂ ਜਾਣਦੇ ਓ…

ਉਹ :- ਜਾਣਦੇ ਤਾਂ ਤੁਸੀਂ ਵੀ ਓ.. ਪਰ ਫ਼ੇਰ ਵੀ ਅਣਜਾਣ ਓ…

ਮੈਂਨੂੰ ਉਸ ਦੀਆਂ ਗੋਲ ਗੋਲ ਜੀਆਂ ਗੱਲਾਂ ਤੋਂ ਬਿਲਕੁਲ ਵੀ ਨਾ ਸਮਝ ਲੱਗ ਰਹੀ ਸੀ ਕਿ ਉਹ ਹੈ ਕੌਣ…. ਉਸਦੇ ਆਖੇ ਬੋਲ ਮੈਂਨੂੰ ਹੋਰ ਹੀ ਉਲਝਣ ਵਿੱਚ ਫ਼ਸਾ ਰਹੇ ਸੀ….

ਮੈਂ :- ਨਹੀਂ ਯਾਰ ਦੱਸੋ…. ਤੁਸੀਂ ਕੌਣ ਓ… ਕੀ ਨਾਮ ਆ ਥੋਡਾ ਤੇ ਮੈਂਨੂੰ ਕਿਵੇਂ ਜਾਣਦੇ ਓ….

ਅੱਗਿਓਂ ਉਸਨੇ ਆਖਿਆ :-….

ਉਹ :-.. “ਇਬਾਦਤ ਨੂਰ”… ਨਾਮ ਮੇਰਾ…. ਜਿਸਨੂੰ ਤੁਸੀਂ ਹਮੇਸ਼ਾ ਹੀ ਨੂਰ-ਨੂਰ ਆਖਦੇ ਰਹਿੰਦੇ ਸੀ…. ਥੋਡੀ ਬਚਪਨ ਆਲੀ ਦੋਸਤ…. ਆਇਆ ਯਾਦ ਜਾਂ ਭੁੱਲ ਗਏ….?

ਜਿੱਥੇ ਫੁੱਲ ਲੱਗਦੇ ਮੁਹੱਬਤਾਂ ਨੂੰ
ਉਹ ਸ਼ਹਿਰ ਸੁਣੀਦਾ ਓਹਦਾ ਏ
ਜਦ ਇਬਾਦਤ ਹੁੰਦੀ ਇਸ਼ਕੇ ਦੀ
ਉਹ ਪਹਿਰ ਸੁਣੀਦਾ ਓਹਦਾ ਏ
ਜਿੱਥੇ ਰਾਂਝੇ ਮਰਦੇ ਹੀਰਾਂ ਦੇ
ਉਹ ਕਹਿਰ ਸੁਣੀਦਾ ਓਹਦਾ ਏ

ਕੁਝ ਪਲ ਤਾਂ ਕਰਦੇ ਦਾਨ ਸਾਨੂੰ
ਜੋ ਤੇਰੇ ਨਾਲ ਬਿਤਾਉਣੇ ਨੇ
ਇੱਕ ਝਲਕ ਤੇਰੀ ਅਸੀਂ ਪਾਉਣ ਲਈ
ਸਾਡੇ ਸਾਹ ਵੀ ਦਾਅ ਤੇ ਲਾਉਣੇ ਨੇ
ਜਿੱਥੇ ਹਵਾਵਾਂ ਵਗਣ ਪਿਆਰ ਦੀਆਂ
ਉਹ ਸ਼ਹਿਰ ਸੁਣੀਦਾ ਓਹਦਾ ਏ
ਜਦ ਇਬਾਦਤ ਹੁੰਦੀ ਇਸ਼ਕੇ ਦੀ
ਉਹ ਪਹਿਰ ਸੁਣੀਦਾ ਓਹਦਾ ਏ

ਕਿੰਨੇ ਭਾਗਾਂ ਵਾਲੇ ਹੋਣੇ ਉਹ
ਜੋ ਤੇਰੇ ਨਾਲ ਰਹਿੰਦੇ ਨੇ
ਤੂੰ ਅੰਬਰੋਂ ਉੱਤਰੀ ਹੂਰ ਕੋਈ
ਜਿਹੜੇ ਹਰ ਪਲ ਤੈਂਨੂੰ ਕਹਿੰਦੇ ਨੇ
ਜਿੱਥੇ ਚਸ਼ਮੇ ਵਗਦੇ ਦੁਆਵਾਂ ਦੇ
ਉਹ ਸ਼ਹਿਰ ਸੁਣੀਦਾ ਓਹਦਾ ਏ
ਜਿੱਥੇ ਫੁੱਲ ਲੱਗਦੇ ਮੁਹੱਬਤਾਂ ਨੂੰ
ਉਹ ਸ਼ਹਿਰ ਸੁਣੀਦਾ ਓਹਦਾ ਏ
ਜਦ ਇਬਾਦਤ ਹੁੰਦੀ ਇਸ਼ਕੇ ਦੀ
ਉਹ ਪਹਿਰ ਸੁਣੀਦਾ ਓਹਦਾ ਏ

ਜਿੱਥੇ ਮੋਰ ਪੈਲਾਂ ਪਾਉਂਦੇ ਨੇ
ਜਦ ਜਦ ਵੀ ਤੂੰ ਖੁਸ਼ ਹੋਵੇ ਨੀ
ਆਸਮਾਨ ਵੀ ਤੇਰੇ ਨਾਲ ਰੋਂਦਾ
ਜਦ ਜਦ ਤੈਂਨੂੰ ਦੁੱਖ ਹੋਵੇ ਨੀ
ਜਿੱਥੇ ਪੀਂਘਾ ਪੈਣ ਪਿਆਰ ਦੀਆਂ
ਉਹ ਸ਼ਹਿਰ ਸੁਣੀਦਾ ਓਹਦਾ ਏ
ਜਿੱਥੇ ਫੁੱਲ ਲੱਗਦੇ ਮੁਹੱਬਤਾਂ ਨੂੰ
ਉਹ ਸ਼ਹਿਰ ਸੁਣੀਦਾ ਓਹਦਾ ਏ

ਜਿੱਥੇ ਤਾਰੇ ਟੁੱਟ ਕੇ ਗਿਰਦੇ ਨੇ
ਉਹ ਸ਼ਹਿਰ ਸੁਣੀਦਾ ਓਹਦਾ।
ਜਿੱਥੇ ਰਾਂਝੇ ਮਰਦੇ ਹੀਰਾਂ ਦੇ
ਉਹ ਕਹਿਰ ਸੁਣੀਦਾ ਓਹਦਾ ਏ।

~

ਮੈਂ ਬਿਲਕੁਲ ਹੀ ਸੁੰਨ ਹੋ ਗਿਆ ਸੀ… ਤੇ ਜਿਵੇਂ ਮੇਰੇ ਪੈਰਾਂ ਹੇਠੋਂ ਤਾਂ ਜ਼ਮੀਨ ਹੀ ਖਿਸਕ ਗਈ ਹੋਵੇ… ਮੈਂ ਬਹੁਤ ਜ਼ਿਆਦਾ ਖੁਸ਼ ਵੀ ਸੀ…. ਤੇ ਹੈਰਾਨ ਵੀ ਬਹੁਤ… ਕਿ ਇਹ ਇਵੇਂ ਅਚਾਨਕ ਇੰਨੇ ਸਾਲਾਂ ਬਾਅਦ ਕਿਵੇਂ… ਇਹ ਤਾਂ ਆਪਣੀ ਮਾਂ ਨਾਲ ਬਹੁਤ ਸਾਲ ਪਹਿਲਾਂ ਹੀ ਘਰ ਛੱਡ ਕੇ ਚਲੀ ਗਈ ਸੀ, ਜਦੋਂ ਇਸਦੇ ਮਾਂ ਤੇ ਬਾਪ ਦਾ ਤਲਾਕ ਹੋਇਆ ਸੀ… ਤਾਂ ਇਸਦੀ ਮਾਂ ਇਸਨੂੰ ਆਪਣੇ ਨਾਲ ਲੈ ਚਲੀ ਗਈ ਸੀ ਤੇ ਇਸਦੇ ਵੱਡੇ ਭਰਾ ਨੂੰ ਇਸਦੇ ਅੱਬੂ ਕੋਲ ਛੱਡ ਗਈ ਸੀ….. ਅਸੀਂ ਇਕੱਠੇ ਹੀ ਇੱਕੋ ਜਮਾਤ ਵਿੱਚ ਪੜ੍ਹਦੇ ਸੀ….ਮੇਰੀ ਬਚਪਨ ਦੀ ਦੋਸਤ “ਇਬਾਦਤ ਨੂਰ” ….. ਮੈਂ ਬਚਪਨ ਤੋਂ ਹੀ ਜਿਸਨੂੰ ਬਹੁਤ ਪਸੰਦ ਕਰਦਾ…. ਜਿਸਨੂੰ ਮੈਂ ਸਮਝ ਰਿਹਾ ਸੀ ਕਿ ਉਹ ਇਸ ਘਰ ਵਿੱਚ ਪਰੋਣੀ ਆਈ ਹੋਈ ਏ ਪਰ ਇਹ ਤਾਂ ਉਸਦਾ ਆਪਦਾ ਘਰ ਸੀ… ਉਹ ਅਚਾਨਕ ਮੇਰੀਆਂ ਅੱਖਾਂ ਸਾਹਮਣੇ…. ਹੁਣ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਤੇ ਉਸਦੇ ਚਿਹਰੇ ਤੇ ਇੱਕ ਸੋਹਣੀ ਜੀ ਹਸੀ ਨੇ ਦਸਤਕ ਦਿੱਤੀ ਹੋਈ ਸੀ….

ਨੂਰ ਤੁਸੀਂ…. ਤੁਸੀਂ ਇੱਦਾਂ ਅਚਾਨਕ… ਮੈਂ ਤਾਂ ਸਮਝੀ ਜਾ ਰਿਹਾ ਸੀ ਕਿ ਤੂੰ ਕਦੇ ਵੀ ਮੁੜ ਕੇ ਨ੍ਹੀ ਆਉਣਾ ਹੁਣ ਐਥੇ….

ਅੱਗਿਓਂ ਨੂਰ ਨੇ ਜਵਾਬ ਦਿੱਤਾ…
ਨੂਰ :- ਤਲਾਕ ਤੋਂ ਬਾਅਦ ਮੇਰੀ ਅੰਮੀ ਨੇ ਕਦੀ ਵੀ ਮੇਰੇ ਅੱਬੂ ਤੇ ਭਰਾ ਨੂੰ ਮਿਲਣ ਨਾ ਦਿੱਤਾ ਤੇ ਪਰ ਹੁਣ ਛੇ ਮਹੀਨੇ ਪਹਿਲਾਂ ਹੀ ਮੇਰੀ ਅੰਮੀ ਦੀ ਮੌਤ ਹੋ ਗਈ ਤੇ ਮੇਰੇ ਮਾਮਾ ਨੂੰ ਲੱਗਿਆ ਕਿ ਉਹਨਾਂ ਕੋਲ ਰਹਿ ਮੈਂ ਉਹਨਾਂ ਦਾ ਖਰਚਾ ਵਧਾਵਾਂਗੀ ਤੇ ਉਹਨਾਂ ਦੇ ਘਰ ਵਿੱਚ ਹਿੱਸਾ ਵੀ ਨਾ ਮੰਗ ਲਵਾਂ ਇਸੇ ਲਈ ਉਹਨਾਂ ਨੇ ਮੈਂਨੂੰ ਮੇਰੇ ਅੱਬੂ ਦੇ ਹਵਾਲੇ ਕਰ ਦਿੱਤਾ…..

ਮੈਂਨੂੰ ਉਸਦੀ ਹਾਲਤ ਬਾਰੇ ਸੁਣ ਕੇ ਉਸ ਤੇ ਅਫ਼ਸੋਸ ਵੀ ਹੋ ਰਿਹਾ ਸੀ ਪਰ ਮੈਂ ਕਰ ਵੀ ਕੀ ਸਕਦਾ ਸੀ….

ਮੈਂ :- ਤੇ ਫ਼ੇਰ ਹੁਣ ਹਮੇਸ਼ਾ ਲਈ ਐਥੇ ਹੀ ਰਹੋ ਗੇ…?

ਨੂਰ :- ਜਦੋਂ ਤੱਕ ਮੇਰਾ ਨਿਕਾਹ ਨ੍ਹੀ ਹੁੰਦਾ… ਉਦੋਂ ਤੱਕ…

ਮੈਂ :- ਆਹੋ ਮੇਰੇ ਕਹਿਣ ਦਾ ਮਤਲਬ ਵੀ ਏਹੀ ਸੀ…. ਵਿਆਹ ਦੀ ਬਹੁਤ ਜਲਦੀ ਲੱਗਦੀ ਆ ਤੈਂਨੂੰ….

ਨੂਰ :- ਨਾ ਜੀ.. ਮੇਰੇ...

ਅੱਬੂ ਨੂੰ ਆ… ਇੱਥੇ ਚਾਰ ਮਹੀਨੇ ਹੋ ਗਏ ਮੈਂਨੂੰ ਆਏ ਨੂੰ…ਮੇਰੀ ਭਰਜਾਈ ਨੂੰ ਮੇਰਾ ਐਥੇ ਇਵੇਂ ਆਉਣਾ ਬਿਲਕੁਲ ਵੀ ਪਸੰਦ ਨਾ ਆਇਆ… ਭਰਾ ਨੂੰ ਵੀ ਮੇਰੇ ਆਉਣ ਦੀ ਇੰਨੀ ਖੁਸ਼ੀ ਨਾ ਹੋਈ, ਉਹ ਭਰਜਾਈ ਦੀ ਹੀ ਜ਼ਿਆਦਾ ਮੰਨਦਾ …. ਘਰ ਵਿੱਚ ਮੇਰਾ ਅੱਬੂ ਹੀ ਹੈ ਜੋ ਮੇਰੇ ਆਉਣ ਤੇ ਖੁਸ਼ ਹੈ…. ਮੈਂ ਪਹਿਲਾਂ ਜਿੱਥੇ ਰਹਿੰਦੀ ਸੀ ਓਥੇ ਮੇਰੀ ਪੜ੍ਹਾਈ ਵਧੀਆ ਚੱਲ ਰਹੀ ਸੀ… ਪਹਿਲਾਂ ਮੇਰੇ ਨਾਨਾ ਜੀ ਦੀ ਮੌਤ ਹੋਈ ਤੇ ਫ਼ੇਰ ਮੇਰੀ ਅੰਮੀ ਦੀ…. ਨਾਨੀ ਮੇਰੇ ਛੋਟੇ ਹੁੰਦੇ ਹੀ ਪੂਰੇ ਹੋ ਗਏ ਸੀ….ਮਾਮਾ ਜੀ ਨੇ ਮੈਂਨੂੰ ਕੋਲ ਰੱਖਿਆ ਨਾ…. ਹੁਣ ਐਥੇ ਪਟਿਆਲੇ ਆਪਣੀ ਪੜ੍ਹਾਈ ਪੂਰੀ ਕਰਨ ਲਈ ਹੀ ਦਾਖਲੇ ਲਈ ਆਉਂਦੀ ਆ… ਮੇਰੇ ਭਰਾ ਨੇ ਇੱਕ ਵਾਰ ਵੀ ਨਾ ਕਿਹਾ ਕਿ ਉਹ ਨਾਲ ਆ ਕੇ ਮੇਰਾ ਦਾਖਲਾ ਕਰਵਾ ਦਿੰਦਾ ਹੈ…. ਮੈਂਨੂੰ ਵੀ ਨ੍ਹੀ ਸਮਝ ਆਉਂਦੀ ਕਿ ਜੋ ਵੀ ਹੋਇਆ ਉਸ ਸਭ ਵਿੱਚ ਮੇਰੀ ਕੀ ਗ਼ਲਤੀ ਹੈ …. ਚਲੋ ਛੱਡੋ… ਮੈਂ ਵੀ ਕਿੱਥੇ ਆਪਣੀਆਂ ਗੱਲਾਂ ਲੈ ਬੈਠ ਗਈ…..,

ਮੈਂ :- ਅੱਛਾ ਜੀ… ਥੋਨੂੰ ਇੰਨਾਂ ਸਮਾਂ ਹੋ ਗਿਆ ਏਥੇ ਆਏ ਨੂੰ… ਪਰ ਮੈਂ ਤਾਂ ਥੋਨੂੰ ਪਿਛਲੇ ਦੋ ਤਿੰਨ ਦਿਨਾਂ ਤੋਂ ਹੀ ਦੇਖਿਆ ਏ…..
ਪਹਿਲਾਂ ਕਿੱਥੇ ਲੁਕੇ ਹੋਏ ਸੀ ਤੁਸੀਂ….?
(ਮੈਂ ਬਹੁਤ ਹੈਰਾਨ ਹੋ ਰਿਹਾ ਸੀ ਉਸਦੀਆਂ ਗੱਲਾਂ ਸੁਣ… ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਹੁਣੇ ਉਸਦਾ ਹੱਥ ਫੜਾਂ ਤੇ ਉਸਨੂੰ ਕਿਤੇ ਐਥੋਂ ਦੂਰ ਭਜਾ ਲੈ ਜਾਵਾਂ…ਉਸਦੇ ਘਰ ਦਿਆਂ ਤੇ ਗੁੱਸਾ ਵੀ ਬਹੁਤ ਆ ਰਿਹਾ ਸੀ….)

ਨੂਰ :- ਨਹੀਂ ਜੀ ਆਉਂਦੀ ਹੁੰਦੀ ਸੀ ਛੱਤ ਤੇ ਪਰ ਦਿਨੇ ਆਉਂਦੀ ਸੀ ਕਦੇ ਕਦਾਈ…ਦਿਨੇ ਸ਼ਾਇਦ ਤੁਸੀਂ ਕੰਮ ਤੇ ਹੁੰਦੇ ਓ….

ਮੈਂ :- ਹਾਂ ਜੀ…… ਅੱਛਾ ਫ਼ੇਰ ਹੁਣ ਪੜ੍ਹਨ ਲੱਗਣਾ ਤੁਸੀਂ ਪਟਿਆਲੇ….. ਕਿੰਨੇ ਸਾਲ ਦੀ ਪੜ੍ਹਾਈ ਰਹਿ ਗਈ ਥੋਡੀ…?

ਨੂਰ :- ਹਾਂ ਜੀ… ਮੇਰਾ ਘਰ ਦਿਲ ਹੀ ਨ੍ਹੀ ਲੱਗਦਾ… ਭਰਜਾਈ ਵੀ ਤਾਅਨੇ – ਮਿਹਣੇ ਮਾਰੀਂ ਜਾਂਦੀ ਹੁੰਦੀ ਏ.. ਬਸ ਕਦੇ ਭਰਾ ਦੇ ਛੋਟੇ ਜਿਹੇ ਜਵਾਕ ਨਾਲ ਖੇਡ ਲੈਂਦੀ ਹਾਂ ਤੇ ਕਦੇ ਟੀਵੀ ਦੇਖ ਸਮਾਂ ਲੰਘ ਜਾਂਦਾ ਸੀ…. ਬਸ ਅਖ਼ੀਰਲਾ ਸਾਲ ਆ ਪੜ੍ਹਾਈ ਚ…. ਪਹਿਲਾਂ ਤਾਂ ਨਾਨਕੇ ਪੜ੍ਹ ਲਈ….ਅੱਬੂ ਨੂੰ ਮਸਾਂ ਮਨਾਇਆ ਪੜ੍ਹਾਈ ਲਈ…. ਉਸਨੇ ਵੀ ਕਹਿ ਦਿੱਤਾ ਕਿ ਪੜ੍ਹਾਈ ਖ਼ਤਮ ਹੁੰਦੇ ਸਾਰ ਹੀ ਮੇਰਾ ਨਿਕਾਹ ਕਰ ਦੇਣਾ…. ।

ਮੈਂ :- ਠੀਕ ਐ ਜੀ… ਪਰ ਤੁਸੀਂ ਮੈਂਨੂੰ ਕਿਵੇਂ ਪਹਿਚਾਣਿਆ ਕਿਵੇਂ… ਕਿ ਮੈਂ ਹੀ ਦੀਪ ਹਾਂ ਤੇ ਜੇ ਪਛਾਣ ਵੀ ਲਿਆ ਤਾਂ ਇਹ ਕਿਵੇਂ ਪਤਾ ਲੱਗਾ ਕਿ ਮੈਂ ਹੁਣ ਕਹਾਣੀਆਂ ਲਿਖਦਾ…..

ਨੂਰ :- ਮੈਂ ਤਾਂ ਹਮੇਸ਼ਾ ਹੀ ਥੋਨੂੰ ਬਹੁਤ ਯਾਦ ਕਰਦੀ ਸੀ… ਤੇ ਇੱਥੇ ਆਈ ਸੀ ਜਦੋਂ ਉਦੋਂ ਵੀ ਥੋਨੂੰ ਮਿਲਣਾ ਚਾਹੁੰਦੀ ਸੀ.. ਤੇ ਤੁਸੀਂ ਮਨੀ ਨੂੰ ਤਾਂ ਜਾਣਦੇ ਹੀ ਓ… ਉਹੀ ਜਿਹੜੀ ਆਪਣੀ ਜਮਾਤ ਵਿੱਚ ਆਪਣੇ ਨਾਲ ਪੜ੍ਹਦੀ ਹੁੰਦੀ ਸੀ.. ਉਹ ਮੈਂਨੂੰ ਮਿਲਣ ਘਰ ਆ ਜਾਂਦੀ ਹੁੰਦੀ ਸੀ ਤਾਂ ਮੈਂ ਉਸ ਨੂੰ ਪੁੱਛਿਆ ਸੀ ਥੋਡੇ ਬਾਰੇ… ਉਸ ਨੇ ਹੀ ਦੱਸਿਆ ਸੀ ਕਿ ਤੁਸੀਂ ਹੁਣ ਲਿਖਦੇ ਓ ਤੇ ਓਸੇ ਨੇ ਹੀ ਮੈਂਨੂੰ ਥੋਡੀ ਇੱਕ ਕਹਾਣੀ ਪੜ੍ਹਾਈ ਸੀ…”ਕੱਚ ਦੇ ਸੁਪਨੇ” ਸੀ ਉਸਦਾ ਨਾਮ…. ਓਥੇ ਥੋਡਾ ਨੰਬਰ ਵੀ ਦਿੱਤਾ ਹੋਇਆ ਸੀ… ਮੈਂ ਕਿੰਨੀ ਵਾਰੀ ਸੋਚਿਆ ਵੀ ਸੀ ਕਿ ਫੋਨ ਜਾਂ ਮੈਸੇਜ ਕਰਾਂ … ਪਰ ਹਰ ਵਾਰ ਹੱਥ ਪਿੱਛੇ ਹਟਾ ਲੈਂਦੀ….

ਮੈਂ :- ਅੱਛਾ ਜੀ….ਜੇ ਫ਼ੇਰ ਥੋਨੂੰ ਪਤਾ ਹੀ ਲੱਗ ਗਿਆ ਸੀ ਕਿ ਮੈਂ ਹੀ ਥੋਡਾ ਬਚਪਨ ਆਲਾ ਦੋਸਤ ਹਾਂ ਤਾਂ ਤੁਸੀਂ ਮੈਂਨੂੰ ਬੁਲਾਇਆ ਕਿਉਂ ਨ੍ਹੀ….

ਨੂਰ :- ਮੈਂ ਜਾਣ ਬੁੱਝ ਕੇ ਨ੍ਹੀ ਦੱਸਿਆ ਸੀ…. ਮੈਂ ਦੇਖਣਾ ਚਾਹੁੰਦੀ ਸੀ ਕਿ ਤੁਸੀਂ ਮੈਂਨੂੰ ਪਹਿਚਾਣ ਪਾਓ ਗੇ ਜਾਂ ਨਹੀਂ….

ਮੈਂ :- ਯਾਰ ਮੈਂ ਤਾਂ ਕੀ ਥੋਨੂੰ ਕੋਈ ਵੀ ਨ੍ਹੀ ਪਹਿਚਾਣ ਸਕਦਾ…. ਤੂੰ ਉਹੀ ਆ ਜਿਹੜੀ ਸਾਰਾ ਦਿਨ ਮਿੱਟੀ ਖਾਂਦੀ ਨੀ ਥੱਕਦੀ ਸੀ… ਸੜੀ ਜਿਹੀ ਬਣ ਫਿਰਦੀ ਰਹਿੰਦੀ ਸੀ….ਤੇ ਹੁਣ ਤਾਂ ਤੂੰ ਬਿਲਕੁਲ ਹੀ ਪਰੀਆਂ ਵਰਗੀ ਲੱਗਦੀ ਏ… ਇੰਨੀ ਜ਼ਿਆਦਾ ਸੋਹਣੀ ਹੋਗੀ ਤੂੰ ਬਾਹਰ ਰਹਿ ਕੇ…. ਮੈਂਨੂੰ ਸੱਚੀ ਹੁਣ ਵੀ ਨੀ ਯਕੀਨ ਆ ਰਿਹਾ ਕਿ ਤੂੰ ਉਹੀ ਨੂਰ ਆ…..

ਨੂਰ :- ਹਾ.. ਹਾ.. ਅੱਛਾ ਜੀ… ਹੋਰ ਕੁਝ…. ਵੈਸੇ ਗੱਲਾਂ ਸੋਹਣੀਆਂ ਬਣਾ ਲੈਂਦੇ ਓ… ਐਵੇਂ ਈ ਤਾਂ ਕਹਾਣੀਆਂ ਲਿਖੀਆਂ ਜਾਂਦੀਆ….. ਅੱਛਾ ਜੀ ਤੁਸੀਂ ਉਹ ਤਾਂ ਦੱਸੋ ਉਹ ਕੱਚ ਦੇ ਸੁਪਨੇ ਵਾਲੀ ਕੁੜੀ ਕੌਣ ਸੀ….

ਮੈਂ :- ਬਸ ਉਹ ਤਾਂ ਨਾ ਹੀ ਪੁੱਛੋ……

ਪਟਿਆਲਾ ਬੱਸ ਅੱਡਾ ਵੀ ਆ ਗਿਆ ਤੇ ਅਸੀਂ ਬੱਸੋਂ ਉਤਰੇ ਤੇ ਹੁਣ ਉਸ ਨੇ ਆਪਣੇ ਰਾਸਤੇ ਜਾਣਾ ਸੀ ਤੇ ਮੈਂ ਕੋਸ਼ਿਸ ਜਿਹੀ ਕਰ ਉਸਨੂੰ ਆਪਣੇ ਦਿਲ ਦੀ ਗੱਲ ਪੁੱਛਣ ਲੱਗਾ… ਪਰ ਸਮਝ ਵੀ ਨ੍ਹੀ ਸੀ ਆ ਰਹੀ ਕਿ ਉਸ ਨੂੰ ਕਿੰਝ ਦੱਸਾਂ… ਕਿ ਮੈਂ ਉਸ ਨੂੰ ਕਿੰਨਾ ਪਿਆਰ ਕਰਨ ਲੱਗ ਪਿਆ ਹਾਂ…. ਤੇ ਮੈਂ ਉਸ ਨੂੰ ਹਮੇਸ਼ਾ ਹੀ ਖੁਸ਼ ਰੱਖਾਂ ਗਾਂ…. ਉਸ ਨੂੰ ਕਿਸੇ ਵੀ ਕਿਸਮ ਦਾ ਦੁੱਖ ਦਰਦ ਨਹੀਂ ਦੇਵਾਂਗਾ…..

~

ਦਿਨੇ ਸਾਰਿਆਂ ਤੋਂ ਪੁੱਛਾਂ
ਰਾਤੀਂ ਤਾਰਿਆਂ ਤੋਂ ਪੁੱਛਾਂ
ਕਿੰਝ ਯਾਰ ਨੂੰ ਸੁਣਾਵਾਂ ਗੱਲਾਂ ਸਾਰੀਆਂ

ਨਾ ਕਦੇ ਇੱਕ ਵੱਸ ਹੋਕੇ ਬੈਠਣ ਏ
ਜੋ ਮੇਰੇ ਦਿਲ ਦੇ ਖ਼ਿਆਲ ਨੇ
ਵਾਰ-ਵਾਰ ਆਣ ਛੇੜੀ ਜਾਂਦੇ
ਜੋ ਉੱਠਦੇ ਦਿਲ ਚ ਸਵਾਲ ਨੇ
ਕਿਸੇ ਹਿੰਮਤੀ ਜੇ ਬੰਦੇ ਤੋਂ
ਲੈ ਲਵਾਂ ਕੁਝ ਗੱਲਾਂ ਉਧਾਰੀਆਂ
ਦਿਨੇ ਸਾਰਿਆਂ ਤੋਂ ਪੁੱਛਾਂ
ਰਾਤੀਂ ਤਾਰਿਆਂ ਤੋਂ ਪੁੱਛਾਂ
ਕਿੰਝ ਯਾਰ ਨੂੰ ਸੁਣਾਵਾਂ ਗੱਲਾਂ ਸਾਰੀਆਂ

ਪਤਾ ਨੀ ਕਿਉਂ ਉਹਦੇ ਸਾਹਮਣੇ
ਜਾਣ ਤੋਂ ਮੇਰਾ ਦਿਲ ਡਰਦਾ ਏ
ਦਿਲ ਨੀ ਲੱਗਦਾ ਉਹਦੇ ਬਿਨ
ਨਾ ਉਹਦੇ ਬਿਨ ਮੇਰਾ ਸਰਦਾ ਏ
ਬਹੁਤ ਹੋ ਗਈਆਂ ਇਕੱਠੀਆਂ
ਹੁਣ ਚੁੱਕੀਆਂ ਨਾ ਜਾਣ ਪੰਡਾਂ ਭਾਰੀਆਂ
ਦਿਨੇ ਸਾਰਿਆਂ ਤੋਂ ਪੁੱਛਾਂ
ਰਾਤੀਂ ਤਾਰਿਆਂ ਤੋਂ ਪੁੱਛਾਂ
ਕਿੰਝ ਯਾਰ ਨੂੰ ਸੁਣਾਵਾਂ ਗੱਲਾਂ ਸਾਰੀਆਂ

ਬੇਬੱਸ ਜਿਆ ਹੋਇਆ ਫਿਰਦਾ ਹਾਂ
ਨਾ ਚਾਹੁੰਦੇ ਵੀ ਕਿੰਨਾਂ ਦੂਰ ਹਾਂ
ਦਿਲ ਕਰਦਾ ਉਹਨੂੰ ਦੇਖੀ ਜਾਵਾਂ
ਪਰ ਫ਼ੇਰ ਵੀ ਕਿੰਨਾਂ ਮਜ਼ਬੂਰ ਹਾਂ
ਉਹ ਇੱਕ ਵਾਰ ਤੇ ਹਾਂ ਕਰੇ
ਫ਼ੇਰ ਲਾ ਲਵਾ ਉਡਾਰੀਆਂ
ਦਿਨੇ ਸਾਰਿਆਂ ਤੋਂ ਪੁੱਛਾਂ
ਰਾਤੀਂ ਤਾਰਿਆਂ ਤੋਂ ਪੁੱਛਾਂ
ਕਿੰਝ ਯਾਰ ਨੂੰ ਸੁਣਾਵਾਂ ਗੱਲਾਂ ਸਾਰੀਆਂ ।

~

ਬਹੁਤ ਹਿੰਮਤ ਜਿਹੀ ਕਰ ਉਸਨੂੰ ਪੁੱਛਣ ਦਾ ਜਿਗਰਾ ਜਿਹਾ ਕਰ ਹੀ ਲਿਆ ਤੇ ਉਸ ਨੂੰ ਬੁਲਾ ਕੇ ਕਿਹਾ…..
ਮੈਂ :- ਨੂਰ… ਯਾਰ ਮੈਂ ਤੇਰੇ ਨਾਲ ਗੱਲ ਕਰਨੀ ਏ ਕੋਈ ….

ਨੂਰ :- ਹਾਂ ਜੀ…. ਕਰੋ….

ਮੈਂ :- ਦੇਖਿਓ.. ਪਲੀਜ਼ ਗੁੱਸਾ ਨਾ ਕਰਨਾ…. ਮੈਂਨੂੰ ਗ਼ਲਤ ਵੀ ਨਾ ਸਮਝਿਓ…. ਪਰ ਮੈਂ ਤੈਂਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ… ਤੂੰ ਹਾਂ ਕਰ ਆਪਾਂ ਵਿਆਹ ਕਰਵਾ ਲਵਾਂਗੇ…. ।

ਉਹ ਬਹੁਤ ਹੈਰਾਨ ਜੇ ਤਾਂ ਨ੍ਹੀ ਹੋਈ, ਜਿਵੇਂ ਕਿ ਉਸ ਨੂੰ ਪਹਿਲਾਂ ਤੋਂ ਹੀ ਮੇਰੇ ਦਿਲ ਦੀ ਗੱਲ ਬਾਰੇ ਪਤਾ ਹੋਵੇ, ਤੇ ਜਾਣਦੀ ਹੋਵੇ ਕਿ ਮੈਂ ਉਸ ਨੂੰ ਕੀ ਕਹਿਣ ਵਾਲਾ ਹਾਂ….

ਨੂਰ :- ਦੀਪ ਤੂੰ ਪਾਗਲ ਤਾਂ ਨ੍ਹੀ ਹੋ ਗਿਆ…? ਯਾਰ ਥੋਡੇ ਨਾਮ ਪਿੱਛੇ ਸਿੰਘ ਲੱਗਦਾ ਤੇ ਮੈਂ ਇੱਕ ਮੁਸਲਿਮ ਪਰਿਵਾਰ ਚੋਂ ਆ…. ਆਪਣੇ ਘਰ ਦੇ ਕਦੀ ਵੀ ਨ੍ਹੀ ਮੰਨਣੇ… ਜੇਕਰ ਥੋਡੇ ਮੰਨ ਵੀ ਜਾਂਦੇ ਨੇ ਤਾਂ ਮੇਰੇ ਤਾਂ ਬਿਲਕੁਲ ਵੀ ਨ੍ਹੀ…. ਮੈਂਨੂੰ ਜਾਨੋ ਮਾਰ ਦੇਣ ਗੇ…. ਮੇਰੀ ਅੰਮੀ ਤੇ ਅੱਬੂ ਦੇ ਕੀਤੇ ਕਰਮਾਂ ਦੀ ਸਜ਼ਾ ਅਸੀਂ ਅੱਜ ਤੱਕ ਭੁਗਤ ਰਹੇ ਆ… ਤੇ ਮੈਂ “ਨਾ ਨਾ….

ਮੈਂ :- ਯਾਰ ਉਹ ਬਾਅਦ ਦੀ ਗੱਲ ਐ… ਪਹਿਲਾਂ ਤੂੰ ਦੱਸ ਵੀ ਤੂੰ ਮੇਰੇ ਬਾਰੇ ਕੀ ਸੋਚਦੀ ਏ….?

ਨੂਰ :- ਦੀਪ ਸੱਚ ਦੱਸਾਂ ਤਾਂ ਮੈਂ ਵੀ ਬਹੁਤ ਪਸੰਦ ਕਰਦੀ ਆ ਤੈਂਨੂੰ… ਪਰ ਇਸ ਰਿਸ਼ਤੇ ਲਈ ਆਪਣੇ ਦੋਵਾਂ ਤੋਂ ਇਲਾਵਾ ਕੋਈ ਵੀ ਖੁਸ਼ ਨ੍ਹੀ ਹੋਣਾ…. ਜੇ ਮੈਂ ਥੋਡੇ ਘਰ ਨਿਕਾਹ ਕਰਕੇ ਆ ਗਈ ਤਾਂ ਮੇਰੇ ਭਰਾ, ਭਰਜਾਈ, ਅੱਬੂ… ਸਾਰੇ ਪਿੰਡ…ਨਾ ਦੀਪ.., ਸੋਚਕੇ ਦੇਖ ਬਹੁਤ ਔਖਾ ਕੰਮ ਏ….

ਮੈਂ :- ਸੋਚ ਲਾ ਇੱਕ ਵਾਰੀ… ਹੁਣ ਅਖ਼ੀਰਲਾ ਫ਼ੈਸਲਾ ਤੇਰਾ ਏ…
ਜੇ ਤੇਰੀ ਹਾਂ ਤਾਂ ਮੈਂ ਸਭ ਨੂੰ ਮਨਾ ਲਵਾਂਗਾ…. ਤੇ ਸਭ ਸਾਂਭ ਲਵਾਂਗਾ….
ਬਾਕੀ ਜੇ ਹੁਣ ਤੂੰ ਤਿਆਰ ਆ ਤਾਂ ਮੇਰੇ ਨਾਲ ਚੱਲ ਤੇ ਜੇ ਨਹੀਂ ਤਾਂ ਉਹ ਦੂਜੇ ਪਾਸੇ ਨੂੰ ਜਾਣਾ ਤੂੰ ਓਧਰ ਜਾ ਸਕਦੀ ਆ …. ਫ਼ੈਸਲਾ ਤੇਰਾ.. ਜਿਵੇਂ ਕਹੇ ਗੀ… ਮੈਂ ਕਦਰ ਕਰੂੰ ਤੇਰੇ ਫ਼ੈਸਲੇ ਦੀ…..

ਮੈਂ ਉਸਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਿਹਾ ਸੀ… ਮੈਂ ਸੋਚ ਰਿਹਾ ਸੀ ਕਿ ਉਹ ਮੇਰੇ ਨਾਲ ਮੇਰੇ ਵੱਲ ਚੱਲੇ ਗੀ…. ਪਰ ਉਸਨੇ ਆਪਣੇ ਪੈਰ ਪਿੱਛਾਂ ਨੂੰ ਮੋੜ ਲਏ ਤੇ ਪਿੱਛੇ ਵੱਲ ਨੂੰ ਮੁੜ ਚਲੀ ਗਈ…ਉਸਨੇ ਕਿਹਾ ਕਿ ਉਸਦੇ ਅੱਬੂ ਨੇ ਉਸ ਲਈ ਮੁੰਡਾ ਦੇਖ ਲਿਆ ਹੈ ਤੇ ਪੜ੍ਹਾਈ ਖ਼ਤਮ ਹੁੰਦੇ ਹੀ ਉਸਦਾ ਨਿਕਾਹ ਕਰ ਦੇਣਾ ਹੈ… ਤੇ ਉਹਨਾਂ ਦਾ ਰੋਕਾ ਵੀ ਹੋ ਗਿਆ ਏ….।
..ਤੇ ਮੈਂਨੂੰ ਇੰਨਾਂ ਕਹਿ ਓਥੋਂ ਚਲੀ ਗਈ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ…

ਮੈਂ ਉਸ ਨੂੰ ਦੇਖਦਾ ਰਿਹਾ ਪਰ ਉਸ ਨੇ ਮੇਰੇ ਵੱਲ ਮੁੜ ਕੇ ਇੱਕ ਵਾਰ ਨਾ ਦੇਖਿਆ…….।
ਜਿਵੇਂ ਜਿਵੇਂ ਉਹ ਦੂਰ ਜਾਈ ਜਾ ਰਹੀ ਸੀ, ਓਵੇਂ ਓਵੇਂ ਮੇਰੀਆਂ ਅੱਖਾਂ ਵਿੱਚੋਂ ਪਾਣੀ ਵੀ ਵਹਿਣਾ ਸ਼ੁਰੂ ਹੋ ਰਿਹਾ ਸੀ….. ਉਹ ਵੀ ਜਿਵੇਂ ਦਿਲ ਤੇ ਦਿਮਾਗ ਦੀ ਜੰਗ ਵਿੱਚ ਫਸੀ ਜਿਹੀ ਲੱਗ ਰਹੀ ਸੀ… ਜਿਵੇਂ ਦਿਲੋਂ ਤਾਂ ਉਹ ਮੇਰੇ ਨਾਲ ਆਉਣਾ ਚਾਹੁੰਦੀ ਸੀ ਪਰ ਉਸਦੇ ਦਿਮਾਗ ਨੇ ਦਿਲ ਦੀ ਦਿੱਤੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੋਵੇ… ਓਥੇ ਫ਼ੇਰ ਤੋਂ ਦੋ ਦਿਲਾਂ ਨੂੰ ਜਿਵੇਂ ਜਾਤ – ਪਾਤ ਤੇ ਧਰਮ ਨੇ ਤੋੜ ਦਿੱਤਾ ਹੋਵੇ…। ਉਸਦੇ ਹੱਸਦੇ ਚਿਹਰੇ ਪਿੱਛੇ ਕਿੰਨਾਂ ਦਰਦ ਲੁਕਿਆ ਹੋਇਆ ਸੀ… ਮੈਂ ਚੰਗੀ ਤਰ੍ਹਾਂ ਨਾਲ ਜਾਣ ਵੀ ਨਾ ਸਕਿਆ….. ਮੈਂ ਵੀ ਆਪਣੀਆਂ ਸੀਲੀਆਂ – ਗੀਲੀਆਂ ਅੱਖਾਂ ਨੂੰ ਪੂੰਝਦਾ ਹੋਇਆ ਆਪਣੇ ਕੰਮ ਵੱਲ ਨੂੰ ਚਲਾ ਗਿਆ…. ।

~

ਇਹਨਾਂ ਅੱਖੀਆਂ ਦੇ ਵੀ
ਦਰਦ ਅਵੱਲੜੇ ਹੁੰਦੇ ਨੇ,
ਜਿਹਨਾਂ ਦੇ ਚਿਹਰੇ ਹੱਸਦੇ ਹੁੰਦੇ
ਮੈਂ ਸੁਣਿਆ ਦਿਲ ਰੋਂਦੇ ਨੇ।

ਪਤਾ ਨ੍ਹੀ ਕੀ ਲੱਭਦੇ ਨੇ
ਉਹ ਕੱਲੇ ਬਹਿ ਬਹਿ ਕੇ,
ਪੱਥਰ ਬਣ ਜਾਂਦਾ ਏ ਦਿਲ
ਦਰਦ ਸਹਿ ਸਹਿ ਕੇ,
ਉਹ ਨਾ ਤਾਂ ਫੇਰ ਮਰਦੇ ਨੇ
ਤੇ ਨਾ ਜੀਉਂਦੇ ਨੇ।
ਜਿਹਨਾਂ ਦੇ ਚਿਹਰੇ ਹੱਸਦੇ ਹੁੰਦੇ
ਮੈਂ ਸੁਣਿਆ ਦਿਲ ਰੋਂਦੇ ਨੇ।

ਦੱਸ ਕੀ ਮਹਿਣਾ ਮਾਰਦਾ ਏ
ਤੂੰ ਕਾਲੀਆਂ ਰਾਤਾਂ ਨੂੰ,
ਰੋਂਦਾ ਏ ਦਿਲ ਯਾਦ ਕਰ ਕਰ
ਹੁਣ ਉਹਦੀਆਂ ਬਾਤਾਂ ਨੂੰ,
ਉਹਨਾਂ ਨੂੰ ਹੀ ਮੁੱਲ ਪਤਾ
ਜਿਹੜੇ ਯਾਰ ਨੂੰ ਖੋਂਦੇਂ ਨੇ।
ਜਿਹਨਾਂ ਦੇ ਚਿਹਰੇ ਹੱਸਦੇ ਹੁੰਦੇ
ਮੈਂ ਸੁਣਿਆ ਦਿਲ ਰੋਂਦੇ ਨੇ।

ਕਾਗਜ਼ਾਂ ਤੇ ਲਿੱਖ ਸੁਨੇਹੇ
ਉਹਦੇ ਵੱਲ ਮੈਂ ਘੱਲੇ ਨੇ,
ਆਇਆ ਸੀ ਸੁਨੇਹਾ ਯਾਰ
ਸਾਨੂੰ ਛੱਡ ਕੇ ਚੱਲੇ ਨੇ
ਸਾਨੂੰ ਪਤਾ ਉਹ ਭਾਗਾਂ ਵਾਲੇ
ਜਿਹਨੂੰ ਉਹ ਚਾਹੁੰਦੇ ਨੇ।
ਜਿਹਨਾਂ ਦੇ ਚਿਹਰੇ ਹੱਸਦੇ ਹੁੰਦੇ
ਮੈਂ ਸੁਣਿਆ ਦਿਲ ਰੋਂਦੇ ਨੇ।

ਇਹਨਾਂ ਅੱਖੀਆਂ ਦੇ ਵੀ
ਦਰਦ ਅਵੱਲੜੇ ਹੁੰਦੇ ਨੇ,
ਜਿਹਨਾਂ ਦੇ ਚਿਹਰੇ ਹੱਸਦੇ ਹੁੰਦੇ
ਮੈਂ ਸੁਣਿਆ ਦਿਲ ਰੋਂਦੇ ਨੇ।

~~ਧੰਨਵਾਦ ਜੀ ~~

ਗੁਰਦੀਪ ਸਿਆਂ ਤੈਂਨੂੰ ਤੇ ਉਹਨੇ ਬੋਲਣ ਜੋਗਾ ਵੀ ਨ੍ਹੀ ਛੱਡਿਆ
, ਤੂੰ ਤੇ ਬਸ ਲਿਖਣ ਜੋਗਾ ਹੀ ਰਹਿ ਗਿਆ ਏ…….

ਗੁਰਦੀਪ ਰੱਖੜਾ (9465666693)
********

ਨੋਟ :- ਇਸ ਕਹਾਣੀ ਦੇ ਸਬੰਧ ਵਿੱਚ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਸਾਡੀਆਂ ਹੋਰ ਲਿਖੀਆਂ ਕਹਾਣੀਆਂ ਪੜ੍ਹਨ ਲਈ ਤੁਸੀਂ ਸਾਡੇ (WhatsApp) ਵਾਟਸਆਪ ਨੰਬਰ ਜਾਂ (instagram) ਇੰਨਸਟਾਗ੍ਰਾਮ ਤੇ ਵੀ ਜੁੜ ਸਕਦੇ ਓ।
ਇਸ ਕਹਾਣੀ ਨੂੰ ਪੜ੍ਹਨ ਲਈ ਮੈਂ ਆਪ ਦਾ ਦਿਲੋਂ ਧੰਨਵਾਦ ਕਰਦਾ ਹਾਂ।

ਨੋਟ : ਜਲਦੀ ਹੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼, ਇੱਕ ਨਵੀਂ ਸ਼ੁਰੂਆਤ ( ਕਾਵਿ-ਸੰਗ੍ਰਹਿ ) ਕਿਤਾਬ ਰਾਹੀਂ ਤੁਹਾਡੇ ਰੂ-ਬ-ਰੂ ਹੋ ਰਹੀ ਹੈ। ਆਸ ਹੈ ਤੁਸੀਂ ਸਾਡੀਆਂ ਇਹਨਾਂ ਕਹਾਣੀਆਂ ਵਾਂਗ ਇਸ ਕਿਤਾਬ ਨੂੰ ਵੀ ਪਿਆਰ ਦੇਵੋਂਗੇ, ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਤੇ ਇਸ ਕਿਤਾਬ ਨੂੰ ਘਰ ਮੰਗਵਾਉਣ ਲਈ, ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਜਾਂ ਮੈਸਜ਼ ਕਰ ਸਕਦੇ ਹੋ ਜੀ ।

ਵੱਲੋਂ :- ਗੁਰਦੀਪ ਰੱਖੜਾ

ਵਾਟਸਆਪ ਨੰਬਰ (WhatsApp number ) :- +91 9465666693

ਇੰਨਸਟਾਗ੍ਰਾਮ (instagram) :- @gurdeep.rakhra

Email :- gurdeeprakhra22@gmail.com

***********

...
...



Related Posts

Leave a Reply

Your email address will not be published. Required fields are marked *

2 Comments on “ਇੱਕ ਨਜ਼ਰ (ਭਾਗ ਦੂਜਾ) ਗੁਰਦੀਪ ਰੱਖੜਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)