ਕੁੜੀ ਭੱਜ ਗਈ!!!
ਜਿਹਨਾਂ ਦੀ ਭੱਜਦੀ ਹੈ, ਉਹ ਮਾਪੇ ਜਿਉਂਦੇ ਜੀ ਹੀ ਮਰ ਜਾਂਦੇ ਹਨ। ਪਰ ਬਦਕਿਸਮਤੀ ਨਾਲ ਇਹ ਤਿੰਨ ਸ਼ਬਦ ਅਜੋਕੇ ਸਮਾਜ ਦਾ ਵੱਡਾ ਸੱਚ ਬਣ ਚੁੱਕਿਆ ਹੈ । ਥੋੜ੍ਹੇ ਦਿਨ ਪਹਿਲਾਂ ਮੈਂ ਜਮਾਤ ਵਿੱਚ ਆਪਣਾ ਪੀਰੀਅਡ ਲਗਾ ਕੇ ਘੰਟੀ ਵੱਜਣ ਤੇ ਸਟਾਫ ਰੂਮ ਵਿੱਚ ਵੜੀ। ਉੱਥੇ ਬੈਠੇ ਅਧਿਆਪਕ ਸਕੂਲ ਦੀ ਇੱਕ ਪੁਰਾਣੀ ਵਿਦਿਆਰਥਣ ਦੀ ਗੱਲ ਕਰ ਰਹੇ ਸੀ। ਨਾਂ ਸੀ ਸੰਦੀਪ ।(ਨਾਂ ਵਿੱਚ ਹੇਰ ਫੇਰ ਹੈ।) ਮੇਰੇ ਇੱਕ ਦਮ ਕੰਨ ਖੜ੍ਹੇ ਹੋ ਗਏ। ਮੇਰੇ ਕੋਲ ਤਾਂ ਪੜ੍ਹ ਕੇ ਗਈ ਸੀ 5 ਸਾਲ । ਫਿਰ ਵੀ ਮੈਨੂੰ ਯਕੀਨ ਨਹੀਂ ਸੀ । ਕੋਈ ਹੋਰ ਸੰਦੀਪ ਹੋਊ । ਮੈਂ ਆਪਣੇ ਆਪ ਨੂੰ ਸਮਝਾਉਂਦੇ ਹੋਏ ਕਿਹਾ । ਪਰ ਪੜਤਾਲ ਕੀਤੀ ਤਾਂ ਇਹ ਤਾਂ ਉਹੀ ਸੀ । ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ । ਭਲਾ ਇਹ ਕਿਵੇਂ ਹੋ ਸਕਦਾ ਸੀ ??? ਦੋ ਸਾਲ ਕੁ ਪਹਿਲਾਂ ਤਾਂ ਉਹ ਖਾਸ ਮੈਨੂੰ ਮਿਲਣ ਆਈ ਸੀ । ਪੂਰੇ ਹੱਕ ਨਾਲ ਮੇਰੀ ਜਮਾਤ ਵਿੱਚ ਵੜੀ ਸੀ। ਮੈਂ ਉਲਾਂਭਾ ਜੋ ਭੇਜਿਆ ਸੀ । ਅੱਜ ਉਹ ਉਲਾਂਭਾ ਲਾਹੁਣ ਆਈ ਸੀ । ” ਮੈਡਮ ਜੀ ਤੁਸੀਂ ਇਹ ਕਿਵੇਂ ਸੋਚ ਸੱਕਦੇ ਹੋ ਕਿ ਮੈਂ ਤੁਹਾਨੂੰ ਭੁੱਲ ਗਈ ? ” ਆਉਂਦੀ ਨੇ ਪੂਰੇ ਹੱਕ ਨਾਲ ਪੁੱਛਿਆ ਸੀ । ਹੁਣ ਕਲਾਸ ਵਿੱਚ ਬੱਸ ਉਹੀ ਬੋਲ ਰਹੀ ਸੀ। ਮੈਂ ਅਤੇ ਮੇਰੇ ਵਿਦਿਆਰਥੀ ਸਿਰਫ ਉਸਨੂੰ ਸੁਣ ਰਹੇ ਸੀ । ” ਮੈਡਮ ਜੀ ਦੇਖੀ ਜਾਈਓ , ਇੱਕ ਦਿਨ IAS ਅਫਸਰ ਬਣ ਕੇ ਦਿਖਾਵਾਂਗੀ ,T.V. ਤੇ ਮੇਰੀ ਇੰਟਰਵਿਊ ਆਊਗੀ , ਤੁਹਾਡਾ ਜ਼ਿਕਰ ਪੱਕਾ ਕਰਾਂਗੀ।” ਬੇਹੱਦ ਹੋਣਹਾਰ ਸੀ ਉਹ। ਪੰਜ ਸਾਲ ਪੜ੍ਹਾਇਆ ਸੀ ਮੈਂ ਉਸਨੂੰ । ਸੱਭ ਤੋਂ ਪਹਿਲਾਂ ਕੰਮ ਕਰ ਕੇ ਦਿਖਾਉਂਦੀ ਸੀ। ਮੈਨੂੰ ਉਸਦੀਆਂ ਗੱਲਾਂ ਫੋਕੀਆਂ ਨਹੀਂ ਲੱਗੀਆਂ। ਸਗੋਂ ਇੱਕ ਆਸ ਜਾਗ ਗਈ ਸੀ ਕਿ ਇਹ ਕੁੜੀ ਇੱਕ ਦਿਨ ਜ਼ਰੂਰ ਕੁੱਝ ਨਾ ਕੁੱਝ ਬਣ ਕੇ ਦਿਖਾਵੇਗੀ । ਐਨਾ ਆਤਮਵਿਸ਼ਵਾਸ ਹਰ ਕਿਸੇ ਵਿੱਚ ਦੇਖਣ ਨੂੰ ਨਹੀਂ ਮਿਲਦਾ। ਅੱਜ ਉਸ ਦਿਨ ਦੀ ਨਿੱਕੀ ਜਿਹੀ ਮੁਲਾਕਾਤ ਦਾ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਘੁੰਮ ਗਿਆ। ਉੱਚੀ ਉੱਚੀ ਰੋਣ ਨੂੰ ਦਿਲ ਕੀਤਾ। ਪਰ ਮੈਂ ਉਸਦੀ ਭਲਾ ਕੀ ਲੱਗਦੀ ਸੀ ?? ਸਿਰਫ਼ ਪੰਜ ਸਾਲ ਪੜ੍ਹਾਇਆ ਹੀ ਸੀ । ਪਰ ਖੁਆਬ ਤਾਂ ਉਸਦੇ ਨਾਲ ਨਾਲ ਮੈਂ ਵੀ ਦੇਖ ਲਏ ਸੀ, ਜੋ ਅੱਜ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਏ ਸੀ। ਪਰ ਇਹ ਕਿਹੜਾ ਮੇਰੇ ਨਾਲ ਪਹਿਲੀ ਵਾਰੀ ਹੋਇਆ ਸੀ । ਲੱਗਦੇ ਹੱਥ ਅੱਜ ਸਿਮਰ (ਨਾਂ ਵਿੱਚ ਬਦਲ ਹੈ) ਨੇ ਜੋ ਕੀਤਾ ਉਹ ਵੀ ਅੱਖਾਂ ਮੂਹਰੇ ਆ ਗਿਆ। ਮੈਂ ਉਸ ਸਮੇਂ ਸਕੂਲ ਜੋਆਏਨ ਹੀ ਕੀਤਾ ਸੀ। ਬੱਸ ਦੋ ਸਾਲ ਹੀ ਪੜ੍ਹੀ ਸੀ ਮੇਰੇ ਤੋਂ। ਬੇਹੱਦ ਹੁਸ਼ਿਆਰ ਸੀ। ਸੋਹਣੀ ਵੀ ਬਹੁਤ ਸੀ । ਇੱਕ ਦਿਨ ਮੈਂ ਅੱਧੇ ਦਿਨ ਦੀ ਲਈ ਛੁੱਟੀ ਕਾਰਨ ਬਸ ਵਿੱਚ...
ਬਠਿੰਡੇ ਤੋਂ ਜੰਡਾਂਵਾਲਾ ਆ ਰਹੀ ਸੀ । ਉਹ ਵੀ ਮਿਲ ਗਈ। ਦੋਹਾਂ ਨੂੰ ਇੱਕ ਦੂਜੇ ਨੂੰ ਮਿਲ ਕੇ ਡਾਢੀ ਖੁਸ਼ੀ ਹੋਈ ਸੀ। ਮੈਂ ਉਸਦੀਆਂ ਅੱਖਾਂ ਵਿੱਚ ਵੱਡੇ ਸੁਪਨੇ ਸਾਫ ਸਾਫ ਦੇਖ ਰਹੀ ਸੀ। ਪਰ ਇੱਕ ਦਿਨ ਉਸਨੇ ਵੀ ਉਹੀ ਕਾਂਡ ਕਰ ਦਿੱਤਾ ਸੀ ਜੋ ਅੱਜ ਸੰਦੀਪ ਨੇ ਕੀਤਾ ਸੀ । ਬਰਬਾਦ ਕਰ ਲਈ ਸੀ ਆਪਣੀ ਜ਼ਿੰਦਗੀ । ਇੱਕ ਅਧਿਆਪਕ ਦੇ ਤੌਰ ਤੇ ਮੈਂ ਸੰਦੀਪ ਅਤੇ ਸਿਮਰ ਦੋਹਾਂ ਤੇ ਬਹੁਤ ਮਾਣ ਕਰਦੀ ਸੀ । ਮੈਂ ਵੀ ਆਪਣੇ ਵੱਲੋਂ ਉਹਨਾਂ ਨੂੰ ਤਰਾਸ਼ਣ ਦਾ ਕੰਮ ਬਾਖੂਬੀ ਨਿਭਾਇਆ ਸੀ । ਬੱਚੇ ਐਨੇ ਵਧੀਆ ਹੋਣ ਤੇ ਐਵੇਂ ਰੁੱਲ ਜਾਣ !!!!! ਬਰਦਾਸ਼ਤ ਕਰਨਾ ਔਖਾ ਸੀ ਮੇਰੇ ਲਈ । ਸਕੂਲ ਤੋਂ ਬਾਅਦ ਉਹਨਾਂ ਨੂੰ ਕਿਸਨੇ ਸਾਂਭਣਾ ਸੀ ????? ਕੀ ਚੱਕਰ ਪਿਆ ਹੋਊ??ਮੇਰੀ ਅੱਜ ਵੀ ਸਮਝ ਤੋਂ ਬਾਹਰ ਹੈ। ਬੱਸ ਮੇਰੇ ਹੀਰਿਆਂ ਦਾ ਮੁੱਲ ਸਮਾਜ ਵਿੱਚ ਕੌਡੀ ਜਿੰਨਾ ਵੀ ਨਹੀਂ ਪਿਆ । ਇਹ ਗੱਲ ਨਹੀਂ ਹੈ ਕਿ ਇਹ ਗੱਲ ਮੇਰੀਆਂ ਵਿਦਿਆਰਥਣਾਂ ਤੱਕ ਹੀ ਸੀਮਿਤ ਹੈ, ਇਹ ਅੱਗ ਤਾਂ ਹੁਣ ਪੰਜਾਬ ਦੇ ਹਰ ਪਿੰਡ ਵਿੱਚ ਲੱਗੀ ਹੋਈ ਹੈ। ਨੌਜਵਾਨ ਧੀਆਂ ਪੁੱਤ ਬਰਬਾਦ ਹੋ ਰਹੇ ਹਨ ਤੇ ਇਸ ਵਿੱਚ ਯਕੀਨਨ ਸਾਡੇ ਸਮਾਜ ਦੀ ਵੱਡੀ ਲਾਪਰਵਾਹੀ ਹੈ ਤੇ ਇਸ ਵਿੱਚ ਨੁਕਸਾਨ ਵੀ ਆਪਣਾ ਸਾਰਿਆਂ ਦਾ ਹੀ ਹੈ । ਸੰਦੀਪ ਅਤੇ ਸਿਮਰ ਨੇ ਮੈਨੂੰ ਇੱਕ ਅਧਿਆਪਕ ਦੇ ਤੌਰ ਤੇ ਫੇਲ ਕਰ ਦਿੱਤਾ । ਪਰ ਕੱਲ ਨੂੰ ਮੈਂ ਆਪਣੇ ਦੋਹਾਂ ਬੱਚਿਆਂ ਨੂੰ ਵੀ ਸਮਾਜ ਵਿੱਚ ਇੱਕਲੇ ਵਿਚਰਣ ਦੇਣ ਲਈ ਮਜ਼ਬੂਰ ਹਾਂ। ਜੇਕਰ ਅੱਜ ਮੇਰੇ ਵਿਦਿਆਰਥੀ ਮਾਰ ਖਾ ਸਕਦੇ ਹਨ ਤਾਂ ਕੱਲ ਮੇਰੇ ਆਪਣੇ ਬੱਚੇ ਵੀ ਭਲਾ ਇਹੋ ਜਿਹੇ ਸਮਾਜ ਵਿੱਚ ਕਿਵੇਂ ਸੁਰੱਖਿਅਤ ਹੋ ਸੱਕਦੇ ਹਨ??? ਸਮਾਜ ਤਾਂ ਉਹੀ ਹੈ । ਜਦੋਂ ਅਸੀਂ ਸਾਰਿਆਂ ਨੇ ਹੀ ਇੱਕੋ ਹੀ ਥਾਂ ਤੇ ਵਿਚਰਣਾ ਹੈ ਫਿਰ ਅਸੀਂ ਇਸ ਵਿੱਚ ਗੰਦਗੀ ਕਿਉਂ ਫੈਲਾ ਰਹੇ ਹਾਂ?? ਅਸ਼ਲੀਲ ਵੀਡੀਓਜ਼ , ਅਸ਼ਲੀਲ ਗਾਣਿਆਂ , ਨਸ਼ਿਆਂ ਤੇ ਰੋਕ ਕਿਉਂ ਨਹੀਂ ਲੱਗ ਰਹੀ ਹੈ ???? ਅਸੀਂ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਲਈ ਕੰਡੇ ਕਿਉਂ ਬੀਜ ਰਹੇ ਹਾਂ?? ਇਹਨਾਂ ਬੱਚਿਆਂ ਨੂੰ ਬਚਾਉਣ ਲਈ ਕੋਈ ਵੀ ਯਤਨ ਕਿਉਂ ਨਹੀਂ ਕਰ ਰਹੇ ਹਾਂ?? ਆਓ ਮਿਲਜੁੱਲ ਕੇ ਆਪਣੇ ਸਮਾਜ ਨੂੰ ਸੋਹਣਾ ਬਣਾਉਣ ਲਈ ਅੱਗੇ ਕਦਮ ਵਧਾਈਏ । ਕੋਸ਼ਿਸ ਕਰੀਏ ਕਿ ਨਾ ਤਾਂ ਕਿਸੇ ਅਧਿਆਪਕ ਦੀ ਮਿਹਨਤ ਮਿੱਟੀ ਵਿੱਚ ਮਿਲੇ ਤੇ ਨਾ ਹੀ ਕਿਸੇ ਮਾਂ ਬਾਪ ਦੀ । ਜਿੰਨਾ ਜ਼ੋਰ ਲਾ ਸਕਦੇ ਹਾਂ ਓਨਾ ਲਾਈਏ ਤਾਂ ਜੋ ਆਉਣ ਵਾਲੀ ਨਵੀਂ ਪੀੜ੍ਹੀ ਲਈ ਨਜ਼ਰਾਂ ਮਿਲਾਉਣ ਜੋਗਰੇ ਤਾਂ ਰਹਿ ਹੀ ਜਾਈਏ।
ਮੀਨੂੰ ਬਾਲਾ
11-05-22