More Punjabi Kahaniya  Posts
ਗੁੱਟ ਚੋਂ ਹੀਰੇ ਦੀ ਡਲਕ


ਕਹਾਣੀ ਗੁੱਟ ਚੋਂ ਹੀਰੇ ਦੀ ਡਲਕ
ਗੁਰਮਲਕੀਅਤ ਸਿੰਘ ਕਾਹਲੋਂ
ਹਰ ਵਾਰ ਉਹ ਰਸਮ ਨਿਭਾਉਣ ਬਾਦ ਸਿਰ ਪਲੋਸ ਕੇ ਚਲੇ ਜਾਂਦਾ। ਬਾਦ ਚ’ ਮੈਂ ਸਾਰਾ ਦਿਨ ਉਸਦੀਆਂ ਯਾਦਾਂ ਵਿਚ ਗਵਾਚੀ ਰਹਿੰਦੀ। ਹਰ ਸਾਲ ਉਸ ਤਿਉਹਾਰ ਵਾਲੇ ਦਿਨ ਮੈਂ ਕੰਮ ਤੋਂ ਛੁੱਟੀ ਕਰਦੀ। ਤਿੰਨ ਸਾਲ ਪਹਿਲਾਂ ਜਦ ਮੈਨੇਜਰ ਛੁੱਟੀ ਦੇਣ ਤੋਂ ਟਾਲ ਮਟੋਲ ਕਰਨ ਲਗਾ ਤਾਂ ਪਤਾ ਨਹੀਂ, ਮੇਰੇ ਅੰਦਰੋਂ ਪੱਕੀ ਛੁੱਟੀ ਕਰ ਜਾਣ ਦੀ ਧਮਕੀ ਦੇਣ ਦਾ ਹੌਸਲਾ ਕਿਥੋਂ ਉਮੜ ਆਇਆ ਸੀ। ਹਾਲਾਂ ਕਿ ਮੈਂ ਜਾਣਦੀ ਸੀ ਕਿ ਵਿਸ਼ਵ ਮੰਦੀ ਦੇ ਉਸ ਦੌਰ ਵਿਚ ਨਵੇਂ ਥਾਂ ਨੌਕਰੀ ਲਭਣੀ ਖਾਲਾ ਜੀ ਦਾ ਵਾੜਾ ਨਹੀਂ ਸੀ। ਐਤਕੀਂ ਉਸਦੇ ਜਾਂਦਿਆਂ ਈ ਪਹਿਲਾ ਫੋਨ ਮੈਂ ਆਪਣੀ ਮਾਮਾ ਨੂੰ ਲਾਇਆ ਸੀ। ਉਹ ਆਪ ਦਰਦਾਂ ਨਾਲ ਵਿੰਨੀ ਹੋਣ ਦੇ ਬਾਵਜੂਦ ਮੇਰੇ ਦਰਦਾਂ ਨੂੰ ਸ਼ਿੱਦਤ ਨਾਲ ਸਮਝਦੀ ਤੇ ਮਹਿਸੂਸ ਕਰਦੀ ਸੀ। ਮਾਂ ਧੀ ਵਿਚ ਬਹੁਤੇ ਪਰਦੇ ਵੀ ਤਾਂ ਨਹੀਂ ਨਾ ਹੁੰਦੇ? ਗਲਾਂ ਕਰਦਿਆਂ ਪਤਾ ਈ ਨਾ ਲਗਦਾ ਕਦ ਘੰਟਾ ਬੀਤ ਜਾਂਦਾ। ਮੇਰਾ ਫੋਨ ਇਕ ਘੰਟੇ ਤਕ ਪਤਾ ਨਹੀਂ ਕਿੰਵੇ ਸੈਟ ਹੋ ਗਿਆ ਹੋਇਆ ਸੀ।
ਸ਼ਾਮ ਦਾ ਹਨੇਰਾ ਪਸਰਨ ਲਗ ਪਿਆ ਸੀ। ਯਾਦ ਆਇਆ ਕਿ ਪਿੰਕੀ ਨੂੰ ਪੁਛਣਾ ਬਣਦਾ ਕਿ ਉਹ ਠੀਕ ਠਾਕ ਪਹੁੰਚ ਗਿਆ ? ਕਈ ਮਿੰਟ ਫੋਨ ਲਭਦਿਆਂ ਈ ਲਗ ਗਏ। ਮਾਂ ਦੇ ਫੋਨ ਤੋਂ ਬਾਦ ਗਲਤੀ ਨਾਲ ਫਰਿਜ ਉਪਰ ਰਖਿਆ ਗਿਆ ਸੀ। ਪਿੰਕੀ ਦਾ ਨੰਬਰ ਡਾਇਲ ਕਰਨ ਲਗੀ ਤਾਂ ਚੜੇ ਹੋਏ ਕਿੰਨੇ ਸਾਰੇ ਮੈਸੇਜਜ ਉਤੇ ਨਜਰ ਪੈ ਗਈ। ਦੋ ਮੈਸੇਜ ਪਿੰਕੀ ਦੇ ਸਨ। ਇਕ ਢਾਈ ਘੰਟੇ ਪਹਿਲਾਂ ਦਾ ਅੱਧਾ ਪੈਂਡਾ ਮੁਕਣ ਦ‍ਾ ਸੀ ਤੇ ਦੂਜਾ ਕੁਝ ਮਿੰਟ ਹੋਏ ਘਰ ਪਹੁੰਚਣ ਬਾਰੇ ਸੀ। ਮੈਨੂੰ ਆਪਣੇ ਆਪ ਤੇ ਗੁੱਸਾ ਆਇਆ, “ਕੀ ਸੋਚੂ ਉਹ, ਐਨੀ ਕੁ ਪਰਵਾਹ ਐ ਉਸਦੀ?” ਤੜਕੇ ਚਲਕੇ ਪੰਜ ਘੰਟੇ ਕਾਰ ਚਲਾਕੇ ਉਹ ਆਪਣਾ ਫਰਜ਼ ਨਿਭਾਉਣ ਤੇ ਮੈਨੂੰ ਅਹਿਸਾਸ ਕਰਾਉਣ ਆਇਆ ਸੀ ਕਿ ਮਾਪਿਆਂ ਤੋਂ ਦੂਰ ਮੈਂ ਇਥੇ ਇਕੱਲੀ ਨਹੀਂ । ਪਰ ਮੈਂ ਕਮਲੀ ਉਸ ਨਾਲ ਗਲੀਂ ਲਗੀ ਰਹੀ ਸਾਰਾ ਟੈਮ। ਚੱਜ ਨਾਲ ਰੋਟੀ ਵੀ ਨਾ ਖਵਾ ਸਕੀ। ਉਸਨੇ ਵੀ ਤਾਂ ਕਾਹਲੀ ਪਾਈ ਰਖੀ ਸੀ ਨਾ ਵਾਪਸ ਜਾਣ ਦੀ। ਉਹ ਕੀ ਕਰਦਾ, ਟਾਈਮ ਸਿਰ ਪਹੁੰਚਣ ਦੀ ਉਸਦੀ ਆਦਤ ਬਾਰੇ ਮੈ ਜਾਣਦੀ ਆਂ । ਪਤਾ ਨਈਂ ਇਹੋ ਜਿਹੇ ਕਿੰਨੇ ਹੋਰ ਸਵਾਲ ਮੈਂ ਆਪਣੇ ਆਪ ਨੂੰ ਕਰੀ ਗਈ। ਫਿਰ ਤੋਂ ਅਤੀਤ ਦੀਆਂ ਯਾਦਾਂ ਵਿਚ ਕਦ ਘਿਰ ਗਈ, ਪਤਾ ਈ ਨਾ ਲਗਾ।
“ਮਾਮਾ ਦਸਦੇ ਸੀ ਕਿ ਸਾਉਣ ਮਹੀਨੇ ਦਾ ਚੌਥਾ ਦਿਨ ਸੀ। ਉਧਰੋਂ ਸੂਰਜ ਦੀਆਂ ਕਿਰਨਾਂ ਬਾਰੀ ਦੀ ਝੀਥ ਵਿਚੋਂ ਅੰਦਰ ਲੰਘ ਆਈਆਂ ਤੇ ਇਧਰੋਂ ਮੇਰੀ ਅਵਾਜ ਦਾਈ ਤੋਂ ਪਹਿਲਾਂ ਈ ਬਾਹਰ ਪਹੁੰਚ ਗਈ ਸੀ। ਬੀਬੀ ਦੇ ਕੰਨਾਂ ਨੇ ਅਵਾਜ ਈ ਪਛਾਣਕੇ ਕਹਿਤਾ ਸੀ, ਪੂਰਨ ਸਿੰਆਂ ਬਹਿਜਾ ਅਰਾਮ ਨਾਲ। ਪਾਪਾ ਵਾਂਗ ਅਸੀਂ ਦਾਦੀ ਨੂੰ ਬੀਬੀ ਕਹਿਣ ਲਗ ਪਏ ਸੀ। ਮੇਰੇ ਪਾਪਾ ਅਰਾਮ ਨਾਲ ਬੈਠਣ ਵਾਲੇ ਨਹੀਂ ਸੀ। ਮਾਮਾ ਦਸਦੇ ਸੀ ਕਿ ਦਾਈ ਦੇ ਬਾਹਰ ਨਿਕਲਦੇ ਈ ਪਾਪਾ ਹਲਵਾਈ ਤੋਂ ਲੱਡੂਆਂ ਦੇ ਚਾਰ ਡੱਬੇ ਫੜ ਲਿਆਏ ਸੀ। ਲਭੂ ਹਲਵਾਈ ਨੇ ਵਧਾਈ ਦੇਂਦਿਆਂ ਝਕਦੇ ਜਿਹੇ ਪੁਛਿਆ ਸੀ, “ਪੂਰਨ ਸਿੰਆਂ ਹੋਰ ਕਿੰਨੇ ਕੁ ਬਣਾਕੇ ਰਖਾਂ ?” ਪਾਪਾ ਵਲੋਂ ਜਵਾਬ ਦੇਣ ਬਜਾਏ ਪੈਸੇ ਦੇਕੇ ਆਗਏ ਸੀ। ਲੱਭੂ ਦਸਦਾ ਹੁੰਦਾ ਸੀ ਕਿ ਪਿਛੋਂ ਸੋਚੀ ਜਾਵੇ ਕਿ ਜੇ ਕੁੜੀ ਹੋਈ ਐ ਤਾਂ ਉਹ ਲੱਡੂ ਕਿਉਂ ਲੈਣ ਆਇਆ ਤੇ ਜੇ ਮੁੰਡਾ ਹੈ ਤਾਂ ਉਹਨੇ ਹੋਰ ਪੁੱਛਣ ਤੇ ਚੁੱਪ ਕਿਉਂ ਵੱਟੀ ?
ਤਿੰਨ ਸਾਲ ਦੀ ਹੋਣ ਵਾਲੀ ਸੀ ਮੈਂ । ਅਸੀਂ ਸੌਣ ਲਗੇ ਸੀ ਜਦ ਭੱਟੀ ਅੰਕਲ ਕੰਬਾਈਨ ਲੈਕੇ ਆਏ ਸੀ। ਤਬੀਅਤ ਠੀਕ ਨਾ ਹੋਣ ਕਰਕੇ ਮਾਂਮਾ ਉਠੀ ਨਹੀਂ ਸੀ ਤੇ ਬੀਬੀ ਨੇ ਈ ਸਾਰਿਆਂ ਦੀ ਰੋਟੀ ਬਣਾਈ ਸੀ। ਸਵੇਰੇ ਪਾਪਾ ਟਰਾਲੀ ਲੈਕੇ ਕੰਬਾਈਨ ਵਾਲਿਆਂ ਨਾਲ ਖੇਤਾਂ ਨੂੰ ਚਲੇ ਗਏ ਸੀ। ਕਣਕ ਵੇਲੇ ਸਿਰ ਸਾਂਭੀ ਜਾਣ ਕਰਕੇ ਬੀਬੀ ਖੁਸ਼ ਸੀ। ਉਸਤੋਂ ਪਹਿਲੇ ਸਾਲ ਪੱਕੀ ਕਣਕ ਮੀਂਹ ਹਨੇਰੀ ਨੇ ਕਾਫੀ ਖਰਾਬ ਕਰਤੀ ਸੀ।
ਬੀਬੀ ਕਈ ਵਾਰ ਅੰਦਰ ਜਾਕੇ ਮਾਮਾ ਦਾ ਹਾਲ ਪੁੱਛ ਆਈ ਸੀ। ਉਸ ਦਿਨ ਸਾਡੇ ਬਨੇਰੇ ਤੇ ਕਾਂ ਬੜੇ ਬੋਲਦੇ ਸੀ। ਬੀਬੀ ਨੂੰ ਕਾਂਵਾਂ ਦਾ ਬੋਲਣਾ ਚੰਗਾ ਲਗਦਾ ਸੀ। ਉਸਦਾ ਮੰਨਣਾ ਸੀ ਇਹ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਆ। ਪਰ ਮੈਂਨੂੰ ਕਾਂ ਚੰਗੇ ਨਹੀਂ ਸੀ ਲਗਦੇ। ਇਕ ਵਾਰ ਉਡਦੇ ਕਾਂ ਨੇ ਮੇਰੇ ਸਿਰ ਵਿੱਠ ਕਰ ਦਿਤੀ ਤੇ ਮਾਮਾ ਨੇ ਠੰਡ ਵਿਚ ਸਵੇਰੇ ਈ ਨੁਹਾਇਆ ਸੀ। ਬੜਾ ਰੋਈ ਸੀ ਸਿਰ ਨੁਹਾਉਣ ਤੋਂ ਮੈਂ।
ਕੰਬਾਇਨ ਵਾਲਿਆਂ ਲਈ ਚਾਹ ਭੇਜਕੇ ਬੀਬੀ ਕਾਹਲੀ ਨਾਲ ਅੰਦਰ ਗਈ ਸੀ। ਧਿਆਨ ਤਾਂ ਉਸਦਾ ਚਾਹ ਬਣਾਉਂਦਿਆਂ ਵੀ ਅੰਦਰ ਵਲ ਸੀ। ਅਜੇ ਦੁਪਿਹਰ ਨਹੀਂ ਸੀ ਹੋਈ ਜਦ ਬੀਬੀ ਨੇ ਕੰਧ ਉਪਰੋਂ ਤਾਈ ਨੂੰ ਜਲਦੀ ਆਉਣ ਦੀ ਹਾਕ ਮਾਰੀ ਸੀ। ਤਾਈ ਆਉੰਦੇ ਸਾਰ ਮਾਮਾ ਕੋਲ ਗਈ ਤੇ ਬਾਹਰ ਆਕੇ ਬੀਬੀ ਦੇ ਕੰਨ ਵਿਚ ਕੁਝ ਕਿਹਾ। ਬੀਬੀ ਤਸੱਲੀ ਕਰਨ ਆਪ ਅੰਦਰ ਗਈ ਤੇ ਫਿਰ ਤਾਈ ਨੂੰ ਛੇਤੀ ਨਾਲ ਨਸੀਬੋ ਦਾਈ ਸੱਦਣ ਭੇਜਿਆ ਸੀ। ਪਤਾ ਨਈ ਕਿਉਂ, ਦਾਈ ਦੇ ਆਉਂਦੇ ਈ ਬੀਬੀ ਨੇ ਮੈਨੂੰ ਤਾਈ ਦੇ ਘਰ ਜਾਕੇ ਖੇਡਣ ਲਈ ਕਿਹਾ ਸੀ। ਮੈਂ ਜਰਾ ਕੁ ਸਿਰ ਫੇਰਿਆ ਤਾਂ ਬੀਬੀ ਨੇ ਚਪੇੜ ਵਿਖਾਈ ਸੀ। ਡਰਦੇ ਮਾਰੇ ਮੈਂ ਤਾਈ ਕੇ ਘਰ ਜਾਕੇ ਛਟਾਪੂ ਖੇਡਣ ਲਗ ਗਈ ਸੀ। ਘੰਟੇ ਕੁ ਬਾਦ ਸਾਰੇ ਪਾਸਿਓਂ ਵਧਾਈਆਂ ਸੁਣ ਰਹੀਆਂ ਸੀ । ਮੇਰਾ ਵੀਰਾ ਜੂ ਆ ਗਿਆ ਸੀ ਘਰੇ। ਬੀਬੀ ਕਹਿੰਦੀ ਸੀ ਮੇਰੇ ਪੂਰਨ ਦੀ ਜੜ੍ਹ ਵਧ ਗਈ । “ਪਤਾ ਨਈ ਕਿਉਂ ਅੱਜ ਮੇਰਾ ਬਚਪਨ ਵਾਰ ਵਾਰ ਅੱਖਾਂ ਮੂਹਰੇ ਆਈ ਜਾ ਰਿਹੈ।”
ਮਾਮਾ ਦਸਦੇ ਹੁੰਦੇ ਨੇ ਕਿ ਬੜੇ ਚਾਅ ਕੀਤੇ ਸੀ ਬੀਬੀ ਨੇ ਵੀਰੇ ਦੇ ਆਉਣ ਤੇ। ਕਣਕ ਦੀ ਭਰੀ ਟਰਾਲੀ ਮੰਡੀ ਲਾਹੁਣ ਲਈ ਤਾਏ ਨੂੰ ਭੇਜਕੇ ਪਾਪਾ ਘਰ ਆਗਏ ਸੀ। ਤਾਏ ਕੇ ਬਾਰ ਮੂਹਰਿਓਂ ਲੰਘਦੇ ਵੇਖ ਮੈਂ ਭੱਜਕੇ ਪਾਪਾ ਦੀਆਂ ਲੱਤਾਂ ਨਾਲ ਚੰਬੜ ਗਈ ਸੀ। ਬੀਬੀ ਕਪੜਿਆਂ ਵਿਚ ਲਪੇਟੇ ਵੀਰੇ ਨੂੰ ਲੈਕੇ ਬਾਹਰ ਆਈ ਤਾਂ ਮਗਰੇ ਦਾਈ ਆ ਗਈ ਸੀ ਅੰਦਰੋਂ। ਪਾਪਾ ਨੇ ਨੀਲੇ ਰੰਗ ਦਾ ਨੋਟ ਦਿਤਾ ਸੀ ਦਾਈ ਨੂੰ। ਹੁਣ ਪਤਾ ਲਗਦਾ ਕਿ ਮੁੰਡੇ ਦੀ ਵਧਾਈ ਸੀ ਉਹ ਨੋਟ । ਮਾਮਾ ਦਸਦੇ ਸੀ ਕਿ ਵੀਰੇ ਦਾ ਨਾਂਅ ਰਖਣ ਤੇ ਕਈ ਦਿਨ ਚਰਚਾ ਚਲਦੀ ਰਹੀ ਸੀ। ਬੀਬੀ ਗੁਰਦਿਤ ਸਿੰਘ ਤੇ ਅੜੀ ਹੋਈ ਸੀ ਤੇ ਮਾਮਾ ਪਾਪਾ ਨੂੰ ਪਰਕਾਸ਼ ਸਿੰਘ ਚੰਗਾ ਲਗਦਾ ਸੀ। ਗੁਰਦੁਆਰੇ ਗਏ ਤਾਂ ਭਾਈ ਜੀ ਨੇ ਪਹਿਲਾ ਅੱਖਰ ਪੱਪਾ ਕਹਿਕੇ ਮਾਮਾ ਦੀ ਇਛਾ ਪੁਗਾ ਦਿਤੀ ਸੀ। ਬੜੇ ਚਾਅ ਦੁਲਾਰ ਕਰਦੀ ਸੀ ਮੈਂ ਨਿੱਕੇ ਜਿਹੇ ਕਾਕੇ ਨਾਲ। ਵੀਰੇ ਨੂੰ ਦੁੱਧ ਪਿਆਉਣ ਲਈ ਮਾਮਾ ਮੇਰੇ ਤੋਂ ਫੜਦੇ ਤਾਂ ਮੈਂ ਰੋੰਦੀ ਪੈਂਦੀ ਸੀ।
ਬਾਹਰ ਲਾਈਟਾਂ ਜਗ ਪੈਣ ਤੇ ਮੇਰੀ ਸੁਰਤ ਪਰਤੀ। ਡਾਇਨਿੰਗ ਕੁਰਸੀ ਤੇ ਬੈਠ ਪਿੰਕੀ ਨੂੰ ਫੋਨ ਲਾਇਆ। ਗਲਬਾਤ ‘ਚ ਮਹਿਸੂਸ ਕੀਤਾ ਕਿ ਉਹ ਚਾਹ ਪੀ ਰਿਹੈ। ਕਹਿੰਦਾ, ਹਨੇਰਾ ਹੋਣ ਦੇ ਡਰੋਂ ਰਸਤੇ ਚ ਕਿਤੇ ਰੁਕਿਆ ਨਈਂ ਸੀ। ਮੇਰੇ ਕਿੰਵੇ ਲਗਾ ਅੱਜ ਪੁੱਛਣ ਤੇ ਕਹਿੰਦਾ,”ਜੋ ਸਾਲ ਬਾਦ ਕਿਸੇ ਆਪਣੇ ਨੂੰ ਮਿਲਣ ਤੇ ਚੰਗਾ ਲਗ ਸਕਦਾ, ਉਸਤੋਂ ਚੰਗਾ।” ਸੱਚ ਦਸਾਂ, ਫੋਨ ਲਗੇ ਤੇ ਈ ਸ਼ੁਕਰਾਨੇ ਵਜੋਂ ਮੇਰਾ ਸਿਰ ਝੁਕਕੇ ਮੇਜ ਨਾਲ ਜੁੜ ਗਿਆ ਸੀ ਉਦੋਂ। ਮੈਨੂੰ ਮੇਜ ਚੋਂ ਈ ਰੱਬ ਦੀ ਝਲਕ ਪੈਣ ਲਗੀ। ਧੰਨਾ ਭਗਤ ਅੱਖਾਂ ਮੂਹਰੇ ਆਣ ਖੜੋ ਗਿਆ। ਉਸਨੇ ਤਾਂ ਜਿੱਦ ਕਰਕੇ ਰੱਬ ਲਭਿਆ ਸੀ। ਪਰ ਸਾਡਾ ਦਰਦ ਰੱਬ ਨੇ ਆਪ ਪਹਿਚਾਣਿਆ ਸੀ। ਅਗਲੇ ਪਲ ਮੈਂ ਆਪਣੇ ਆਪ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚ ਖੜੀ ਮਹਿਸੂਸ ਕੀਤਾ। ਹਜਾਰਾਂ ਮੀਲਾਂ ਦੀ ਦੂਰੀ ਸਕਿੰਟਾਂ ‘ਚ ਮੁਕ ਗਈ ਸੀ। ਅਲਾਹੀ ਨੂਰ ਦੀ ਝਲਕ ਚੋਂ ਰਸਭਰੇ ਕੀਰਤਨ ਦੀ ਅਵਾਜ ਸੁਣਾਈ ਦੇਣ ਲਗੀ। ਲਗਿਆ ਜਿੰਵੇ ਗੁਰੂ ਜੀ ਕਹਿ ਰਹੇ ਹੋਣ, ਕੁਝ ਹੋਰ ਮੰਗਣਾ ਤਾਂ ਮੰਗ ਲੈ। ਮੇਰੇ ਹੱਥ ਜੁੜੇ ਹੋਏ ਸੀ,ਜਦ ਮੇਰੇ ਮੂੰਹੋ ਨਿਕਲਿਆ, ਸੱਚੇ ਪਾਤਸ਼ਾਹ ਤੁਸੀਂ ਤੇ ਝੋਲੀ ਵਿਚ ਥਾਂ ਈ ਨਈਂ ਛੱਡੀ ਹੋਰ ਕੁਝ ਪਵਾ ਸਕਣ ਦੀ। ਅਚਾਨਕ ਪੈਰਾਂ ਦੇ ਖੜਕੇ ਨਾਲ ਮੇਰੀ ਸੁਰਤ ਪ੍ਰਤੀ। ਸਾਹਮਣੇ ਮੇਰੀ ਰੂਮ ਮੇਟ ਜੋਤੀ ਖੜੀ ਸੀ। “ਕਿਸ ਤੋਂ ਝੋਲੀ ਭਰਵਾ ਰਹੀ ਸੀ ਹੁਣੇ?” , ਉਸਦੇ ਸਵਾਲ ਨੇ ਮੈਨੂੰ ਆਪਣੇ ਆਪ ਵਿਚ ਕੀਤਾ।
ਰਾਤ ਦੇ ਖਾਣ ਪੀਣ ਦਾ ਕੰਮ ਮੁਕਾ ਮੈਂ ਤੇ ਜੋਤੀ ਨੇ ਆਪਣੇ ਆਪਣੇ ਬਿਸਤਰੇ ਮਲ ਲਏ। ਕੁਝ ਗਲਾਂ ਕੀਤੀਆਂ ਤੇ ਬੱਤੀ ਬੁਝਾ ਦਿਤੀ। ਕਲ ਨੂੰ ਕੰਮ ਤੇ ਜਾਣ ਦਾ ਫਿਕਰ ਕਰਦਿਆਂ ਰੋਜ ਵਾਂਗ ਫੋਨ ਤੇ ਅਲਾਰਮ ਲਾ ਦਿਤਾ। ਪਰ ਨੀਂਦ ਕਿਥੇ। ਦੋ ਹੀ ਮੌਕੇ ਹੁੰਦੇ ਨੇ ਜਦ ਨੀਂਦ ਨੇੜੇ ਤੇੜੇ ਨਹੀਂ ਖੜਦੀ। ਖੁਸ਼ੀ ਦੇ ਢੇਰ ਜਾਂ ਦੁੱਖਾਂ ਦੇ ਅੰਬਾਰ। ਆਮ ਤੌਰ ਤੇ ਮੈਂ ਸੌਣ ਵੇਲੇ ਉਪਰ ਲਿਆ ਕੰਬਲ ਜਾਂ ਚਾਦਰ ਗਲੇ ਤਕ ਰਖਦੀ ਆਂ, ਪਰ ਉਸ ਦਿਨ ਚਾਦਰ ਸਿਰ ਤੇ ਖਿਚ ਲਈ ਸੀ। ਜੋਤੀ ਨੇ ਦਸਿਆ ਸੀ ਕਿ ਅੱਜ ਉਹਦੇ ਸਟੋਰ ਤੇ ਗਾਹਕਾਂ ਦੀ ਕਾਫੀ ਭੀੜ ਰਹੀ ਸੀ। ਥੱਕੀ ਹੋਣ ਕਾਰਣ ਉਹ ਪੈਂਦੇ ਸਾਰ ਸੌਂ ਗਈ ਸੀ।
ਯਾਦਾਂ ਵਿਚ ਗਵਾਚਣ ਦਾ ਸਮਾਂ ਕਿਸੇ ਨੂੰ ਯਾਦ ਨਹੀਂ ਰਹਿੰਦਾ। ਇਸ ਬੁਝਾਰਤ ਦਾ ਜਵਾਬ ਤਾਂ ਬ੍ਰਹਮ ਗਿਆਨੀ ਵੀ ਨਹੀਂ ਦੇ ਸਕੇ। ਪਤਾ ਈ ਨਾ ਲਗਾ ਕਦ ਮਨ ਵਿਚ ਉਹੀ ਫਿਲਮ ਉਥੋਂ ਹੀ ਚਲਣ ਲਗ ਪਈ ਜਿਥੋਂ ਜੋਤੀ ਦੇ ਆਉਣ ਕਾਰਣ ਪੌਜ਼ ਹੋ ਗਈ ਸੀ। ਵੀਰੇ ਪਰਕਾਸ਼ ਤੋਂ ਡੇਢ ਕੁ ਸਾਲ ਬਾਦ ਰਿੰਪੀ ਆ ਗਈ ਸੀ। ਕਿੰਨੇ ਚੰਗੇ ਦਿਨ ਸੀ। ਤਿੰਨੇ ਭੈਣ ਭਰਾ ਚੌਥੀ, ਦੂਜੀ ਤੇ ਨਰਸਰੀ ਵਿਚ ਇਕੱਠੇ ਜਾਂਦੇ ਹੁੰਦੇ ਸੀ ਸਕੂਲੇ। ਰਿੰਪੀ ਨੂੰ ਛੁੱਟੀ ਜਲਦੀ ਹੋਣ ਕਾਰਣ ਉਸ ਸਾਡੀ ਛੁੱਟੀ ਹੋਣ ਤਕ ਉਥੇ ਖੇਡਦੀ ਰਹਿੰਦੀ ਤੇ ਅਸੀਂ ਇਕੱਠੇ ਸਕੂਲ ਬੱਸ ਵਿਚ ਮੁੜਦੇ ਸੀ। ਕਈ ਵਾਰ ਮਾਮਾ ਤੋਂ ਕਪੜੇ ਬਦਲਵਾਉਣ ਵਿਚ ਪਹਿਲ ਕਰਨ ਤੋਂ ਅਸੀਂ ਲੜ ਪੈਂਦੇ। ਖਾਣ ਪੀਣ ਵਾਲੀ ਮੇਜ ਇਕੱਠੇ ਸਜਦੀ। ਬੇਸ਼ੱਕ ਮਾਮਾ ਸਾਨੂੰ ਇਕ ਦੂਜੇ ਦੀ ਪਲੇਟ ‘ਚ ਠੂੰਗੇ ਮਾਰਨ ਤੋਂ ਵਰਜਦੇ ਸੀ, ਪਰ ਮੈਂ ਆਪਣੀ ਪਲੇਟ ਚੋਂ ਕੁਝ ਨਾ ਕੁਝ ਪਿੰਕੀ ਦੀ ਪਲੇਟ ਵਿਚ ਜਰੂਰ ਪਾ ਦੇਂਦੀ। ਖਿਆਲ ਰਖਣਾ ਕਿ ਸਾਡਾ ਵੀਰਾ ਭੁੱਖਾ ਨਾ ਰਹਿ ਜਾਏ।
ਪਿੰਕੀ ਸਤਵੀਂ ਤੇ ਮੈਂ ਨੌਵੀ ਪਾਸ ਕਰਕੇ ਅਗਲੀਆਂ ਜਮਾਤਾਂ ਚ ਗਏ ਸੀ ਉਦੋਂ। ਕੁਝ ਦਿਨਾਂ ਬਾਦ ਪਤਾ ਨਈ ਕਿਸ ਚੰਦਰੇ ਦੀ ਨਜਰ ਲਗੀ ਸਾਡੀਆਂ ਖੁਸ਼ੀਆਂ ਨੂੰ। ਗਰਮੀਆਂ ਸੀ, ਵੀਰਾ ਸਾਡੇ ਖੇਤਾਂ ਕੋਲੋਂ ਲੰਘਦੀ ਨਹਿਰ ਚ ਨਹਾਉਣ ਚਲੇ ਗਿਆ ਦੋਸਤਾਂ ਨਾਲ। ਉਂਜ ਤੇ ਮਾਂਮਾ ਤੋਂ ਪੁੱਛ ਕੇ ਗਿਆ ਸੀ। ਨਹਿਰ ਬਹੁਤੀ ਢੂੰਗੀ ਨਾ ਹੋਣ ਕਾਰਣ ਖਤਰਾ ਨਹੀਂ ਸੀ ਸਮਝਿਆ ਜਾਂਦਾ। ਪਤਾ ਨਹੀਂ ਕੀ ਭਾਣਾ ਵਾਪਰਿਆ ਉਥੇ। ਸਾਡਾ ਵੀਰਾ ਸਾਨੂੰ ਰੋਂਦਿਆਂ ਛੱਡ ਗਿਆ। ਮਾਮਾ ਪਾਪਾ ਦਾ ਲੱਕ ਟੁੱਟ ਗਿਆ। ਕਈ ਦਿਨ ਸਾਡੇ ਘਰ ਚੁੱਲਾ ਨਹੀਂ ਸੀ ਤਪਿਆ। ਚੁੱਲੇ ਵੀ ਤਾਂ ਉਮੀਦਾਂ ਤੇ ਈ ਤਪਦੇ ਨੇ ਨਾ। ਸਾਡੇ ਤਾਂ ਸਾਰੇ ਪੱਲੇ ਉਮੀਦਾਂ ਪੱਖੋਂ ਖਾਲੀ ਕਰਕੇ ਹਨੇਰਾ ਪਸਾਰ ਗਿਆ ਸੀ ਸਾਡਾ ਪਰਕਾਸ਼ ਸਿੰਘ। ਕਈ ਦਿਨ ਮੇਰਾ ਸਕੂਲ ਜਾਣ ਨੂੰ ਮਨ ਨਾ ਕੀਤਾ ਤੇ ਨਾ ਈ ਮਾਪਿਆਂ ਨੇ ਜਾਣ ਲਈ ਕਹਿਣ ਦੀ ਹਿੰਮਤ ਕੀਤੀ। ਪਿੰਕੀ ਦੇ ਵਿਛੋੜੇ ਨੇ ਸਭਦੇ ਮਨਾਂ ਦੇ ਦੀਵੇ ਬੁਝਾ ਦਿਤੇ ਸੀ। ਖੈਰ, ਕਹਿੰਦੇ ਨੇ ਨਾ ਸਮਾਂ ਬਲਵਾਨ ਹੁੰਦਾ। ਜਖ਼ਮ ਲਾਉਂਦਾ ਵੀ ਆ ਤੇ ਬਾਦ ਵਿਚ ਭਰਨ ਵੀ ਲਗ ਜਾਂਦਾ। ਸਾਡੀ ਜਿੰਦਗੀ ਆਪਣੀ ਲੀਹੇ ਚੜਨ ਲਗੀ। ਮੈਂ ਹਰ ਸਾਲ ਰੱਖੜੀ ਵਾਲੇ ਦਿਨ ਸੁਹਣੀ...

ਜਿਹੀ ਰੱਖੜੀ ਲੈਂਕੇ ਵੀਰੇ ਦੀ ਉਡੀਕ ਕਰਦੀ ਤੇ ਰਾਤ ਨੂੰ ਸੰਦੂਕ ਵਿਚ ਰਖ ਦੇਂਦੀ। ਸਾਲ ਦਰ ਸਾਲ ਰੱਖੜੀਆਂ ਦੀ ਗਿਣਤੀ ਵਧਦੀ ਗਈ। ਕਾਲਜ ਪਾਸ ਕਰਕੇ ਮੈਂ ਆਈਲੈਟਸ ਕੀਤੀ ਤੇ ਕੈਨੇਡਾ ਪਹੁੰਚ ਗਈ।
ਥੋੜੇ ਦਿਨਾਂ ਬਾਦ ਥੋਕ ਵਸਤਾਂ ਵਾਲੇ ਗੋਰਿਆਂ ਦੇ ਵਡੇ ਸਟੋਰ ਵਿਚ ਕੰਮ ਮਿਲ ਗਿਆ। ਅੰਗਰੇਜੀ ਉਤੇ ਮੇਰੀ ਪਕੜ ਚੰਗੀ ਹੋਣ ਅਤੇ ਬੋਲਚਾਲ ਦੇ ਸਲੀਕੇ ਕਾਰਣ ਸਾਲ ਕੁ ਬਾਦ ਸੁਪਰਵਾਈਜਰ ਬਣਾ ਦਿਤੀ ਗਈ। ਮੇਰੀ ਡਿਊਟੀ ਕੰਮ ਹੱਥੀ ਕਰਨ ਦੀ ਥਾਂ ਹੋਰਾਂ ਦੇ ਹੱਥਾਂ ਤੋਂ ਵਧ ਕੰਮ ਲੈਣਾ ਹੋ ਗਈ। ਹੋਰਾਂ ਨਾਲ ਪਹਿਲਾਂ ਵਰਗਾ ਮੇਲ ਮਿਲਾਪ ਘਟਾਉਣਾ ਪਿਆ। ਤਰੱਕੀ ਮੌਕੇ ਸਿਖਲਾਈ ਦੌਰਾਨ ਦੂਰੀ ਬਣਾਕੇ ਰਖਣ ਦੇ ਫਾਇਦੇ ਗਿਣਾਏ ਗਏ ਸੀ।
ਮੇਰੀ ਲਿਸਟ ਵਿਚ ਉਸਦਾ ਨਾਂਅ ਪ੍ਰਿਤਪਾਲ ਸਿੰਘ ਸੀ। ਪਰ ਦੋਸਤ ਉਸਨੂੰ ਪਾਲ ਕਹਿਕੇ ਬੁਲਾਉਂਦੇ। ਹੋਰਾਂ ਨੂੰ ਤਾਂ ਕਈ ਵਾਰ ਕਹਿਣਾ ਪੈਂਦਾ ਸੀ, ਪਰ ਉਸਨੇ ਕੰਮ ਠੀਕ ਜਾਂ ਤੇਜ ਕਰਨ ਬਾਰੇ ਕਹਿਣ ਦੇ ਮੌਕੇ ਦੀ ਨੌਬਤ ਈ ਨਾ ਕਦੇ ਆਉਣ ਦਿਤੀ। ਸਿਰ ਸੁੱਟਕੇ ਲਗਾ ਰਹਿੰਦਾ। ਨਾ ਉਹ ਸਵੇਰੇ ਲੇਟ ਹੁੰਦਾ, ਨਾ ਲੰਚ ਟਾਈਮ ਮੁਕਾਉਣ ਚ ਦੇਰੀ ਕਰਦਾ। ਮੈਂ ਉਸਨੂੰ ਛੁੱਟੀ ਤੋਂ ਪਹਿਲਾਂ ਘੜੀ ਵਲ ਝਾਕਦੇ ਕਦੇ ਨਹੀਂ ਸੀ ਵੇਖਿਆ। ਉਸਦੀ ਸ਼ਿਫਟ ਇਕ ਘੰਟਾ ਪਹਿਲਾਂ ਸ਼ੁਰੂ ਤੇ ਖਤਮ ਹੋਣ ਬਾਰੇ ਮੈਂ ਮੈਨੇਜਰ ਤੋਂ ਪਤਾ ਕਰ ਲਿਆ ਸੀ ਕਿ ਸ਼ਾਮ ਦੀ ਕਲਾਸ ਲਾਉਣ ਕਾਰਣ ਉਸਦੀ ਮਜਬੂਰੀ ਸੀ, ਜਿਸਦੀ ਉਸਨੇ ਆਗਿਆ ਲਈ ਹੋਈ ਸੀ। ਮੇਰੇ ਨਾਲ ਉਹ ਪਹਿਲੀ ਵਾਰ ਬੋਲਿਆ ਸੀ ਉਸ ਦਿਨ। ਉਹ ਸੀਨ ਅਜੇ ਅੱਖਾਂ ਵਿਚ ਤਰੋਤਾਜਾ ਐ। ਲੰਚ ਟਾਈਮ ਖਤਮ ਹੋਣ ਤੋਂ ਤਿੰਨ ਚਾਰ ਮਿੰਟ ਪਹਿਲਾਂ ਆਇਆ ਸੀ ਮੇਰੀ ਮੇਜ ਕੋਲ। ਝਕਦੇ ਝਕਦੇ ਪੁਛਿਆ ਸੀ ਉਸਨੇ। ਉਸਦੇ ਸਵਾਲ ਨੇ ਕਿੰਨਾ ਤੜਪਾ ਦਿਤਾ ਸੀ ਮੇਰਾ ਮਨ। ਰੱਬ ਪ੍ਰਤੀ ਰੋਸ ਦਾ ਭਾਂਬੜ ਮੱਚ ਗਿਆ ਸੀ ਮੇਰੇ ਅੰਦਰ। ਮੇਰੀ ਚੁੱਪ ਵੇਖ ਨਿਰਾਸ਼ਤਾ ਦੀ ਪੰਡ ਬੰਨਕੇ ਉਹ ਤੁਰਨ ਈ ਲਗਾ ਸੀ, ਜਦ ਮੈਂ ਸਾਹਮਣੇ ਬੈਠਣ ਲਈ ਕਿਹਾ। ਮੈਂ ਕੀ ਜਾਣਾਂ ਕਿ ਉਹ ਉਸੇ ਰੱਬ ਦਾ ਦੂਤ ਸੀ, ਜਿਸਨੂੰ ਮੈਂ ਹੁਣੇ ਕੋਸ ਰਹੀ ਸੀ। ਅਗਲੇ ਮਿੰਟ ਮੇਰੀ ਨਜਰ ਉਸਦੇ ਚਿਹਰੇ ਤੇ ਗੱਡੀ ਗਈ। ਮੈਂ ਅੱਖਾਂ ਝਪਕਣਾ ਭੁਲ ਗਈ ਸੀ। ਆਖਰ ਜੀਭ ਨੇ ਹਰਕਤ ਕੀਤੀ। ਹਾਂ, ਕੀ ਕਹਿ ਰਹੇ ਸੀ ਤੁਸੀਂ, ਕੁਝ ਨਹੀਂ ਕਹਿਕੇ ਉਹ ਟਾਲ ਜਾਣਾ ਚਾਹੁੰਦਾ ਸੀ, ਪਰ ਮੈਂ ਉਸਦੇ ਸਵਾਲ ਨੂੰ ਆਪ ਹੀ ਦੁਹਰਾ ਲਿਆ। “ਤੁਸੀਂ ਐਸ ਰੱਖੜੀ ਬਾਰੇ ਪੁੱਛਿਆ ਸੀ ਨਾ ਕੁਝ?” ਮੇਰੇ ਬੋਲਾਂ ਵਿਚ ਮਿਠਾਸ ਭਰ ਗਈ ਸੀ। ਅਸਲ ਵਿਚ ਰਖੜੀ ਵਾਲਾ ਦਿਨ ਹੋਣ ਕਾਰਣ ਸਵੇਰੇ ਸਟੋਰ ਤੋਂ ਖਰੀਦੀ ਰਖੜੀ ਮੇਰੀ ਜੇਬ ਤੋਂ ਕੁਝ ਬਾਹਰ ਹੋਣ ਕਾਰਣ ਦਿਸਦੀ ਸੀ। ਉਸਨੇ ਅਨੁਮਾਨ ਲਾਇਆ ਸੀ ਕਿ ਸ਼ਾਇਦ ਮੈਂ ਸਵੇਰੇ ਆਪਣੇ ਭਰਾ ਨੂੰ ਬੰਨਕੇ ਨਹੀਂ ਆਈ ਤੇ ਹੁਣ ਛੁੱਟੀ ਛੇਤੀ ਕਰ ਜਾਊਂਗੀ। ਮੇਰੇ ਮੂੰਹੋ ਆਪ ਮੁਹਾਰੇ ਈ ਨਿਕਲ ਗਿਆ ਸੀ, “ਰਖੜੀ ਲਈ ਕਦੇ ਗੁੱਟ ਲਭੇਗਾ ਤਾਂ ਈ ਬੰਨਾਂਗੀ।” ਉਸਨੇ ਆਪਣਾ ਸੱਜਾ ਗੁੱਟ ਅਗਾਂਹ ਕਰਕੇ ਆਖਿਆ ਸੀ, “ਤੁਹਾਨੂੰ ਐਸ ਗੁੱਟ ਵਿਚੋਂ ਭਰਾ ਦੀ ਝਲਕ ਪੈਂਦੀ ਹੋਵੇ ਤਾਂ ਅੱਖਾਂ ਮੀਟਕੇ ਬੰਨ ਦਿਓ।” ਕਿੱਡਾ ਵਡਾ ਸਵਾਲ ਕਰ ਗਿਆ ਸੀ ਉਹ ?
ਜਿੰਦਗੀ ਵਿਚ ਅਚਾਨਕ ਇੰਜ ਵਾਪਰੀਆਂ ਘਟਨਾਵਾਂ ਭਵਿੱਖ ਦੀ ਪੈੜ ਹੁੰਦੀਆਂ ਨੇ। ਸੱਚ ਦਸਦੀ ਆਂ, ਉਸਦੀ ਐਡੀ ਵਡੀ ਗਲ ਸੁਣਕੇ ਮੇਰੀ ਨਜਰ ਉਸਦੇ ਗੁੱਟ ਤੇ ਗੱਡੀ ਗਈ । ਅੱਖਾਂ ਨੂੰ ਲਗਿਆ ਪਿੰਕੀ ਦਾ ਗੁੱਟ ਆ, ਮਨ ਨੇ ਹਾਮੀ ਭਰ ਦਿਤੀ। ਸਾਡਾ ਪਰਕਾਸ਼ ਵਡਾ ਹੋਕੇ ਸਾਹਮਣੇ ਆਣ ਖੜੋ ਗਿਆ।
ਅਗਲੇ ਪਲ ਮੈਂ ਉਸਦੇ ਸੱਜੇ ਗੁੱਟ ਤੇ ਰਖੜੀ ਦੇ ਧਾਗੇ ਨੂੰ ਗੰਢ ਦੇ ਰਹੀ ਸੀ ਤੇ ਉਹਦਾ ਖੱਬਾ ਹੱਥ ਮੇਰਾ ਸਿਰ ਪਲੋਸ ਰਿਹਾ ਸੀ। ਉਮਰੋਂ ਛੋਟਾ ਹੋਕੇ ਵੀ ਮੈਨੂੰ ਆਪਣੇ ਤੋਂ ਕਿਤੇ ਵਡਾ ਲਗ ਰਿਹਾ ਸੀ ਉਹ। ਉਨ੍ਹਾਂ ਪਲਾਂ ਦਾ ਅਹਿਸਾਸ ਮੇਰੀ ਸ਼ਕਤੀ ਬਣ ਗਿਆ। ਆਪਣੇ ਜੀਵਨ ਚੋਂ ਕਢ ਸੁੱਟੀਆਂ ਉਮੰਗਾਂ ਤੇ ਉਮੀਦਾਂ ਚ ਸਾਹ ਪ੍ਰਤਣ ਲਗ ਪਏ । ਕੁੜੀਆਂ ਵਾਂਗ ਆਪਣਾ ਘਰ ਵਸਾਉਣ ਦੇ ਮਰ ਚੁਕੇ ਸੁਪਨੇ ਮਨ ਨੂੰ ਟਕੋਰਨ ਲਗ ਪਏ। ਅਗਲੇ ਦਿਨ ਮੈਂ ਉਸਨੂੰ ਘਰ ਆਉਣ ਲਈ ਕਿਹਾ। ਉਹ ਬਹਾਨਾ ਬਣਾਕੇ ਟਾਲ ਗਿਆ। ਦਫਤਰ ਰਿਕਾਰਡ ਚੋਂ ਉਸਦਾ ਫੋਨ ਨੰਬਰ ਲਿਆ ਤੇ ਘਰ ਜਾਕੇ ਡਾਇਲ ਕੀਤਾ। ਮੇਰੇ ਘਰ ਆਉਣ ਤੋਂ ਨਾਂਹ ਬਾਰੇ ਪੁੱਛਣ ਤੇ ਉਸਦੇ ਜਵਾਬ ਨੇ ਮੈਨੂੰ ਹੋਰ ਕੁਝ ਕਹਿਣ ਜੋਗੀ ਨਾ ਛਡਿਆ। ਕਹਿੰਦਾ, “ਵਕਤੀ ਪ੍ਰੇਮ ਸਬੰਧ ਬਣਾਉਣ ਵਾਲੇ ਲੋਕਾਂ ਨੇ ਮੂੰਹ ਬੋਲੇ ਭੈਣ ਭਰਾ ਦੇ ਰਿਸ਼ਤੇ ਨੂੰ ਬਦਨਾਮ ਕਰ ਛਡਿਆ। ਸਾਰੇ ਤਾਂ ਨਹੀਂ, ਪਰ ਬਹੁਤੇ, ਅਜ ਕਲ ਰਖੜੀ ਨੂੰ ਅਨੈਤਿਕ ਸਬੰਧਾਂ ਦੀ ਢਾਲ ਬਣਾਉਂਣ ਲਗ ਪਏ ਨੇ । ਸੱਚੇ ਹੋਕੇ ਵੀ ਸਾਨੂੰ ਸ਼ੱਕੀ ਨਜਰਾਂ ਤੋਂ ਬਚਣ ਚਾਹੀਦਾ।”
ਕੁਝ ਮਹੀਨੇ ਬਾਦ ਉਸਦਾ ਪੜਾਈ ਕੋਰਸ ਪੂਰਾ ਹੋ ਗਿਆ ਤੇ ਨਾਲ ਹੀ ਸਿਹਤ ਵਿਭਾਗ ਚ ਸਰਕਾਰੀ ਨੌਕਰੀ ਲਗ ਗਈ। ਪਰ ਨੌਕਰੀ ਵਾਲਾ ਸ਼ਹਿਰ 400 ਕਿਲੋਮੀਟਰ ਦੂਰ ਹੋ ਗਿਆ। ਅਸੀਂ ਮਹੀਨੇ ‘ਚ ਇਕ ਦੋ ਵਾਰ ਫੋਨ ਤੇ ਗਲ ਕਰਦੇ। ਉਸਦੇ ਪਹਿਲੇ ਸਵਾਲ ਭਰਾਵਾਂ ਵਾਲੀ ਜਿੰਮੇਵਾਰੀ ਤੇ ਫਰਜਾਂ ਵਾਲੇ ਹੁੰਦੇ।
ਪਿਛੋਕੜ ਪਖੋਂ ਮੈਂ ਮਾਝੇ ਅਤੇ ਉਹ ਦੁਆਬੇ ਤੋਂ ਸੀ। ਟੀਚਰ ਮਾਪਿਆਂ ਦੀ ਇਕਲੌਤੀ ਔਲਾਦ । ਡੇਢ ਕੁ ਸਾਲ ਬਾਦ ਉਸਨੇ ਵਤਨ ਜਾਣ ਦੇ ਆਪਣੇ ਪ੍ਰੋਗਰਾਮ ਬਾਰੇ ਦਸਿਆ। ਉਸੇ ਦਿਨ ਮੈਂ ਮਾਮਾ ਪਾਪਾ ਨੂੰ ਇਹ ਗਲ ਦਸੀ। ਉਨ੍ਹਾਂ ਨੇ ਛੁੱਟੀ ਲੈਕੇ ਉਸਦੇ ਨਾਲ ਆਉਣ ਬਾਰੇ ਤਾਕੀਦ ਕੀਤੀ । ਅਸੀਂ ਦਿੱਲੀ ਦੀ ਬਜਾਏ ਅੰਮ੍ਰਿਤਸਰ ਦੀਆਂ ਟਿਕਟਾਂ ਲਈਆਂ। ਮੇਰੇ ਪਾਪਾ ਮੈਨੂੰ ਲੈਣ ਹਵਾਈ ਅੱਡੇ ਪਹੁੰਚੇ ਹੋਏ ਸੀ। ਮੈਂ ਉਹਦੇ ਵਲੋਂ ਵਖਰੀ ਗੱਡੀ ਬਾਰੇ ਸੋਚ ਰਹੀ ਸੀ। ਪਰ ਇਹ ਕੀ, ਉਹ ਤੇ ਆਪਣੇ ਬੈਗ ਵੀ ਉਸੇ ਗੱਡੀ ਵਿਚ ਰਖ ਰਿਹਾ ਸੀ। ਰਸਤੇ ਵਿਚ ਮੈਂ ਇਸ ਉਲਝਣ ਚ ਰਹੀ ਕਿ ਸ਼ਾਇਦ ਸਾਨੂੰ ਲਾਹਕੇ ਉਸ ਟੈਕਸੀ ਨੇ ਉਸਨੂੰ ਲੈਕੇ ਜਾਣਾ ਹੋਵੇ। ਪਰ ਭੇਦ ਪਿੰਡ ਪਹੁੰਚਕੇ ਖੁਲਾ। ਮੇਰੀ ਮਾਮਾ ਤੋਂ ਬਾਦ ਉਸਦੇ ਮੰਮੀ ਡੈਡੀ ਵੀ ਪਹਿਲੀ ਵਾਰ ਮਿਲੀ ਆਪਣੀ ਧੀ ਨੂੰ ਬਾਹਾਂ ਚ ਘੁਟਦੇ ਹੋਏ ਸਿਰ ਪਲੋਸ ਰਹੇ ਸਨ। ਅਸਲ ਵਿਚ ਮੈਨੂੰ ਸਰਪਰਾਈਜ ਦੇਣ ਵਾਲਾ ਇਹ ਪ੍ਰੋਗਰਾਮ ਉਨ੍ਹਾਂ ਸਾਰਿਆ ਪਹਿਲਾਂ ਬਣਾ ਲਿਆ ਸੀ। ਸਾਡੇ ਰਿਸ਼ਤੇ ਵਾਲੇ ਮੁੱਢ ਤੋਂ ਬਾਦ ਦੋਹਾਂ ਦੇ ਮਾਪਿਆਂ ਦੀ ਨੇੜਤਾ ਬਣ ਗਈ ਸੀ। ਉਨ੍ਹਾਂ ਤਾਂ ਨੇੜਤਾ ਨੂੰ ਪੀੜੀਆਂ ਤਕ ਦੇ ਜੋੜ ਦੀ ਪੱਖ ਠੱਕ ਕਰ ਲਈ ਹੋਈ ਸੀ। ਮੇਰੇ ਕੋਲ ਇਹ ਅਚੰਭੇ ਉਨ੍ਹਾਂ ਪਰਤ ਦਰ ਪਰਤ ਖੋਲਣੇ ਸਨ।
ਸ਼ਾਮ ਨੂੰ ਪਿੰਕੀ ਤੇ ਉਸਦੇ ਮੰਮੀ ਡੈਡੀ ਚਲੇ ਗਏ। ਚਾਰ ਦਿਨ ਬਾਦ ਸਾਡਾ ਉਨ੍ਹਾਂ ਦੇ ਘਰ ਜਾਣ ਦਾ ਪ੍ਰੋਗਰਾਮ ਸੀ। ਮੈਂ ਹੈਰਾਨ ਸੀ ਕਿ ਮੇਰੇ ਨਾਨਾ ਨਾਨੀ ਤੇ ਚਾਚਾ ਚਾਚੀ ਵੀ ਨਾਲ ਤਿਆਰ ਸਨ। ਇਹ ਕਿਉਂ, ਬਾਰੇ ਮੇਰੀ ਉਤਸੁਕਤਾ ਕੁਦਰਤੀ ਸੀ। ਪਾਪਾ ਮਾਮਾ ਨੇ ਮੇਰੇ ਇਸ ਸਵਾਲ ਨੂੰ ਹਾਸੇ ਵਿਚ ਟਾਲ ਦਿਤਾ। ਰਈਏ ਤੋਂ ਚਲੀਆਂ ਸਾਡੀਆਂ ਤਿੰਨੇ ਕਾਰਾਂ ਡੇਢ ਘੰਟੇ ਚ ਨਕੋਦਰ ਨੇੜਲੇ ਪਿੰਕੀ ਦੇ ਪਿੰਡ ਪਹੁੰਚੀਆਂ। ਉਥੇ ਵਿਆਹਾਂ ਵਰਗੀ ਰੌਣਕ ਵੇਖ ਮੈਂ ਹੈਰਾਨ ਹੋਈ ਜਾਵਾਂ। ਪਿੰਕੀ ਦੀ ਵੱਖਰੀ ਜਿਹੀ ਪੌਸ਼ਾਕ ਵੇਖ ਆਪਣੇ ਆਪ ਨੂੰ ਹੋਰ ਹੋਰ ਸਵਾਲ ਕਰੀ ਜਾਵਾਂ। ਪਰ ਕਮਲੀ ਨੇ ਇਹ ਸੋਚਿਆ ਈ ਨਾ ਕਿ ਅਸੀਂ ਰਿੰਪੀ ਨੂੰ ਘਰ ਕਿਉਂ ਛਡ ਆਏ ? ਚਾਹ ਪਾਣੀ ਤੋਂ ਬਾਦ ਮੈਂ ਦੇਖਿਆ ਕਿ ਚਾਚੇ ਵਾਲੀ ਕਾਰ ਵਿਚੋਂ ਫਲਾਂ ਦਾ ਟੋਕਰਾ ਕਢਕੇ ਅੰਦਰ ਲਿਆਇਆ ਜਾ ਰਿਹਾ। ਕੁਝ ਸਮਝ ਤਾਂ ਪੈਣ ਲਗੀ।
ਸਾਰਿਆਂ ਨੂੰ ਸ਼ਮਿਆਨੇ ਵਿਚ ਸਜੀ ਸਟੇਜ ਤੇ ਸੱਦਿਆ ਗਿਆ। ਸੱਜੇ ਹੋਏ ਸੋਫੇ ਤੇ ਪਿੰਕੀ ਬੈਠਾ ਸੀ। ਦੋਹਾਂ ਪਰਵਾਰਾਂ ਦੇ ਲੋਕ ਆਲੇ ਦੁਆਲੇ ਸੱਜ ਗਏ। ਗ੍ਰੰਥੀ ਭਾਈ ਸਾਹਿਬ ਨੇ ਅਰਦਾਸ ਕੀਤੀ ਤੇ ਸੰਗਤ ਨੂੰ ਸੰਬੋਧਨ ਹੋਏ। ਹੁਣ ਸ਼ਗਨ ਦੀ ਰਸਮ ਤੋਂ ਪਹਿਲਾਂ ਪਰਮਿੰਦਰ ਸਿੰਘ ਦੀ ਵਡੀ ਭੈਣ ਹਰਪਰੀਤ ਕੌਰ ਸਿਰੋਪਾ ਪਾਏਗੀ ਤੇ ਸ਼ਗਨ ਦੀ ਰਸਮ ਵਿਚ ਲੜਕੀ ਪਰਵਾਰ ਦੀ ਅਗਵਾਈ ਕਰੇਗੀ। ਪਿੰਕੀ ਨੇ ਖੜੇ ਹੋਕੇ ਸਿਰ ਝੁਕਾਕੇ ਸਿਰੋਪਾ ਪਵਾਇਆ ਤੇ ਇਸ਼ਾਰਾ ਹੋਣ ਤੇ ਬੈਠ ਗਿਆ। ਮੈਂ ਉਸਦੇ ਕੰਨ ਕੋਲ ਹੋਕੇ ਮਾਜਰੇ ਬਾਰੇ ਪੁੱਛਣ ਈ ਲਗੀ ਸੀ ਕਿ ਮੇਰੇ ਮਾਮਾ ਪਾਪਾ, ਨਾਨਾ ਨਾਨੀ ਤੇ ਚਾਚਾ ਚਾਚੀ ਜੀ ਸ਼ਗਨ ਦੇ ਸਮਾਨ ਵਾਲਾ ਥਾਲ ਲੈਕੇ ਕੋਲ ਆ ਗਏ। ਪਾਪਾ ਨੇ ਥਾਲ ਉਸਦੀ ਝੋਲੀ ਪਾਉਦਿਆਂ ਪਹਿਲਾ ਛੁਹਾਰਾ ਪਿੰਕੀ ਦੇ ਮੂੰਹ ਲਾਉਣ ਲਈ ਮੈਨੂੰ ਕਿਹਾ। ਜਿੰਵੇ ਉਹ ਕਹੀ ਗਏ, ਮੈਂ ਕਰੀ ਤਾਂ ਗਈ, ਪਰ ਨਾਲ ਦੀ ਨਾਲ ਮੈਂ ਸ਼ਸ਼ੋਪੰਜ ‘ਚ ਧਸਦੀ ਜਾ ਰਹੀ ਸੀ। ਪਿੰਕੀ ਦੀ ਮੰਗਣੀ ਹੋ ਕਿਸ ਨਾਲ ਰਹੀ ਹੈ, ਦਾ ਸਵਾਲ ਤੁਫਾਨ ਬਣ ਰਿਹਾ ਸੀ। ਸਾਰੀ ਰਸਮ ਹੋ ਗਈ। ਵਧਾਈਆਂ ਮਿਲਣ ਲਗ ਪਈਆਂ। ਆਖਰ ਭਾਈ ਜੀ ਵਲੋਂ ਸੰਪੂਰਨਤਾ ਦੀ ਅਰਦਾਸ ਮੌਕੇ ਪਤਾ ਲਗਾ ਕਿ ਮੇਰੀ ਨਿਕੀ ਭੈਣ ਰਿੰਪੀ ਦਾ ਹੱਥ ਪਿੰਕੀ ਦੇ ਹੱਥ ਫੜਾਉਣ ਵਾਲੀਆਂ ਰਸਮਾਂ ਦੀ ਸ਼ੁਰੂਆਤ ਸੀ। ਯਕੀਨ ਕਰਨਾ, ਉਸ ਦਿਨ ਫਿਰ ਮੈਂ ਆਪਣੇ ਰੱਬ ਦੇ ਦਰਸ਼ਨ ਕੀਤੇ ਸੀ। ਆਲਾ ਦੁਆਲਾ ਨੂਰੋ ਨੂਰ ਸੀ। ਪਰਕਾਸ਼ ਈ ਪਰਕਾਸ਼ ਖਿੰਡਿਆ ਪਿਆ ਸੀ ਚਾਰ ਚੁਫੇਰੇ।
ਪਿੰਕੀ ਦੇ ਸ਼ਗਨ ਦੀ ਰਸਮ ਨਿਭਾ ਵਾਪਸ ਆਉਂਦਿਆਂ ਮੈਂ ਕਾਰ ਵਿਚ ਬੈਠਦੇ ਸਾਰ ਪਾਪਾ ਨੂੰ ਸਵਾਲ ਕੀਤਾ ਸੀ ਕਿ ਮੈਨੂੰ ਇੰਨਾਂ ਵਡਾ ਸਰਪਰਾਈਜ ਕਿਉਂ ਦਿਤਾ। ਉਨ੍ਹਾਂ ਮੇਰੀਆਂ ਅੱਖਾਂ ਮੂਹਰੇ ਉਹ ਦ੍ਰਿਸ਼ ਸਿਰਜ ਦਿਤਾ। ਪਿੰਕੀ ਦੀ ਪਹਿਲੀ ਰਖੜੀ ਵਾਲੇ ਦਿਨ ਮੇਰੀ ਦਸੀ ਹਰ ਗਲ ਉਨ੍ਹਾਂ ਨੂੰ ਯਾਦ ਸੀ। ਉਸ ਦਿਨ ਪਿੰਕੀ ਨੂੰ ਹੀਰੇ ਵਰਗਾ ਵੀਰ ਕਹਿਣ ਤੇ ਮਾਮਾ ਨੇ ਪੁਛਿਆ ਸੀ “ਤੈਨੂੰ ਉਸਦੇ ਹੀਰਾ ਹੋਣ ਦੀ ਪਹਿਚਾਣ ਕਿੰਵੇ ਹੋਈ?” ਤਾਂ ਮੈਂ ਕਿਹਾ ਸੀ, “ਉਸਦਾ ਹੀਰੇ ਵਰਗਾ ਮਨ ਉਸਦੇ ਗੁੱਟ ਚੋਂ ਡਲਕਾਂ ਮਾਰ ਰਿਹਾ ਸੀ।”
ਕੁਝ ਦੇਰ ਚੁੱਪ ਰਹਿਕੇ ਪਾਪਾ ਨੇ ਅਗਾਂਹ ਗਲ ਤੋਰੀ। ਕਹਿੰਦੇ, ਉਸ ਦਿਨ ਤੋਂ ਮਹੀਨੇ ਕੁ ਬਾਦ ਪਿੰਕੀ ਦੇ ਮੰਮੀ ਡੈਡੀ ਰਈਏ ਆਏ। ਬਾਦ ਵਿਚ ਐਨੇ ਘੁਲ ਮਿਲ ਗਏ ਕਿ ਹਰ ਮਹੀਨੇ ਇਧਰ ਜਾਂ ਉਧਰ ਗੇੜੇ ਲਗਣ ਲਗ ਪਏ। ਸਾਲ ਕੁ ਬਾਦ ਉਨ੍ਹਾਂ ਝੋਲੀ ਅੱਡਕੇ ਪਿੰਕੀ ਦਾ ਰਿਸ਼ਤਾ ਮੰਗ ਲਿਆ। ਆਪਣੇ ਆਪਨੂੰ ਵਡਭਾਗੇ ਮਹਿਸੂਸ ਕਰਦਿਆਂ ਇਹ ਭੁਲ ਗਿਆ ਕਿ ਤੂੰ ਭਰਾ ਤੇ ਭੈਣ ਨਾਲ ਦੋ ਦੋ ਰਿਸ਼ਤੇ ਕਿੰਵੇਂ ਨਿਭਾਂਏਂਗੀ। ਇਹ ਵੀ ਕਹਿ ਸਕਦੇ ਆਂ ਕਿ ਉਨ੍ਹਾਂ ਦੀ ਅਪਣੱਤ ਮੂਹਰੇ ਇਹ ਸਵਾਲ ਦਬਕੇ ਰਹਿ ਗਿਆ। ਤੇਰੇ ਨਾਲ ਗਲ ਕਰਨ ਹੀ ਲਗੇ ਸੀ ਉਸ ਦਿਨ ਕਿ ਪਿੰਕੀ ਦਾ ਫੋਨ ਆ ਗਿਆ। ਕਹਿੰਦਾ, ਜੇ ਮੇਰੀਆਂ ਅੱਖਾਂ ਮੂਹਰੇ ਫਿਰਦੀ ਮੇਰੀ ਭੈਣ ਮੈਨੂੰ ਡੇਢ ਸਾਲ ਸਰਪਰਾਈਜ ਦੇ ਸਕਦੀ ਐ ਤਾਂ ਮੇਰੇ ਵਲੋਂ ਵੀ ਸਰਪਰਾਈਜ ਦੇਣਾ ਬਣਦਾ। ਬੇਟਾ, ਤੂੰ ਆਪ ਈ ਅਨੁਮਾਨ ਲਾ ਲੈ ਕਿ ਇਸ ਸਰਪਰਾਈਜ ਬਦਲੇ ਕਿੰਨਾ ਵਡਾ ਜਿਗਰਾ ਕਰਨਾ ਪਿਆ ਸਾਨੂੰ, ਖਾਸ ਕਰ ਤੇਰੀ ਮਾਂ ਨੂੰ, ਜੋ ਰਾਤ ਨੂੰ ਤੈਨੂੰ ਇਹ ਵੀ ਦਸਦੀ ਹੁੰਦੀ ਸੀ ਕਿ ਅੱਜ ਰੋਟੀ ਕਿਹੜੀ ਸਬਜੀ ਨਾਲ ਖਾਧੀ ਆ । “ਸੱਚੀਂ ਉਸ ਵੇਲੇ ਮੈਨੂੰ ਆਪਣੀ ਟੀਚਰ ਦੀ ਗਲ ਯਾਦ ਆਈ, ਜਿਸਨੇ ਇਕ ਵਾਰ ਕਿਹਾ ਸੀ ਕਿ ਜੇ ਰੱਬ ਸਾਥੋਂ ਕੁਝ ਲੈਣ ਲਗਿਆਂ ਨਹੀਂ ਪੁੱਛਦਾ ਤਾਂ ਦੇਣ ਲਗਿਆ ਵੀ ਉਹ ਛੱਪਰ ਹੀ ਪਾੜ ਦੇਂਦਾ। ਘਰ ਪਹੁੰਚਦੇ ਈ ਰਿੰਪੀ ਦੁਆਲਿਓਂ ਮੇਰੀਆਂ ਬਾਹਵਾਂ ਢਿਲੀਆਂ ਨਹੀਂ ਸੀ ਹੋ ਰਹੀਆਂ ਤੇ ਉਹ ਸਾਰੀ ਰਾਤ ਸਾਡੀਆਂ ਗਲਾਂ ਨਹੀਂ ਸੀ ਮੁੱਕੀਆਂ।
ਰਚਨਾ- ਗੁਰਮਲਕੀਅਤ ਸਿੰਘ ਕਾਹਲੋਂ
ਮਿਤੀ 13 ਅਪਰੈਲ, 2021
ਫੋਨ +16044427676 +919814177676
Disclaimer- ਕਹਾਣੀ, ਪਾਤਰ ਤੇ ਸਥਾਨ ਕਾਲਪਨਿਕ ਹਨ, ਕਿਸੇ ਨਾਲ ਮੇਲ ਖਾਂਦੇ ਹੋਣ ਤਾਂ ਮਹਿਜ ਇਤਫਾਕ ਹੋਏਗਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)