ਕੀਮਤ
“ਮੈਮ, ਮੈਂ ਪਲੱਸ ਵਨ ਵਿੱਚ ਪੂਰੀ ਕਲਾਸ ਵਿੱਚ ਟਾਪ ਕੀਤਾ ਹੈ।” ਰੀਨਾ ਨੇ ਆਪਣਾ ਰਿਪੋਰਟ ਕਾਰਡ ਆਪਣੀ ਟਿਊਸ਼ਨ ਟੀਚਰ ਨਿਕਿਤਾ ਨੂੰ ਦਿਖਾਉਂਦਿਆ ਖੁਸ਼ੀ ਵਿੱਚ ਬੋਲਦਿਆ ਕਿਹਾ।
” ਰੀਅਲੀ? ਵੈਰੀ ਗੁਡ ਰੀਨਾ। ਮੈਨੂੰ ਤੇਰੇ ਤੋਂ ਇਹ ਹੀ ਉਮੀਦ ਸੀ।” ਨਿਕਿਤਾ ਨੇ ਰੀਨਾ ਦਾ ਰਿਪੋਰਟ ਕਾਰਡ ਦੇਖਦਿਆ ਕਿਹਾ।
” ਥੈਂਕਸ ਮੈਮ।” ਰੀਨਾ ਮੁਸਕੁਰਾਉਂਦੇ ਹੋਏ ਬੋਲੀ।
” ਅੱਛਾ ਰੀਨਾ, ਮੈਂ ਤੈਨੂੰ ਵਾਅਦਾ ਕੀਤਾ ਸੀ ਨਾ ਕਿ ਜੇਕਰ ਤੂੰ ਫਸਟ ਆਈ ਤਾਂ ਮੈਂ ਤੈਨੂੰ ਇੱਕ ਤੋਹਫ਼ਾ ਦੇਵਾਂਗੀ। ਯਾਦ ਹੈ?” ਨਿਕਿਤਾ ਨੇ ਰੀਨਾ ਨੂੰ ਯਾਦ ਕਰਵਾਇਆ।
” ਹਾਂ ਜੀ ਮੈਮ! ਯਾਦ ਹੈ। ਦੱਸੋ ਨਾ ਕੀ ਤੋਹਫ਼ਾ ਦੇਵੋਗੇ? ਰੀਨਾ ਨੇ ਉਤਸੁਕਤਾ ਨਾਲ ਪੁੱਛਿਆ।
” ਚੱਲ ਮੇਰੇ ਨਾਲ।” ਨਿਕਿਤਾ ਰੀਨਾ ਨੂੰ ਆਪਣੇ ਨਾਲ ਕਮਰੇ ਵਿੱਚ ਲੈ ਗਈ।
” ਰੀਨਾ, ਇਹ ਰਿਹਾ ਤੋਹਫ਼ਾ।” ਨਿਕਿਤਾ ਨੇ ਇੱਕ ਮੋਟੀ ਸਾਰੀ ਕਿਤਾਬ ਰੀਨਾ ਦੇ ਹੱਥ ਵਿੱਚ ਦਿੰਦਿਆ ਕਿਹਾ।
” ਤੈਨੂੰ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਂਕ ਹੈ ਨਾ? ਇਸ ਬੁੱਕ ਵਿੱਚ ਬਹੁਤ ਸਾਰੇ ਪ੍ਰਸਿੱਧ ਲੇਖਕਾਂ ਦੁਆਰਾ ਲਿਖਿਆ ਜੀਵਨ ਵਿੱਚ ਕੰਮ ਆਉਣ ਵਾਲਾ ਬਹੁਤ ਹੀ ਵਧੀਆ ਸਾਹਿਤ ਹੈ। ਇਹ ਬੁੱਕ ਤੇਰੇ ਲਈ ਬੈਸਟ ਗਿਫਟ ਹੋਵੇਗੀ। ਇਸਨੂੰ ਬਹੁਤ ਧਿਆਨ ਨਾਲ ਪੜ੍ਹੀ ਤੇ ਸੰਭਾਲ ਕੇ ਰੱਖੀ। ਇਹ ਬੁੱਕ ਇੱਥੇ ਆਸਾਨੀ ਨਾਲ ਨਹੀਂ ਮਿਲਦੀ।” ਨਿਕਿਤਾ ਨੇ ਆਪਣੀ ਗੱਲ ਪੂਰੀ ਕਰਦਿਆਂ ਕਿਹਾ।
” ਪਰ ਮੈਮ, ਇਹ ਬੁੱਕ ਤਾਂ ਬਹੁਤ ਮਹਿੰਗੀ….।”
” ਬੁੱਕ ਦੀ ਕੀਮਤ ਉਸਦੇ ਬਾਹਰੀ ਮੁੱਲ ਤੋਂ ਨਹੀਂ, ਉਸਦੇ ਅੰਦਰਲੇ ਮੁੱਲ ਤੋਂ ਜਾਣੀ ਜਾਂਦੀ ਹੈ ਤੇ ਉਸ ਪੱਖ ਤੋਂ ਇਹ ਬੁੱਕ ਸੱਚਮੁੱਚ ਹੀ ਬਹੁਤ ਮਹਿੰਗੀ ਹੈ।” ਨਿਕਿਤਾ ਨੇ ਰੀਨਾ ਨੂੰ ਟੋਕਦਿਆਂ ਕਿਹਾ।
“ਥੈਕ ਯੂ ਸੋ ਮਚ ਮੈਮ। ਮੈਂ ਇਹ ਬੁੱਕ ਨੂੰ ਬਹੁਤ ਸੰਭਾਲ ਕੇ ਰੱਖਾਂਗੀ।” ਰੀਨਾ ਖੁਸ਼ ਹੁੰਦੇ ਹੋਏ ਬੋਲੀ।
” ਸਿਰਫ ਸੰਭਾਲ ਕੇ ਨਹੀਂ ਰੱਖਣਾ, ਇਸ ਨੂੰ ਪੜ੍ਹਨਾ ਵੀ ਹੈ।” ਨਿਕਿਤਾ ਨੇ ਹੱਸਦੇ ਹੋਏ ਕਿਹਾ।
” ਜੀ ਮੈਮ।” ਰੀਨਾ ਬੋਲੀ ਤੇ ਮੁਸਕੁਰਾ ਕੇ ਆਪਣੇ ਘਰ ਚਲੀ ਗਈ।
ਨਿਕਿਤਾ ਇੱਕ ਸਕੂਲ ਟੀਚਰ ਸੀ। ਬੱਚਿਆ ਨੂੰ ਪੜ੍ਹਾਉਣਾ ਉਸਨੂੰ ਬੇਹੱਦ ਪਸੰਦ ਸੀ। ਆਪਣੇ ਇਸ ਸ਼ੌਕ ਕਾਰਨ ਹੀ ਉਹ ਸਕੂਲ ਤੋਂ ਘਰ ਆ ਕੇ ਸ਼ਾਮ ਨੂੰ ਗਰੀਬ ਬੱਚਿਆ ਨੂੰ ਮੁਫਤ ਟਿਉਸ਼ਨ ਪੜਾਉਂਦੀ ਸੀ। ਰੀਨਾ ਉਸਦੀ ਸਭ ਤੋਂ ਪਸੰਦੀਦਾ ਵਿਦਿਆਰਥੀ ਸੀ। ਬੇਸ਼ੱਕ ਰੀਨਾ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਪਰ ਬਹੁਤ ਹੁਸ਼ਿਆਰ ਤੇ ਮਿਹਨਤੀ ਸੀ । ਇਸ ਲਈ ਨਿਕਿਤਾ ਨੂੰ ਵਿਸ਼ਵਾਸ ਸੀ ਕਿ ਰੀਨਾ ਆਪਣੇ ਜੀਵਨ ਵਿੱਚ ਜਰੂਰ ਕੋਈ ਮੁਕਾਮ ਹਾਸਿਲ ਕਰੇਗੀ। ਉਹ ਹਮੇਸ਼ਾ ਉਸਨੂੰ ਪ੍ਰੋਤਸਾਹਿਤ ਕਰਦੀ ਸੀ। ਰੀਨਾ ਨੂੰ ਸਾਹਿਤ ਪੜ੍ਹਨ ਦਾ ਸ਼ੌਕ ਸੀ ਇਸ ਲਈ ਨਿਕਿਤਾ ਨੇ ਉਸਨੂੰ ਇਹ ਕਿਤਾਬ ਤੋਹਫ਼ੇ ਵਿੱਚ ਦਿੱਤੀ ਸੀ।
ਕੁਝ ਦਿਨਾਂ ਪਿੱਛੋਂ ਜਦੋਂ ਰੀਨਾ ਟਿਊਸ਼ਨ ਪੜ੍ਹਨ ਆਈ ਤਾਂ ਨਿਕਿਤਾ ਨੇ ਪੁੱਛਿਆ,” ਰੀਨਾ, ਕਿਵੇਂ ਲੱਗੀ ਬੁੱਕ? ਪੜ੍ਹਨਾ ਸ਼ੁਰੂ ਕੀਤਾ?”
” ਇਹ ਸਵਾਲ ਸੁਣ ਕੇ ਰੀਨਾ ਦੇ ਚਿਹਰੇ ਦਾ ਰੰਗ ਇਕਦਮ ਪੀਲਾ ਪੈ ਗਿਆ।
” ਹਾਂ ਜੀ ਮੈਮ।” ਉਹ ਬਸ ਐਨਾ ਹੀ ਬੋਲ ਸਕੀ।
ਹੁਣ ਰੀਨਾ ਦੇ ਵਿਵਹਾਰ ਵਿਚ ਬਦਲਾਅ ਆਉਣ ਲੱਗਾ ਸੀ। ਪਹਿਲਾਂ ਜਿੱਥੇ ਉਹ ਪੂਰਾ ਸਮਾਂ ਨਿਕਿਤਾ ਤੋਂ ਕੁੱਛ ਨਾ ਕੁੱਛ ਪੁੱਛਦੀ ਰਹਿੰਦੀ ਸੀ, ਉੱਥੇ ਹੀ ਹੁਣ ਉਹ ਨਿਕਿਤਾ ਤੋਂ ਬਚਣ ਦੀ ਕੋਸ਼ਿਸ਼ ਕਰਦੀ। ਨਿਕਿਤਾ ਦੇ ਬੁਲਾਉਣ ਤੇ ਵੀ ਉਹ ਘਬਰਾ ਜਾਂਦੀ। ਨਿਕਿਤਾ ਸਭ ਕੁਛ ਮਹਿਸੂਸ ਤਾਂ ਕਰ ਰਹੀਂ ਸੀ ਪਰ ਇਸਦਾ...
ਕਾਰਨ ਉਸਦੀ ਸਮਝ ਤੋਂ ਬਾਹਰ ਸੀ।
” ਕੁੱਝ ਦਿਨਾਂ ਪਿੱਛੋਂ ਨਿਕਿਤਾ ਨੇ ਰੀਨਾ ਨੂੰ ਬੁਲਾ ਕੇ ਕਿਹਾ,” ਰੀਨਾ, ਕਲ੍ਹ ਆਉਂਦੇ ਸਮੇਂ ਉਹ ਬੁੱਕ ਵੀ ਲੈ ਕੇ ਆਵੀ। ਮੈਂ ਤੈਨੂੰ ਉਸਦੇ ਕੁੱਝ ਵਧੀਆ ਟੋਪਿਕ ਦੱਸ ਦੇਵਾਂਗੀ, ਤੂੰ ਉਹ ਚੰਗੀ ਤਰ੍ਹਾ ਪੜ੍ਹ ਲਈ।”
ਇਹ ਸੁਣ ਕੇ ਰੀਨਾ ਇਕਦਮ ਡਰ ਗਈ ਜਿਵੇਂ ਉਸਦੀ ਕੋਈ ਚੋਰੀ ਪਕੜੀ ਗਈ ਹੋਵੇ। ਉਹ ਇਕਦਮ ਰੋਣ ਲੱਗ ਪਈ।
” ਕੀ ਹੋਇਆ? ਰੀਨਾ, ਤੂੰ ਰੋ ਕਿਉ ਰਹੀ ਹੈ?” ਨਿਕਿਤਾ ਨੇ ਥੋੜਾ ਹੈਰਾਨੀ ਤੇ ਘਬਰਾਹਟ ਨਾਲ ਪੁੱਛਿਆ।
” ਉਹ ਬੁੱਕ ਮੇਰੇ ਕੋਲ ਨਹੀਂ ਹੈ ਮੈਮ।” ਰੀਨਾ ਡਰਦੇ ਹੋਏ ਬੋਲੀ।
” ਨਹੀਂ ਹੈ, ਮਤਲਬ? ਬੁੱਕ ਤੇਰੇ ਕੋਲ ਨਹੀਂ ਹੈ ਤਾਂ ਕਿਸ ਕੋਲ ਹੈ?” ਨਿਕਿਤਾ ਦੀ ਆਵਾਜ ਵਿੱਚ ਹੈਰਾਨੀ ਸਾਫ ਝਲਕ ਰਹੀ ਸੀ।
“ਮੈਮ, ਮੈ ਉਹ ਬੁੱਕ ਵੇਚ ਦਿੱਤੀ।” ਰੀਨਾ ਨੇ ਝਿਜਕਦਿਆ ਕਿਹਾ।
” ਪਰ ਕਿਉ ਰੀਨਾ?” ਨਿਕਿਤਾ ਹੈਰਾਨੀ ਨਾਲ ਉਸਨੂੰ ਸਵਾਲ ਕਰ ਰਹੀ ਸੀ, ਤੇ ਉਸਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ।
” ਮੈਮ, ਤੁਸੀ ਮੇਰੇ ਘਰ ਦੀ ਆਰਥਿਕ ਹਾਲਤ ਜਾਣਦੇ ਹੋ। ਮੇਰੇ ਮਾਤਾ ਪਿਤਾ ਮੇਰੀ ਪੜ੍ਹਾਈ ਦਾ ਖਰਚ ਬਹੁਤ ਮੁਸ਼ਕਲ ਨਾਲ ਦਿੰਦੇ ਹਨ। ਪਰ ਇਸ ਬਾਰ ਉਹਨਾਂ ਕੋਲ ਮੇਰੀਆਂ ਪਲੱਸ ਟੂ ਦੀਆ ਬੁੱਕਸ ਖਰਦੀਣ ਲਈ ਪੈਸੇ ਨਹੀਂ ਸਨ। ਬੁੱਕਸ ਨਾ ਹੋਣ ਕਾਰਨ ਮੇਰੀ ਪੜ੍ਹਾਈ ਦਾ ਵੀ ਕਾਫੀ ਨੁਕਸਾਨ ਹੀ ਰਿਹਾ ਸੀ। ਮੈਮ, ਮੈਂ ਆਪਣੀ ਇਕ ਸੀਨੀਅਰ ਕੁੜੀ ਨਾਲ ਬੁੱਕਸ ਬਾਰੇ ਗੱਲ ਕੀਤੀ ਜਿਸਨੇ ਇਸ ਸਾਲ ਹੀ ਪਲੱਸ ਟੂ ਪਾਸ ਕੀਤੀ ਸੀ। ਪਰ ਮੇਰੇ ਕੋਲ ਉਸਨੂੰ ਦੇਣ ਲਈ ਪੈਸੇ ਨਹੀਂ ਸਨ। ਉਸ ਨਾਲ ਗੱਲ ਕਰਕੇ ਮੈਨੂੰ ਪਤਾ ਲਗਾ ਕਿ ਉਹ ਵੀ ਬਹੁਤ ਟਾਈਮ ਤੋ ਓਹੀ ਸਾਹਿਤ ਦੀ ਬੁੱਕ ਲੱਭ ਰਹੀ ਹੈ, ਜੋ ਤੁਸੀ ਮੈਨੂੰ ਦਿੱਤੀ ਸੀ। ਤੁਸੀ ਤਾ ਜਾਣਦੇ ਹੋ ਕਿ ਇਥੇ ਉਹ ਬੁੱਕ ਆਸਾਨੀ ਨਾਲ ਨਹੀਂ ਮਿਲਦੀ, ਤੇ ਉਹ ਬੁੱਕ ਬਹੁਤ ਮਹਿੰਗੀ ਹੈ। ਇਸ ਲਈ ਮੈਮ, ਮੈਂ ਉਹ ਬੁੱਕ ਉਸਨੂੰ ਦੇ ਦਿੱਤੀ ਤੇ ਬਦਲੇ ਵਿੱਚ ਉਸਨੇ ਮੈਨੂੰ ਸਿਲੇਬਸ ਦੀਆ ਬੁੱਕਸ ਦੇ ਦਿੱਤੀਆ।” ਰੀਨਾ ਨੇ ਉਦਾਸ ਸੁਰ ਵਿੱਚ ਕਿਹਾ।
ਨਿਕਿਤਾ ਨੂੰ ਚੁੱਪ ਦੇਖ ਕੇ ਰੀਨਾ ਅੱਗੇ ਬੋਲੀ, ” ਮੈਮ, ਤੁਸੀ ਕਿਹਾ ਸੀ ਨਾ ਕਿ ਬੁੱਕ ਦੀ ਕੀਮਤ ਉਸਦੇ ਬਾਹਰੀ ਮੁੱਲ ਤੋ ਨਹੀਂ, ਉਸਦੇ ਅੰਦਰੂਨੀ ਮੁੱਲ ਤੋ ਜਾਣੀ ਜਾਂਦੀ ਹੈ। ਮੈਮ, ਜੇਕਰ ਉਸ ਬੁੱਕ ਦੇ ਅੰਦਰ ਸਮਾਇਆ ਕੀਮਤੀ ਸਾਹਿਤ ਪੜ੍ਹਨਾ ਮੇਰਾ ਸ਼ੌਕ ਸੀ ਤਾਂ ਉਸ ਬੁੱਕ ਦੀ ਬਾਹਰੀ ਕੀਮਤ ਉਸ ਸਮੇਂ ਮੇਰੀ ਜਰੂਰਤ ਸੀ, ਤੇ ਮੈਮ,ਮੇਰਾ ਸ਼ੌਂਕ ਮੇਰੀ ਜਰੂਰਤ ਤੋ ਹਾਰ ਗਿਆ। ਨਾ ਚਾਹੁੰਦੇ ਹੋਏ ਵੀ ਮੈਨੂੰ ਮਜ਼ਬੂਰੀ ਵੱਸ ਤੁਹਾਡੀ ਵੱਲੋਂ ਦਿੱਤੀ ਉਹ ਅਨਮੋਲ ਸੌਗ਼ਾਤ ਆਪਣੀ ਜਰੂਰਤ ਦੇ ਹਵਾਲੇ ਕਰਨੀ ਪਈ। ਪਲੀਜ ਮੈਮ, ਮੈਨੂੰ ਮਾਫ ਕਰ ਦਿਓ।” ਰੀਨਾ ਸ਼ਰਮਿੰਦਗੀ ਤੇ ਉਦਾਸੀ ਨਾਲ ਬੋਲ ਰਹੀ ਸੀ।
” ਕੋਈ ਗੱਲ ਨਹੀਂ ਬੇਟਾ, ਤੂੰ ਘਰ ਜਾ।” ਨਿਕਿਤਾ ਭਰੇ ਗਲ ਨਾਲ ਇੰਨਾ ਹੀ ਬੋਲ ਸਕੀ।
ਰੀਨਾ ਆਪਣੇ ਘਰ ਚਲੀ ਗਈ ਪਰ ਨਿਕਿਤਾ ਦੇ ਕੰਨਾਂ ਵਿੱਚ ਅਜੇ ਵੀ ਉਸਦੇ ਸ਼ਬਦ ‘ਮੇਰਾ ਸ਼ੌਕ ਮੇਰੀ ਜਰੂਰਤ ਤੋ ਹਾਰ ਗਿਆ।’ ਗੂੰਜ ਰਹੇ ਸਨ।
——- ਕੰਚਨ ਬਾਂਸਲ
Sukhchain Singh
Send your number please
Kanchan Bansal
Very nice