ਦਿਨ ਢਲੇ ਨੂੰ ਅੱਖਾਂ ਪੂੰਝਦੀ ਹੋਈ ਉਹ ਕਾਹਲੀ ਨਾਲ ਹਸਪਤਾਲੋਂ ਬਾਹਰ ਨਿੱਕਲੀ ਅਤੇ ਬਾਹਰ ਖਲੋਤੇ ਆਟੋ ਵਾਲੇ ਨੂੰ ਘਰ ਦਾ ਪਤਾ ਦੱਸ ਛੇਤੀ ਨਾਲ ਅੰਦਰ ਬੈਠ ਗਈ..
ਉਚੇ ਲੰਮੇ ਭਲਵਾਨੀ ਜੁੱਸੇ ਦਾ ਮਾਲਕ “ਦਾਰੇ ਹੌਲਦਾਰ” ਦੇ ਨਾਮ ਨਾਲ ਮਸ਼ਹੂਰ ਉਸਦਾ ਬਾਪ ਜਦੋਂ ਪੁਲਸ ਦੀ ਵਰਦੀ ਪਾਈ ਕੁੜੀਆਂ ਦੇ ਕਾਲਜ ਮੂਹਰੇ ਅੱਪੜ ਜਾਂਦਾ ਤਾਂ ਓਥੇ ਖਲੋਤੇ ਅਨੇਕ ਭੂੰਡ ਆਸ਼ਕ ਓਸੇ ਵੇਲੇ ਸਿਰ ਤੇ ਪੈਰ ਰੱਖ ਹਵਾ ਹੋ ਜਾਇਆ ਕਰਦੇ..
ਅੱਜ ਓਸੇ ਜਿੰਦਾ ਦਿਲ ਇਨਸਾਨ ਨੂੰ ਅਨੇਕਾਂ ਤਰਾਂ ਦੇ ਡਾਕਟਰੀ ਉਪਕਰਨਾਂ ਅਤੇ ਸੂਈਆਂ ਵਿਚ ਜਕੜਿਆਂ ਬੇਬਸ ਹੋਇਆ ਵੇਖ ਉਸਦਾ ਹੌਕਾ ਨਿੱਕਲ ਗਿਆ..ਸਰੀਰ ਦੇ ਸਾਰੇ ਜਰੂਰੀ ਸਿਸਟਮ ਫੇਲ ਹੋ ਚੁਕੇ ਸਨ ਤੇ ਡਾਕਟਰਾਂ ਨੇ ਇੱਕ ਤਰਾਂ ਨਾਲ ਜੁਆਬ ਹੀ ਦੇ ਦਿੱਤਾ ਸੀ..!
ਉਸਨੂੰ ਉਸਦੇ ਨਿੱਕੇ ਵੀਰ ਨੇ ਏਨੀ ਗੱਲ ਆਖ ਘਰੇ ਘੱਲ ਦਿੱਤਾ ਕੇ “ਤਿੰਨ ਦਿਨਾਂ ਦੀ ਉਂਨੀਂਦਰੀ ਏਂ..ਜਾ ਕੇ ਦੋ ਘੜੀਆਂ ਆਰਾਮ ਕਰ ਲੈ”
ਆਟੋ ਵਿਚ ਬੈਠੀ ਨੂੰ ਘੜੀ-ਮੁੜੀ ਚੇਤਾ ਆ ਰਿਹਾ ਸੀ ਕਿਦਾਂ ਉਸਦਾ ਬਾਪ ਉਸਨੂੰ ਹਮੇਸ਼ਾਂ ਇਹ ਆਖ ਤਸੱਲੀ ਦਿੰਦਾ ਰਹਿੰਦਾ ਸੀ ਕੇ..”ਜਿਥੇ ਮਰਜੀ ਜਦੋਂ ਮਰਜੀ ਬਿਨਾ ਝਿਜਕ ਆਇਆ ਜਾਇਆ ਕਰ..ਕਿਸੇ ਦੀ ਕੀ ਮਜਾਲ ਤੇਰੀ ਵਾ ਵੱਲ ਵੀ ਤੱਕ ਜਾਵੇ..ਪਰਛਾਵਾਂ ਹਾਂ ਪਰਛਾਵਾਂ..ਜਿਥੇ ਜਾਵੇਂਗੀ ਤੇਰੇ ਨਾਲ ਨਾਲ ਰਹੂੰਗਾ ਗੁੱਡੀਏ..”
ਨਾਲਦੀਆਂ ਸਹੇਲੀਆਂ ਨੂੰ ਜਦੋਂ ਕੋਈ ਮੁਸ਼ਕਿਲ ਪੈਂਦੀ ਤਾਂ ਉਸਦੇ ਬਾਪ ਕੋਲ ਇੰਝ ਨੱਸੀਆਂ ਆਉਂਦੀਆਂ..ਜਿਦਾਂ ਦਾਰਾ ਹੌਲਦਾਰ ਕਾਲਜ ਵਿਚ ਪੜ੍ਹਦੀ ਹਰੇਕ ਕੁੜੀ ਦਾ ਬਾਪ ਹੋਵੇ..!
ਸੋਚਾਂ ਦੀ ਘੁੰਮਣ-ਘੇਰੀ ਵਿਚ ਪਈ ਨੂੰ ਪਤਾ ਹੀ ਨਾ ਲੱਗਾ ਆਟੋ ਕਦੋਂ ਉਜਾੜ ਬੀਆਬਾਣ ਇਲਾਕੇ ਵਿਚ ਪਹੁੰਚ ਚੁਕਾ ਸੀ ਅਤੇ ਉਹ ਦੋਵੇਂ ਉਸਦਾ ਸਭ ਕੁਝ ਖੋਹਣ ਦੀ ਤਾਕ ਵਿਚ ਤਿਆਰ ਬਰ ਤਿਆਰ ਖਲੋਤੇ ਸਨ..!
ਪਰਸ ਅੰਦਰ ਕੁਲ ਢਾਈ ਕੂ ਸੌ ਰੁਪਈਏ,ਸਸਤਾ ਜਿਹਾ ਮੋਬਾਈਲ ਅਤੇ ਕੁਝ ਦਵਾਈਆਂ ਦੀਆਂ ਪਰਚੀਆਂ ਵੇਖ ਸ਼ੈਤਾਨੀ ਹਾਸਾ ਹੱਸਦੇ ਹੋਏ ਆਖਣ ਲੱਗੇ ਕੇ ਕੋਈ ਗੱਲ ਨੀ ਗੁੱਡੀਏ ਅੱਜ ਘਾਟਾ ਕਿਸੇ ਹੋਰ ਤਰੀਕੇ ਪੂਰਾ ਕਰ ਲੈਂਦੇ ਹਾਂ..”
ਉਹ...
ਅਜੇ ਤਰਲੇ ਮਾਰਦੀ ਹੋਈ ਏਨਾ ਹੀ ਆਖ ਰਹੀ ਸੀ ਕੇ “ਵੀਰੋ ਬਿਪਤਾ ਦੀ ਮਾਰੀ ਹਾਂ..ਮੈਨੂੰ ਜਾਣ ਦਿਓ”..ਕੇ ਦੋਹਾਂ ਚੋਂ ਇੱਕ ਉਚੀ ਸਾਰੀ ਆਖ ਉਠਿਆ..ਓਏ ਕੰਤਿਆ ਭੱਜ ਲੈ ਓਏ..ਅਹੁ ਵੇਖ “ਦਾਰਾ ਹੌਲਦਾਰ” ਤੁਰਿਆ ਆਉਂਦਾ ਈ..”
ਏਨੀ ਗੱਲ ਆਖ ਉਹ ਦੋਵੇਂ ਸਾਰਾ ਕੁਝ ਓਥੇ ਹੀ ਛੱਡ ਹਨੇਰੇ ਵਿਚ ਕਿਧਰੇ ਅਲੋਪ ਹੋ ਗਏ..!
ਆਪਾ ਸੰਭਾਲਦੀ ਹੋਈ ਨੇ ਛੇਤੀ ਨਾਲ ਪਿੱਛੇ ਮੁੜ ਕੇ ਦੇਖਿਆ..ਪਰ ਪਿੱਛੇ ਤਾਂ ਕੋਈ ਵੀ ਨਹੀਂ ਸੀ..!
ਉਸਨੇ ਛੇਤੀ ਨਾਲ ਭੁੰਜੇ ਡਿੱਗਾ ਫੋਨ ਅਤੇ ਬਟੂਆ ਚੁੱਕਿਆ ਅਤੇ ਵਾਹੋਦਾਹੀ ਘਰ ਵੱਲ ਨੂੰ ਦੌੜਨਾ ਸ਼ੁਰੂ ਕਰ ਦਿੱਤਾ..ਅਚਾਨਕ ਫੋਨ ਦੀ ਘੰਟੀ ਵੱਜ ਉਠੀ..ਰੋਂਦੇ ਹੋਏ ਨਿੱਕੇ ਵੀਰ ਨੇ ਖਬਰ ਦਿੱਤੀ..ਭੈਣੇ ਡੈਡੀ ਤੁਰ ਗਿਆ ਸਾਨੂੰ ਸਾਰਿਆਂ ਨੂੰ ਮਗਰੇ ਛੱਡ ਕੇ..”
“ਪਰ ਉਹ ਕਿੱਦਾਂ ਜਾ ਸਕਦਾ?..ਅਜੇ ਹੁਣੇ ਹੀ ਤਾਂ ਉਹ ਇਥੇ ਸੀ ਮੇਰੇ ਕੋਲ..ਹਨੇਰੇ ਵਿਚ ਚਿੱਟਾ ਪਰਛਾਵਾਂ ਬਣ ਮੇਰੀ ਰਾਖੀ ਕਰਦਾ ਹੋਇਆ”..ਉਹ ਆਪ ਮੁਹਾਰੇ ਹੀ ਅੱਗਿਓਂ ਬੋਲ ਉਠੀ!
ਡੁਸਕਦੇ ਹੋਏ ਨਿੱਕੇ ਵੀਰ ਨੂੰ ਉਸਦੀ ਕੋਈ ਗੱਲ ਵੀ ਸਮਝ ਨਹੀਂ ਸੀ ਆ ਰਹੀ ਪਰ ਉਸਦੇ ਖੁਦ ਦੇ ਕੰਨਾਂ ਵਿਚ ਲਗਾਤਾਰ ਇੱਕੋ ਬੋਲ ਬਾਰ ਬਾਰ ਗੂੰਜੀ ਜਾ ਰਹੇ ਸਨ..
“ਪਰਛਾਵਾਂ ਹਾਂ ਪਰਛਾਵਾਂ..ਜਿਥੇ ਵੀ ਜਾਵੇਂਗੀ ਤੇਰੇ ਨਾਲ ਨਾਲ ਹੀ ਰਹੂੰਗਾ ਗੁੱਡੀਏ..ਘਬਰਾਵੀਂ ਨਾ”
ਸੋ ਦੋਸਤੋ ਜਿੰਦਗੀ ਦੇ ਕਿੰਨੇ ਸਾਰੇ ਔਖੇ ਭਾਰੇ ਪੈਂਡਿਆਂ ਵਿਚ ਕੁਝ ਵਜੂਦ ਐਸੇ ਵੀ ਹੁੰਦੇ ਨੇ ਜੋ ਦੁਨੀਆਂ ਦੀ ਨਜਰ ਵਿਚ ਭਾਵੇਂ ਖਤਮ ਹੋ ਗਏ ਹੋਣ ਪਰ ਆਪਣੇ ਮਿੱਤਰ ਪਿਆਰਿਆਂ ਤੇ ਬਿਪਤਾ ਪੈ ਜਾਣ ਦੀ ਸੂਰਤ ਵਿਚ ਪਰਛਾਵਾਂ ਬਣ ਹਾਜਿਰ ਜਰੂਰ ਹੋ ਜਾਇਆ ਕਰਦੇ ਨੇ..
ਕਿਓੰਕੇ ਰੂਹਾਂ ਵਾਲੇ ਰਿਸ਼ਤਿਆਂ ਦੀਆਂ ਪੀਡੀਆਂ ਗੰਢਾਂ ਦੁਨਿਆਵੀ ਰਿਸ਼ਤਿਆਂ ਵਾਲੇ ਮੋਟੇ ਰੱਸਿਆਂ ਤੋਂ ਕਈ ਗੁਣਾ ਜਿਆਦਾ ਮਜਬੂਤ ਹੋਇਆ ਕਰਦੀਆਂ ਨੇ!
ਹਰਪ੍ਰੀਤ ਸਿੰਘ ਜਵੰਦਾ
malkeet
insta ty ki name aa g.
ਦਵਿੰਦਰ ਸਿੰਘ
ਬਹੁੱਤ ਵਧੀਆ ਕਹਾਣੀ ਆ ਭਾਜੀ ਮਾਂ ਬਾਪ ਤਾਂ ਅਕਸਰ ਹੀ ਔਲਾਦ ਦੇ ਨਾਲ ਹੀ ਹੁੰਦੇ ਨੇ। ਮੈਂ instagram ਤੇ ਵੀ ਤੁਹਾਡੀਆਂ ਰਚਨਾਵਾਂ ਪੜਦਾ ਰਹਿੰਦਾ ਹਾਂ