ਮੈਂ ਕੱਲ੍ਹ ਨਹੀਂ ਆਉਣਾ, ਮੈਂ ਕੁੜੀ ਵੱਲ ਜਾਣਾਂ। ਉਨ੍ਹਾਂ ਮੇਰੀ ਫੁੱਲ ਭਰ ਨਿਆਣੀ ਧੀ ਨੂੰ ਤੰਗ ਕਰ ਛੱਡਿਆ, ਅਜੇ ਮਸਾਂ ਅਠਾਰਾਂ ਸਾਲਾਂ ਦੀ ਹੋਈ। ਸਾਡੇ ਰਿਸ਼ਤੇਦਾਰ ਕਹਿੰਦੇ,”ਕੁੜੀ ਛੱਡ ਕੇ ਨਹੀਂ ਆਉਣੀ, ਨਾਲ ਲੈ ਆਉਣੀ, ਉਨ੍ਹਾਂ ਦੀ ਕੁੜੀ ਉਥੇ ਸੁੱਟ ਆਉਣੀ, ਫਿਰ ਪਤਾ ਲੱਗੂ, ਜਦੋਂ ਮਾਂ ਤੋਂ ਬਿਨਾਂ ਸਾਂਭਣੀ ਪਈ।”
ਮੈਂ ਕਿਹਾ,”ਉਸ ਬੱਚੀ ਦਾ ਕੀ ਕਸੂਰ, ਮਾਂ ਵੀ ਕਿਵੇਂ ਰਹੂ ਉਸ ਤੋਂ ਬਿਨਾਂ।” ਆਖਣ ਲੱਗੀ ਜਦੋਂ, ਮੇਰੀ ਧੀ ਦੁੱਖੀ ਆ ਤਾਂ ਮੈਂ ਉਨ੍ਹਾਂ ਦੀ ਨੂੰ ਕੀ ਕਰਾਂ, ਉਤੋਂ ਸਿਆਲ ਆਉਣ ਵਾਲਾ, ਕੱਲ੍ਹ ਨੂੰ ਬਿਮਾਰ ਹੋ ਗਈ ਤਾਂ ਮੈਂ ਕੀ ਕਰੂ, ਮੇਰੇ ਕੋਲ ਤਾਂ ਇਨੇ ਪੈਸੇ ਵੀ ਨਹੀਂ ਹੈਗੇ।
ਮੈਂ ਕਿਹਾ ਤੁਸੀਂ ਬਹੁਤ ਵੱਡੀ ਗ਼ਲਤੀ ਕੀਤੀ, ਸਤਾਰਾਂ ਸਾਲ ਦੀ ਬੱਚੀ ਦੀ ਸ਼ਾਦੀ ਕਰਕੇ। ਦੂਸਰੀ ਗਲਤੀ ਮਾਂਵਾਂ ਧੀਆਂ ਨੂੰ ਅਲੱਗ ਕਰ ਕੇ ਕਰ ਰਹੇ ਹੋ। ਜੇ ਕਰ ਤੁਸੀਂ, ਉਸ ਵਾਸਤੇ ਹੋਰ ਲੜਕਾ ਦੇਖਦੇ ਹੋ, ਉਸ ਦੀ ਕੀ ਗਰੰਟੀ ਹੈ ਕਿ ਉਹ ਬਹੁਤ ਵਧੀਆ ਹੋਊ। ਤੁਸੀਂ ਇਸ ਤਰ੍ਹਾਂ ਕਾਹਲੀ ਨਾ ਕਰੋ, ਉਸੇ ਲੜਕੇ ਨੂੰ ਸਹੀ ਹੋਣ ਲਈ ਕਹੋ। ਆਪਣੀ ਲੜਕੀ ਨੂੰ ਵੀ ਸਮਝਾਵੋ, ਅਜਿਹੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਅਜੇਹੀਆਂ ਆਦਤਾਂ ਹਰ ਥਾਂ ਨਾਲ ਜਾਂਦੀਆਂ। ਉਹ ਤਾਂ ਏਨਾ ਕਹਿ ਕੇ ਚਲੇ ਗਈ, ਪਰ ਮੈਨੂੰ ਸੋਚਾਂ...
ਵਿਚ ਪਾ ਗਈ। ਮੇਰਾ ਮਨ ਬੜਾ ਬੇਚੈਨ ਹੋ ਗਿਆ, ਕਿ ਇਥੇ ਕੌਣ ਜ਼ਿੰਮੇਵਾਰ ਹੈ। ਨਸ਼ਾ, ਸਾਡਾ ਗਲਤ ਸਮਾਜ ਜਾਂ ਮਾਪੇ। ਪਿਉ ਦੇ ਨਸ਼ੇ ਕਾਰਨ ਬਾਲ ਉਮਰ ਵਿਚ ਵਿਆਹ ਕਰਨਾ। ਸਾਡਾ ਸਮਾਜ, ਜਿਹੜਾ ਪਹਿਲਾਂ ਕਹਿੰਦਾ, ਪਿਉ ਨਸ਼ੇੜੀ ਆ, ਸਿਰੋਂ ਭਾਰਾ ਲਾਹ, ਤੇ ਫਿਰ ਦੂਸਰੇ ਬੰਨੇ ਹੋ ਤੁਰਦਾ, ਆਪਣੀ ਕੁੜੀ ਲੈ ਆ ਤੇ ਉਨ੍ਹਾਂ ਦੀ ਉਥੇ ਸੁੱਟ ਆ। ਮਾਪੇ ਜਿੰਨਾ ਇਹ ਨਹੀਂ ਸੋਚਿਆ, ਕਿ ਅਸੀਂ ਵਿਆਹ ਕਰਕੇ ਗਲਤ ਕਰ ਰਹੇ ਹਾਂ। ਸਾਡੀ ਬੱਚੀ ਇਹ ਜ਼ਿੰਮੇਵਾਰੀਆਂ ਚੁੱਕ ਸਕਦੀ ਹੈ ?
ਕੀ ਅਜਿਹੇ ਮਾਪੇ ਕਸੂਰਵਾਰ ਨਹੀਂ ? ਕੀ ਇਹ ਲੋਕ ਜਨਸੰਖਿਆ ਵਧਾਉਣ ਵਿਚ ਸਹਾਈ ਨਹੀਂ ਹਨ ? ਅਠਾਈ ਸਾਲ ਦੇ ਮੁਕਾਬਲੇ ਛੋਟੀ ਉਮਰ ਵਿਚ ਵਿਆਹ ਕਰਕੇ ਬੱਚੇ ਪੈਦਾ ਕਰੀ ਜਾਣੇ, ਗਲ ਕਿਧਰ ਨੂੰ ਜਾਊ। ਧਿਆਨ ਦੇਣ ਦੀ ਲੋੜ ਹੈ। ਮੈਂ ਇਥੇ ਕੁਝ ਨਹੀਂ ਕਰ ਸਕੀ, ਬਸ ਇਹੋ ਕਿਹਾ ਜੇਕਰ ਕੋਈ ਵੀ ਹੱਲ ਨਹੀਂ ਨਿਕਲਦਾ ਤਾਂ, ਗਿਆਰਵੀਂ ਤੋਂ ਅੱਗੇ ਬੱਚੀ ਨੂੰ ਦੁਬਾਰਾ ਪੜ੍ਹਾ ਲਵੀਂ, ਤਾਂ ਕਿ ਸਮਝਦਾਰ ਬਣ ਕੇ ਪੈਰਾਂ ਤੇ ਖੜ੍ਹੀ ਹੋ ਸਕੇ।
ਬਲਵਿੰਦਰ ਕੌਰ, ਅੰਮ੍ਰਿਤਸਰ।